ਕੀ ਰਾਹੁਲ ਗਾਂਧੀ ਅਮੇਠੀ ਵਿੱਚ ਹਾਰ ਦੇ ਡਰ ਕਾਰਨ ਕੇਰਲ ਗਏ - ਨਜ਼ਰੀਆ

ਤਸਵੀਰ ਸਰੋਤ, Getty Images
- ਲੇਖਕ, ਅਪਰਣਾ ਦਿਵੇਦੀ
- ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ
ਲੋਕ ਸਭਾ ਚੋਣਾਂ ਲਈ ਰਾਹੁਲ ਗਾਂਧੀ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ। ਕਾਂਗਰਸ ਨੇ ਅਧਿਕਾਰਤ ਤੌਰ 'ਤੇ ਐਲਾਨ ਕਰ ਦਿੱਤਾ ਹੈ ਕਿ ਰਾਹੁਲ ਗਾਂਧੀ ਰਵਾਇਤੀ ਸੀਟ ਅਮੇਠੀ ਤੋਂ ਚੋਣ ਤਾਂ ਲੜਨਗੇ ਹੀ ਪਰ ਇਸ ਦੇ ਨਾਲ ਹੀ ਕੇਰਲ ਦੇ ਵਾਇਨਾਡ ਤੋਂ ਵੀ ਮੈਦਾਨ 'ਚ ਉਤਰਨਗੇ।
ਕਾਂਗਰਸ ਦਾ ਦਾਅਵਾ ਹੈ ਰਿ ਦੱਖਣੀ ਭਾਰਤ 'ਤੇ ਮਜ਼ਬੂਤੀ ਹਾਸਿਲ ਕਰਨ ਲਈ ਰਾਹੁਲ ਗਾਂਧੀ ਨੇ ਇਹ ਫ਼ੈਸਲਾ ਲਿਆ ਹੈ।
ਹਾਲਾਂਕਿ ਜਿਵੇਂ ਹੀ ਇਹ ਐਲਾਨ ਹੋਇਆ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਲਾਇਆ ਕਿ ਉਹ ਭਾਜਪਾ ਦੇ ਡਰ ਕਾਰਨ ਭੱਜ ਰਹੇ ਹਨ।
ਕਾਂਗਰਸ ਦਾ ਦਾਅਵਾ ਹੈ ਕਿ ਰਾਹੁਲ ਨੂੰ ਦੱਖਣੀ ਭਾਰਤ ਦੇ ਇਨ੍ਹਾਂ ਤਿੰਨਾਂ ਸੂਬਿਆਂ ਤੋਂ ਚੋਣ ਲੜਨ ਦਾ ਪ੍ਰਸਤਾਵ ਭੇਜਿਆ ਗਿਆ ਸੀ। ਕੇਰਲ, ਤਮਿਲਨਾਡੂ ਅਤੇ ਕਰਨਾਟਕ ਦੀ ਪ੍ਰਦੇਸ਼ ਕਾਂਗਰਸ ਕਮੇਟੀ ਨੇ ਇੱਕ ਪ੍ਰਸਤਾਵ ਪਾਸ ਕਰਕੇ ਕਿਹਾ ਸੀ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਪ੍ਰਦੇਸ਼ ਵਿੱਚ ਕਿਤੋਂ ਵੀ ਚੋਣ ਲੜਨ।
ਵਾਇਨਾਡ ਹੀ ਕਿਉਂ?
