World Cup 2019 : ਪਾਕਿਸਤਾਨੀ ਕ੍ਰਿਕਟ ਟੀਮ ਦੇ ਫੈਨ ਕਿਉਂ ਹਨ ਸੌਰਭ ਗਾਂਗੁਲੀ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਵਿਸ਼ਵ ਕੱਪ ਵਿੱਚ ਉਨ੍ਹਾਂ ਦੀ ਪਸੰਦੀਦਾ ਟੀਮਾਂ ਵਿੱਚੋਂ ਇੱਕ ਪਾਕਿਸਤਾਨ ਹੈ। ਇਸ ਪਿੱਛੇ ਉਨ੍ਹਾਂ ਨੇ ਤਰਕ ਦਿੱਤਾ ਹੈ ਕਿ ਇੰਗਲੈਂਡ ਵਿੱਚ ਖੇਡੇ ਜਾਂਦੇ ਕੌਮਾਂਤਰੀ ਮੁਕਾਬਲਿਆਂ ਵਿੱਚ ਪਾਕਿਸਤਾਨ ਦੀ ਕਾਰਗੁਜ਼ਾਰੀ ਵਧੀਆ ਹੁੰਦੀ ਹੈ।

ਗਾਂਗੁਲੀ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਟੀਮ ਨੇ ਇੰਗਲੈਂਡ ਖ਼ਿਲਾਫ਼ ਦੂਸਰੇ ਇੱਕ ਰੋਜ਼ਾ ਮੈਚ ਵਿੱਚ 373 ਦੌੜਾਂ ਦਾ ਪਿੱਛਾ ਕਰਦਿਆਂ 361 ਦੌੜਾਂ ਬਣਾਈਆਂ ਅਤੇ ਮਹਿਜ਼ 12 ਦੌੜਾਂ ਨਾਲ ਮੈਚ ਉਸਦੇ ਹੱਥੋਂ ਖੁੰਝਿਆ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਇੰਗਲੈਂਡ ਵਿੱਚ ਖੇਡੇ ਜਾਣ ਵਾਲੇ ਵਿਸ਼ਵ ਕੱਪਾਂ ਵਿੱਚ ਹਮੇਸ਼ਾ ਵਧੀਆ ਪ੍ਰਦਰਸ਼ਨ ਕਰਦਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਪਾਕਿਸਤਾਨ ਨੇ ਇੰਗਲੈਂਡ ਵਿੱਚ ਚੈਂਪੀਅਨਜ਼ ਟਰਾਫ਼ੀ ਜਿੱਤੀ ਸੀ। ਪਾਕਿਸਤਾਨ ਦੀ ਟੀਮ ਨੇ ਸਾਲ 2009 ਵਿੱਚ ਵਿਸ਼ਵ ਟੀ-20 ਮੁਕਾਬਲਾ ਵੀ ਇੰਗਲੈਂਡ ਵਿੱਚ ਹੀ ਜਿੱਤਿਆ ਸੀ।

ਤਾਂ ਫਿਰ ਕੀ ਪਾਕਿਸਤਾਨ ਦੀ ਟੀਮ ਨੂੰ ਵਾਕਈ ਵਿਸ਼ਵ ਕੱਪ 2019 ਦੀ ਪਸੰਦੀਦਾ ਟੀਮ ਕਿਹਾ ਜਾ ਸਕਦਾ ਹੈ?

ਇੰਗਲੈਂਡ ਦੀ ਧਰਤੀ 'ਤੇ ਪਾਕਿਸਤਾਨ ਦੀ ਕਾਰਗੁਜ਼ਾਰੀ

ਅੰਕੜਿਆਂ ਦੇ ਲਿਹਾਜ਼ ਨਾਲ ਇੰਗਲੈਂਡ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਜਿੱਤ ਦਾ ਸਭ ਤੋਂ ਤਕੜਾ ਰਿਕਾਰਡ ਵੈਸਟ ਇੰਡੀਜ਼ ਟੀਮ ਦਾ ਰਿਹਾ ਹੈ।

