Election 2019: ਖਾਨਦਾਨੀ ਸਿਆਸਤ ਦੀਆਂ ਫੌੜੀਆਂ ਰਾਹੀ ਸੰਸਦ ਪਹੁੰਚੀਆਂ ਜ਼ਿਆਦਾਤਰ ਔਰਤਾਂ

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

ਸਿਆਸਤ ਵਿੱਚ ਔਰਤਾਂ ਨੂੰ ਅਗਵਾਈ ਦੇਣਾ ਘਾਟੇ ਦਾ ਸੌਦਾ ਨਹੀਂ ਹੈ। ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਸਾਬਤ ਕੀਤਾ ਹੈ।

ਮਮਤਾ ਬੈਨਰਜੀ ਦੀ ਪਾਰਟੀ ਵੇਖੀਏ ਤਾਂ ਇਨ੍ਹਾਂ ਚੋਣਾਂ ਵਿੱਚ 41 ਫ਼ੀਸਦ ਔਰਤਾਂ ਖੜੀਆਂ ਹੋਈਆਂ ਸਨ ਅਤੇ 17 ਵਿੱਚੋਂ 9 ਜਿੱਤੀਆਂ ਹਨ।

ਨਵੀਨ ਪਟਨਾਇਕ ਦੇ ਬੀਜੂ ਜਨਤਾ ਦਲ ਨੇ ਸੱਤ ਔਰਤਾਂ ਨੂੰ ਟਿਕਟਾਂ ਦਿੱਤੀਆਂ ਸਨ, ਜਿਨ੍ਹਾਂ ਚੋਂ ਪੰਜ ਜਿੱਤੀਆਂ। ਬੀਜੇਡੀ ਲੋਕ ਸਭਾ ਵਿੱਚ 7 ਮਰਦ ਤੇ 5 ਔਰਤਾਂ ਐਮਪੀ ਭੇਜੇਗੀ।

ਔਰਤਾਂ ਦੀ ਸਿਆਸਤ ਵਿੱਚ ਹਿੱਸੇਦਾਰੀ ਵਧਾਉਣ ਵਾਲੀ ਸੰਸਥਾ 'ਸ਼ਕਤੀ' ਦੀ ਮੈਂਬਰ ਨਿਸ਼ਾ ਅੱਗਰਵਾਲ ਨੇ ਕਿਹਾ ਕਿ ਇਸ ਨਾਲ ਪੁਰਾਣੀ ਰਵਾਇਤ ਕਿ ਔਰਤਾਂ ਕਮਜ਼ੋਰ ਉਮੀਦਵਾਰ ਹੁੰਦੀਆਂ ਹਨ, ਨੂੰ ਚੁਣੌਤੀ ਮਿਲਦੀ ਹੈ।

ਉਨ੍ਹਾਂ ਕਿਹਾ, ''ਔਰਤਾਂ ਜਿੱਤ ਨਹੀਂ ਸਕਦੀਆਂ ਜਾਂ ਉਨ੍ਹਾਂ ਨੂੰ ਟਿਕਟ ਦੇਣਾ ਖਤਰਾ ਹੈ, ਇਸ ਨੂੰ ਹੁਣ ਚੁਣੌਤੀ ਦਿੱਤੀ ਗਈ ਹੈ ਪਰ ਮਮਤਾ ਬੈਨਰਜੀ ਜਾਂ ਨਵੀਨ ਪਟਨਾਇਕ ਵਰਗੇ ਆਗੂਆਂ ਕਾਰਨ ਇਹ ਬਦਲਾਅ ਆ ਰਿਹਾ ਹੈ।''

ਇਹ ਵੀ ਪੜ੍ਹੋ:

ਸੋਸ਼ਲ ਵਰਕਰ ਪ੍ਰੋਮੀਲਾ ਬਿਸੋਈ ਬੀਜੇਡੀ ਦੀ ਟਿਕਟ ਤੋਂ ਜਿੱਤੀ ਹੈ। ਹੋਰ ਜਿੱਤਣ ਵਾਲਿਆਂ ਵਿੱਚ ਇੱਕ ਡਾਕਟਰ ਹੈ, ਇੱਕ ਆਈਏਐਸ ਤੇ ਇੱਕ ਰਿਸਰਚਰ।

