UPSC ਟੌਪਰ ਕਨਿਸ਼ਕ - ਸਿਸਟਮ ਨੂੰ ਬਦਲਣ ਲਈ ਸਿਸਟਮ ’ਚ ਵੜਨਾ ਜ਼ਰੂਰੀ

ਤਸਵੀਰ ਸਰੋਤ, Twiiter
ਸੰਘ ਲੋਕ ਸੇਵਾ ਕਮਿਸ਼ਨ ਨੇ ਸਿਵਲ ਸੇਵਾ ਪ੍ਰੀਖਿਆ 2018 ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਪ੍ਰੀਖਿਆ ਵਿਚ ਕਨਿਸ਼ਕ ਕਟਾਰੀਆ ਨੇ ਟੌਪ ਕੀਤਾ ਹੈ।
ਆਈਆਈਟੀ ਬੰਬੇ ਤੋਂ ਗਰੈਜੂਏਟ ਕਨਿਸ਼ਕ ਕਟਾਰੀਆ ਰਾਜਸਥਾਨ ਦੇ ਜੈਪੁਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਪਹਿਲੀ ਹੀ ਕੋਸ਼ਿਸ਼ ਵਿਚ ਇਹ ਸਫ਼ਲਤਾ ਹਾਸਲ ਕੀ ਹੈ।
ਬੀਬੀਸੀ ਪੱਤਰਕਾਰ ਭੂਮਿਕਾ ਰਾਏ ਨਾਲ ਗੱਲਬਾਤ ਕਨਿਸ਼ਕ ਨੇ ਕਿਹਾ ਕਿ ਉਸ ਨੂੰ ਉਮੀਦ ਨਹੀਂ ਸੀ ਕਿ ਉਹ ਅੱਵਲ ਆਏਗਾ।
ਕਟਾਰੀਆ ਨੇ ਕਿਹਾ, " ਪੇਪਰ ਅਤੇ ਇੰਟਰਿਵਊ ਚੰਗੀ ਹੋਈ ਅਤੇ ਇਹ ਮੇਰੀ ਪਹਿਲੀ ਹੀ ਕੋਸ਼ਿਸ਼ ਸੀ ਪਰ ਇਹ ਉਮੀਦ ਨਹੀਂ ਸੀ ਕਿ ਮੈਂ ਟੌਪ ਕਰ ਜਾਵਾਂਗਾ।"
ਸਿਵਲ ਸੇਵਾ ਪ੍ਰੀਖਿਆ ਵਿਚ ਕਨਿਸ਼ਕ ਦਾ ਆਪਸ਼ਨ ਵਿਸ਼ਾ ਮੈਥ ਸੀ।
ਕਿਵੇਂ ਕੀਤੀ ਤਿਆਰੀ
ਕਨਿਸ਼ਕ ਕਟਾਰੀਆ ਨੇ ਦੱਸਿਆ, 'ਮੈਂ ਕਰੀਬ 7-8 ਮਹੀਨੇ ਦਿੱਲੀ ਵਿਚ ਇੱਕ ਕੋਚਿੰਗ ਸੈਂਟਰ ਤੋਂ ਕੋਚਿੰਗ ਲਈ , ਤਿਆਰੀ ਤੋਂ ਪਹਿਲਾਂ ਮੈਂ ਸਾਢੇ ਤਿੰਨ ਸਾਲ ਨੌਕਰੀ ਕਰਦਾ ਕਿਹਾ ਅਤੇ ਮੈਨੂੰ ਪ੍ਰੀਖਿਆ ਦਾ ਕੋਈ ਆਈਡੀਆ ਨਹੀਂ ਸੀ, ਇਸ ਲਈ ਕੋਚਿੰਗ ਲੈਣੀ ਪਈ। ਕੋਚਿੰਗ ਦੀ ਮਦਦ ਨਾਲ ਬੇਸਿਕ ਜਾਣਕਾਰੀ ਹਾਸਲ ਕੀਤੀ ਉਸ ਤੋਂ ਬਾਅਦ ਮਾਰਚ ਤੋਂ ਲੈਕੇ ਘਰ ਉੱਤੇ ਸੈਲਫ਼ ਸਟੱਡੀ ਕੀਤੀ।'

ਤਸਵੀਰ ਸਰੋਤ, Twiiter
ਕਨਿਸ਼ਕ ਨੇ ਇਸ ਸਫ਼ਲਤਾ ਲਈ ਮੇਨ ਪ੍ਰੀਖਿਆ ਤੋਂ ਪਹਿਲਾ 8 ਤੋਂ 10 ਘੰਟੇ ਅਤੇ ਪ੍ਰੀਖਿਆ ਦੇ ਨੇੜੇ ਆਉਣ ਉੱਤੇ 15 ਘੰਟੇ ਰੋਜ਼ਾਨਾਂ ਤਿਆਰੀ ਕੀਤੀ।
