ਭਾਰਤ ਅੰਦਰ ਪੈਂਦਾ ਸਹੂਲਤਾਂ ਤੋਂ ਵਾਂਝਾ ਹੈ ਇਹ 'ਪਾਕਿਸਤਾਨੀ ਟੋਲਾ' - ਗ੍ਰਾਊਂਡ ਰਿਪੋਰਟ

ਤਸਵੀਰ ਸਰੋਤ, Seetu Tiwari/BBC
- ਲੇਖਕ, ਸੀਟੂ ਤਿਵਾਰੀ
- ਰੋਲ, ਪਾਕਿਸਤਾਨ ਟੋਲਾ (ਬਿਹਾਰ ਦਾ ਪੂਰਣੀਆ), ਬੀਬੀਸੀ ਦੇ ਲਈ
"ਨਾ ਕੋਈ ਨੇਤਾ ਆਉਂਦਾ ਹੈ, ਨਾ ਕੋਈ ਸਰਕਾਰੀ ਬਾਬੂ। ਸਰਪੰਚ ਵੀ ਕਦੇ ਨਹੀਂ ਆਉਂਦਾ। ਬਸ ਮੀਡੀਆ ਵਾਲਾ ਆਉਂਦਾ ਹੈ ਅਤੇ ਫੋਟੋ ਖਿੱਚ ਕੇ ਚਲਾ ਜਾਂਦਾ ਹੈ।" ਗੋਦੀ ਵਿੱਚ ਇੱਕ ਸਾਲ ਦਾ ਬੱਚਾ ਚੁੱਕੀ ਪਤਲੀ ਜਿਹੀ ਨੇਹਾ ਇੱਕ ਸੁਰ ਵਿੱਚ ਬੋਲੀ ਜਾ ਰਹੀ ਸੀ।
ਉਹ ਆਪਣੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਵਿੱਚ ਖੜ੍ਹੀ ਸੀ। ਉਸਦੀ ਦੁਕਾਨ ਵਿੱਚ ਅਦਾਕਾਰ ਅਮਿਤਾਭ ਬੱਚਨ ਦੀ ਲੱਗੀ ਤਸਵੀਰ 'ਲਾਲ ਜ਼ੁਬਾਨ ਚੁਰਨ', ਦੁਲਹਨ ਨਾਮ ਦਾ ਗੁਲ (ਪੁਰਾਣੇ ਲੋਕਾਂ ਦਾ ਇੱਕ ਤਰ੍ਹਾਂ ਦਾ ਟੂਥਪੇਸਟ ਜਿਸ ਵਿੱਚ ਨਸ਼ਾ ਵੀ ਹੁੰਦਾ ਹੈ) ਤੋਂ ਲੈ ਕੇ ਰੋਜ਼ਮਰਾ ਦਾ ਨਿੱਕਾ-ਮੋਟਾ ਸਮਾਨ ਹੈ। ਜਿਸ 'ਤੇ ਸਾਡੇ 'ਫ਼ਿਲਮੀ ਅਤੇ ਸਮਾਜਿਕ' ਨਾਇਕਾਂ ਦੀਆਂ ਤਸਵੀਰਾਂ ਹਨ ਅਤੇ ਉਹ ਵਿਕਣ ਲਈ ਗਾਹਕਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਤਸਵੀਰ ਸਰੋਤ, Seetu Tiwari/BBC
ਬੜੀ ਮੁਸ਼ਕਿਲ ਨਾਲ 40 ਰੁਪਏ ਰੋਜ਼ਾਨਾ ਕਮਾਉਣ ਵਾਲੀ ਨੇਹਾ 'ਪਾਕਿਸਤਾਨ' ਵਿੱਚ ਰਹਿੰਦੀ ਹੈ ਅਤੇ ਇਹ 'ਪਾਕਿਸਤਾਨ', ਹਿੰਦੁਸਤਾਨ ਵਿੱਚ ਹੈ।
ਜੀ ਹਾਂ, ਜਿਸ ਹਿੰਦੁਸਤਾਨ ਵਿੱਚ ਅੱਜ-ਕੱਲ੍ਹ ਪਾਕਿਸਤਾਨ ਦਾ ਨਾਮ ਸੁਣਦੇ ਹੀ ਲੋਕਾਂ ਵਿੱਚ ਗੁੱਸਾ ਆ ਜਾਂਦਾ ਹੈ, ਉਸੇ ਮੁਲਕ ਵਿੱਚ 'ਪਾਕਿਸਤਾਨ' ਨਾਮ ਦੀ ਵੀ ਇੱਕ ਥਾਂ ਹੈ।
ਕਿੱਥੇ ਹੈ ਭਾਰਤ ਦਾ 'ਪਾਕਿਸਤਾਨ'?
