ਪ੍ਰਿਅੰਕਾ ਗਾਂਧੀ ਚਾਰ ਮਹੀਨੇ 'ਚ ਕਿੰਨਾ ਜਾਦੂ ਦਿਖਾ ਸਕੀ: ਨਜ਼ਰੀਆ

    • ਲੇਖਕ, ਕਲਿਆਣੀ ਸ਼ੰਕਰ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ

ਨਵੇਂ ਸਾਲ ਦੀ ਸ਼ੁਰੂਆਤ ਵਿੱਚ ਜਨਵਰੀ ਮਹੀਨੇ 'ਚ ਪ੍ਰਿਅੰਕਾ ਗਾਂਧੀ ਦੀ ਸਿਆਸਤ ਵਿੱਚ ਐਂਟਰੀ ਇਸ ਉਮੀਦ ਨਾਲ ਹੋਈ ਕਿ ਉਹ ਕਾਂਗਰਸ ਲਈ ਇੱਕ ਜਾਦੂਈ ਜੜ੍ਹੀ-ਬੂਟੀ ਦਾ ਕੰਮ ਕਰੇਗੀ ਜੋ 2019 ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਦੀਆਂ ਸੰਭਾਵਨਾਵਾਂ ਨੂੰ ਖ਼ਤਮ ਕਰ ਦੇਵੇਗੀ।

ਉਨ੍ਹਾਂ ਨੂੰ ਸਭ ਤੋਂ ਵੱਧ ਲੋਕ ਸਭਾ ਸੀਟਾਂ ਵਾਲੇ ਸੂਬੇ ਉੱਤਰ ਪ੍ਰਦੇਸ਼ ਵਿੱਚ ਪ੍ਰਭਾਵ ਜਮਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਜਨਰਲ ਸਕੱਤਰ ਬਣਦੇ ਹੀ ਪ੍ਰਿਅੰਕਾ ਗਾਂਧੀ ਦੇ ਹੱਥਾਂ ਵਿੱਚ ਪੂਰਬੀ ਉੱਤਰ ਪ੍ਰਦੇਸ਼ ਦੀ ਕਮਾਨ ਸੌਂਪੀ ਗਈ।

ਇਨ੍ਹਾਂ ਜ਼ਿੰਮੇਦਾਰੀਆਂ ਨੂੰ ਨਿਭਾਉਂਦੇ ਹੋਏ ਪ੍ਰਿਅੰਕਾ ਨੂੰ ਚਾਰ ਮਹੀਨੇ ਹੋ ਗਏ ਹਨ। ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਚਾਰ ਮਹੀਨਿਆਂ ਵਿੱਚ ਪ੍ਰਿਅੰਕਾ ਕਿੰਨੀ ਕਾਮਯਾਬ ਹੋਈ?

ਉਂਝ ਤਾਂ ਚਾਰ ਮਹੀਨੇ ਦੇ ਪ੍ਰਦਰਸ਼ਨ ਤੋਂ ਕਿਸੇ ਨਤੀਜੇ 'ਤੇ ਨਹੀਂ ਪਹੁੰਚਿਆ ਜਾ ਸਕਦਾ ਕਿਉਂਕਿ ਚਾਰ ਮਹੀਨੇ ਦਾ ਸਮਾਂ ਬਹੁਤ ਘੱਟ ਹੁੰਦਾ ਹੈ ਪਰ ਚੋਣ ਸਰਗਰਮੀਆਂ ਨੂੰ ਦੇਖਦੇ ਹੋਏ ਪ੍ਰਿਅੰਕਾ ਦੇ ਪ੍ਰਦਰਸ਼ਨ ਬਾਰੇ ਨਤੀਜਾ ਕੱਢਣਾ ਜ਼ਰੂਰੀ ਹੋ ਜਾਂਦਾ ਹੈ।

ਇਹ ਵੀ ਪੜ੍ਹੋ:

