1984 ਆਪਰੇਸ਼ਨ ਬਲੂ ਸਟਾਰ : ਮੇਰਾ ਦੋ ਸਾਲ ਦਾ ਬੱਚਾ ਮਰੀ ਪਈ ਮੇਰੀ ਘਰਵਾਲੀ ਦਾ ਦੁੱਧ ਚੁੰਘਦਾ ਰਿਹਾ

ਤਸਵੀਰ ਸਰੋਤ, Sukhcharan preet/bbc
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਪੰਜਾਬੀ ਦੇ ਲਈ
"ਅਸੀਂ ਤਿੰਨ ਘਰਾਂ ਨੇ ਰਲ ਕੇ ਟਰੱਕ ਖ਼ਰੀਦਿਆ ਸੀ। ਬਿਹਾਰ ਦਾ ਗੇੜਾ ਵੀ ਮਿਲ ਗਿਆ। ਸਾਡਾ ਇੱਕ ਸਾਥੀ ਕਹਿੰਦਾ ਗੁਰੂ ਘਰ ਮੱਥਾ ਤਾਂ ਟੇਕਿਆ ਨਹੀਂ। ਅਸੀਂ ਬੁਕਿੰਗ ਰੱਦ ਕਰਵਾ ਕੇ ਹਰਿਮੰਦਰ ਸਾਹਿਬ ਲਈ ਚੱਲ ਪਏ।
''ਸਾਡੇ ਤਿੰਨਾਂ ਦੇ ਪਰਿਵਾਰਾਂ ਸਮੇਤ ਹੋਰ ਰਿਸ਼ਤੇਦਾਰ ਵੀ ਨਾਲ ਸਨ। ਤਿੰਨ ਜੂਨ ਨੂੰ ਸ਼ਾਮ ਨੂੰ ਹਰਿਮੰਦਰ ਸਾਹਿਬ ਪਹੁੰਚੇ, ਚਾਰ ਨੂੰ ਵਾਪਸ ਆਉਣਾ ਸੀ ਪਰ ਚਾਰ ਨੂੰ ਗੋਲ਼ੀਬਾਰੀ ਸ਼ੁਰੂ ਹੋ ਗਈ। ਜਿੰਨੇ ਗਏ ਸੀ ਬੱਸ ਅੱਧੇ ਹੀ ਵਾਪਸ ਪਰਤੇ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪਿੰਡ ਸੰਘੇੜਾ ਦੇ ਜੱਗਾ ਸਿੰਘ ਜਦੋਂ ਆਪਣੀ ਹੱਡਬੀਤੀ ਸੁਣਾ ਰਹੇ ਸਨ ਤਾਂ ਇੰਝ ਜਾਪ ਰਿਹਾ ਸੀ ਜਿਵੇਂ ਉਨ੍ਹਾਂ ਨੂੰ ਜ਼ਿੰਦਗੀ ਨੇ ਵੱਡੇ ਦੁੱਖਾਂ ਨੂੰ ਸਹਿਜ ਮਤੇ ਨਾਲ ਸੁਣਾਉਣ ਦੀ ਜਾਂਚ ਸਿਖਾ ਦਿੱਤੀ ਹੈ।