ਬਿਹਾਰ ਦੇ ਪੂਰਣੀਆ ਜ਼ਿਲ੍ਹਾ ਤੋਂ 30 ਕਿੱਲੋਮੀਟਰ ਦੂਰ ਸ਼੍ਰੀਨਗਰ ਬਲਾਕ ਦੀ ਸਿੰਘਿਆ ਪੰਚਾਇਤ ਵਿੱਚ ਪਾਕਿਸਤਾਨ ਟੋਲਾ ਹੈ। 350 ਵੋਟਰਾਂ ਵਾਲੇ ਇਸ ਟੋਲੇ ਦੀ ਆਬਾਦੀ 1200 ਹੈ।

ਤਸਵੀਰ ਸਰੋਤ, Seetu Tiwari/BBC
ਟੋਲੇ ਦਾ ਨਾਮ ਪਾਕਿਸਤਾਨ ਕਿਉਂ ਪਿਆ? ਇਸਦਾ ਪੁਖਤਾ ਜਵਾਬ ਕਿਸੇ ਦੇ ਕੋਲ ਨਹੀਂ ਹੈ। ਟੋਲੇ ਦੇ ਬਜ਼ੁਰਗ ਯੱਦੂ ਟੁਡੂ ਦੱਸਦੇ ਹਨ, " ਇੱਥੇ ਪਹਿਲਾਂ ਪਾਕਿਸਤਾਨੀ ਰਹਿੰਦੇ ਸਨ। ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਸਰਕਾਰ ਨੇ ਦੂਜੀ ਥਾਂ ਭੇਜ ਦਿੱਤਾ। ਫਿਰ ਸਾਡੇ ਬਜ਼ੁਰਗ ਇੱਥੇ ਆ ਕੇ ਵਸ ਗਏ। ਪਰ ਪਹਿਲਾਂ ਇੱਥੇ ਪਾਕਿਸਤਾਨੀ ਰਹਿੰਦੇ ਸਨ ਇਸ ਲਈ ਬਾਪ-ਦਾਦੇ ਨੇ ਉਹੀ ਨਾਮ ਰਹਿਣ ਦਿੱਤਾ। ਕਿਸੇ ਨੇ ਨਹੀਂ ਬਦਲਿਆ ਅਤੇ ਆਲੇ-ਦੁਆਲੇ ਦੇ ਟੋਲੇ ਵਾਲਿਆਂ ਨੂੰ ਵੀ ਇਸ ਨਾਲ ਕੋਈ ਦਿੱਕਤ ਨਹੀਂ ਹੈ।"
ਨਾਮ ਪਾਕਿਸਤਾਨ, ਪਰ ਰਹਿੰਦੇ ਸਾਰੇ ਹਿੰਦੂ
ਪਾਕਿਸਤਾਨ ਟੋਲਾ ਵਿੱਚ ਸੰਥਾਲੀ ਆਦਿਵਾਸੀ ਰਹਿੰਦੇ ਹਨ। ਜਿਹੜੇ ਹਿੰਦੂ ਧਰਮ ਨੂੰ ਮੰਨਦੇ ਹਨ। ਟੋਲੇ ਵਿੱਚ ਤਹਾਨੂੰ ਥਾਂ-ਥਾਂ ਮਿੱਟੀ ਨਾਲ ਬਣਾਇਆ ਗਿਆ ਇੱਕ ਡੇਢ ਇੰਚ ਦਾ ਚਬੂਤਰਾ ਮਿਲੇਗਾ ਜਿਸ 'ਤੇ ਛੋਟੇ-ਛੋਟੇ ਦੋ ਸ਼ਿਵਲਿੰਗਨੁਮਾ ਭਗਵਾਨ ਬਣੇ ਹੋਏ ਹਨ। ਪਰ ਇਸ 'ਤੇ ਕਿਸੇ ਤਰ੍ਹਾਂ ਦਾ ਕੋਈ ਰੰਗ ਨਹੀਂ ਲੱਗਿਆ ਹੋਇਆ।
ਇਹ ਵੀ ਪੜ੍ਹੋ:
ਟੁੱਟੀ ਫੁੱਟੀ ਹਿੰਦੀ ਬੋਲਣ ਵਾਲੇ ਇਹ ਸੰਥਾਲੀ ਪਰਿਵਾਰ ਖੇਤੀ ਅਤੇ ਮਜ਼ਦੂਰੀ ਕਰਕੇ ਹੀ ਗੁਜ਼ਾਰਾ ਕਰਦੇ ਹਨ। ਦਰਅਸਲ ਇਹ ਪੂਰਾ ਇਲਾਕਾ ਆਮ ਆਬਾਦੀ ਤੋਂ ਕੱਟਿਆ ਹੋਇਆ ਹੈ।
