ਐਵਰਸਟ ਫਤਿਹ ਕਰਨ ਵਾਲੀ ਪਹਿਲੀ ਭਾਰਤੀ ਔਰਤ ਨੇ ਕਿਹਾ: ਪਹਾੜਾਂ ਨੂੰ ਮੇਰੇ ਕੋਲੋਂ ਕਦੇ ਵੱਖ ਨਹੀਂ ਕੀਤਾ ਜਾ ਸਕਦਾ

    • ਲੇਖਕ, ਹਰਪ੍ਰੀਤ ਕੌਰ ਲਾਂਬਾ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਲਈ

ਜੇਕਰ ਕਿਸੇ ਖਿਡਾਰੀ ਦੇ ਜੀਵਨ ਨੂੰ ਪ੍ਰੇਰਣਾ ਸਰੋਤ ਦੱਸਿਆ ਜਾਵੇ ਤਾਂ ਬਸ਼ਿੰਦਰੀ ਪਾਲ ਆਪਣੇ ਆਪ ਵਿੱਚ ਅਜਿਹੀ ਸੰਸਥਾ ਵਾਂਗ ਹੈ।

ਬਚਪਨ ਤੋਂ ਹੀ ਮਿਸਾਲ ਰਹੀ ਪਹਾੜ ਚੜ੍ਹਣ ਵਾਲੀ ਬਸ਼ਿੰਦਰੀ ਪਾਲ ਨੇ ਕਈ ਮੁਕਾਮ ਹਾਸਿਲ ਕੀਤੇ ਹਨ।

ਉਸ ਨੇ ਇੱਕ ਅਜਿਹੇ ਸਮਾਜ 'ਚ ਆਪਣੀ ਪਛਾਣ ਕਾਇਮ ਕੀਤੀ ਜਿੱਥੇ ਔਰਤਾਂ ਦਾ ਕਦ ਘੱਟ ਸਮਝਿਆ ਜਾਂਦਾ ਰਿਹਾ ਹੈ।

ਉਸ ਦੀ ਪੜ੍ਹਣ-ਲਿਖਣ ਦੀ ਚਾਹਤ ਦਾ ਵੀ ਮਜ਼ਾਕ ਉਡਾਇਆ ਗਿਆ ਸੀ।

ਬਸ਼ਿੰਦਰੀ ਪਾਲ ਨੂੰ ਕੋਈ ਆਇਰਨ ਲੇਡੀ ਕਹਿੰਦਾ ਹੈ, ਕੋਈ ਪ੍ਰੇਰਣਾ-ਸਰੋਤ ਮੰਨਦਾ ਹੈ ਤੇ ਕੋਈ ਜੀਵਨ ਵਿੱਚ ਸਭ ਕੁਝ ਹਾਸਿਲ ਕਰਨ ਦਾ ਜਜ਼ਬਾ ਰੱਖਣ ਵਾਲੀ ਸਖ਼ਸ਼ੀਅਤ।

ਉਸ ਨੂੰ ਪਦਮ ਭੂਸ਼ਣ, ਪਦਮ ਸ਼੍ਰੀ ਅਤੇ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ-

ਬਸ਼ਿਦੰਰੀ ਦਾ ਜੀਵਨ ਅਸਾਧਾਰਨ ਉਪਲਬਧੀਆਂ ਨਾਲ ਭਰਿਆ ਰਿਹਾ ਹੈ। ਉਸ ਦਾ ਜ਼ਿੰਦਗੀ ਪ੍ਰਤੀ ਵਚਨਬੱਧਤਾ, ਜਨੂੰਨ ਅਤੇ ਸਖ਼ਤ ਅਨੁਸ਼ਾਸਨ ਦੀ ਮਿਸਾਲ ਹੈ।

23 ਮਈ, 1984 ਨੂੰ ਉਹ ਐਵਰੈਸਟ ਫਤਹਿ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣੀ ਸੀ।