ਸਿਵਲ ਸੇਵਾ ਚ ਰਹਿਣਗੇ ਜਾਂ ਨਹੀਂ
ਉਹ ਸਿਵਲ ਸੇਵਾ ਵਿਚ ਹੀ ਰਹਿਣਗੇ ਇਸ ਬਾਰੇ ਉਹ ਬਹੁਤੇ ਸਪੱਸ਼ਟ ਨਹੀਂ ਹਨ।
ਉਹ ਕਹਿੰਦੇ ਹਨ, 'ਮੇਰੇ ਪਿਤਾ ਸਿਵਲ ਸੇਵਾ ਵਿਚ ਹਨ ਅਤੇ ਉਸਦਾ ਮਨ ਸੀ ਕਿ ਮੈਂ ਵੀ ਸਿਵਲ ਸੇਵਾ ਵਿਚ ਹੀ ਆਵਾਂ, ਪਰ ਮੈਂ ਅਜੇ ਬਹੁਤਾ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਮੈਂ ਸਿਵਲ ਸੇਵਾ ਹੀ ਕਰਾਂਗਾ ਜਾਂ ਕੁਝ ਹੋਰ।'
ਮੈਂ ਪਹਿਲਾਂ ਵੀ ਆਪਣੀ ਮਰਜ਼ੀ ਨਾਲ ਹੀ ਜ਼ਿੰਦਗੀ ਜਿਊਂਦਾ ਰਿਹਾ ਹਾਂ, ਬੰਬੇ ਆਈਆਈਟੀ ਵਿਚ ਗਰੈਜੂਏਸ਼ਨ ਕਰਨ ਤੋਂ ਬਾਅਦ ਮੈਂ ਤਿੰਨ ਸਾਲ ਨੌਕਰੀ ਕਰਦਾ ਕਿਹਾ ਪਰ ਫਿਰ ਮੇਰੀ ਸੋਚ ਹੌਲੀ ਹੌਲੀ ਬਦਲੀ ਤੇ ਮੈਂ ਇਹ ਪ੍ਰੀਖਿਆ ਦੀ ਤਿਆਰੀ ਕੀਤੀ।
ਦੱਖਣੀ ਕੋਰੀਆ ਵੀ ਕੀਤੀ ਹੈ ਨੌਕਰੀ
ਸ਼ਾਂਤ ਸੁਭਾਅ ਅਤੇ ਆਮ ਨੌਜਵਾਨਾਂ ਵਾਲੇ ਸ਼ੌਕ ਰੱਖਣ ਵਾਲੇ ਕਨਿਸ਼ਕ ਆਈਆਈਟੀ ਦੀ ਪੜ੍ਹਾਈ ਤੋਂ ਬਾਅਦ ਦੱਖਣੀ ਕੋਰੀਆ ਨੌਕਰੀ ਕਰਨ ਚਲੇ ਗਏ ਸੀ। ਜਿੱਥੋਂ ਉਹ ਡੇਢ ਸਾਲ ਬਾਅਦ ਵਾਪਸ ਆਏ। ਉੱਥੋਂ ਦੀ ਜ਼ਿੰਦਗੀ ਨੇ ਹੀ ਉਨ੍ਹਾਂ ਨੂੰ ਦੇਸ ਦਾ ਸਿਸਟਮ ਬਦਲਣ ਦੀ ਪ੍ਰੇਰਣਾ ਦਿੱਤੀ।
ਉਹ ਕਹਿੰਦੇ ਹਨ, " ਮੈਂ ਦੱਖਣੀ ਕੋਰੀਆ ਵਿਚ ਡੇਢ ਸਾਲ ਤੱਕ ਕੰਮ ਕਰ ਰਿਹਾ ਸੀ। ਉਸ ਤੋਂ ਇੱਕ ਸਾਲ ਬਾਅਦ ਮੈਂ ਬੰਗਲੂਰ ਰਿਹਾ। ਜਦੋਂ ਮੈਂ ਵਿਦੇਸ਼ ਵਿਚ ਸੀ ਤਾਂ ਉੱਥੇ ਭਾਰਤ ਦੀ ਜ਼ਿੰਦਗੀ ਨਾਲ ਤਲੁਨਾ ਕਰਦਾ ਸੀ, ਤਾਂ ਮੈਨੂੰ ਲੱਗਿਆ ਕਿ ਭਾਰਤ ਵਿਚ ਸਿਸਟਮ ਬਦਲਣ ਲਈ ਇੱਥੋਂ ਦੇ ਸਿਸਟਮ ਵਿਚ ਦਾਖਲ ਹੋਣਾ ਪੈਣਾ ਹੈ। "
'ਪਿਤਾ ਜੀ ਦੇ ਕਾਰਨ ਮੈਨੂੰ ਥੋੜੀ ਜਿਹੀ ਜਾਣਕਾਰੀ ਸੀ ਕਿ ਪ੍ਰਸ਼ਾਸਨਿਕ ਕੰਮ ਕਿਵੇਂ ਹੁੰਦੇ ਹਨ।'