ਪਾਕਿਸਤਾਨ ਟੋਲਾ ਨੂੰ ਸਿਰਫ਼ ਬਾਹਰੀ ਆਬਾਦੀ ਨਾਲ ਇੱਕ ਪੁਲ ਜੋੜਦਾ ਹੈ ਜਿਹੜਾ ਸੁੱਕ ਚੁੱਕੀ ਨਦੀ 'ਤੇ ਬਣਿਆ ਹੋਇਆ ਹੈ।
ਸ਼੍ਰੀਨਗਰ ਦੇ ਸਥਾਨਕ ਪੱਤਰਕਾਰ ਚਿਨਮਯਾ ਚੰਦ ਸਿੰਘ ਦੱਸਦੇ ਹਨ, "ਓ ਮੈਲੀ ਦੇ ਗਜਟ ਵਿੱਚ ਇਸ ਬਾਰੇ ਦੱਸਿਆ ਗਿਆ ਹੈ ਕਿ ਮੂਲ ਕੋਸੀ ਨਦੀ, ਜਿਹੜੀ ਹੁਣ ਸੁਪੋਲ ਤੋਂ ਵਹਿੰਦੀ ਹੈ ਉਹ ਸੋਲਵੀਂ ਸਦੀ ਵਿੱਚ ਇੱਥੇ ਵਹਿੰਦੀ ਸੀ।"

ਤਸਵੀਰ ਸਰੋਤ, Seetu Tiwari/BBC
ਉਸ ਨਦੀ ਦੀ ਨੂੰ ਅਸੀਂ ਅੱਜ ਕਾਰੀ ਕੋਸੀ ਕਹਿੰਦੇ ਹਾਂ। ਨਦੀ ਦੇ ਚਲਦੇ ਇਹ ਇੱਕ ਕਾਰੋਬਾਰ ਪੁਆਇੰਟ ਵੀ ਸੀ।
ਉਨ੍ਹਾਂ ਦਾ ਪੰਚਾਇਤ ਅਤੇ ਪਾਕਿਸਤਾਨ ਟੋਲੇ ਵਿਚਾਲੇ ਕੱਪੜਿਆਂ ਦਾ ਵੱਡੇ ਪੱਧਰ 'ਤੇ ਕਾਰੋਬਾਰ ਹੁੰਦਾ ਸੀ। ਬਾਅਦ ਵਿੱਚ ਇਹ ਨਦੀ ਦੀ ਧਾਰਾ ਖ਼ਤਮ ਹੋ ਗਈ ਤਾਂ ਲੋਕ ਇਸ ਉੱਤੇ ਖੇਤੀ ਕਰਨ ਲੱਗੇ।"
ਸੜਕ -ਸਕੂਲ- ਹਸਪਤਾਲ ਤੋਂ ਵਾਂਝਾ ਪਾਕਿਸਤਾਨ
ਪਾਕਿਸਤਾਨ ਟੋਲੇ ਵਿੱਚ ਸਰਕਾਰ ਦੀ ਕੋਈ ਵੀ ਯੋਜਨਾ ਨਹੀਂ ਦਿਖਦੀ। ਪੇਸ਼ੇ ਤੋਂ ਡਰਾਇਵਰ ਅਨੁਪ ਲਾਲ ਟੁਡੂ ਪੰਜਵੀਂ ਕਲਾਸ ਤੱਕ ਪੜ੍ਹੇ ਹਨ।
30 ਸਾਲਾ ਅਨੂਪ ਕਹਿੰਦੇ ਹਨ, " ਸਾਰੇ ਟੋਲਿਆਂ ਵਿੱਚ ਕੁਝ ਨਾ ਕੁਝ ਸਰਕਾਰੀ ਚਿੰਨ੍ਹ ਹੈ ਪਰ ਸਾਡੇ ਇੱਥੇ ਆਂਗਨਵਾੜੀ, ਸਕੂਲ ਕੁਝ ਵੀ ਨਹੀਂ ਹੈ। ਕਿਉਂਕਿ ਸਾਡੇ ਟੋਲੇ ਦਾ ਨਾਮ ਪਾਕਿਸਤਾਨ ਹੈ।''
ਉਹ ਸਵਾਲ ਪੁੱਛਦੇ ਹਨ, "ਪਰ ਸਾਡਾ ਜਨਮ ਤਾਂ ਪੂਰਣੀਆ ਜ਼ਿਲ੍ਹੇ ਦਾ ਹੈ, ਇਸ ਟੋਲੇ ਦਾ ਨਾਮ ਪਾਕਿਸਤਾਨ ਹੈ ਤਾਂ ਸਾਡੀ ਕੀ ਗਲਤੀ ਹੈ?"
