ਸਵੀਡਨ ਦੇ ਸੰਸਦ ਮੈਂਬਰਾਂ ਕੋਲ ਨਾ ਤਾਂ ਸਰਕਾਰੀ ਗੱਡੀਆਂ, ਮਿਲਦਾ ਹੈ ਇੱਕ ਬਿਸਤਰੇ ਵਾਲਾ ਘਰ

ਤੁਸੀਂ ਵੀ ਭਾਰਤੀਆਂ ਨੂੰ ਵਿਦੇਸ਼ਾਂ ਵਿੱਚ ਐੱਮਪੀ ਜਾਂ ਐੱਮਐੱਲਏ ਬਣਦੇ ਦੇਖ ਕੇ ਕਿਸੇ ਬਾਹਰਲੇ ਦੇਸ਼ ਵਿੱਚ ਜਾ ਕੇ ਸਿਆਸਤਦਾਨ ਬਣਨ ਬਾਰੇ ਸੋਚ ਰਹੇ ਹੋ?

ਕੀ ਤੁਸੀਂ ਉੱਥੇ ਜਾ ਕੇ ਇੱਕ ਅਮੀਰ ਜ਼ਿੰਦਗੀ ਜਿਊਣ ਲਈ ਸਿਆਸਤਦਾਨ ਬਣਨਾ ਚਾਹੁੰਦੇ ਹੋ ਤਾਂ, ਰੁਕ ਜਾਓ!

ਇਹ ਸਭ ਸੋਚੋ ਪਰ ਸਵੀਡਨ ਵਿੱਚ ਜਾ ਕੇ ਕਰਨ ਬਾਰੇ ਕਦੇ ਨਾ ਸੋਚਣਾ। ਕਿਉਂ?

ਕਿਉਂਕਿ ਸਵੀਡਨ ਦੀ ਸਿਆਸਤ ਉਸ ਸਾਦਗੀ ਨਾਲ ਪਹਿਚਾਣੀ ਜਾਂਦੀ ਹੈ, ਜਿਸ ਸਾਦਗੀ ਨਾਲ ਲੋਕਾਂ ਦੇ ਨੁਮਾਇੰਦੇ ਉੱਥੇ ਆਪਣਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ:

ਕਰ-ਦਾਤਿਆਂ ਦੇ ਪੈਸੇ ਦੇ ਗੱਫ਼ੇ ਸੰਸਦ ਮੈਂਬਰਾਂ ਨੂੰ ਭੱਤਿਆਂ ਦੇ ਰੂਪ ਵਿੱਚ ਦੇਣ ਦੀ ਥਾਂ ਉਨ੍ਹਾਂ ਇਹ ਪੈਸਾ ਕਫ਼ਾਇਤ ਨਾਲ ਵਰਤਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

"ਆਮ ਨਾਗਰਿਕ"

ਪੇਰ-ਆਰਨੇ ਹਕੈਨਸਨ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੇ ਐੱਮਪੀ ਹਨ ਉਨ੍ਹਾਂ ਨੇ ਬੀਬੀਸੀ ਦੀ ਬ੍ਰਾਜ਼ੀਲ ਸੇਵਾ ਨੂੰ ਦੱਸਿਆ, "ਅਸੀਂ ਸਾਰੇ ਆਮ ਨਾਗਰਿਕ ਹਾਂ।"

"ਸਾਡਾ ਕੰਮ ਲੋਕਾਂ ਦੀ ਅਤੇ ਉਨ੍ਹਾਂ ਦੀ ਜ਼ਿੰਦਗੀ ਦੀ ਨੁਮਾਇੰਦਗੀ ਕਰਨਾ ਹੈ। ਇਸ ਲਈ ਐੱਮਪੀਜ਼ ਨੂੰ ਕੁਝ ਖ਼ਾਸ ਲਾਭ ਦੇਣ ਦੀ ਕੋਈ ਤੁਕ ਨਹੀਂ ਬਣਦੀ।"

ਉਨ੍ਹਾਂ ਅੱਗੇ ਕਿਹਾ, "ਸਾਡਾ ਮਾਣ ਇਸ ਗੱਲ ਵਿੱਚ ਹੈ ਕਿ ਸਾਨੂੰ ਇਹ ਕੰਮ ਕਰਨ ਨੂੰ ਮਿਲ ਰਿਹਾ ਹੈ ਤੇ ਸਾਡੇ ਕੋਲ ਦੇਸ਼ ਦੀ ਦਿਸ਼ਾ ਤੈਅ ਕਰਨ ਦਾ ਮੌਕਾ ਹੈ।"