ਮਮਤਾ ਦੀ ਫੌਜ ਵਿੱਚ ਦੋ ਨੌਜਵਾਨ ਫਿਲਮ ਅਦਾਕਾਰਾਂ ਹਨ, ਨੁਸਰਤ ਜਹਾਨ ਤੇ ਮਿਮੀ ਚਕਰਵਰਤੀ। ਬੀਤੇ ਜ਼ਮਾਨੇ ਦੀ ਅਦਾਕਾਰਾ ਸਤਾਬਦੀ ਰਾਏ ਵੀ ਸ਼ਾਮਲ ਹਨ, ਜਿਨ੍ਹਾਂ ਨੇ ਲਗਾਤਾਰ ਤੀਜੀ ਵਾਰ ਇਹ ਸੀਟ ਜਿੱਤੀ ਹੈ।

ਕਾਕੋਲੀ ਘੋਸ਼ ਤੇ ਮਾਲਾ ਰਾਏ ਵਰਗੇ ਸੀਨੀਅਰ ਸਿਆਸਤਦਾਨਾਂ ਤੋਂ ਇਲਾਵਾ ਮਹੁਆ ਮੋਇਤਰਾ ਹਨ, ਜੋ ਆਪਣਾ ਬੈਂਕ ਦਾ ਕਰੀਅਰ ਛੱਡ ਕੇ ਰਾਹੁਲ ਗਾਂਧੀ ਨਾਲ ਸਿਆਸਤ ਵਿੱਚ ਜੁੜੀ।

ਫਿਰ ਉਹ ਟੀਐਸੀ ਸਰਕਾਰ ਵਿੱਚ ਐਮਐਲਏ ਬਣੀ ਤੇ ਪਹਿਲੀ ਵਾਰ ਲੋਕ ਸਭਾ ਚੋਣ ਜਿੱਤੀ ਹਨ।

'ਦੀਦੀ: ਦਿ ਅਨਟੋਲਡ ਮਮਤਾ ਬੈਨਰਜੀ' ਕਿਤਾਬ ਦੀ ਲੇਖਿਕਾ ਸ਼ੁਤਪਾ ਪੌਲ ਨੇ ਲਿਖਿਆ, ''ਮਮਤਾ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਔਰਤਾਂ ਸਿਆਸਤ ਵਿੱਚ ਆਉਣ।''

ਵੱਡੀਆਂ ਪਾਰਟੀਆਂ ਨੇ ਕੀ ਕੀਤਾ?

ਭਾਜਪਾ ਤੇ ਕਾਂਗਰਸ ਨੇ ਕੁੱਲ ਮਿਲਾ ਕੇ 50 ਤੋਂ ਵੱਧ ਮਹਿਲਾ ਉਮੀਦਵਾਰਾਂ ਨੂੰ ਉਤਾਰਿਆ ਸੀ, ਇਹ ਗਿਣਤੀ ਕਾਫ਼ੀ ਘੱਟ ਹੈ।

ਭਾਜਪਾ ਨੇ 12 ਫ਼ੀਸਦ ਤੇ ਕਾਂਗਰਸ ਨੇ 13 ਫ਼ੀਸਦ ਔਰਤਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ।

ਭਾਜਪਾ ਵਲੋਂ ਲੜ ਰਹੀਆਂ 55 ਮਹਿਲਾਵਾਂ 'ਚੋਂ 41 ਔਰਤਾਂ ਜਿੱਤੀਆਂ ਤੇ ਕਾਂਗਰਸ ਦੀਆਂ 52 ਚੋਂ ਸਿਰਫ਼ 11 ਹੀ ਜਿੱਤੀਆਂ।

ਔਰਤ ਉਮੀਦਵਾਰਾਂ ਦੀ ਜਿੱਤ ਦਾ ਫੈਸਲਾ ਕਰਨ ਵਾਲੇ ਕਈ ਕਾਰਨ ਹਨ। ਪਾਰਟੀ ਦੀ ਲੋਕਪ੍ਰਿਅਤਾ, ਉਮੀਦਵਾਰਾਂ ਵਿੱਚ ਦਮ, ਹਲਕਾ ਤੇ ਕੰਪੇਨ ਵਿੱਚ ਲਗਾਏ ਗਏ ਪੈਸੇ 'ਤੇ ਨਿਰਭਰ ਕਰਦਾ ਹੈ।