ਅੱਜ 35 ਸਾਲ ਬਾਅਦ ਜਦੋਂ ਉਹ ਪਿੱਛੇ ਮੁੜ ਕੇ ਦੇਖਦੀ ਹੈ ਤਾਂ ਉਹ ਦਿਨ ਯਾਦ ਆਉਂਦੇ ਹਨ, ਜਿਨ੍ਹਾਂ ਨੇ ਉਸ ਦੇ ਪੂਰੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ।

ਐਵਰੈਸਟ ਫਤਹਿ ਕਰਨ ਵਾਲੀ ਟੀਮ ਤੋਂ ਪਹਿਲਾਂ

ਬੀਤੇ 35 ਸਾਲਾਂ 'ਚ ਟਾਟਾ ਸਟੀਲ ਐਡਵੈਂਚਰ ਫਾਊਂਡੇਸ਼ਨ, ਜਮਸ਼ੇਦਪੁਰ ਦੀ ਸੰਸਥਾਪਕ ਨਿਦੇਸ਼ਕ ਵਜੋਂ ਬਸ਼ਿਦੰਰੀ ਪਾਲ ਨੇ ਹੁਣ ਤੱਕ 4500 ਤੋਂ ਵੱਧ ਪਹਾੜ ਚੜ੍ਹਣ ਵਾਲਿਆਂ ਨੂੰ ਮਾਊਂਟ ਐਵਰੈਸਟ ਫਤਹਿ ਕਰਨ ਲਈ ਤਿਆਰ ਕੀਤਾ ਹੈ।

ਇਸ ਤੋਂ ਇਲਾਵਾ ਉਹ ਔਰਤਾਂ ਦੇ ਸਸ਼ਕਤੀਕਰਨ ਅਤੇ ਗੰਗਾ ਬਚਾਓ ਵਰਗੀਆਂ ਸਮਾਜਿਕ ਮੁਹਿੰਮਾਂ ਨਾਲ ਵੀ ਜੁੜੀ ਰਹੀ ਹੈ।

ਪਰ ਉਸ ਦੀ ਪਛਾਣ ਭਾਰਤ 'ਚ ਪਹਾੜ ਚੜ੍ਹਣ ਦੇ ਸਿਰਨਾਵੇਂ ਵਜੋਂ ਬਣ ਗਈ ਹੈ। ਪਿਛਲੇ ਮਹੀਨੇ ਉਸ ਨੇ ਆਪਣੀ ਬੇਮਿਸਾਲ ਉਪਲਬਧੀ ਦੀ 35ਵੀਂ ਵਰ੍ਹੇਗੰਢ ਮਨਾਈ ਹੈ।

ਪਰ ਉਸ ਦਾ ਕਹਿਣਾ ਹੈ, "ਪਹਾੜਾਂ ਨੂੰ ਮੇਰੇ ਕੋਲੋਂ ਕਦੇ ਵੱਖ ਨਹੀਂ ਕੀਤਾ ਜਾ ਸਕਦਾ।"

ਉਹ ਕਹਿੰਦੀ ਹੈ, "ਪਹਾੜ ਮੇਰੀ ਜ਼ਿੰਦਗੀ, ਮੇਰੀ ਆਤਮਾ ਹਨ। ਮੈਂ ਪਹਾੜਾਂ ਦੀ ਔਰਤ ਹਾਂ ਅਤੇ ਹਮੇਸ਼ਾ ਇੰਝ ਹੀ ਰਹਿਣਾ ਚਾਹੁੰਦੀ ਹਾਂ।"

"ਮੇਰੀ ਐਮਏ ਅਤੇ ਬੀਐੱਡ ਦੀਆਂ ਡਿਗਰੀਆਂ ਦਾ ਮਜ਼ਾਕ ਉਡਾਇਆ ਗਿਆ ਸੀ। ਲੋਕਾਂ ਨੂੰ ਵਿਸ਼ਵਾਸ਼ ਨਹੀਂ ਸੀ ਕਿ ਕੁੜੀ ਅਜਿਹਾ ਕੁਝ ਕਰ ਸਕੇਗੀ ਪਰ ਹੁਣ ਜਦੋਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਸੰਤੁਸ਼ਟੀ ਹੁੰਦੀ ਹੈ।"