ਤਸਵੀਰ ਸਰੋਤ, Sukhcharan preet/bbc
ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਘੇੜਾ ਦੇ ਜੱਗਾ ਸਿੰਘ ਸਮੇਤ ਸੰਘੇੜਾ ਦੇ ਤਿੰਨ ਪਰਿਵਾਰ ਤਿੰਨ ਜੂਨ 1984 ਨੂੰ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਸਨ। ਨਵੇਂ ਲਏ ਟਰੱਕ ਦੀ ਖ਼ੁਸ਼ੀ ਵਿੱਚ ਜਿੰਨੇ ਹੱਸਦੇ ਖੇਡਦੇ ਗਏ ਸਨ ਵਾਪਸੀ ਉਨ੍ਹੀਂ ਹੀ ਦੁਖਦਾਈ ਸੀ।
ਇਹ ਵੀ ਪੜ੍ਹੋ:
ਆਪਣੀ ਜ਼ਿੰਦਗੀ ਦੀ ਨਾਂ ਭੁੱਲਣ ਯੋਗ ਘਟਨਾ ਬਾਰੇ ਜੱਗਾ ਸਿੰਘ ਦੱਸਦੇ ਹਨ, "ਅਸੀਂ ਤਿੰਨ ਜੂਨ ਸ਼ਾਮ ਨੂੰ ਹੀ ਇਸ਼ਨਾਨ ਕਰ ਲਿਆ ਸੀ ਤਾਂ ਜੋ ਚਾਰ ਨੂੰ ਸਵਖਤੇ ਵਾਪਸ ਚੱਲ ਸਕੀਏ। ਚਾਰ ਤਰੀਕ ਨੂੰ ਸਵੇਰੇ ਪੰਜ ਵਜੇ ਗੋਲ਼ੀਬਾਰੀ ਸ਼ੁਰੂ ਹੋ ਗਈ। ਸਾਨੂੰ ਪਤਾ ਸੀ ਕਿ ਇੱਥੇ ਗੋਲ਼ੀਬਾਰੀ ਕਦੇ ਕਦਾਈਂ ਹੁੰਦੀ ਰਹਿੰਦੀ ਹੈ ਪਰ ਇਹ ਬਹੁਤ ਤੇਜ਼ ਗੋਲ਼ੀਬਾਰੀ ਸੀ।''

ਤਸਵੀਰ ਸਰੋਤ, Sukhcharan preet/bbc
''ਅਸੀਂ ਮੰਜੀ ਸਾਹਿਬ ਬੈਠੇ ਸੀ, ਗੋਲ਼ੀਬਾਰੀ ਪਹਿਲਾਂ ਛੱਤ ਵਾਲੇ ਪਾਸੇ ਆਉਂਦੀ ਗਈ ਫਿਰ ਹੌਲੀ-ਹੌਲੀ ਨੀਵੀਂ ਹੁੰਦੀ ਗਈ। ਸਾਡੇ ਗੋਲੀਆਂ ਦੇ ਛਰਰੇ ਵੱਜਣ ਲੱਗ ਪਏ। ਫਿਰ ਅਸੀਂ ਗੁਰੂ ਰਾਮਦਾਸ ਸਰਾਂ ਵਿੱਚ ਚਲੇ ਗਏ। ਸਾਡੇ ਨਾਲ ਦੇ ਕੁੱਝ ਪਹਿਲੀ ਮੰਜ਼ਿਲ ਤੇ ਸਨ।''

ਸਾਕਾ ਜੂਨ '84
ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਭਿੰਡਰਾਂਵਾਲਿਆਂ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ। ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ।ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵਾਈਟ ਪੇਪਰ ਮੁਤਾਬਕ ਹਮਲੇ 'ਚ 83 ਫੌਜੀ ਤੇ 493 ਆਮ ਲੋਕ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਹੋਣ ਦਾ ਦਾਅਵਾ ਕਰਦੇ ਹਨ। ਇਸ ਸਾਕੇ ਦੇ ਵੱਖ-ਵੱਖ ਪਹਿਲੂਆਂ ਨੂੰ ਬਿਆਨ ਕਰ ਰਹੀ ਖਾਸ ਲੜੀ ਜੂਨ 2018 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ।

''ਮੈਂ ਤੇ ਮੇਰਾ ਪਰਿਵਾਰ ਦੂਸਰੀ ਮੰਜ਼ਿਲ ਉੱਤੇ ਸੀ। ਪੰਜ ਜੂਨ ਦੀ ਸ਼ਾਮ ਨੂੰ ਕਿਸੇ ਨੇ ਸਾਡੇ ਕਮਰੇ ਦੇ ਰੌਸ਼ਨਦਾਨ ਵਿੱਚ ਦੀ ਗਰਨੇਡ ਸੁੱਟਿਆਂ। ਜਿਹੜੇ ਬੈਠੇ ਸੀ ਉਨ੍ਹਾਂ ਦੀਆਂ ਤਾਂ ਗਰਦਨਾਂ ਹੀ ਕੱਟੀਆਂ ਗਈਆਂ,ਜਿਹੜੇ ਲੰਮੇ ਪਏ ਸੀ ਉਹ ਜ਼ਖ਼ਮੀਂ ਹੋ ਗਏ। ਮੇਰੀ ਘਰਵਾਲੀ ਵੀ ਮਾਰੀ ਗਈ। ਮੇਰਾ ਦੋ ਕੁ ਸਾਲ ਦਾ ਮੁੰਡਾ ਮਰੀ ਪਈ ਮੇਰੀ ਘਰਵਾਲੀ ਦਾ ਦੁੱਧ ਚੁੰਘਦਾ ਰਿਹਾ। ਜਿਹੜੇ ਸਾਡੇ ਨਾਲ ਦੇ ਥੱਲੇ ਵਾਲੇ ਕਮਰੇ ਵਿੱਚ ਸਨ ਉਨ੍ਹਾਂ ਵਿੱਚੋਂ ਤਾਂ ਕੋਈ ਵੀ ਨਹੀਂ ਬਚਿਆ। ਲਾਸ਼ਾਂ ਦੇ ਢੇਰ ਲੱਗ ਗਏ ਸਨ।"