ਵੈਸੇ ਤਾਂ ਰਾਹੁਲ ਗਾਂਧੀ ਲਈ ਵਾਇਨਾਡ ਹੀ ਕਿਉਂ ਚੁਣਿਆ ਗਿਆ। ਉਸ ਦਾ ਇੱਕ ਕਾਰਨ ਹੈ ਕਿ ਕੇਰਲ ਦਾ ਵਾਇਨਾਡ ਕਾਂਗਰਸ ਦਾ ਮਜ਼ਬੂਤ ਗੜ੍ਹ ਹੈ।
ਕਾਂਗਰਸ ਨੇਤਾ ਐਮਆਈ ਸ਼ਨਵਾਸ ਪਿਛਲੇ ਦੋ ਵਾਰ ਤੋਂ ਚੋਣਾਂ ਜਿੱਤ ਚੁੱਕੇ ਹਨ ਅਤੇ ਇੱਥੇ ਭਾਜਪਾ ਦੌੜ 'ਚ ਵੀ ਨਹੀਂ ਰਹੀ ਹੈ।
ਇਹ ਵੀ ਪੜ੍ਹੋ:
2014 ਵਿੱਚ ਐਮਆਈ ਸ਼ਨਵਾਸ ਨੇ ਸੀਪੀਆਈ ਨੂੰ ਹਰਾ ਕੇ ਇਸ ਸੀਟ 'ਤੇ ਜਿੱਤ ਹਾਸਿਲ ਕੀਤੀ ਸੀ।

ਤਸਵੀਰ ਸਰੋਤ, Twitter
ਇੰਨਾ ਹੀ ਨਹੀਂ 2009 ਵਿੱਚ ਵੀ ਐਮਆਈ ਸ਼ਨਵਾਸ ਨੇ ਸੀਪੀਆਈ ਦੇ ਐਮ ਰਹਿਮਤੁੱਲਾਹ ਨੂੰ ਹਰਾਇਆ ਸੀ।
ਦੱਸ ਦਈਏ ਕਿ ਇਹ ਸੀਟ 2008 ਵਿੱਚ ਹੋਈ ਹੱਦਬੰਦੀ ਤੋਂ ਬਾਅਦ ਸਿਆਸੀ ਹੋਂਦ ਵਿੱਚ ਆਈ ਸੀ। ਇਹ ਸੀਟ ਕੰਨੂਰ, ਮਲੱਪੁਰ ਅਤੇ ਵਾਇਨਾਡ ਸੰਸਦੀ ਖੇਤਰਾਂ ਨੂੰ ਮਿਲਾ ਕੇ ਬਣੀ ਹੈ।
ਵਾਇਨਾਡ ਵਿੱਚ ਪਿਛਲੀਆਂ ਚੋਣਾਂ ਦੇ ਵੋਟ ਸ਼ੇਅਰ ਦੇਖੀਏ ਤਾਂ ਕਾਂਗਰਸ ਨੂੰ 41.21 ਫੀਸਦ ਵੋਟ ਮਿਲੇ ਸਨ ਅਤੇ ਉੱਥੇ ਹੀ ਭਾਜਪਾ ਨੂੰ ਕਰੀਬ 9 ਫੀਸਦ ਅਤੇ ਸੀਪੀਆਈ ਨੂੰ ਕਰੀਬ 39 ਫੀਸਦ ਵੋਟ ਮਿਲੇ ਸਨ।
ਵੋਟ ਸ਼ੇਅਰ 'ਚ ਵੀ ਕਾਂਗਰਸ ਦੀ ਚਿੰਤਾ ਭਾਜਪਾ ਤੋਂ ਘੱਟ ਅਤੇ ਸੀਪੀਆਈ ਤੋਂ ਵਧੇਰੇ ਹੈ। ਸੀਪੀਆਈ ਸਖ਼ਤ ਮੁਕਾਬਲਾ ਦੇ ਸਕਦੀ ਹੈ ਪਰ ਕੁਝ ਸਮੇਂ ਤੋਂ ਕੇਰਲ ਵਿੱਚ ਖੱਬੇ-ਪੱਖੀ ਸਰਕਾਰ ਤੋਂ ਵੀ ਲੋਕਾਂ ਦਾ ਮੋਹ ਭੰਗ ਹੁੰਦਾ ਦਿਖ ਰਿਹਾ ਹੈ।
ਵਾਇਨਾਡ ਵਿੱਚ ਪਾਰਟੀ ਦਾ ਅੰਦਰੂਨੀ ਕਲੇਸ਼
ਕਾਂਗਰਸ ਦੇ ਸੂਤਰਾਂ ਮੁਤਾਬਕ ਇਸ ਸੀਟ ਨੂੰ ਚੁਣਨ ਪਿੱਛੇ ਦਾ ਇੱਕ ਕਾਰਨ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਵੀ ਖ਼ਤਮ ਕਰਨਾ ਸੀ।