ਹਾਲਾਂਕਿ ਇਹ ਸਭ ਇੰਨਾ ਸੌਖਾ ਵੀ ਨਹੀਂ ਸੀ, ਇੱਕ ਵੇਲਾ ਅਜਿਹਾ ਵੀ ਆਇਆ ਸੀ, ਜਦੋਂ ਉਸ ਨੂੰ ਐਵਰੈਸਟ ਫਤਹਿ ਕਰਨ ਵਾਲੀ ਟੀਮ ਤੋਂ ਬਾਹਰ ਕਰਨ ਦੀ ਨੌਬਤ ਤੱਕ ਆ ਗਈ ਸੀ।

ਇਸ ਬਾਰੇ ਬਸ਼ਿੰਦਰੀ ਪਾਲ ਕਹਿੰਦੀ ਹੈ, "ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ, ਪਰ 23 ਮਈ 1984 ਨੂੰ ਐਵਰੈਸਟ ਫਤਹਿ ਕਰਨ ਤੋਂ ਇੱਕ ਰਾਤ ਪਹਿਲਾਂ ਮੈਨੂੰ ਟੀਮ 'ਚੋਂ ਬਾਹਰ ਕੱਢਣ ਦੇ ਹਾਲਾਤ ਬਣ ਗਏ ਸਨ।"

"ਅਸੀਂ ਸਾਊਥ ਪੋਲ ਪਹੁੰਚ ਗਏ ਸੀ। ਅਸੀਂ ਚੜ੍ਹਾਈ ਚੜ੍ਹਣ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਉਸ ਵੇਲੇ 20 ਮੈਂਬਰੀ ਟੀਮ ਦੇ ਇੱਕ ਮੈਂਬਰ ਨੂੰ ਮਦਦ ਦੀ ਲੋੜ ਸੀ। ਮੈਂ ਉਸ ਦੀ ਮਦਦ ਲਈ ਥੋੜ੍ਹਾ ਹੇਠਾਂ ਚਲੀ ਗਈ।"

"ਉਸ ਨੂੰ ਪਾਣੀ ਦਿੱਤਾ ਤੇ ਕੁਝ ਹੋਰ ਸਾਮਾਨ ਵੀ। ਇਸ ਨਾਲ ਸਾਡੇ ਕੁਝ ਸਾਥੀ ਨਾਰਾਜ਼ ਹੋ ਗਏ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਮੈਂ ਜੋਖ਼ਮ ਲੈ ਕੇ ਆਪਣੀ ਜ਼ਿੰਦਗੀ ਨੂੰ ਖ਼ਤਰੇ 'ਚ ਪਾਇਆ ਹੈ। ਪਰ ਟੀਮ ਦੇ ਸਾਥੀ ਦੀ ਮਦਦ ਕਰਕੇ ਮੈਂ ਠੀਕ ਹੀ ਕੀਤਾ।"

"ਮੇਰੇ ਸਾਥੀਆਂ ਨੇ ਮੈਨੂੰ ਟੀਮ 'ਚੋਂ ਬਾਹਰ ਕੱਢਣ ਦੀ ਮੰਗ ਕੀਤੀ। ਮੇਰੇ ਬਾਰੇ ਕਿਹਾ ਗਿਆ ਹੈ ਕਿ ਉਹ ਓਵਰਕਾਨਫੀਡੈਂਟ ਕੁੜੀ ਹਾਂ ਅਤੇ ਬਹੁਤ ਕੁਝ ਹਾਸਿਲ ਨਹੀਂ ਕਰ ਸਕੇਗੀ। ਪਰ ਸ਼ੁਕਰ ਸੀ ਰੱਬ ਦਾ ਕਿ ਟੀਮ ਲੀਡਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਨਹੀਂ ਤਾਂ ਮੈਂ ਐਵਰੈਸਟ ਫਤਹਿ ਕਰ ਹੀ ਨਹੀਂ ਸਕਦੀ ਸੀ।"