ਹਾਲ ਹੀ ਵਿੱਚ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਉੱਤਰ ਪ੍ਰਦੇਸ਼ ਦੇ 38 ਹਜ਼ਾਰ ਵੋਟਰਾਂ ਵਿਚਾਲੇ ਇੱਕ ਸਰਵੇਖਣ ਕੀਤਾ ਸੀ ਅਤੇ ਦੇਖਿਆ ਕਿ 44 ਫ਼ੀਸਦ ਲੋਕ ਸਪਾ-ਬਸਪਾ ਗਠਜੋੜ ਦਾ ਸਮਰਥਨ ਕਰਦੇ ਹਨ, ਯਾਨਿ ਕਿ ਪ੍ਰਿਅੰਕਾ ਦੇ ਆਉਣ ਦਾ ਕਾਂਗਰਸ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਨਹੀਂ ਦਿਖ ਰਿਹਾ।

ਪ੍ਰਿਅੰਕਾ ਨੂੰ ਮੀਡੀਆ ਕਵਰੇਜ

ਇਸ ਨੂੰ ਪ੍ਰਿਅੰਕਾ ਦੀ ਮਾੜੀ ਕਿਸਮਤ ਹੀ ਕਿਹਾ ਜਾਵੇਗਾ ਕਿ ਜਿਵੇਂ ਹੀ ਉਹ ਸਰਗਰਮ ਸਿਆਸਤ ਵਿੱਚ ਆਈ, ਉਸਦੇ ਕੁਝ ਦਿਨ ਅੰਦਰ ਹੀ ਪੁਲਵਾਮਾ ਹਮਲਾ ਹੋ ਗਿਆ।

ਇਸ ਹਮਲੇ ਕਾਰਨ ਉਨ੍ਹਾਂ ਨੂੰ ਘੱਟੋ ਘੱਟ 10 ਦਿਨ ਤੱਕ ਸ਼ਾਂਤ ਰਹਿਣਾ ਪਿਆ।

ਇਸ ਤੋਂ ਬਾਅਦ ਉਨ੍ਹਾਂ ਨੇ ਰੋਡ ਸ਼ੋਅ, ਰੈਲੀਆਂ ਅਤੇ ਬੇੜੀ ਯਾਤਰਾ ਸ਼ੁਰੂ ਕੀਤੀ। ਇਸ ਨੂੰ ਚੰਗੀ ਮੀਡੀਆ ਕਵਰੇਜ ਵੀ ਮਿਲੀ।

ਪ੍ਰਿਅੰਕਾ ਗਾਂਧੀ ਛੋਟੇ-ਛੋਟੇ ਗਰੁੱਪਾਂ ਵਿੱਚ ਲੋਕਾਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਮੀਡੀਆ ਦੇ ਨਾਲ ਬਿਨਾਂ ਕਿਸੇ ਰੋਕ-ਟੋਕ ਦੇ ਗੱਲਬਾਤ ਕਰ ਰਹੀ ਹੈ।

ਰਾਏ ਬਰੇਲੀ ਵਿੱਚ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਡਰ ਦੇ ਇੱਕ ਸਪੇਰੇ ਨਾਲ ਵੀ ਗੱਲਬਾਤ ਕੀਤੀ।

ਪ੍ਰਿਅੰਕਾ ਦਾ ਜਾਦੂ

ਪ੍ਰਿਅੰਕਾ ਨੌਜਵਾਨ ਲੀਡਰ ਹੋਣ ਦੇ ਨਾਲ-ਨਾਲ ਆਕਰਸ਼ਿਤ ਸ਼ਖ਼ਸੀਅਤ ਦੀ ਵੀ ਧਨੀ ਹੈ। ਉਹ ਖੁੱਲ੍ਹ ਕੇ ਬੋਲਦੇ ਹਨ ਅਤੇ ਲੋਕਾਂ ਦੇ ਨਾਲ ਆਸਾਨੀ ਨਾਲ ਜੁੜ ਜਾਂਦੇ ਹਨ। ਉਨ੍ਹਾਂ ਵਿੱਚ ਇੱਕ ਸੁਭਾਵਿਕ ਸਿਆਸਤਦਾਨ ਦੇ ਗੁਣ ਨਜ਼ਰ ਆਉਂਦੇ ਹਨ।

ਲੋਕਾਂ ਅਕਸਸ ਪ੍ਰਿਅੰਕਾ ਗਾਂਧੀ ਦੀ ਤੁਲਨਾ ਉਨ੍ਹਾਂ ਦੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਕਰਦੇ ਹਨ, ਪਰ ਅਜੇ ਪ੍ਰਿਅੰਕਾ ਨੇ ਇਹ ਸਾਬਿਤ ਕਰਨਾ ਹੈ ਕਿ ਉਨ੍ਹਾਂ ਦੇ ਅੰਦਰ ਇੰਦਰਾ ਗਾਂਧੀ ਵਰਗੀ ਕਾਬਲੀਅਤ ਹੈ ਜਾਂ ਨਹੀਂ।