ਸਵੀਡਨ ਦੇ ਐੱਮਪੀ ਸਰਕਾਰੀ ਟਰਾਂਸਪੋਰਟ ਵਿੱਚ ਮੁਫ਼ਤ ਸਫ਼ਰ ਕਰ ਸਕਦੇ ਹਨ।

ਹੋਰ ਦੇਸ਼ਾਂ ਦੇ ਸੰਸਦ ਮੈਂਬਰਾਂ ਵਾਂਗ ਉਨ੍ਹਾਂ ਨੂੰ ਕਾਰਾਂ ਤੇ ਡਰਾਈਵਰ ਨਹੀਂ ਦਿੱਤੇ ਜਾਂਦੇ।

ਮਿਸਾਲ ਵਜੋਂ ਪਾਰਲੀਮੈਂਟ ਕੋਲ ਹੀ ਵੌਲਵੋ ਦੀਆਂ ਐੱਸ-80 ਮਾਡਲ ਦੀਆਂ ਸਿਰਫ਼ ਤਿੰਨ ਕਾਰਾਂ ਹਨ। ਇਹ ਗੱਡੀਆਂ ਵਿਸ਼ੇਸ਼ ਮੌਕਿਆਂ 'ਤੇ ਦੇਸ਼ ਦੇ ਰਾਸ਼ਟਰਪਤੀ ਅਤੇ ਦੋ ਉਪ-ਰਾਸ਼ਟਰਪਤੀਆਂ ਦੇ ਵਰਤਣ ਲਈ ਹੀ ਰਾਖਵੀਆਂ ਹਨ।

ਭੱਤੇ

ਪਾਰਲੀਮੈਂਟ ਦੇ ਇੱਕ ਅਧਿਕਾਰੀ ਰੇਨੇ ਪਿਓਟਕੇ, ਨੇ ਦੱਸਿਆ, "ਅਸੀਂ ਟੈਕਸੀ ਸੇਵਾ ਨਹੀਂ ਚਲਾਉਂਦੇ।"

"ਗੱਡੀਆਂ ਲੋਕਾਂ ਨੂੰ ਘਰ ਜਾਂ ਦਫ਼ਤਰ ਲਿਜਾਣ ਲਈ ਨਹੀਂ ਹਨ।"

ਦੇਸ਼ ਦੇ ਸਿਰਫ਼ ਇੱਕੋ ਸਿਆਸਤਦਾਨ ਨੂੰ ਪੱਕੀ ਸਰਕਾਰੀ ਕਾਰ ਮਿਲਦੀ ਹੈ, ਉਹ ਹਨ ਸਵੀਡਨ ਦੇ ਪ੍ਰਧਾਨ ਮੰਤਰੀ।

ਸਵੀਡਨ ਦੇ ਐੱਮਪੀ ਮਹੀਨੇ ਦੇ ਲਗਪਗ 6900 ਡਾਲਰ ਕਮਾਉਂਦੇ ਹਨ। ਇਹ ਰਾਸ਼ੀ ਇੱਕ ਅਮਰੀਕੀ ਸੰਸਦ ਮੈਂਬਰ ਨਾਲੋਂ ਅੱਧੀ ਹੈ।

ਭਾਰਤ ਵਿੱਚ ਇੱਕ ਰਾਜ ਸਭਾ ਦੇ ਇੱਕ ਸੰਸਦ ਮੈਂਬਰ ਨੂੰ ਇੱਕ ਲੱਖ ਰੁਪਏ ਮਹੀਨਾ ਤਨਖ਼ਾਹ ਤੇ ਹੋਰ ਭੱਤੇ ਵੱਖਰੇ ਮਿਲਦੇ ਹਨ। (ਸਾਲ 2018 ਮੁਤਾਬਕ)

ਸਵੀਡਨ ਵਿੱਚ ਮਹੀਨੇ ਦੀ ਔਸਤ ਆਮਦਨੀ 2800 ਡਾਲਰ ਹੈ।

"ਆਰਥਿਕ ਪੱਖੋਂ ਦਿਲਕਸ਼"