ਜਿਸ ਪਿੰਡ ਨੇ ਮਜ਼ਾਕ ਉਡਾਇਆ ਉਨ੍ਹਾਂ ਲਈ ਬਣੀ ਹੀਰੋ

ਉਤਰਾਖੰਡ ਦੇ ਗੜ੍ਹਵਾਲ ਖੇਤਰ ਦੇ ਛੋਟੇ ਜਿਹੇ ਪਿੰਡ ਨੌਕੁਰੀ 'ਚ ਜੰਮੀ ਬਸ਼ਿੰਦਰੀ ਦੇ ਪਿੰਡ ਵਿੱਚ ਕੁੜੀਆਂ ਦੇ ਪੜ੍ਹਣ-ਲਿਖਣ ਅਤੇ ਪਹਾੜ ਚੜ੍ਹਣ ਵਰਗੇ ਔਖੇ ਕੰਮਾਂ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਿਆ ਜਾਂਦੀ ਸੀ।

ਪਰ ਅੱਜ ਆਪਣੀਆਂ ਉਪਲਬਧੀਆਂ ਦੀ ਬਦੌਲਤ ਬਸ਼ਿੰਦਰੀ ਦੇ ਪਿੰਡ 'ਚ ਹੀ ਨਹੀਂ ਬਲਿਕ ਨੇੜਲੇ ਇਲਾਕਿਆਂ ਦੀ ਲਾਡਲੀ ਧੀ ਬਣੀ ਹੋਈ ਹੈ।

ਜਦੋਂ ਉਸ ਦੀਆਂ ਉਪਲਬਧੀਆਂ ਵਧਦੀਆਂ ਗਈਆਂ ਤਾਂ ਉਸ ਦੀ ਐਮਏ ਅਤੇ ਬੀਐੱਡ ਡਿਗਰੀ ਦਾ ਮਜ਼ਾਕ ਉਡਾਉਣ ਵਾਲੇ ਪਿੰਡ ਵਾਲੇ ਉਸ ਨੂੰ ਅਸਲ ਹੀਰੋ ਮੰਨਣ ਲੱਗੇ।

ਐਵਰੈਸਟ ਫਤਹਿ ਦੇ 35ਵੀਂ ਵਰ੍ਹੇਗੰਢ ਮਨਾਉਂਦਿਆ ਬਸ਼ਿੰਦਰੀ ਦੱਸਦੀ ਹੈ, "ਉਨ੍ਹਾਂ ਦੀਆਂ ਅੱਖਾਂ 'ਚ ਮੇਰੇ ਲਈ ਸਨਮਾਨ ਹੈ। ਜ਼ਿੰਦਗੀ ਮੁਸ਼ਕਿਲਾਂ 'ਚ ਬਤੀਤ ਕੀਤੀ, ਬਚਪਨ 'ਚ ਘਾਹ ਕੱਟਿਆ, ਲੱਕੜ ਵੱਢੀ, ਜੰਗਲ ਗਈ। ਇਸ ਲਈ ਮਜ਼ਬੂਤ ਸੀ। ਪਹਾੜ ਚੜ੍ਹਣ ਲਈ ਆਪਣੇ ਆਪ ਦਿਲਚਸਪੀ ਪੈਦਾ ਹੋ ਗਈ ਸੀ। ਮਜ਼ਬੂਤ ਇੱਛਾ ਸ਼ਕਤੀ ਵਾਲੀ ਔਰਤ ਸੀ ਮੈਂ।"

"ਔਰਤਾਂ ਦੀ ਸਿੱਖਿਆ ਦੀ ਚਿੰਤਾ ਕਿਸੇ ਨੂੰ ਨਹੀਂ ਹੈ। ਮੇਰੇ ਮਾਤਾ-ਪਿਤਾ ਵੀ ਮੇਰੇ ਪੜ੍ਹਣ ਦੀ ਇੱਛਾ ਕਰਕੇ ਕੋਈ ਬਹੁਤੇ ਖੁਸ਼ ਨਹੀਂ ਸਨ। ਮੈਨੂੰ ਕਾਫੀ ਸੰਘਰਸ਼ ਕਰਨਾ ਪਿਆ ਪਰ ਮੈਂ ਸਫ਼ਲ ਹੋਣ ਲਈ ਵਚਨਬੱਧ ਬਣੀ ਰਹੀ।"