ਇਹ ਵੀ ਪੜ੍ਹੋ:

ਤਸਵੀਰ ਸਰੋਤ, Seetu Tiwari/BBC
ਅਨੂਪ ਦੀ ਤਰ੍ਹਾਂ ਨਾਰਾਜ਼ ਮਨੀਸ਼ਾ ਵਿੱਤ ਵੀ ਹੈ। 16 ਸਾਲ ਦੀ ਇਹ ਕੁੜੀ ਪੜ੍ਹਨਾ ਚਾਹੁੰਦੀ ਹੈ ਪਰ ਇਲਾਕੇ ਵਿੱਚ ਕੋਈ ਸਕੂਲ ਨਹੀਂ ਹੈ।
ਦੁਪਹਿਰ ਦਾ ਖਾਣਾ ਬਣਾ ਰਹੀ ਮਨੀਸ਼ਾ ਦੱਸਦੀ ਹੈ, "ਸੱਤਵੀਂ ਤੱਕ ਪੜ੍ਹਾਈ ਦੋ ਕਿੱਲੋਮੀਟਰ ਪੈਦਲ ਜਾ ਕੇ ਕੀਤੀ ਹੈ ਪਰ ਇਸ ਤੋਂ ਬਾਅਦ ਸਕੂਲ ਨੇੜੇ ਨਹੀਂ ਸੀ ਤਾਂ ਪੜ੍ਹਾਈ ਛੁਟ ਗਈ। ਇਸ ਕਰਕੇ ਸਾਰੇ ਪੜ੍ਹਾਈ ਛੱਡ ਦਿੰਦੇ ਹਨ। ਇੱਥੇ ਹਸਪਤਾਲ ਅਤੇ ਰੋਡ ਵੀ ਨਹੀਂ ਹੈ। ਕੋਈ ਬਿਮਾਰ ਹੋ ਜਾਵੇ ਤਾਂ ਰਸਤੇ ਵਿੱਚ ਹੀ ਮਰ ਜਾਵੇਗਾ।"
ਦਰਅਸਲ ਪਾਕਿਸਤਾਨ ਟੋਲੇ ਤੋਂ ਸ਼੍ਰੀਨਗਰ ਬਲਾਕ ਦੇ ਮੁੱਖ ਸਿਹਤ ਕੇਂਦਰ ਦੀ ਦੂਰੀ ਕਰੀਬ 12 ਕਿੱਲੋਮੀਟਰ ਹੈ।
ਇਸ ਵਿਚਾਲੇ ਜੋ ਉੱਪ ਸਿਹਤ ਕੇਂਦਰ ਹੈ ਵੀ, ਉਨ੍ਹਾਂ ਵਿੱਚ ਸਥਾਨਕ ਲੋਕਾਂ ਦੇ ਮੁਤਾਬਕ ਸਿਹਤ ਸਬੰਧੀ ਸਹੂਲਤਾਂ ਮੁਹੱਈਆ ਨਹੀਂ ਹਨ।
ਇਸ ਤੋਂ ਇਲਾਵਾ ਟੋਲੇ ਵਿੱਚ ਸੜਕ ਨਹੀਂ ਹੈ, ਇਸ ਲਈ ਇਹ ਪਾਕਿਸਤਾਨ ਟੋਲੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾਉਂਦਾ ਹੈ।
ਹਾਲਾਂਕਿ ਇੱਥੇ ਸੜਕ ਬਣਾਉਣ ਲਈ ਇਹ ਯੋਜਨਾ ਨੂੰ ਰਕਾਰ ਤੋਂ ਰਕਮ ਜਾਰੀ ਹੋ ਚੁੱਕੀ ਹੈ ਪਰ ਇੱਥੇ ਹਾਲੇ ਸੜਕ ਬਣਨਾ ਬਹੁਤ ਦੂਰ ਦੀ ਗੱਲ ਜਾਪਦੀ ਹੈ।