ਸੋਨੀਆ ਗਾਂਧੀ, ਪਰਨੀਤ ਕੌਰ ਤੋਂ ਇਲਾਵਾ ਕਾਂਗਰਸ ਨੇ ਕੁਝ ਨਵੇਂ ਨਾਂਵਾਂ ਨੂੰ ਮੈਦਾਨ ਵਿਚ ਉਤਾਰਿਆ।

ਰਾਮਯਾ ਹਰੀਦਾਸ, ਜਿਸ ਦੇ ਪਿਤਾ ਕੁਲੀ ਤੇ ਮਾਂ ਦਰਜ਼ੀ ਹਨ, ਉਹ ਲੈਫਟ ਦੇ ਆਗੂ ਨੂੰ ਹਰਾ ਕੇ ਕੇਰਲ ਤੋਂ ਦੂਜੀ ਦਲਿਤ ਐਮਪੀ ਬਣੀ ਹੈ।

22 ਸਾਲ ਵਿੱਚ ਭਾਰਤੀ ਯੂਥ ਕਾਂਗਰਸ ਨਾਲ ਜੁੜਣ ਵਾਲੀ ਜੋਥੀਮਨੀ ਐੱਸ, ਇੱਕ ਕਿਸਾਨ ਦੀ ਧੀ ਨੇ, ਜਿਨ੍ਹਾਂ ਨੇ ਪਾਰਟੀ ਵਿੱਚ ਕਾਫ਼ੀ ਤਰੱਕੀ ਕੀਤੀ ਹੈ।

ਇਹ ਵੀ ਪੜ੍ਹੋ:

ਅਕਸਰ ਕਾਂਗਰਸ 'ਤੇ ਵੰਸ਼ਵਾਦ ਦਾ ਇਲਜ਼ਾਮ ਲਗਾਉਣ ਵਾਲੀ ਭਾਜਪਾ 'ਤੇ ਵੀ ਕੁਝ ਸਵਾਲ ਚੁੱਕੇ ਜਾ ਸਕਦੇ ਹਨ।

ਮਹਾਰਾਸ਼ਟਰ ਵਿੱਚ ਜਿੱਤਣ ਵਾਲੀਆਂ ਸਾਰੀਆਂ ਔਰਤਾਂ ਸੀਨੀਅਰ ਸਿਆਸਤਦਾਨਾਂ ਦੀਆਂ ਰਿਸ਼ਤੇਦਾਰ ਹਨ। ਇਸ ਵਿੱਚ ਪਰਮੋਦ ਮਹਾਜਨ ਦੀ ਧੀ ਪੂਨਮ ਮਹਾਜਨ, ਏਕਨਾਥ ਖ਼ਦਸੇ ਦੀ ਬਹੂ ਰਕਸ਼ਾ ਖਦਸੇ ਤੇ ਗੋਪੀਨਾਥ ਮੰਡੇ ਦੀ ਧੀ ਪ੍ਰੀਤਮ ਮੁੰਡੇ ਵੀ ਸ਼ਾਮਲ ਨੇ।

ਅਕਾਲੀ ਦਲ ਦੀ ਟਿਕਟ ਉੱਤੇ ਜਿੱਤੀ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਪਤਨੀ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹੈ। ਹਰਸਿਮਰਤ ਦਾ ਪੇਕਾ ਮਜੀਠੀਆ ਪਰਿਵਾਰ ਪੰਜਾਬ ਦੀ ਸਿਆਸਤ ਦਾ ਵੱਡਾ ਨਾਂ ਹੈ।

ਪਾਰਟੀ ਵਿੱਚ ਹੇਮਾ ਮਾਲਿਨੀ, ਕਿਰਨ ਖੇਰ ਵਰਗੇ ਸਿਤਾਰੇ ਤੇ ਪ੍ਰਗਿਆ ਠਾਕੁਰ ਤੇ ਨਿਰੰਜਨ ਜੋਤੀ ਵਰਗੇ ਧਾਰਮਿਕ ਆਗੂ ਵੀ ਸ਼ਾਮਲ ਹਨ।

ਭਾਜਪਾ ਦੀ ਸਟਾਰ ਸਮ੍ਰਿਤੀ ਇਰਾਨੀ ਵੀ ਇੱਕ ਸਾਬਕਾ ਅਦਾਕਾਰਾ ਹਨ, ਜਿਨ੍ਹਾਂ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਹੀ ਗੜ੍ਹ ਵਿੱਚ ਹਰਾ ਦਿੱਤਾ।