ਕੇਰਲ ਕਾਂਗਰਸ ਦੇ ਦੋ ਵੱਡੇ ਨੇਤਾ ਰਮੇਸ਼ ਚੈਨੀਥਲਾ ਅਤੇ ਓਮਾਨ ਚਾਂਡੀ ਵਿਚਾਲੇ ਵਾਇਨਾਡ ਸੀਟ ਨੂੰ ਲੈ ਕੇ ਮਤਭੇਦ ਸਨ।

ਤਸਵੀਰ ਸਰੋਤ, Getty Images
ਵਾਇਨਾਡ ਤੋਂ ਉਮੀਦਵਾਰ ਤੈਅ ਨਹੀਂ ਹੋ ਰਿਹਾ ਸੀ। ਹੁਣ ਰਾਹੁਲ ਗਾਂਧੀ ਨੂੰ ਮੈਦਾਨ ਵਿੱਚ ਉਤਾਰ ਕੇ ਇਸ ਦਾ ਹੱਲ ਕੱਢਿਆ ਗਿਆ ਹੈ।
ਕਾਂਗਰਸ ਦੇ ਸੀਨੀਅਰ ਨੇਤਾਵਾਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਦੇ ਕੇਰਲ ਵਿੱਚ ਚੋਣ ਲੜਨ ਦੇ ਪਿੱਛੇ ਇੱਕ ਹੋਰ ਸੰਦੇਸ਼ ਲੁਕਿਆ ਹੋਇਆ ਹੈ।
ਇਹ ਵੀ ਪੜ੍ਹੋ:
ਕਾਂਗਰਸ ਕੋਸ਼ਿਸ਼ ਕਰ ਰਹੀ ਹੈ ਕਿ ਆਪਣਾ ਦਬਦਬਾ ਪੂਰੇ ਦੇਸ ਵਿੱਚ ਸਥਾਪਿਤ ਕਰੇ ਅਤੇ ਮੁਕਾਬਲਾ ਸਿਰਫ਼ ਭਾਜਪਾ ਦੇ ਨਾਲ ਨਹੀਂ ਬਲਕਿ ਹਰ ਉਸ ਪਾਰਟੀ ਖ਼ਿਲਾਫ਼ ਹੈ ਜੋ ਕਾਂਗਰਸ ਦਾ ਵਿਰੋਧ ਕਰ ਰਹੀ ਹੈ।
ਅਮੇਠੀ ਤੋਂ ਕਾਂਗਰਸ ਦਾ ਇੱਕ ਵੀ ਵਿਧਾਇਕ ਨਹੀਂ
ਸਾਲ 2014 ਵਿੱਚ ਰਾਹੁਲ ਗਾਂਧੀ ਅਮੇਠੀ ਤੋਂ ਲਗਾਤਾਰ ਤੀਜੀ ਵਾਰ ਸੰਸਦ ਮੈਂਬਰ ਬਣੇ ਸਨ। ਉਨ੍ਹਾਂ ਨੇ ਆਪਣੇ ਮੁਕਾਬਲੇ ਖੜ੍ਹੀ ਭਾਜਪਾ ਦੀ ਉਮੀਦਵਾਰ ਸਮ੍ਰਿਤੀ ਇਰਾਨੀ ਨੂੰ 1,07,000 ਵੋਟਾਂ ਨਾਲ ਹਰਾਇਆ ਸੀ। ਜਦਕਿ 2009 ਵਿੱਚ ਕਾਂਗਰਸ ਪ੍ਰਧਾਨ ਦੀ ਜਿੱਤ ਦਾ ਫਰਕ 3,50,000 ਤੋਂ ਵੀ ਵੱਧ ਦਾ ਰਿਹਾ ਸੀ।
ਉਸਦੇ ਬਾਅਦ ਤੋਂ ਭਾਜਪਾ ਨੇ ਉੱਤਰ ਪ੍ਰਦੇਸ਼ ਵਿੱਚ ਬਕਾਇਦਾ ਆਪਣਾ ਪ੍ਰਭਾਵ ਕਾਇਮ ਰੱਖਿਆ ਸੀ ਅਤੇ ਉਸਦਾ ਨਤੀਜਾ ਦੋ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਖਿਆ ਗਿਆ।

ਤਸਵੀਰ ਸਰੋਤ, Getty Images