ਪ੍ਰਿਅੰਕਾ ਗਾਂਧੀ ਨੂੰ ਸਿਆਸਤ ਵਿੱਚ ਲਿਆਉਣ ਦਾ ਨੁਕਸਾਨ ਵੀ ਹੋ ਸਕਦਾ ਹੈ ਪਰ ਫਿਰ ਵੀ ਗਾਂਧੀ ਪਰਿਵਾਰ ਇਹ ਖਤਰਾ ਮੋਲ ਲਿਆ।

ਦਰਅਸਲ ਕਾਂਗਰਸ ਨੂੰ ਪ੍ਰਿਅੰਕਾ ਗਾਂਧੀ ਦੇ ਜਾਦੂ 'ਤੇ ਭਰੋਸਾ ਹੈ।

ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਦੇ ਰਣਨੀਤੀਕਾਰ ਅਤੇ ਇਸ ਵੇਲੇ ਜੇਡੀਯੂ ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ, ''ਕਿਸੇ ਕੋਲ ਜਾਦੂ ਦੀ ਛੜੀ ਨਹੀਂ ਹੁੰਦੀ, ਮੈਨੂੰ ਨਹੀਂ ਲਗਦਾ ਕਿ ਪ੍ਰਿਅੰਕਾ ਗਾਂਧੀ ਕਾਂਗਰਸ ਲਈ ਹੁਣ ਬਹੁਤ ਕੁਝ ਬਦਲ ਸਕੇਗੀ। ਪਰ ਉਹ ਇੱਕ ਵੱਡਾ ਨਾਮ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਐਨਡੀਏ ਲਈ ਇੱਕ ਚੁਣੌਤੀ ਜ਼ਰੂਰ ਬਣੇਗੀ।''

ਸਿਆਸਤ ਵਿੱਚ ਪ੍ਰਿਅੰਕਾ ਦੀ ਭੂਮਿਕਾ

ਉਂਝ ਦੇਖਿਆ ਜਾਵੇ ਤਾਂ ਪ੍ਰਿਅੰਕਾ ਦੇ ਲਈ ਸਿਆਸਤ ਕੋਈ ਨਵਾਂ ਮੈਦਾਨ ਵੀ ਨਹੀਂ ਹੈ। ਉਹ ਪਿਛਲੇ ਕਈ ਸਾਲਾਂ ਤੋਂ ਰਾਇਬਰੇਲੀ ਅਤੇ ਅਮੇਠੀ ਵਿੱਚ ਆਪਣੀ ਮਾਂ ਅਤੇ ਭਰਾ ਲਈ ਚੋਣ ਪ੍ਰਚਾਰ ਕਰਦੀ ਰਹੀ ਹੈ।

ਉਙ ਕਾਂਗਰਸ ਅਤੇ ਗਾਂਧੀ ਪਰਿਵਾਰ ਦੇ ਅਹਿਮ ਫੈਸਲਿਆਂ ਵਿੱਚ ਸ਼ਾਮਲ ਰਹੀ ਹੈ। ਸਾਲ 2014 ਵਿੱਚ ਉਨ੍ਹਾਂ ਨੇ ਕਾਂਗਰਸ ਦੀ ਪ੍ਰਚਾਰ ਮੁਹਿੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਇੱਕ ਸਵਾਲ ਇਹ ਵੀ ਉੱਠਦਾ ਹੈ ਕੀ ਕਾਂਗਰਸ ਪ੍ਰਿਅੰਕਾ ਗਾਂਧੀ ਨੂੰ ਸਾਲ 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਤਿਆਰ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਉਮੀਦਵਾਰ ਦੇ ਤੌਰ 'ਤੇ ਪੇਸ਼ ਕਰਨ ਬਾਰੇ ਸੋਚ ਰਹੀ ਹੈ।