ਟਾਟਾ ਦੀ ਮਦਦ

1984 'ਚ ਐਵਰੈਸਟ ਫਤਹਿ ਕਰਨ ਤੋਂ ਬਾਅਦ ਬਸ਼ਿੰਦਰੀ ਨੇ ਕਾਫੀ ਨਾਮਣਾ ਖੱਟਿਆ ਪਰ ਇਸ ਖੇਤਰ 'ਚ ਉਸ ਦਾ ਕਰੀਅਰ ਨਹੀਂ ਬਣ ਰਿਹਾ ਸੀ।

ਉਦੋਂ ਟਾਟਾ ਗਰੁੱਪ ਦੇ ਜੇਆਰਡੀ ਟਾਟਾ ਨੇ ਬਸ਼ਿੰਦਰੀ ਨੂੰ ਜਮਸ਼ੇਦਪੁਰ ਬੁਲਾਇਆ ਅਤੇ ਅਕਾਦਮੀ ਬਣਾ ਕੇ ਨੌਜਵਾਨਾਂ ਨੂੰ ਸਿਖਲਾਈ ਦੇਣ ਨੂੰ ਕਿਹਾ। ਇਸ ਤੋਂ ਬਾਅਦ ਬਸ਼ਿੰਦਰੀ ਦੀ ਜ਼ਿੰਦਗੀ ਹੀ ਬਦਲ ਗਈ।

ਬਸ਼ਿੰਦਰੀ ਦੱਸਦੀ ਹੈ, "ਮੈਨੂੰ ਵਧੀਆ ਸੈਲਰੀ ਮਿਲ ਰਹੀ ਸੀ। ਫ਼ੈਸਲੇ ਲੈਣ ਦੀ ਖੁੱਲ੍ਹ ਸੀ। ਚੀਜ਼ਾਂ ਨੂੰ ਆਪਣੇ ਹਿਸਾਬ ਨਾਲ ਕਰਨ ਦੀ ਛੋਟ ਸੀ। ਮੇਰੇ ਸਾਹਮਣੇ ਆਪਣਾ ਭਵਿੱਖ ਬਣਾਉਣ ਦਾ ਮੌਕਾ ਵੀ ਸੀ। ਇਸ ਤੋਂ ਪਹਿਲਾਂ ਮੇਰੇ 'ਤੇ ਕਿਸੇ ਨੇ ਇਨ੍ਹਾਂ ਭਰੋਸਾ ਨਹੀਂ ਕੀਤਾ ਸੀ।"

"ਟਾਟਾ ਸਟੀਲ ਨੇ ਮੈਨੂੰ ਮਾਲੀ ਤੌਰ 'ਤੇ ਸੁਰੱਖਿਅਤ ਕਰ ਦਿੱਤਾ। ਪਹਾੜ ਚੜ੍ਹਣ ਨੂੰ ਜੇਕਰ ਛੱਡ ਵੀ ਦਈਏ ਤਾਂ ਵੀ ਉਸ ਦੌਰ 'ਚ ਲੋਕਾਂ ਨੂੰ ਨਹੀਂ ਲਗਦਾ ਸੀ ਕਿ ਔਰਤਾਂ ਆਪਣੀ ਜ਼ਿੰਦਗੀ 'ਚ ਇਕੱਲੀਆਂ ਕੁਝ ਹਾਸਿਲ ਨਹੀਂ ਕਰ ਸਕਣਗੀਆਂ। ਪਰ ਇੱਥੇ ਅਜਿਹਾ ਗਰੁੱਪ ਸੀ ਜੋ ਮੈਨੂੰ ਪਹਾੜ ਚੜ੍ਹਣ ਦੀ ਪੂਰੀ ਅਕਾਦਮੀ ਬਣਾਉਣ ਨੂੰ ਕਹਿ ਰਿਹਾ ਸੀ।"

ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਾਲੀ ਬਸ਼ਿੰਦਰੀ ਪਾਲ ਕਹਿੰਦੀ ਹੈ, "ਜਿਸ ਵੇਲੇ ਕੋਈ ਮੇਰੇ 'ਤੇ ਭਰੋਸਾ ਨਹੀਂ ਕਰ ਰਿਹਾ ਸੀ ਤਾਂ ਟਾਟਾ ਸਟੀਲ ਨੇ ਮੇਰੇ 'ਤੇ ਭਰੋਸਾ ਕੀਤਾ। ਮੇਰੇ ਭੈਣ-ਭਰਾ ਪੜ੍ਹ ਰਹੇ ਸਨ, ਟਾਟਾ ਨੇ ਮੇਰੀ ਕਾਫੀ ਆਰਥਿਕ ਮਦਦ ਕੀਤੀ।"

ਮੁਸ਼ਕਿਲਾਂ ਦਾ ਹੱਲ

ਇਹ ਸਭ ਇੰਨਾ ਸੌਖਾ ਨਹੀਂ ਸੀ। ਬਸ਼ਿੰਦਰੀ ਦੱਸਦੀ ਹੈ, "ਝਾਰਖੰਡ 'ਚ ਮੈਂ ਉਨ੍ਹਾਂ ਲੋਕਾਂ ਨਾਲ ਮਿਲੀ ਜੋ ਭੂਤਾਂ-ਪ੍ਰੇਤਾਂ 'ਤੇ ਵਿਸ਼ਵਾਸ਼ ਕਰ ਰਹੇ ਸਨ। ਮੈਨੂੰ ਉਨ੍ਹਾਂ ਦੀ ਮਾਨਿਸਕਤਾ ਬਦਲਣੀ ਸੀ ਅਤੇ ਯਕੀਨ ਕਰੋ, ਇਹ ਕੇਵਲ ਸਿੱਖਿਆ ਨਾਲ ਸੰਭਵ ਨਹੀਂ ਹੈ।"

"ਮੈਂ ਉਨ੍ਹਾਂ ਲੋਕਾਂ ਨੂੰ ਵੱਖ-ਵੱਖ ਪਹਾੜ ਚੜ੍ਹਣ ਦੇ ਅਭਿਆਨਾਂ 'ਤੇ ਲੈ ਕੇ ਗਈ। ਮੈਂ ਉਨ੍ਹਾਂ ਨੂੰ ਮੁਸ਼ਕਿਲ ਚੁਣੌਤੀਆਂ ਦਿੱਤੀਆਂ। ਵਾਤਾਵਰਣ ਵੀ ਤੁਹਾਨੂੰ ਸਿਖਾਉਂਦਾ ਹੈ, ਸੋਚਣਾ-ਸਮਝਣਾ ਸਿਖਾਉਂਦਾ ਹੈ। ਜਦੋਂ ਤੁਸੀਂ ਅੰਦਰੂਨੀ ਪ੍ਰੇਤਾਂ ਨੂੰ ਜਿੱਤ ਲੈਂਦੇ ਹੋ ਤਾਂ ਬਾਹਰ ਦਾ ਡਰ ਆਪਣੇ ਆਪ ਖ਼ਤਮ ਹੋ ਜਾਂਦਾ ਹੈ।"

ਇਕੱਲੇ ਜ਼ਿੰਦਗੀ ਬਿਤਾਉਣ ਵਾਲੀ ਬਸ਼ਿੰਦਰੀ ਪਾਲ ਨੇ ਪੰਜ ਬੱਚਿਆਂ ਨੂੰ ਗੋਦ ਲਿਆ ਹੈ। ਬਸ਼ਿੰਦਰੀ ਐਮਬੀਏ ਅਤੇ ਆਈਟੀਆਈ ਵਾਲਿਆਂ ਉਨ੍ਹਾਂ ਨੌਜਵਾਨਾਂ ਨਾਲ ਵੀ ਸੀ, ਜਿਨ੍ਹਾਂ ਨੇ ਪ੍ਰੋਜੈਕਟ ਗੰਗਾ 'ਤੇ ਕੰਮ ਕਰਨਾ ਸ਼ੁਰੂ ਕੀਤਾ।