ਭਾਜਪਾ ਨੇ ਉੱਤਰ ਪ੍ਰਦੇਸ਼ ਵਿੱਚ 404 ਵਿਧਾਨ ਸਭਾ ਸੀਟਾਂ ਵਿੱਚੋਂ 312 'ਤੇ ਕਬਜ਼ਾ ਕੀਤਾ। ਆਲਮ ਇਹ ਸੀ ਕਿ ਅਮੇਠੀ ਲੋਕ ਸਭਾ ਸੀਟ ਦੇ ਤਹਿਤ ਪੰਜ ਵਿਧਾਨ ਸਭਾ ਸੀਟਾਂ ਆਉਂਦੀਆਂ ਹਨ। ਇਨ੍ਹਾਂ ਵਿੱਚ ਅਮੇਠੀ ਜ਼ਿਲ੍ਹੇ ਦੀ ਤਿਲੋਈ, ਜਗਦੀਸ਼ਪੁਰ, ਅਮੇਠੀ ਅਤੇ ਗੋਰੀਗੰਜ ਸੀਟਾਂ ਸ਼ਾਮਲ ਹਨ।
ਜਦਕਿ ਰਾਇਬਰੇਲੀ ਜ਼ਿਲ੍ਹੇ ਦੀ ਸਲੋਨ ਵਿਧਾਨ ਸਭਾ ਸੀਟ ਆਉਂਦੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜ ਸੀਟਾਂ ਵਿੱਚੋਂ 4 ਸੀਟਾਂ 'ਤੇ ਭਾਜਪਾ ਅਤੇ ਸਿਰਫ਼ ਇੱਕ ਸੀਟ 'ਤੇ ਐਸਪੀ ਨੂੰ ਜਿੱਤ ਮਿਲੀ ਸੀ।
ਹਾਲਾਂਕਿ ਸਪਾ-ਕਾਂਗਰਸ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਉਤਰੀ ਸੀ, ਫਿਰ ਵੀ ਜਿੱਤ ਨਹੀਂ ਸਕੀ ਸੀ। ਸਪਾ ਨੇ ਤਾਂ ਗੋਰੀਗੰਜ ਸੀਟ ਜਿੱਤ ਲਈ, ਪਰ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ।
ਕੀ ਅਮੇਠੀ ਓਨੀ ਸੁਰੱਖਿਅਤ ਨਹੀਂ?
ਰਾਹੁਲ ਗਾਂਧੀ ਇਸ ਤੋਂ ਪਹਿਲਾਂ ਸਿਰਫ਼ ਅਮੇਠੀ ਤੋਂ ਹੀ ਚੋਣ ਲੜਦੇ ਰਹੇ ਹਨ। ਉਹ ਇਸ ਸੀਟ ਤੋਂ ਲਗਾਤਾਰ ਤਿੰਨ ਵਾਰ ਸਾਂਸਦ ਰਹੇ ਹਨ।
ਅਜਿਹੀਆਂ ਖ਼ਬਰਾਂ ਹਨ ਕਿ ਅਮੇਠੀ ਤੋਂ ਸਮ੍ਰਿਤੀ ਇਰਾਨੀ ਰਾਹੁਲ ਗਾਂਧੀ ਨੂੰ ਟੱਕਰ ਦੇ ਰਹੀ ਹੈ ਅਤੇ ਇਸ ਤੋਂ ਇਲਾਵਾ ਮੇਨਕਾ ਗਾਂਧੀ ਦੇ ਸੁਲਤਾਨਪੁਰ ਤੋਂ ਚੋਣ ਲੜਨ ਦੇ ਬਾਅਦ ਤੋਂ ਅਮੇਠੀ ਵਿੱਚ ਵੀ ਇਸਦਾ ਅਸਰ ਪੈ ਸਕਦਾ ਹੈ।
ਇਸ ਨੂੰ ਦੇਖਦੇ ਹੋਏ ਰਾਹੁਲ ਗਾਂਧੀ ਨੇ ਦੋ ਥਾਵਾਂ ਤੋਂ ਚੋਣ ਲੜਨ ਦੀ ਰਣਨੀਤੀ ਅਪਣਾਈ ਹੈ।

ਤਸਵੀਰ ਸਰੋਤ, Getty Images
ਅਜਿਹਾ ਨਹੀਂ ਹੈ ਇਹ ਪਹਿਲੀ ਵਾਰ ਹੈ ਕਿ ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਦੋ ਸੀਟਾਂ ਤੋਂ ਚੋਣ ਲੜੀ ਹੈ।