1975 ਤੋਂ 1999 ਤੱਕ ਚਾਰ ਵਿਸ਼ਵ ਕੱਪ ਟੂਰਨਾਮੈਂਟਾਂ ਵਿੱਚ ਵੈਸਟ ਇੰਡੀਜ਼ ਦੋ ਵਾਰ ਜੇਤੂ ਰਹੀ ਤੇ 1983 ਵਿੱਚ ਭਾਰਤ ਤੋਂ ਫੈਸਲਾਕੁਨ ਮੈਚ ਵਿੱਚ ਹਾਰੀ।

ਹੁਣ ਤੱਕ ਇੰਗਲੈਂਡ ਵਿੱਚ ਵਿਸ਼ਵ ਕੱਪ ਦੌਰਾਨ ਖੇਡੇ ਗਏ 22 ਮੁਕਾਬਲਿਆਂ ਵਿੱਚੋਂ ਇਸ ਕੈਰੀਬੀਆਈ ਟੀਮ ਨੇ 17 ਮੈਚਾਂ ਵਿੱਚ ਜਿੱਤ ਦਰਜ ਕਰਵਾਈ ਹੈ। ਜਿਹੜੇ ਚਾਰ ਮੈਚ ਉਹ ਹਾਰੇ, ਉਨ੍ਹਾਂ ਵਿੱਚੋਂ ਤਿੰਨ 1999 ਦੇ ਵਿਸ਼ਵ ਕੱਪ ਦੌਰਾਨ ਖੇਡੇ ਗਏ ਸਨ।

ਪ੍ਰਦਰਸ਼ਨ ਦੇ ਲਿਹਾਜ਼ ਨਾਲ ਆਪਣੇ ਹੀ ਘਰ ਵਿੱਚ ਇੰਗਲੈਂਡ ਦੀ ਟੀਮ ਇੱਕ ਫਾਈਨਲ ਅਤੇ ਦੋ ਸੈਮੀਫਾਈਨਲਾਂ ਦਾ ਸਫ਼ਰ ਤੈਅ ਕਰਦੇ ਹੋਏ 21 ਮੈਚਾਂ ਵਿੱਚੋਂ 15 ਜਿੱਤੀ ਹੈ।

ਉੱਥੇ ਹੀ ਦੱਖਣੀ ਅਫਰੀਕਾ ਟੀਮ ਇੱਥੇ ਮਹਿਜ਼ 1999 ਦਾ ਵਿਸ਼ਵ ਕੱਪ ਖੇਡੀ ਹੈ। ਉਸ ਵਿੱਚ ਉਹ ਸੈਮੀਫਾਈਨਲ ਤੱਕ ਪਹੁੰਚੀ ਸੀ, ਜੋ ਕਿ ਬਰਾਬਰੀ 'ਤੇ ਮੁੱਕਿਆ।

ਟੂਰਨਾਮੈਂਟ ਦੌਰਾਨ ਖੇਡੇ ਗਏ 8 ਮੈਚਾਂ ਵਿੱਚੋਂ ਉਨ੍ਹਾਂ ਨੇ 5 ਜਿੱਤੇ ਅਤੇ 2 ਮੈਚ ਹਾਰੇ ਸਨ।

ਆਸਟਰੇਲੀਆ ਦੀ ਟੀਮ ਨੇ ਵਿਸ਼ਵ ਕੱਪ ਦੌਰਾਨ ਇੰਗਲੈਂਡ ਵਿੱਚ 23 ਮੈਚ ਖੇਡੇ ਹਨ। ਉਨ੍ਹਾਂ ਨੇ 13 ਜਿੱਤੇ ਹਨ ਜਦਕਿ 9 ਮੈਚਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਇੱਥੇ ਖੇਡੇ ਗਏ ਚਾਰ ਟੂਰਨਾਮੈਂਟਾਂ ਵਿੱਚੋਂ ਆਸਟਰੇਲੀਆ ਇੱਕ ਵਾਰ (1999) ਵਿੱਚ ਜੇਤੂ ਰਿਹਾ ਜਦਕਿ ਇੱਕ ਵਾਰ (1975) ਉਹ ਫਾਈਨਲ ਤੱਕ ਪਹੁੰਚ ਸਕਿਆ।