ਹਾਲ ਹੀ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਿਅੰਕਾ ਨੇ ਕਿਹਾ ਸੀ, ''ਮੈਂ 2022 ਲਈ ਕਾਂਗਰਸ ਨੂੰ ਮਜ਼ਬੂਤ ਕਰਨਾ ਚਾਹੁੰਦੀ ਹਾਂ ਤਾਂ ਜੋ ਉਸ ਸਮੇਂ ਕਾਂਗਰਸ ਚੰਗੇ ਤਰੀਕੇ ਨਾਲ ਲੜ ਸਕੇ।''

ਪ੍ਰਿਅੰਕਾ ਭਾਵੇਂ ਹੀ ਅਸਾਮ, ਕੇਰਲ, ਗੁਜਰਾਤ ਦਾ ਦੌਰਾ ਕਰ ਚੁੱਕੀ ਹੋਵੇ ਪਰ ਫਿਰ ਵੀ ਉਨ੍ਹਾਂ ਨੇ ਆਪਣਾ ਪ੍ਰਭਾਵ ਖੇਤਰ ਸੀਮਤ ਹੀ ਰੱਖਿਆ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਆਪਣੀ ਬੇੜੀ ਯਾਤਰਾ (ਨਾਵ ਯਾਤਰਾ) ਇਲਾਹਾਬਾਦ ਤੋਂ ਵਾਰਾਣਸੀ ਤੱਕ ਕੀਤੀ। ਹਾਲਾਂਕਿ ਅਜੇ ਕਿਹਾ ਨਹੀਂ ਜਾ ਸਕਦਾ ਕਿ ਇਸ ਯਾਤਰਾ ਜ਼ਰੀਏ ਕਾਂਗਰਸ ਨੂੰ ਕਿੰਨੇ ਵੋਟ ਮਿਲਣਗੇ ਕਿਉਂਕਿ ਪਿਛਲੇ ਤਿੰਨ ਦਹਾਕਿਆਂ ਤੋਂ ਕਾਂਗਰਸ ਉੱਤਰ ਪ੍ਰਦੇਸ਼ ਦੀ ਸੱਤਾ ਵਿੱਚ ਨਹੀਂ ਹੈ।

ਕੋਈ ਵੀ ਸੰਗਠਨ ਇੱਕ-ਅੱਧੇ ਦਿਨ ਵਿੱਚ ਖੜ੍ਹਾ ਨਹੀਂ ਹੁੰਦਾ। ਖ਼ੁਦ ਕਾਂਗਰਸ ਸਮਰਥਕ ਵੀ ਮੰਨਦੇ ਹਨ ਕਿ ਉੱਤਰ ਪ੍ਰਦੇਸ਼ ਵਿੱਚ ਅੱਗੇ ਦੀ ਰਾਹ ਸੌਖੀ ਨਹੀਂ ਰਹੇਗੀ।

ਮੋਦੀ ਦੇ ਸਾਹਮਣੇ ਪ੍ਰਿਅੰਕਾ ਨਹੀਂ

ਇਸ ਵਿਚਾਲੇ ਪ੍ਰਿਅੰਕਾ ਨੇ ਇੱਕ-ਦੋ ਗ਼ਲਤ ਕਦਮ ਚੁੱਕੇ। ਪਹਿਲਾਂ ਤਾਂ ਉਨ੍ਹਾਂ ਦੀ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨਾਲ ਮੁਜ਼ੱਫਰਨਗਰ ਦੇ ਹਸਪਤਾਲ ਵਿੱਚ ਕੀਤੀ ਗਈ ਮੁਲਾਕਾਤ ਹੈ।

ਇਸ ਮੁਲਾਕਾਤ ਨੇ ਤੈਅ ਕਰ ਦਿੱਤਾ ਸੀ ਕਿ ਕਾਂਗਰਸ ਮਾਇਆਵਤੀ ਨੂੰ ਆਪਣੇ ਲਈ ਖਤਰੇ ਦੇ ਤੌਰ 'ਤੇ ਦੇਖ ਰਹੀ ਹੈ। ਇਸਦੇ ਬਾਅਦ ਤੋਂ ਹੀ ਮਾਇਆਵਤੀ ਕਾਂਗਰਸ ਦੇ ਪ੍ਰਤੀ ਵਧੇਰੇ ਹਮਲਾਵਰ ਹੋ ਗਈ।