ਕਾਰਨ ਦੱਸਦੇ ਹੋਏ ਸਿੰਘਿਆ ਪੰਚਾਇਤ ਦੇ ਮੁਖੀ ਗੰਗਾ ਰਾਮ ਟੁਡੂ ਦੱਸਦੇ ਹਨ, " ਜਿਸ ਥਾਂ ਸੜਕ ਦੀ ਮਿੱਟੀ ਭਰਾਈ ਦਾ ਕੰਮ ਹੋਣਾ ਹੈ ਮਨਰੇਗਾ ਦੇ ਤਹਿਤ, ਉਹ ਸਰਕਾਰੀ ਜ਼ਮੀਨ ਨਹੀਂ ਹੈ, ਉਹ ਇੱਕ ਸ਼ਖ਼ਸ ਦੀ ਜ਼ਮੀਨ ਹੈ ਜਿਸਦੇ ਚਲਦੇ ਇਹ ਕੰਮ ਵਿਚਾਲੇ ਹੀ ਰਹਿ ਗਿਆ ਹੈ। "
ਨਾ ਟੀਵੀ, ਨਾ ਆਖ਼ਬਾਰ - ਨਹੀਂ ਹੁੰਦਾ ਇੱਥੇ ਨਫ਼ਰਤ ਦਾ ਕਾਰੋਬਾਰ
ਸਥਾਨਕ ਲੋਕ ਦੱਸਦੇ ਹਨ ਕਿ ਪਾਕਿਸਤਾਨ ਟੋਲੇ ਦੇ ਨਾਮ ਨੂੰ ਲੈ ਕੇ ਮੀਡੀਆ ਵਿੱਚ ਚਰਚਾ ਸਾਲ 2006 ਦੇ ਕਰੀਬ ਹੋਈ। ਉਦੋਂ ਤੋਂ ਇੱਥੇ ਸਥਾਨਕ ਮੀਡੀਆ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਟੋਲੇ ਵਿੱਚ 30 ਘਰ ਹਨ ਪਰ ਔਸਤਨ ਪੰਜਵੀਂ ਤੱਕ ਪੜ੍ਹੇ ਇਸ ਸੰਥਾਲੀ ਸਮਾਜ ਵਿੱਚ ਕਿਸੇ ਦੇ ਘਰ ਅਖ਼ਬਾਰ ਨਹੀਂ ਆਉਂਦਾ।
ਸਿਰਫ਼ ਸੁਰਿੰਦਰ ਟੁਡੂ ਨਾਮ ਦੇ ਕਿਸਾਨ ਦੇ ਘਰ ਟੀਵੀ ਦੋ ਸਾਲ ਪਹਿਲਾਂ ਆਇਆ ਹੈ।
ਸੁਰਿੰਦਰ ਟੁਡੂ ਕਹਿੰਦੇ ਹਨ, "ਅਸੀਂ ਕਿਸਾਨ ਆਦਮੀ ਹਾਂ। ਕਦੇ-ਕਦੇ ਸਮਾਚਾਰ ਦੇਖਣ ਨੂੰ ਮਿਲਦੇ ਹਨ, ਇਹ ਪਤਾ ਚੱਲਦਾ ਹੈ ਕਿ ਪਾਕਿਸਤਾਨ ਨਾਲ ਭਾਰਤ ਦਾ ਰਿਸ਼ਤਾ ਚੰਗਾ ਨਹੀਂ ਹੈ, ਪਰ ਇਸ ਨਾਲ ਸਾਡੇ ਟੋਲੇ ਦੇ ਨਾਮ ਦਾ ਕੀ ਸਬੰਧ?"