ਜਿਨ੍ਹਾਂ ਐੱਮਪੀਆਂ ਦੇ ਹਲਕੇ ਰਾਜਧਾਨੀ ਸਟਾਕਹੋਮ ਤੋਂ ਬਾਹਰ ਪੈਂਦੇ ਹਨ। ਉਹ ਜਿੰਨੇ ਦਿਨ ਰਾਜਧਾਨੀ ਵਿੱਚ ਕੰਮ ਕਰਨ ਉਨ੍ਹਾਂ ਦਿਨਾਂ ਲਈ ਇੱਕ ਭੱਤਾ "ਟਰੈਕਟਾਮੈਂਟ" ਲੈ ਸਕਦੇ ਹਨ। ਇਹ ਪ੍ਰਤੀ ਦਿਨ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ।

ਇਹ ਭੱਤਾ ਮਿਲਦਾ ਕਿੰਨਾ ਹੈ? 12 ਡਾਲਰ ਪ੍ਰਤੀ ਦਿਨ। ਇਸ ਰਕਮ ਨਾਲ ਤੁਸੀਂ ਸਟਾਕਹੋਮ ਵਿੱਚ ਇੱਕ ਸਮੇਂ ਦਾ ਸਧਾਰਣ ਖਾਣਾ ਵੀ ਨਹੀਂ ਖਾ ਸਕਦੇ ।

ਸਾਲ 1957 ਤੱਕ ਸਵੀਡਨ ਦੇ ਐੱਮਪੀਆਂ ਨੂੰ ਕੋਈ ਭੱਤਾ ਵੀ ਨਹੀਂ ਸੀ ਮਿਲਦਾ। ਸਗੋਂ ਉਨ੍ਹਾਂ ਦੇ ਪਾਰਟੀ ਮੈਂਬਰ ਪੈਸੇ ਦੇ ਕੇ ਉਨ੍ਹਾਂ ਦਾ ਖ਼ਰਚਾ ਚਲਾਉਣ ਵਿੱਚ ਮਦਦ ਕਰਦੇ ਸਨ।

ਪਾਰਲੀਮੈਂਟ ਦੀਆਂ ਫਾਈਲਾਂ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਐੱਮਪੀਆਂ ਨੂੰ ਭੱਤੇ ਦੇਣੇ ਇਸ ਲਈ ਸ਼ੁਰੂ ਕੀਤੇ ਗਏ ਤਾਂ ਕਿ ਕਿਤੇ ਆਮ ਨਾਗਰਿਕ ਇਸ ਕਾਰਨ ਸਿਆਸਤ ਵਿੱਚ ਆਉਣੋਂ ਮੂੰਹ ਹੀ ਨਾ ਮੋੜ ਲਵੇ। ਇਸ ਦੇ ਨਾਲ ਹੀ ਸਵੀਡਨ ਦੇ ਨਾਗਰਿਕ ਵੀ ਕੋਈ ਬਹੁਤੀਆਂ ਮੋਟੀਆਂ ਤਨਖ਼ਾਹਾਂ ਦੇ ਸ਼ੁਕੀਨ ਨਹੀਂ ਸਨ।

ਹੋਰ ਦੇਸ਼ਾਂ ਦੇ ਐੱਮਪੀਆਂ ਵਾਂਗ ਹੀ ਸਵੀਡਨ ਦੇ ਐੱਮਪੀਆਂ ਨੂੰ ਵੀ ਰਿਹਾਇਸ਼ਾਂ 'ਤੇ ਸਬਸਿਡੀ ਮਿਲਦੀ ਹੈ।

ਇਹ ਵੀ ਪੜ੍ਹੋ:

ਇਹ ਸਬਸਿਡੀ ਵੀ ਉਨ੍ਹਾਂ ਐੱਮਪੀਆਂ ਨੂੰ ਹੀ ਮਿਲਦੀ ਹੈ ਜੋ ਰਾਜਧਾਨੀ ਦੇ ਨਿਵਾਸੀ ਨਹੀਂ ਹਨ।

“ਸਿੰਗਲ ਬੈੱਡ”

ਇਨ੍ਹਾਂ ਰਿਹਾਇਸ਼ਾਂ ਵਿੱਚ ਸੁਖ-ਸਹੂਲਤ ਤਾਂ ਮੁਸ਼ਕਲ ਨਾਲ ਹੀ ਹੁੰਦੀ ਹੈ। ਮਿਸਾਲ ਵਜੋਂ ਪੇਰ-ਆਰਨੇ ਹਕੈਨਸਨ ਜਿੱਥੇ ਰਹਿੰਦੇ ਹਨ, ਉਹ 46 ਵਰਗ ਮੀਟਰ ਦਾ ਇੱਕ ਫਲੈਟ ਹੈ।