ਇਨ੍ਹਾਂ ਲੋਕਾਂ ਨੇ ਇਕੱਠਿਆ ਗੰਗਾ 'ਚੋਂ ਘੱਟੋ-ਘੱਟ 55 ਹਜ਼ਾਰ ਟਨ ਕੂੜੇ ਨੂੰ ਬਾਹਰ ਕੱਢਿਆ।

ਉਹ ਦੱਸਦੀ ਹੈ, "ਪਹਾੜ ਚੜ੍ਹਣਾ ਜ਼ਿੰਦਗੀ ਦੀ ਭਾਲ ਵਰਗਾ ਕੰਮ ਹੈ। ਇਹ ਸੁਪਨੇ ਅਤੇ ਲੁਕੇ ਹੋਏ ਹੁਨਰ ਨੂੰ ਲੱਭਣ ਦਾ ਕੰਮ ਵੀ ਹੈ। ਇਹ ਕੇਵਲ ਪਹਾੜਾਂ ਦੀ ਚੋਟੀ ਦੇ ਝੰਡਾ ਲਹਿਰਾਉਣ ਦਾ ਹੀ ਕੰਮ ਨਹੀਂ ਹੈ। ਇਸ ਦਾ ਤਜ਼ੁਰਬਾ ਕਈ ਚੀਜ਼ਾਂ 'ਚ ਮਦਦ ਕਰਦਾ ਹੈ।"

ਬਸ਼ਿੰਦਰੀ ਪਿਛਲੇ ਮਹੀਨੇ 65 ਸਾਲਾਂ ਦੀ ਗਈ ਹੈ। ਟਾਟਾ ਗਰੁੱਪ ਨੇ ਉਸ ਨੂੰ ਭਾਵ-ਭਿੰਨੀ ਵਿਦਾਈ ਵੀ ਦਿੱਤੀ ਹੈ। ਜਮਸ਼ੇਦਪੁਰ 'ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਕਾਫੀ ਹਿੱਸਾ ਨੌਜਵਾਨਾਂ ਨੂੰ ਸਿਖਲਾਈ ਦਿੰਦਿਆਂ ਹੋਇਆ ਬਤੀਤ ਕੀਤਾ ਹੈ।

ਉਸ ਨੇ ਕਈ ਪਹਾੜ ਚੜ੍ਹਣ ਵਾਲੇ ਅਭਿਆਨਾਂ ਦੀ ਆਗਵਾਈ ਵੀ ਕੀਤੀ ਹੈ ਪਰ ਹੁਣ ਉਹ ਪਹਾੜ ਚੜ੍ਹਣ ਤੋਂ ਹਟ ਕੇ ਜ਼ਿੰਦਗੀ ਨੂੰ ਦੇਖ ਰਹੀ ਹੈ।

ਬਸ਼ਿੰਦਰੀ ਪਾਲ ਦੱਸਦੀ ਹੈ, "ਮੈਂ ਰੁਕਣਾ ਨਹੀਂ ਜਾਣਦੀ। ਪਹਾੜ ਨੇ ਰਸਤਾ ਦਿਖਾਇਆ ਸੀ ਅਤੇ ਹੁਣ ਫਿਰ ਰਸਤਾ ਦਿਖਾਵੇਗਾ। ਮੈਂ ਦੇਹਰਾਦੂਨ 'ਚ ਬੇਸ ਬਣਾਵਾਂਗੀ ਅਤੇ ਦੂਜੀਆਂ ਚੀਜ਼ਾਂ 'ਤੇ ਕੰਮ ਕਰਾਂਗੀ। ਮੈਂ ਨਾ ਰਿਟਾਇਰਡ ਹੋ ਰਹੀ ਹਾਂ ਨਾ ਰੁੱਕ ਰਹੀ ਹਾਂ। ਬਸ਼ਿੰਦਰੀ ਤੁਰਦੀ ਰਹੇਗੀ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)