ਤਸਵੀਰ ਸਰੋਤ, Sukhcharan preet/bbc
"ਅਗਲੇ ਦਿਨ 6 ਜੂਨ ਨੂੰ ਸਵੇਰੇ ਫ਼ੌਜ ਨੇ ਸਾਨੂੰ ਇੱਕ-ਇੱਕ ਕਰਕੇ ਬਾਹਰ ਕੱਢਿਆ। ਮੇਰੀ ਲੱਤ ਪਹਿਲਾਂ ਹੀ ਜ਼ਖ਼ਮੀ ਸੀ,ਇੱਕ ਫ਼ੌਜੀ ਨੇ ਮੇਰੇ ਪੈਰ ਦੇ ਕੋਲ ਰਾਈਫ਼ਲ ਕਰਕੇ ਗੋਲੀ ਮਾਰ ਦਿੱਤੀ।ਮੇਰੇ ਨਾਲ ਦਾ ਸਾਥੀ ਮੈਨੂੰ ਚੁੱਕ ਕੇ ਬਰਾਂਡੇ ਵਿੱਚ ਲੈ ਗਿਆ। ਸਾਡੇ ਮੁਹਰੇ ਕੋਈ 50 ਬੰਦੇ ਜ਼ਖ਼ਮੀ ਪਏ ਸਨ। ਫ਼ੌਜ ਦਾ ਕੋਈ ਸੀਨੀਅਰ ਅਫ਼ਸਰ ਆਇਆ। ਉਸ ਨੇ ਫ਼ੌਜੀਆਂ ਨੂੰ ਸਾਨੂੰ ਹਸਪਤਾਲ ਭੇਜਣ ਦਾ ਹੁਕਮ ਦਿੱਤਾ।"
"ਬਾਹਰ ਇੱਕ ਲਾਸ਼ਾਂ ਵਾਲਾ ਟਰੱਕ ਸੀ ਅਤੇ ਇੱਕ ਬੱਸ ਵਿੱਚ ਜ਼ਖ਼ਮੀ ਸਨ। ਮੇਰੇ ਤੋਂ ਬੱਸ ਵਿੱਚ ਚੜ੍ਹਿਆ ਨਹੀਂ ਸੀ ਜਾ ਰਿਹਾ। ਉੱਥੇ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਖੜ੍ਹਾ ਸੀ,ਉਹਦੀਆਂ ਅੱਖਾਂ ਭਰੀਆਂ ਹੋਈਆਂ ਸਨ। ਉਸ ਨੇ ਮੈਨੂੰ ਕੋਲ ਆ ਕੇ ਕਿਹਾ ਕਾਕਾ ਜਾਨ ਬਚਾਉਣੀ ਹੈ ਤਾਂ ਬੱਸ ਵਿੱਚ ਚੜ੍ਹ ਜਾ ਔਖਾ-ਸੌਖਾ।''
ਇਹ ਵੀ ਪੜ੍ਹੋ:

ਤਸਵੀਰ ਸਰੋਤ, Sukhcharan preet/bbc
''ਸਾਨੂੰ ਆਥਣ ਵੇਲੇ ਸੱਤ-ਅੱਠ ਵਜੇ ਬੱਸ ਵਿੱਚ ਚੜ੍ਹਾਇਆ ਗਿਆ,ਸਵੇਰੇ ਤਿੰਨ ਵਜੇ ਉਨ੍ਹਾਂ ਸਾਨੂੰ ਹਸਪਤਾਲ ਪਹੁੰਚਾਇਆ। ਉਦੋਂ ਤੱਕ ਬੱਸ ਵਿੱਚੋਂ 14 ਜਾਣੇ ਹੋਰ ਮਰ ਚੁੱਕੇ ਸਨ। ਹਸਪਤਾਲ ਵਿੱਚ ਮੈਨੂੰ 63 ਦਿਨ ਰਹਿਣਾ ਪਿਆ। ਬਾਅਦ ਵਿੱਚ ਕੇਸ ਵੀ ਦੋ ਤਿੰਨ ਸਾਲ ਚੱਲਿਆ ਜਿਸ ਵਿੱਚੋਂ ਮੈਂ ਬਰੀ ਹੋ ਗਿਆ। ਹਾਲਾਤ ਉੱਥੇ ਵੀ ਬਹੁਤ ਮਾੜੇ ਸਨ। ਬਾਅਦ ਵਿੱਚ ਵੀ ਇਲਾਜ ਉੱਤੇ ਬਹੁਤ ਪੈਸਾ ਲੱਗਿਆ। ਹਾਲੇ ਵੀ ਮੇਰੀ ਲੱਤ ਵਿੱਚ ਗੋਲੀਆਂ ਦੇ ਛਰਰੇ ਪਏ ਹਨ। ਬੱਸ ਜਾਨ ਹੀ ਬਚੀ ਸੀ ਬਾਕੀ ਸਭ ਕੁੱਝ ਉੱਜੜ ਗਿਆ ਸੀ। ਹੁਣ ਮਸਾਂ ਉੱਖੜ ਦੁਬਾਰਾ ਲੀਹ ਉੱਤੇ ਆਈ ਹੈ।"
ਹਰਬੰਸ ਕੌਰ ਦਾ ਦੁੱਖੜਾ
ਜੱਗਾ ਸਿੰਘ ਦੇ ਟਰੱਕ ਦੇ ਸਾਂਝੀ ਮਿੱਠੂ ਸਿੰਘ ਦਾ ਪਰਿਵਾਰ ਥੱਲੇ ਵਾਲੇ ਕਮਰੇ ਵਿੱਚ ਸੀ। ਮਿੱਠੂ ਸਿੰਘ ਸਮੇਤ ਉਹਦੀਆਂ ਦੋ ਕੁੜੀਆਂ,ਇੱਕ ਮੁੰਡਾ ਅਤੇ ਮਾਮੇ ਸਮੇਤ ਪਰਿਵਾਰ ਦੇ ਅੱਠ ਜੀਅ ਮਾਰੇ ਗਏ।

ਤਸਵੀਰ ਸਰੋਤ, Sukhcharan preet/bbc
ਮਿੱਠੂ ਸਿੰਘ ਦੀ ਘਰਵਾਲੀ ਹਰਬੰਸ ਕੌਰ ਉਸ ਘਟਨਾ ਨੂੰ ਯਾਦ ਕਰਦੀ ਹੋਈ ਦੱਸਦੀ ਹੈ, "ਜਿੰਨੇ ਜੀਅ ਅਸੀਂ ਟੱਬਰ ਦੇ ਗਏ ਸੀ,ਮੈਂ ਤੇ ਮੇਰੀ ਕੁੱਛੜ ਚੁੱਕੀ ਡੇਢ ਸਾਲ ਦੀ ਕੁੜੀ ਹੀ ਬਚੀਆਂ ਸੀ।ਵੱਡੀ ਕੁੜੀ ਅਸੀਂ ਘਰੇ ਛੱਡ ਕੇ ਗਏ ਸੀ। ਮੈਨੂੰ ਤੇ ਮੇਰੀ ਕੁੜੀ ਨੂੰ ਕੋਈ ਇੱਕ ਮਹੀਨਾ ਜੇਲ੍ਹ ਵਿੱਚ ਰੱਖਿਆ ਗਿਆ। ਅੱਜ 35 ਸਾਲ ਹੋ ਗਏ ਹੁਣ ਤਾਂ ਉਹ ਗੱਲਾਂ ਯਾਦ ਕਰਨ ਨੂੰ ਵੀ ਜੀਅ ਨੀ ਕਰਦਾ। ਕਿਸੇ ਨੇ ਸਾਡੀ ਸਹਾਇਤਾ ਨਹੀਂ ਕੀਤੀ।''