ਦੂਜੀ ਗੱਲ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਲੰਬੇ ਸਮੇਂ ਤੱਕ ਇਸ ਗੱਲ 'ਤੇ ਸਸਪੈਂਸ ਬਰਕਰਾਰ ਰੱਖਿਆ ਕਿ ਪ੍ਰਿਅੰਕਾ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਚੋਣ ਲੜੇਗੀ ਜਾਂ ਨਹੀਂ।

ਆਖ਼ਰੀ ਸਮੇਂ 'ਚ ਕਾਂਗਰਸ ਨੇ ਅਜੇ ਰਾਏ ਨੂੰ ਮੈਦਾਨ ਵਿੱਚ ਉਤਾਰਿਆ ਜਿਹੜੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵਾਰਾਣਸੀ ਸੀਟ ਤੋਂ ਬੁਰੀ ਤਰ੍ਹਾਂ ਹਾਰੇ ਸਨ।

ਵਾਰਾਣਸੀ ਤੋਂ ਪ੍ਰਿਅੰਕਾ ਦੀ ਦਾਅਵੇਦਾਰੀ ਦੇ ਸਮਰਥਨ ਵਿੱਚ ਸਪਾ ਮੁਖੀ ਅਖਿਲੇਸ਼ ਯਾਦਵ ਵੀ ਸਨ ਪਰ ਮਾਇਆਵਤੀ ਨੇ ਇਸਦਾ ਵਿਰੋਧ ਕੀਤਾ ਸੀ।

ਇਹ ਵੀ ਪੜ੍ਹੋ:

ਪ੍ਰਿਅੰਕਾ ਗਾਂਧੀ ਨੂੰ ਜਦੋਂ ਪੁੱਛਿਆ ਗਿਆ ਕੀ ਉਹ ਮੋਦੀ ਦਾ ਸਾਹਮਣੇ ਕਰਨ ਤੋਂ ਘਰਬਾ ਰਹੇ ਹਨ ਤਾਂ ਉਨ੍ਹਾਂ ਦਾ ਜਵਾਬ ਸੀ, ''ਜੇਕਰ ਪ੍ਰਿਅੰਕਾ ਗਾਂਧੀ ਨੂੰ ਡਰ ਲੱਗੇਗਾ ਤਾਂ ਉਹ ਘਰ ਬੈਠ ਜਾਵੇਗੀ ਅਤੇ ਸਿਆਸਤ ਨਹੀਂ ਕਰੇਗੀ। ਮੈਂ ਸਿਆਸਤ ਵਿੱਚ ਚੰਗਾ ਕਰਨ ਲਈ ਆਈ ਹਾਂ ਅਤੇ ਇੱਥੇ ਹੀ ਰਹਾਂਗੀ।''

ਕਿਹਾ ਜਾ ਸਕਦਾ ਹੈ ਕਿ ਗਾਂਧੀ ਪਰਿਵਾਰ ਪ੍ਰਿਅੰਕਾ ਨੂੰ 2019 ਵਿੱਚ ਮੋਦੀ ਖ਼ਿਲਾਫ਼ ਉਤਾਰ ਕੇ ਉਨ੍ਹਾਂ ਦੀ ਖ਼ਰਾਬ ਸ਼ੁਰੂਆਤ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਹੋ ਸਕਦਾ ਸੀ ਕਿ ਉਹ ਵਾਰਾਣਸੀ ਤੋਂ ਹਾਰ ਜਾਂਦੀ।

ਮਾਇਆਵਤੀ-ਅਖਿਲੇਸ਼ ਦੀ ਨਾਰਾਜ਼ਗੀ

ਪ੍ਰਿਅੰਕਾ ਗਾਂਧੀ ਨੇ ਟਿੱਪਣੀ ਕੀਤੀ ਸੀ ਕਿ ਉਨ੍ਹਾਂ ਨੇ ਕਮਜ਼ੋਰ ਉਮੀਦਵਾਰ ਇਸ ਲਈ ਉਤਾਰਿਆ ਤਾਂ ਜੋ ਭਾਜਪਾ ਦੀਆਂ ਵੋਟਾਂ ਖਰਾਬ ਕੀਤੀਆਂ ਜਾ ਸਕਣ।