ਭਾਰਤ ਵੀ ਰਿਹਾ ਹੈ ਵਿਸ਼ਵ ਕੱਪ ਜੇਤੂ

ਭਾਰਤੀ ਟੀਮ ਵੀ ਇੰਗਲੈਂਡ ਦੀ ਧਰਤੀ ’ਤੇ ਹੀ 1983 ਦਾ ਵਿਸ਼ਵ ਕੱਪ ਜਿੱਤੀ ਸੀ। ਇਸ ਸਮੇਂ ਤੱਕ ਭਾਰਤ ਨੇ ਇੰਗਲੈਂਡ ਦੀ ਧਰਤੀ ’ਤੇ ਵਿਸ਼ਵ ਕੱਪ ਦੇ 22 ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ 11 ਜਿੱਤੇ ਹਨ ਅਤੇ ਇੰਨੇ ਹੀ ਮੈਚਾਂ ਵਿੱਚ ਹਾਰ ਦੇਖੀ ਹੈ।

ਇਨ੍ਹਾਂ ਅੰਕੜਿਆਂ ਦੇ ਲਿਹਾਜ਼ ਨਾਲ ਭਾਰਤ ਦਾ ਪ੍ਰਦਰਸ਼ਨ ਔਸਤ ਕਿਹਾ ਜਾ ਸਕਦਾ ਹੈ ਪਰ ਜੇ ਦੇਖਿਆ ਜਾਵੇ ਤਾਂ 1983 ਦੇ ਵਿਸ਼ਵ ਕੱਪ ਤੋਂ ਬਾਅਦ ਭਾਰਤ ਨੇ 10 ਮੈਚ ਜਿੱਤੇ ਹਨ ਜਦਕਿ ਮਹਿਜ਼ 6 ਹਾਰੇ ਹਨ। ਇਸ ਲਿਹਾਜ਼ ਨਾਲ ਇਸ ਨੂੰ ਇੱਕ ਚੰਗਾ ਪ੍ਰਦਰਸ਼ਨ ਕਿਹਾ ਜਾ ਸਕਦਾ ਹੈ।

ਪਾਕਿਸਤਾਨ ਕਿਵੇਂ ਵੱਖਰਾ ਹੈ?

ਬਾਕੀ ਵੱਡੀਆਂ ਟੀਮਾਂ (ਨਿਊਜ਼ੀਲੈਂਡ, ਸ੍ਰੀ ਲੰਕਾ ਅਤੇ ਪਾਕਿਸਤਾਨ) ਦੀ ਇੰਗਲੈਂਡ ਵਿੱਚ ਖੇਡੇ ਗਏ ਵਿਸ਼ਵ ਕੱਪ ਮੈਚਾਂ ਦੌਰਾਨ ਵਧੇਰੇ ਮੈਚਾਂ ਵਿੱਚ ਹਾਰੀਆਂ ਹਨ। ਫਿਰ ਵੀ ਪਾਕਿਸਤਾਨ ਇੱਕ ਅਜਿਹੀ ਟੀਮ ਹੈ ਜੋ ਦੋ ਵਾਰ ਸੈਮੀਫਾਈਨਲ ਮੁਕਾਬਲੇ ਵਿੱਚ ਤੇ ਇੱਕ ਵਾਰ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਿੱਚ ਸਫ਼ਲ ਰਹੇ ਹਨ।

ਇਸ ਦੇ ਨਾਲ ਹੀ ਟੀਮ ਨੇ ਆਈਸੀਸੀ ਦੇ ਦੋ ਟੂਰਨਾਮੈਂਟ (ਚੈਂਪੀਅਨਜ਼ ਟਰਾਫ਼ੀ ਤੇ ਟੀ-20 ਵਿਸ਼ਵ ਕੱਪ) ਵੀ ਜਿੱਤੇ ਹਨ। ਇੱਥੇ ਇੱਕ ਗੱਲ ਹੋਰ ਅਹਿਮ ਹੈ ਕਿ ਇਹ ਦੋਵੇਂ ਟੂਰਾਨਾਮੈਂਟ ਵਰਤਮਾਨ ਕਪਤਾਨ ਸਰਫਰਾਜ਼ ਅਹਿਮਦ ਦੀ ਅਗਵਾਈ ਵਿੱਚ ਖੇਡੇ ਗਏ ਸਨ।