ਵੰਸ਼ਵਾਦ

ਸ਼ੁਤਪਾ ਮੁਤਾਬਕ ਚੋਣ ਕਰਦੇ ਵੇਲੇ ਯੋਗਤਾ ਜ਼ਰੂਰੀ ਹੈ ਪਰ ਭਾਰਤ ਵਿੱਚ ਇਹ ਬਹੁਤ ਘੱਟ ਵੇਖੀ ਜਾਂਦੀ ਹੈ ਅਤੇ ਇਹੀ ਚੀਜ਼ ਔਰਤਾਂ 'ਤੇ ਵੀ ਲਾਗੂ ਹੁੰਦੀ ਹੈ।

ਉਨ੍ਹਾਂ ਕਿਹਾ, ''ਵੰਸ਼ਵਾਦ ਦੀ ਸਿਆਸਤ ਹਰ ਪਾਰਟੀ ਵਿੱਚ ਹੁੰਦੀ ਹੈ, ਇਸ ਲਈ ਆਮ ਆਦਮੀ ਪਾਰਟੀ ਦੀ ਆਤਿਸ਼ੀ ਵਰਗੇ ਯੋਗ ਲੋਕ ਕੰਮ ਕਰਨ ਤੋਂ ਬਾਅਦ ਵੀ ਹਾਰ ਜਾਂਦੇ ਹਨ ਜੋ ਕਿ ਬੇਹੱਦ ਦੁਖਦ ਹੈ।''

ਤਾਮਿਲ ਨਾਡੂ ਦੀਆਂ ਖੇਤਰੀ ਪਾਰਟੀ ਦ੍ਰਵਿੜ ਮੁਨੇਤਰਾ ਕਜ਼ਗਮ ਨੇ ਦੋ ਮਹਿਲਾਵਾਂ ਨੂੰ ਖੜਾ ਕੀਤਾ ਤੇ ਦੋਵੇਂ ਜਿੱਤੀਆਂ।

ਡੀਐਮਕੇ ਦੇ ਦੋਵੇਂ ਉਮੀਦਵਾਰ ਡੀਐਮਕੇ ਦੇ ਲੀਡਰਾਂ ਦੀਆਂ ਧੀਆਂ ਸਨ। ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਦੀ ਧੀ ਕਣੀਮੋਈ ਤੇ ਆਗੂ ਥੰਗਾਪੰਡੀਆਨ ਦੀ ਧੀ ਸੁਮਥੀ ਨੇ ਪਹਿਲੀ ਵਾਰ ਲੋਕ ਸਭਾ ਚੋਣ ਲੜੇ ਤੇ ਜਿੱਤ ਗਈ।

ਬਿਹਾਰ ਵਿੱਚ ਵੀ ਲੋਕ ਜਨਸ਼ਕਤੀ ਪਾਰਟੀ ਦੀ ਵੀਨਾ ਦੇਵੀ ਜਨਤਾ ਦਲ ਯੁਨਾਈਟਿਡ ਐਮਐਲਸੀ ਦਿਨੇਸ਼ ਸਿੰਘ ਦੀ ਪਤਨੀ ਹੈ ਤੇ ਕਵਿਤਾ ਸਾਬਕਾ ਜਨਤਾ ਦਲ ਯੂਨਾਈਟਿਡ ਵਿਧਾਇਕ ਜਗਮਤੋ ਦੇਵੀ ਦੀ ਨੂੰਹ ਹੈ।

ਪਰ ਕੁਝ ਔਰਤਾਂ ਹਨ, ਜਿਨ੍ਹਾਂ ਨੇ ਬਿਨਾਂ ਕਿਸੇ ਸਹਾਰੇ ਦੇ ਵੀ ਚੋਣਾਂ ਲੜੀਆਂ ਹਨ।

ਆਂਧਰ ਪ੍ਰਦੇਸ਼ ਵਿੱਚ YSR ਕਾਂਗਰਸ ਨੇ ਚਾਰ ਮਹਿਲਾਵਾਂ ਨੂੰ ਟਿਕਟਾਂ ਤੇ ਸਾਰੀਆਂ ਨੂੰ ਜਿੱਤ ਮਿਲੀ। ਉਨ੍ਹਾਂ ਚੋਂ ਸਿਰਫ਼ ਇੱਕ ਗੋਦਿੱਤੀ ਮਾਧਵੀ ਇੱਕ ਪ੍ਰਭਾਵਸ਼ਾਲੀ ਸਿਆਸਤਦਾਨ ਦੀ ਧੀ ਹੈ।