ਤਸਵੀਰ ਸਰੋਤ, Sukhcharan preet/bbc
''ਥੋੜ੍ਹੀ ਬਹੁਤ ਪੈਨਸ਼ਨ ਆਉਂਦੀ ਹੈ ਬਾਕੀ ਮੱਝਾਂ ਦਾ ਦੁੱਧ ਵੇਚ ਕੇ ਕੁੜੀਆਂ ਆਪਣੇ ਘਰ ਤੋਰੀਆਂ ਨੇ। ਵਿੱਛੜਿਆਂ ਦਾ ਅਜਿਹਾ ਹਉਕਾ ਦਿਲ ਨੂੰ ਲੱਗਿਆ ਹੈ ਕਿ ਅੰਮ੍ਰਿਤਸਰ ਦਾ ਨਾਂ ਵੀ ਲੈਣ ਨੂੰ ਜੀਅ ਨੀ ਕਰਦਾ। ਪਿੰਡ ਦੇ ਗੁਰਦੁਆਰੇ ਤਾਂ ਕਦੇ ਕਦਾਈਂ ਜਾ ਆਉਂਦੀ ਹਾਂ ਪਰ ਉੱਥੇ ਜਾਣ ਨੂੰ ਮੁੜ੍ਹਕੇ ਦਿਲ ਨਹੀਂ ਕੀਤਾ।"
ਇਹ ਵੀ ਪੜ੍ਹੋ:

ਤਸਵੀਰ ਸਰੋਤ, Sukhcharan preet/bbc
ਜੱਗਾ ਸਿੰਘ ਹੁਣ ਵੀ ਪਿੰਡ ਸੰਘੇੜਾ ਵਿੱਚ ਹੀ ਰਹਿੰਦੇ ਹਨ। ਸਾਂਝਾ ਟਰੱਕ ਤਿੰਨਾਂ ਪਰਿਵਾਰਾਂ ਨੇ ਘਾਟਾ ਪਾ ਕੇ ਵੇਚ ਦਿੱਤਾ ਸੀ। ਗੋਲ਼ੀਬਾਰੀ ਵਿੱਚ ਬਚਿਆ ਜੱਗਾ ਸਿੰਘ ਦਾ ਦੋ ਸਾਲ ਦਾ ਮੁੰਡਾ ਹੁਣ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਉੱਤੇ ਸੇਲਜ਼ਮੈਨ ਦੀ ਨੌਕਰੀ ਕਰਦਾ ਹੈ। ਜੱਗਾ ਸਿੰਘ ਆਪਣੇ ਮੁੰਡੇ ਨਾਲ ਹੀ ਰਹਿੰਦੇ ਹਨ।
ਮਿੱਠੂ ਸਿੰਘ ਦੀ ਵਿਧਵਾ ਹਰਬੰਸ ਕੌਰ ਨੇ ਛੇ ਕੁ ਮਹੀਨਿਆਂ ਦੀ ਦੋਹਤੀ ਨੂੰ ਆਪਣੇ ਕੋਲ ਰੱਖ ਲਿਆ ਸੀ। ਹਰਬੰਸ ਕੌਰ ਦੀ ਦੋਹਤੀ ਹੁਣ ਗਰੈਜੂਏਸ਼ਨ ਕਰ ਰਹੀ ਹੈ। ਹਰਬੰਸ ਕੌਰ ਹੁਣ ਉਸੇ ਦੋਹਤੀ ਨਾਲ ਆਪਣੇ ਘਰ ਵਿੱਚ ਰਹਿ ਰਹੀ ਹੈ। ਜੱਗਾ ਸਿੰਘ ਦੇ ਤੀਸਰੇ ਸਾਥੀ ਦਾ ਪਰਿਵਾਰ ਬਚ ਗਿਆ ਸੀ ਅਤੇ ਉਹ ਵੀ ਪਿੰਡ ਹੀ ਰਹਿੰਦਾ ਹੈ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