ਪਾਕ ਟੀਮ ਵਿੱਚ ਨਵੇਂ ਖੂਨ ਦਾ ਨਵਾਂ ਜੋਸ਼

ਇਮਾਮ-ਉਲ ਹੱਕ, ਹਸਨ ਅਲੀ, ਸ਼ਾਦਾਬ ਖ਼ਾਨ ਅਤੇ ਫਖ਼ਰ ਜ਼ਮਾਨ ਵਰਗੇ ਪਾਕਿਸਤਾਨ ਦੇ ਕੁਝ ਨਵੇਂ ਖਿਡਾਰੀ ਕੌਮਾਂਤਰੀ ਪੱਧਰ ’ਤੇ ਵਧੀਆ ਖੇਡ ਰਹੇ ਹਨ।

ਇਹ ਸਾਰੇ ਨੌਜਵਾਨ ਹਨ। ਮੈਦਾਨ ਵਿੱਚ ਇਨ੍ਹਾਂ ਦੀ ਫੁਰਤੀ ਦਿਖਦੀ ਵੀ ਹੈ।

ਮੱਧ-ਕ੍ਰਮ ਵਿੱਚ ਟੀਮ ਕੋਲ ਸਰਫ਼ਰਾਜ਼ ਅਹਿਮਦ ਵਰਗਾ ਤਜ਼ੁਰਬੇਕਾਰ ਕਪਤਾਨ, ਫ਼ਿਰਕੀ ਅਤੇ ਤੇਜ਼ ਗੇਂਦਬਾਜ਼ੀ ਨੂੰ ਤਹਿਸ-ਨਹਿਸ ਕਰਨ ਦੀ ਸਮਰੱਥਾ ਰੱਖਣ ਵਾਲੇ ਧਮਾਕੇਦਾਰ ਹੈਰਿਸ ਸੋਹੇਲ ਅਤੇ ਤਜ਼ੁਰਬੇਕਾਰ ਸ਼ੋਏਬ ਮਲਿਕ ਹਨ ਜੋ ਕਿ ਟੀਮ ਨੂੰ ਕਿਸੇ ਵੀ ਹਾਲਾਤ ਵਿੱਚੋਂ ਕੱਢ ਕੇ ਜਿੱਤਾ ਸਕਦੇ ਹਨ।

ਪਾਕਿਸਤਾਨ ਲਈ ਇਮਾਮ-ਉਲ ਹੱਕ ਅਤੇ ਫਖ਼ਰ ਜ਼ਮਾਂ ਬੱਲੇਬਾਜ਼ੀ ਦੀ ਸ਼ੁਰੂਆਤ ਕਰਦੇ ਹਨ। 23 ਸਾਲਾ ਇਮਾਮ-ਉਲ ਹੱਕ ਇੱਕ ਰੋਜ਼ਾ ਮੈਚਾਂ ਵਿੱਚ 60 ਦੀ ਔਸਤ ਨਾਲ ਖੇਡ ਰਹੇ ਹਨ।

ਔਸਤ ਦੇ ਲਿਹਾਜ਼ ਨਾਲ ਇਹ ਪਾਕਿਸਤਾਨ ਦੇ ਕਿਸੇ ਵੀ ਕ੍ਰਿਕਟ ਖਿਡਾਰੀ ਦੀ ਇੱਕ ਰੋਜ਼ਾ ਮੈਚਾਂ ਵਿੱਚ ਸਭ ਤੋਂ ਵਧੀਆ ਕਾਰਗੁਜ਼ਾਰੀ ਹੈ।

ਉਨ੍ਹਾਂ ਨੇ ਇੰਗਲੈਂਡ, ਦੱਖਣੀ ਅਫਰੀਕਾ, ਸ੍ਰੀ ਲੰਕਾ ਅਤੇ ਜ਼ਿੰਮਬਾਵੇ ਵਿਰੁੱਧ ਪਿਛਲੇ ਦੋ ਸਾਲਾਂ ਦੌਰਾਨ ਖੇਡੇ ਮੈਚਾਂ ਵਿੱਚ ਛੇ 6 ਸੈਂਕੜੇ ਬਣਾਏ ਹਨ।