ਤਸਵੀਰ ਸਰੋਤ, Seetu Tiwari/BBC
ਸਿੰਘਿਆ ਪੰਚਾਇਤ ਦੇ ਸਾਬਕਾ ਮੁਖੀ ਪ੍ਰੇਮ ਪ੍ਰਕਾਸ਼ ਮੰਡਲ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ। ਉਹ ਕਹਿੰਦੇ ਹਨ, "ਟੀਵੀ, ਅਖ਼ਬਾਰ ਇੱਥੇ ਨਹੀਂ ਆਉਂਦੇ, ਇਸ ਲਈ ਲੋਕ ਪਿਆਰ ਨਾਲ ਰਹਿੰਦੇ ਹਨ। ਨਹੀਂ ਤਾਂ ਇਹ ਥਾਂ ਕਿਤੇ ਹੋਰ ਹੋਵੇ, ਤਾਂ ਇਸਦਾ ਨਾਮ ਬਦਲਣ ਲਈ ਅੰਦੋਲਨ ਹੋ ਜਾਵੇ।"
ਅਜੀਬੋ-ਗਰੀਬ ਨਾਮ ਦੀ ਭਰਮਾਰ ਹੈ
ਪੂਰਣੀਆ ਲੋਕ ਸਭਾ ਖੇਤਰ ਲਈ ਦੂਜੇ ਗੇੜ ਵਿੱਚ ਚੋਣਾਂ ਹੋਣੀਆਂ ਹਨ, ਪਰ ਟੋਲੇ ਵਿੱਚ ਇਸ ਨੂੰ ਲੈ ਕੇ ਕੋਈ ਉਤਸਾਹ ਨਹੀਂ ਹੈ। ਟੋਲੇ ਦੇ ਤਾਲੇਸ਼ਵਰ ਬੇਸਰਾ ਕਹਿੰਦੇ ਹਨ, " ਕੀ ਕਰਾਂਗੇ, ਨੇਤਾ ਆਏਗਾ, ਕੁਰਸੀ 'ਤੇ ਬੈਠੇਗਾ, ਫਿਰ ਸਾਨੂੰ ਲੋਕਾਂ ਨੂੰ ਛੋਟਾ ਆਦਮੀ ਕਹਿ ਕੇ ਭੁੱਲ ਜਾਵੇਗਾ।"
ਪੂਰਣੀਆ ਜ਼ਿਲ੍ਹਾ ਭਾਰਤ ਦੇ ਸਭ ਤੋਂ ਪੁਰਾਣੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ। 1770 ਵਿੱਚ ਬਣੇ ਇਸ ਜ਼ਿਲ੍ਹੇ 'ਚ ਅਜਿਹੇ ਅਜੀਬੋ-ਗਰੀਬ ਨਾਵਾਂ ਦੀ ਭਰਮਾਰ ਹੈ।
ਇਹ ਵੀ ਪੜ੍ਹੋ:
ਪੂਰਣੀਆ ਜ਼ਿਲ੍ਹੇ ਵਿੱਚ ਸ਼੍ਰੀਨਗਰ, ਯੂਰਪੀਅਨ ਕਾਲੋਨੀ, ਸ਼ਰਨਾਰਥੀ ਟੋਲਾ, ਲੰਕਾ ਟੋਲਾ, ਡਕੈਤਾ, ਪਟਨਾ ਰਹਿਕਾ ਆਦਿ ਨਾਵਾਂ ਦੀ ਥਾਂ ਹੈ, ਤਾਂ ਅਰਰਿਆ ਜ਼ਿਲ੍ਹੇ ਵਿੱਚ ਭਾਗ ਮੁਹੱਬਤ, ਕਿਸ਼ਨਗੰਜ ਵਿੱਚ ਇਰਾਨੀ ਬਸਤੀ ਹੈ।
ਲੇਖਕ ਅਤੇ ਬਲਾਗਰ ਗਿਰਿੰਦਰ ਨਾਥ ਝਾ ਕਹਿੰਦੇ ਹਨ,"ਪੂਰੇ ਸੀਮਾਂਚਲ ਵਿੱਚ ਤੁਹਾਨੂੰ ਅਜਿਹੇ ਨਾਮ ਮਿਲ ਜਾਣਗੇ। ਮੀਡੀਆ ਨੂੰ ਸਭ ਤੋਂ ਵੱਧ ਪਾਕਿਸਤਾਨ ਦਾ ਨਾਮ ਆਪਣੇ ਫਰੇਮ ਵਿੱਚ ਜਚਦਾ ਹੈ ਇਸ ਲਈ ਹਰ ਚੋਣਾਂ ਵਿੱਚ ਮੀਡੀਆ ਵਾਲੇ ਪਾਕਿਸਤਾਨ ਟੋਲਾ ਜ਼ਰੂਰ ਜਾਂਦੇ ਹਨ। ਇਹ ਵੱਖਰੀ ਗੱਲ ਹੈ ਕਿ ਟੋਲੇ ਦੇ ਹਾਲਾਤ ਉਂਝ ਦੇ ਉਂਝ ਹੀ ਹਨ।"
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