ਇੰਦਰਾ ਗਾਂਧੀ ਨੇ 1978 ਵਿੱਚ ਕਰਨਾਟਕ ਦੀ ਚਿਕਮੰਗਲੂਰ ਸੀਟ ਤੋਂ ਲੋਕ ਸਭਾ ਉਪ ਚੋਣ ਜਿੱਤੀ ਸੀ। ਉੱਥੇ ਹੀ ਸੋਨੀਆ ਗਾਂਧੀ ਨੇ 1999 ਵਿੱਚ ਕਰਨਾਟਕ ਦੀ ਹੀ ਬੇਲਾਰੀ ਸੀਟ ਜਿੱਤੀ ਸੀ। ਉਨ੍ਹਾਂ ਨੇ ਸੁਸ਼ਮਾ ਸਵਰਾਜ ਨੂੰ ਹਰਾਇਆ ਸੀ।
ਇਹ ਵੀ ਪੜ੍ਹੋ:
ਦੋ ਥਾਵਾਂ ਤੋਂ ਚੋਣ ਲੜਨ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਨਾਮ ਆਉਂਦਾ ਹੈ। ਉਨ੍ਹਾਂ ਨੇ 2014 ਦੀਆਂ ਚੋਣਾਂ ਵਿੱਚ ਵਾਰਾਣਸੀ ਅਤੇ ਵਡੋਦਰਾ ਸੀਟਾਂ ਤੋਂ ਲੋਕ ਸਭਾ ਚੋਣ ਜਿੱਤੀ ਸੀ।
ਦੋਵਾਂ ਹੀ ਸੀਟਾਂ ਤੋਂ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਵਡੋਦਰਾ ਸੀਟ ਨੂੰ ਛੱਡ ਦਿੱਤਾ ਸੀ ਅਤੇ ਵਾਰਾਣਸੀ ਸੀਟ ਨੂੰ ਚੁਣਿਆ ਸੀ।
ਹੁਣ ਕਾਂਗਰਸ ਦੀ ਕੋਸ਼ਿਸ਼ ਹੈ ਕਿ ਰਾਹੁਲ ਗਾਂਧੀ ਵੀ ਦੋ ਥਾਵਾਂ ਤੋਂ ਲੜਨ ਅਤੇ ਜਿੱਤ ਹਾਸਲ ਕਰਨ। ਅਮੇਠੀ ਵਿੱਚ ਰਾਹੁਲ ਗਾਂਧੀ ਦੀ ਟੱਕਰ ਸਿੱਧੇ ਤੌਰ 'ਤੇ ਭਾਜਪਾ ਦੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨਾਲ ਹੋਵੇਗੀ।
ਉੱਥੇ ਹੀ ਵਾਇਨਾਡ ਵਿੱਚ ਕਾਂਗਰਸ ਦਾ ਮੁਕਾਬਲਾ ਯੂਨਾਈਟਡ ਡੈਮੋਕ੍ਰੇਟਿਕ ਦਾ ਸਾਹਮਣਾ ਲੈਫਟ ਡੈਮੋਕ੍ਰੇਟਿਕ ਫਰੰਟ ਨਾਲ ਹੈ।
ਹੁਣ ਇਨ੍ਹਾਂ ਦੋਵਾਂ ਸੀਟਾਂ ਤੋਂ ਰਾਹੁਲ ਗਾਂਧੀ ਜਿੱਤਣਗੇ ਅਤੇ ਕਿਹੜੀ ਸੀਟ ਰੱਖਣਗੇ ਇਹ ਤਾਂ ਸਮਾਂ ਹੀ ਦੱਸੇਗਾ।
ਹਾਲਾਂਕਿ ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਰਾਹੁਲ ਭਵਿੱਖ ਵਿੱਚ ਅਮੇਠੀ ਸੀਟ ਆਪਣੀ ਭੈਣ ਪ੍ਰਿਅੰਕਾ ਨੂੰ ਦੇ ਸਕਦੇ ਹਨ।
( ਇਹ ਲੇਖਕ ਦੇ ਨਿੱਜੀ ਵਿਚਾਰ ਹਨ )
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