ਮਈ ਮਹੀਨੇ ਵਿੱਚ ਉਨ੍ਹਾਂ ਨੇ ਬ੍ਰਿਸਟਲ ਦੇ ਮੈਦਾਨ ਉੱਪਰ ਸਭ ਤੋਂ ਵੱਡਾ ਨਿੱਜੀ ਸਕੋਰ ਦਾ ਰਿਕਾਰਡ ਤੋੜਿਆ ਸੀ। ਇਸੇ ਮੈਦਾਨ ’ਤੇ ਵਿਸ਼ਵ ਕੱਪ ਦੌਰਾਨ ਪਾਕਿਸਤਾਨ ਨੇ ਸ੍ਰੀ ਲੰਕਾ ਨਾਲ ਖੇਡਣਾ ਹੈ।

ਤਜਰਬੇਕਾਰ ਕਪਤਾਨ

31 ਸਾਲਾਂ ਦੇ ਕਪਤਾਨ ਸਰਫਰਾਜ਼ ਅਹਿਮਦ ਕੋਲ 100 ਤੋਂ ਵਧੇਰੇ ਇੱਕ ਰੋਜ਼ਾ ਮੈਚਾਂ ਤੇ ਦੋ ਹਾਜ਼ਰ ਨਾਲੋਂ ਵੱਧ ਦੌੜਾਂ ਬਣਾਉਣ ਦੇ ਨਾਲ ਵਿਸ਼ਵ ਟੀ-20 ਤੇ ਚੈਂਪੀਅਨਜ਼ ਟਰਾਫ਼ੀ ਜਿੱਤਣ ਦਾ ਅਨੁਭਵ ਹੈ।

ਵਨ-ਡੇ ਵਿੱਚ 45 ਤੋਂ ਵਧੇਰੇ ਦੀ ਔਸਤ ਨਾਲ ਖੇਡਣ ਵਾਲੇ ਹੈਰਿਸ ਸੋਹੇਲ ਟੀਮ ਦੇ ਉਪਯੋਗੀ ਹਰਫ਼ਨਮੌਲਾ ਖਿਡਾਰੀ ਹਨ। ਕਈ ਮੈਚ ਜਿਤਾਊ ਪਾਰੀਆਂ ਖੇਡ ਚੁੱਕੇ ਹੈਰਿਸ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਫਿੱਟਨੈੱਸ ਨੂੰ ਲੈ ਕੇ ਬੇਹੱਦ ਪਰੇਸ਼ਾਨ ਰਹੇ।

ਇੱਥੋਂ ਤੱਕ ਕਿ ਉਨ੍ਹਾਂ ਦੇ ਗੋਡੇ ਦਾ ਅਪਰੇਸ਼ਨ ਵੀ ਹੋ ਚੁੱਕਾ ਹੈ ਅਤੇ ਕ੍ਰਿਕਟ ਦੇ ਦਿੱਗਜਾਂ ਨੇ ਉਨ੍ਹਾਂ ਦਾ ਖੇਡ ਜੀਵਨ ਖ਼ਤਮ ਸਮਝ ਲਿਆ ਸੀ ਪਰ ਉਨ੍ਹਾਂ ਨੇ ਰਫ਼ਤਾਰ ਵਿਖਾਉਂਦੇ ਹੋਏ ਵਾਪਸੀ ਕੀਤੀ।

ਫ਼ਿਰਕੀ ਹੋਵੇ ਜਾਂ ਤੇਜ਼, ਕਿਸੇ ਵੀ ਗੇਂਦ ਨੂੰ ਮੈਦਾਨ ਵਿੱਚੋਂ ਬਾਹਰ ਪੁਹੰਚਾਉਣ ਦੀ ਉਨ੍ਹਾਂ ਦੀ ਯੋਗਤਾ ਦੇ ਨਾਲ ਉਨ੍ਹਾਂ ਦੀ ਬਚਾਅ ਦੀ ਮਹਾਰਤ ਦੀ ਤਾਰੀਫ਼ ਮਾਹਰ ਵੀ ਕਰਦੇ ਹਨ।

ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਸ਼ੋਇਬ ਅਖ਼ਤਰ ਉਨ੍ਹਾਂ ਨੂੰ ਮੈਦਾਨ ਦੇ ਅੰਦਰ 'ਦਿਮਾਗ਼ ਵਾਲਾ ਬੱਲੇਬਾਜ਼' ਕਹਿੰਦੇ ਹਨ।

ਇਸ ਤੋਂ ਇਲਾਵਾ ਮੱਧ-ਕ੍ਰਮ ਵਿੱਚ ਪਾਕਿਸਤਾਨ ਦੇ ਕੋਲ ਅਨੁਭਵ ਦੇ ਧਨੀ ਸ਼ੋਇਬ ਮਲਿਕ ਹਨ। ਢਾਈ ਸੌ ਤੋਂ ਵੱਧ ਇੱਕ ਰੋਜ਼ਾ ਮੈਚ ਖੇਡ ਚੁੱਕੇ ਮਲਿਕ 2007 ਦੀ ਵਿਸ਼ਵ ਕੱਪ ਟੀਮ ਵਿੱਚ ਸ਼ਾਮਲ ਸਨ।

ਉਨ੍ਹਾਂ ਦਾ ਸਾਥ ਦੇਣਗੇ 31 ਸਾਲਾਂ ਦੇ ਆਬਿਦ ਅਲੀ, ਜਿੰਨ੍ਹਾਂ ਨੇ ਇਸੇ ਸਾਲ ਮਾਰਚ ਵਿੱਚ ਪਾਕਿਸਤਾਨ ਲਈ ਖੇਡਣਾ ਸ਼ੁਰੂ ਕੀਤਾ ਅਤੇ ਪਹਿਲੇ ਹੀ ਮੈਚ ਵਿੱਚ ਆਸਟਰੇਲੀਆ ਦੇ ਖਿਲਾਫ ਸੈਂਕੜਾ ਜੜ ਕੇ ਵਿਸ਼ਵ ਕੱਪ ਦੀ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ।

ਵੇਲਜ਼ ਵਿੱਚ ਹੀ ਪੈਦਾ ਹੋਏ ਖੱਬੂ ਇਮਾਦ ਵਸੀਮ 40 ਤੋਂ ਵੱਧ ਦੀ ਔਸਤ ਨਾਲ ਬੱਲੇਬਾਜ਼ੀ ਕਰਦੇ ਹਨ ਅਤੇ ਖੱਬੇ ਹੱਥ ਦੇ ਉਪਯੋਗੀ ਫ਼ਿਰਕੀ ਗੇਂਦਬਾਜ਼ ਹਨ।

ਧਾਰਦਾਰ ਗੇਂਦਬਾਜ਼ੀ

ਵੈਸੇ ਤਾਂ ਵਿਸ਼ਵ ਕੱਪ ਦੇ ਲਈ ਚੁਣੀ ਗਈ ਪਾਕਿਸਤਾਨ ਟੀਮ ਦੀ ਖ਼ਾਸੀਅਤ ਉਸਦੀ ਬੱਲੇਬਾਜ਼ੀ ਦਿਖ ਰਹੀ ਹੈ ਪਰ ਇਤਿਹਾਸ ਗਵਾਹ ਹੈ ਕਿ ਪਾਕਿਸਤਾਨ ਦੀ ਵਿਸ਼ੇਸ਼ਤਾ ਉਸਦੀ ਗੇਂਦਬਾਜ਼ੀ ਹੁੰਦੀ ਹੈ।

ਵੈਸੇ ਤਾਂ ਇਹ ਗੇਂਦਬਾਜ਼ੀ ਕ੍ਰਮ ਇਮਰਾਨ, ਅਕਰਮ, ਵਕਾਰ ਅਤੇ ਅਖ਼ਤਰ ਵਰਗਾ ਖ਼ਤਰਨਾਕ ਨਹੀਂ ਦਿਖ ਰਿਹਾ।