ਬਾਕੀ ਤਿੰਨ ਔਰਤਾਂ ਚੋਂ ਵਨਗਾ ਗੀਥਾ ਸੀਨੀਅਰ ਸਿਆਸਤਦਾਨ ਤੇ ਸਾਬਕਾ ਰਾਜ ਸਭਾ ਐਮਪੀ ਹਨ, ਤੇ ਇੱਕ ਡਾਕਟਰ ਹੈ।

ਮਹਾਰਾਸ਼ਟਰ ਵਿੱਚ ਪੰਜਾਬ ਦੀ ਨਵਨੀਤ ਕੌਰ ਇੱਕ ਆਜ਼ਾਦ ਉਮੀਦਵਾਰ ਸੀ, ਜੋ ਵਿਆਹ ਤੋਂ ਬਾਅਦ ਇੱਥੇ ਆਈ ਸੀ ਤੇ ਚੋਣ ਜਿੱਤੀ ਹੈ।

ਪਰਿਵਾਰਾਂ ਕਰਕੇ ਟਿਕਟ ਮਿਲਣ ਵਾਲੀਆਂ ਔਰਤਾਂ ਨੂੰ ਵੀ ਆਪਣੇ ਘਰ ਦੇ ਮਰਦ ਮੈਂਬਰਾਂ ਨਾਲ ਟਿਕਟ ਲਈ ਲੜਣਾ ਪੈਂਦਾ ਹੈ।

ਦੁਨੀਆਂ ਦੀ ਸਿਆਸਤ ਵਿੱਚ ਔਰਤਾਂ ਦੀ ਕਿੰਨੀ ਹਿੱਸੇਦਾਰੀ?

ਪੀਆਰਐਸ ਇੰਡੀਆ ਮੁਤਾਬਕ ਇਸ ਲੋਕ ਸਭਾ ਵਿੱਚ ਸਭ ਤੋਂ ਵੱਧ, 78 ਔਰਤਾਂ ਹੋਣਗੀਆਂ। ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਸੰਸਦ ਵਿੱਚ ਔਰਤਾਂ ਦੀ ਹਿੱਸੇਦਾਰੀ ਵੱਧ ਰਹੀ ਹੈ ਪਰ ਰਫਤਾਰ ਬਹੁਤ ਧੀਮੀ ਹੈ।

ਪਹਿਲੀ ਲੋਕ ਸਭਾ ਵਿੱਚ 24 ਔਰਤਾਂ ਸਨ, ਇਸ ਤੋਂ ਪਹਿਲਾਂ ਵਿੱਚ 66 ਤੇ ਇਸ ਵਾਰ 78।

ਇਹ ਹੋਰ ਦੇਸਾਂ ਦੇ ਮੁਕਾਬਲੇ ਕਾਫੀ ਘੱਟ ਹੈ।

ਰਵਾਂਡਾ ਵਿੱਚ 61 ਫੀਸਦ, ਦੱਖਣੀ ਅਫਰੀਕਾ ਵਿੱਚ 43 ਫੀਸਦ, ਯੂਕੇ ਵਿੱਚ 32 ਫੀਸਦ, ਅਮਰੀਕਾ ਵਿੱਚ 24 ਫੀਸਦ ਤੇ ਬੰਗਲਾਦੇਸ਼ ਵਿਚ 21 ਫੀਸਦ ਹੈ।

ਭਾਜਪਾ ਨੇ 300 ਤੋਂ ਵੀ ਵੱਧ ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤੀ ਹੈ। ਨਿਸ਼ਾ ਨੇ ਕਿਹਾ, ''ਸਿਆਸੀ ਪਾਰਟੀਆਂ ਨੇ ਅਣਗਹਿਲੀ ਵਿਖਾਈ ਹੈ, ਵੇਖਾਂਗੇ ਕਿ ਭਾਜਪਾ ਔਰਤਾਂ ਦੇ ਰਿਜ਼ਰਵੇਸ਼ਨ ਬਿੱਲ ਪਾਸ ਕਰਨ ਲਈ ਕੀ ਕਰਦੀ ਹੈ।''

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)