ਕਈ ਸਰਕਾਰੀ ਰਿਹਾਇਸ਼ਾਂ ਤਾਂ 16 ਵਰਗ ਮੀਟਰ ’ਚ ਹੀ ਬਣੀਆਂ ਹੋਈਆਂ ਹਨ।

ਇਸ ਤੋਂ ਇਲਾਵਾ, ਇਨ੍ਹਾਂ ਰਿਹਾਇਸ਼ਾਂ ਵਿੱਚ ਕੋਈ ਉਪਕਰਣ ਜਿਵੇਂ, ਕੱਪੜੇ ਤੇ ਭਾਂਡੇ ਧੋਣ ਦੀਆਂ ਮਸ਼ੀਨਾਂ ਨਹੀਂ ਹੁੰਦੀਆਂ। ਇਨ੍ਹਾਂ ਸਾਰਿਆਂ ਵਿੱਚ ਇੱਕ ਬਿਸਤਰਾ ਲੱਗਿਆ ਹੁੰਦਾ ਹੈ।

ਕਰ-ਦਾਤਿਆਂ ਦਾ ਪੈਸਾ ਸਿਰਫ਼ ਐੱਮਪੀ ਦੀ ਰਿਹਾਇਸ਼ ਦਾ ਖ਼ਰਚਾ ਭਰਨ ਲਈ ਵਰਤਿਆ ਜਾਂਦਾ ਹੈ।

ਜੇ ਉਨ੍ਹਾਂ ਦੇ ਨਾਲ ਕਿਸੇ ਨੇ ਰਹਿਣਾ ਹੈ ਤਾਂ ਇੱਕ ਰਾਤ ਦਾ ਵੀ ਉਸ ਨੂੰ ਕਿਰਾਇਆ ਦੇਣਾ ਪਵੇਗਾ। ਜੇ ਕੋਈ ਐੱਮਪੀ ਆਪਣੇ ਕਿਸੇ ਸਾਥੀ ਨਾਲ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਅੱਧਾ ਕਿਰਾਇਆ ਦੇਣਾ ਪਵੇਗਾ।

“ਤੈਅ ਕਿਰਾਇਆ”

ਪਾਰਲੀਮੈਂਟ ਦੀ ਅਧਿਕਾਰੀ ਐਨਾ ਐਸਪੇਰੇਗਨ ਨੇ ਦੱਸਿਆ, "ਅਸੀਂ ਐੱਮਪੀ ਤੋਂ ਇਲਾਵਾ ਕਿਸੇ ਹੋਰ ਦਾ ਇਨ੍ਹਾਂ ਰਿਹਾਇਸ਼ਾਂ ਵਿੱਚ ਰਹਿਣ ਦਾ ਖ਼ਰਚਾ ਨਹੀਂ ਚੁੱਕਾਂਗੇ।

ਐੱਮਪੀ ਆਪਣੀ ਮਰਜ਼ੀ ਨਾਲ ਕਿਤੇ ਹੋਰ ਕਿਰਾਏ ਦਾ ਘਰ ਲੈ ਕੇ ਵੀ ਰਹਿ ਸਕਦੇ ਹਨ। ਉਸ ਸੂਰਤ ਵਿੱਚ ਉਨ੍ਹਾਂ ਨੂੰ ਕਿਰਾਇਆ ਭੱਤਾ ਮਿਲੇਗਾ, ਜੋ ਕਿ ਮਹੀਨੇ ਦੇ 820 ਡਾਲਰ ਤੋਂ ਵੱਧ ਨਹੀਂ ਹੋ ਸਕਦਾ।

ਸਟਾਕਹੋਮ ਦੇ ਕੇਂਦਰੀ ਰਿਹਾਇਸ਼ੀ ਇਲਾਕਿਆਂ ਦੇ ਘਰਾਂ ਦੇ ਕਿਰਾਏ ਦੇ ਮੁਕਾਬਲੇ ਇਹ ਬਹੁਕ ਥੋੜ੍ਹੀ ਰਕਮ ਹੈ।