ਫਿਰ ਵੀ ਵਿਸ਼ਵ ਕੱਪ ਲਈ ਚੁਣੀ ਗਈ ਟੀਮ ਲਈ ਜਿਹੜੇ ਗੇਂਦਬਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਦੀ ਖ਼ਾਸੀਅਤ ਨੂੰ ਜਾਣਨ ਤੋਂ ਬਾਅਦ ਕੋਈ ਵੀ ਇਹ ਨਹੀਂ ਮੰਨੇਗਾ ਕਿ ਇਹ ਉਹ ਕਿਸੇ ਵੱਡੇ ਗੇਂਦਬਾਜ਼ਾਂ ਤੋਂ ਘੱਟ ਹਨ।

ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਵਿੱਚ ਖੇਡੀ ਜਾ ਰਹੀ ਇੱਕ ਰੋਜ਼ਾ ਲੜੀ ਵਿੱਚ ਪਾਕਿਸਤਾਨ ਲਈ ਤੇਜ਼ ਗੇਂਦਬਾਜ਼ੀ ਦੀ ਕਮਾਂਡ ਫਹੀਮ ਅਸ਼ਰਫ, ਸ਼ਾਹੀਨ ਅਫ਼ਰੀਦੀ, ਹਸਨ ਅਲੀ ਅਤੇ ਜੁਨੈਦ ਖਾਨ ਸੰਭਾਲ ਰਹੇ ਸਨ।

25 ਸਾਲਾ ਤੇਜ਼ ਗੇਂਦਬਾਜ਼ ਹਸਨ ਅਲੀ 47 ਇੱਕ ਰੋਜ਼ਾ ਮੈਚਾਂ ਵਿੱਚ 25.62 ਦੀ ਔਸਤ ਨਾਲ 78 ਵਿਕਟ ਲੈ ਚੁੱਕੇ ਹਨ।

ਸਾਲ 2017 ਦੀ ਚੈਂਪੀਅਨਜ਼ ਟਰਾਫ਼ੀ ਵਿੱਚ ਪਲੇਅਰ ਆਫ਼ ਦਿ ਟੂਰਨਾਮੈਂਟ ਰਹੇ ਅਲੀ ਨੇ ਉਸ ਟੂਰਨਾਮੈਂਟ ਵਿੱਚ 13 ਵਿਕਟਾਂ ਲੈ ਕੇ ਪਾਕਿਸਤਾਨ ਨੂੰ ਪਹਿਲੀ ਵਾਰ ਖ਼ਿਤਾਬੀ ਜਿੱਤ ਦਵਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ।

ਅਲੀ ਨੂੰ ਲਗਾਤਾਰ 90 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਸੁੱਟਣ ਵਿੱਚ ਮਹਾਰਤ ਹਾਸਲ ਹੈ।

ਉੱਥੇ ਹੀ 25 ਸਾਲਾ ਅਸ਼ਰਫ਼ ਅਤੇ 29 ਸਾਲਾ ਜੁਨੈਦ ਸੱਜੇ ਹੱਥ ਨਾਲ ਅਫ਼ਰੀਦੀ ਤੇ ਖੱਬੇ ਹੱਥ ਨਾਲ ਤੇਜ਼ ਗੇਂਦ ਕਰਦੇ ਹਨ।

ਸਾਲ 2017 ਦੀ ਚੈਂਪੀਅਨਜ਼ ਟਰਾਫ਼ੀ ਤੋਂ ਇੱਕ-ਰੋਜ਼ਾ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਸ਼ਰਫ਼ ਸੀਮ, ਫ਼ਿਰਕੀ ਅਤੇ ਪੂਰੀ ਚਲਾਕੀ ਨਾਲ ਹੌਲੀ ਗੇਂਦ ਪਾਉਣ ਦੀ ਮਹਾਰਤ ਰੱਖਦੇ ਹਨ।