ਉਨ੍ਹਾਂ ਦੀ ਇਸ ਟਿੱਪਣੀ 'ਤੇ ਮਾਇਆਵਤੀ ਅਤੇ ਅਖਿਲੇਸ਼ ਨੇ ਕਾਫ਼ੀ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ।

ਬਾਅਦ ਵਿੱਚ ਆਪਣੀ ਗੱਲ ਨੂੰ ਸਪੱਸ਼ਟ ਕਰਦੇ ਹੋਏ ਪ੍ਰਿਅੰਕਾ ਨੇ ਕਿਹਾ, ''ਮੈਂ ਕਿਹਾ ਸੀ ਕਿ ਕਾਂਗਰਸ ਇਨ੍ਹਾਂ ਚੋਣਾਂ ਵਿੱਚ ਆਪਣੇ ਦਮ 'ਤੇ ਲੜ ਰਹੀ ਹੈ। ਸਾਡੇ ਉਮੀਦਵਾਰ ਜ਼ਿਆਦਾਤਰ ਥਾਵਾਂ 'ਤੇ ਬਹੁਤ ਮਜ਼ਬੂਤ ਹਨ। ਮੈਨੂੰ ਇਹ ਸਵਾਲ ਪੁੱਛਿਆ ਗਿਆ ਸੀ ਕੀ ਅਸੀਂ ਭਾਜਪਾ ਨੂੰ ਫਾਇਦਾ ਪਹੁੰਚਾ ਰਹੇ ਹਾਂ। ਇਸ ਤੋਂ ਬਾਅਦ ਜਵਾਬ ਵਿੱਚ ਕਿਹਾ ਸੀ ਕਿ ਭਾਜਪਾ ਨੂੰ ਫਾਇਦਾ ਪਹੁੰਚਾਉਣ ਦੀ ਥਾਂ ਮੈਂ ਮਰਨਾ ਪਸੰਦ ਕਰਾਂਗੀ।''

ਲੋਕ ਸਭਾ ਚੋਣਾਂ ਵਿੱਚ ਅਜੇ ਤਿੰਨ ਗੇੜ ਬਾਕੀ ਹਨ ਜਿਸ ਵਿੱਚ ਉੱਤਰ ਪ੍ਰਦੇਸ਼ ਦੀਆਂ 41 ਸੀਟਾਂ ਸ਼ਾਮਲ ਹਨ। ਸੋਨੀਆ ਗਾਂਧੀ ਆਪਣੀ ਖਰਾਬ ਸਿਹਤ ਕਾਰਨ ਅਜੇ ਤੱਕ ਚੋਣ ਪ੍ਰਚਾਰ ਦੀ ਸ਼ੁਰੂਆਤ ਨਹੀਂ ਕਰ ਸਕੀ ਹੈ।

ਇਸੇ ਕਾਰਨ ਪ੍ਰਿਅੰਕਾ ਨੂੰ ਅਮੇਠੀ ਦੇ ਨਾਲ-ਨਾਲ ਰਾਇਬਰੇਲੀ ਨੂੰ ਵੀ ਦੇਖਣਾ ਰੈ ਰਿਹਾ ਹੈ।

ਫਿਲਹਾਲ ਤਾਂ ਪ੍ਰਿਅੰਕਾ ਗਾਂਧੀ ਸੁਰਖ਼ੀਆਂ ਵਿੱਚ ਬਣੀ ਹੋਈ ਹੈ, ਪਰ ਐਨਾ ਹੀ ਕਾਫ਼ੀ ਨਹੀਂ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਿਅੰਕਾ ਦੀਆਂ ਰੈਲੀਆਂ ਵਿੱਚ ਭੀੜ ਇਕੱਠੀ ਹੁੰਦੀ ਹੈ ਪਰ ਕੀ ਇਹ ਭੀੜ ਵੋਟ ਵਿੱਚ ਵੀ ਤਬਦੀਲ ਹੋਵੇਗੀ।

ਹੁਣ ਤਾਂ ਸਿਰਫ਼ ਚੋਣ ਨਤੀਜਿਆਂ ਵਾਲੇ ਦਿਨ ਹੀ ਇਹ ਪਤਾ ਲੱਗੇਗਾ ਕਿ ਪ੍ਰਿਅੰਕਾ ਦਾ ਜਾਦੂ ਚਲਦਾ ਵੀ ਹੈ ਜਾਂ ਨਹੀਂ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)