ਸਾਲ 1990 ਤੱਕ ਤਾਂ ਹਾਲਾਤ ਇਸ ਤੋਂ ਵੀ ਸਾਦੇ ਸਨ। ਉਸ ਸਮੇਂ ਤੱਕ ਤਾਂ ਐੱਮਪੀਆਂ ਨੂੰ ਸਸਤੇ ਘਰ ਵੀ ਨਹੀਂ ਸਨ ਮਿਲਦੇ ਤੇ ਉਹ ਆਪਣੇ ਦਫ਼ਤਰਾਂ ਵਿੱਚ ਹੀ ਸੌਂਦੇ ਸਨ। ਇਹ ਦਫ਼ਤਰ ਔਸਤ 15 ਵਰਗ ਮੀਟਰ ਵਿੱਚ ਬਣੇ ਹੁੰਦੇ ਹਨ।

ਸਵੀਡਨ ਦੇ ਐੱਮਪੀਆਂ ਉੱਪਰ ਨਿੱਜੀ ਸਕੱਤਰ ਜਾਂ ਸਲਾਹਕਾਰ ਰੱਖਣ ਦੀ ਵੀ ਪਾਬੰਦੀ ਹੈ। ਸਗੋਂ ਪਾਰਲੀਮੈਂਟ ਵਿੱਚ ਪਹੁੰਚਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਕੁਝ ਰਾਸ਼ੀ ਮਿਲਦੀ ਹੈ ਜਿਸ ਨਾਲ ਕਿ ਉਹ ਕੁਝ ਲੋਕਾਂ ਨੂੰ ਕੰਮ 'ਤੇ ਸਕਣ ਜੋ ਕਿ ਸਾਰੇ ਐੱਮਪੀਆਂ ਲਈ ਕੰਮ ਕਰਨ।

ਬਿਨਾਂ ਤਨਖ਼ਾਹ ਦਾ ਕੰਮ

ਸਵੀਡਨ ਦੀ ਖੇਤਰੀ ਸਿਆਸਤ ਵਿੱਚ ਤਾਂ ਸਾਦਗੀ ਹੋਰ ਵੀ ਭਾਰੂ ਹੈ।

ਲੋਕ-ਨੁਮਾਇੰਦਗੀ ਨੂੰ ਤੁਹਾਡੇ ਮੁੱਖ ਕਿੱਤੇ ਦੇ ਨਾਲੋ-ਨਾਲ ਚੱਲਣ ਵਾਲੀ ਗਤੀਵਿਧੀ ਸਮਝਿਆ ਜਾਂਦਾ ਹੈ।

ਸਥਾਨਕ ਅਸੈਂਬਲੀਆਂ ਦੇ 94% ਨੁਮਾਇੰਦੇ ਬਿਨਾਂ ਤਨਖ਼ਾਹ ਦੇ ਕੰਮ ਕਰਦੇ ਹਨ। ਹਾਂ, ਕਾਰਜਕਾਰੀ ਕਮੇਟੀਆਂ ਵਿੱਚ ਕੰਮ ਕਰਨ ਵਾਲੇ ਸਿਆਸਤਦਾਨਾਂ ਨੂੰ ਜ਼ਰੂਰ ਕੁਝ ਭੱਤੇ ਮਿਲ ਜਾਂਦੇ ਹਨ।

ਉਹ ਵੀ ਇਸ ਹਿਸਾਬ ਨਾਲ ਕਿ ਉਹ ਪੂਰਾ ਸਮਾਂ ਕੰਮ ਕਰਦੇ ਹਨ ਜਾਂ ਪਾਰਟ-ਟਾਈਮ ਕੰਮ ਕਰਦੇ ਹਨ।

ਕ੍ਰਿਸਟੀਨਾ ਐਲਫੋਰਸ ਸਜੋਦਿਨ ਜੋ ਕਿ ਰਾਜਧਾਨੀ ਸਟਾਕਹੋਮ ਦੇ ਕਾਊਂਸਲਰ ਹਨ, ਇਸ ਪਿਛਲੀ ਫਿਲਾਸਫ਼ੀ ਸਮਝਾਉਂਦੇ ਹਨ।

"ਇਹ ਇੱਕ ਵਲੰਟਰੀ ਕੰਮ ਹੋ ਜੋ ਤੁਸੀਂ ਆਪਣੇ ਵਿਹਲੇ ਸਮੇਂ ਦੌਰਾਨ ਆਰਾਮ ਨਾਲ ਕਰ ਸਕਦੇ ਹੋ।"

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)