19 ਸਾਲਾ ਸਾਢੇ 6 ਫੁੱਟੇ ਸ਼ਾਹਿਨ ਅਫ਼ਰੀਦੀ ਕੋਲ ਤਜ਼ੁਰਬਾ ਤਾਂ ਥੋੜ੍ਹਾ ਹੈ ਪਰ ਅੰਡਰ-19 ਵਿਸ਼ਵ ਕੱਪ ਦੇ ਪੰਜ ਮੈਚਾਂ ਵਿੱਚ 12 ਵਿਕਟਾਂ ਲੈਣ ਮਗਰੋਂ ਭਾਰਤ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਉਨ੍ਹਾਂ ਦੀ ਸਿਫ਼ਤ ਕਰ ਚੁੱਕੇ ਹਨ ਤੇ ਪਾਕਿਸਤਾਨ ਦੇ ਕੋਚ ਮਿਕੀ ਆਰਥਰ ਉਨ੍ਹਾਂ ਨੂੰ ਭਵਿੱਖ ਦਾ ਪਹਿਲੇ ਨੰਬਰ ਦਾ ਗੇਂਦਬਾਜ਼ ਕਹਿ ਚੁੱਕੇ ਹਨ।

ਜੁਨੈਦ ਖ਼ਾਨ ਟੀਮ ਦੇ ਸਭ ਤੋਂ ਤਜ਼ੁਰਬੇਕਾਰ ਗੇਂਦਬਾਜ਼ ਹਨ ਅਤੇ ਮੁਹੰਮਦ ਹਮਨੈਨ, ਸ਼ਾਹੀਨ ਅਫ਼ਰੀਦੀ, ਫ਼ਹੀਮ ਅਸ਼ਰਫ਼ ਅਤੇ ਹਸਨ ਅਲੀ ਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ।

ਸ਼ੋਇਬ ਮਲਿਕ ਦਾ ਤਜ਼ੁਰਬਾ

ਇਸ ਵਾਰ ਤੋਂ ਇਲਾਵਾ ਪਾਕਿਸਾਤਾਨੀ ਕ੍ਰਿਕਟ ਟੀਮ ਕੋਲ ਸ਼ੋਇਬ ਮਲਿਕ ਦੇ ਰੂਪ ਵਿੱਚ ਇੱਕ ਬੇਹੱਦ ਤਜ਼ੁਰਬੇਕਾਰ ਕ੍ਰਿਕਟਰ ਹੈ।

428 ਕੌਮਾਂਤਰੀ ਮੈਚ ਖੇਡ ਚੁੱਕੇ ਮਲਿਕ ਕੋਲ 2009 ਇੰਗਲੈਂਡ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਅਤੇ 2017 ਦੀ ਚੈਂਪੀਅਨਜ਼ ਟਰਾਫ਼ੀ ਦਾ ਤਜਰਬਾ ਹੈ।

ਮੈਦਾਨ 'ਤੇ ਸ਼ਾਂਤ ਦਿਖਣ ਵਾਲੇ ਮਲਿਕ ਦਾ ਦਿਮਾਗ ਮੈਚ ਦੇ ਦੌਰਾਨ ਬਣਨ ਵਾਲੀਆਂ ਸਥਿਤੀਆਂ ਦੀ ਡੂੰਘੀ ਸਮਝ ਰਖਦਾ ਹੈ।

ਉਨ੍ਹਾਂ ਨੂੰ ਪਾਕਿਸਤਾਨ ਦੀ ਟੀਮ ਦੇ ਧੋਨੀ ਕਿਹਾ ਜਾਵੇ ਤਾਂ ਕੋਈ ਕੁਤਾਹੀ ਨਹੀਂ ਹੋਵੇਗੀ।

ਮਲਿਕ ਦਾ ਸਾਲ 2019 ਵਿੱਚ ਹੁਣ ਤੱਕ ਦਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ। ਇਸ 37 ਸਾਲਾ ਖਿਡਾਰੀ ਨੇ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕਰਦੇ ਸਮੇਂ ਕਿਹਾ ਸੀ ਕਿ ਉਹ ਇਸ ਟੂਰਨਾਮੈਂਟ ਵਿੱਚ ਇਸ ਤਰ੍ਹਾਂ ਖੇਡਣਗੇ ਜਿਵੇਂ ਇਹ ਉਨ੍ਹਾਂ ਦੇ ਖੇਡ ਜੀਵਨ ਦੀ ਸ਼ੁਰੂਆਤ ਹੋਵੇ

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)