ਕੀ ਬੈਲਗੱਡੀ 'ਤੇ ISRO ਦੀ ਸੈਟੇਲਾਈਟ ਲਿਜਾਉਣਾ ਗਾਂਧੀ ਪਰਿਵਾਰ ਦਾ ਦੋਸ਼ ਸੀ : ਫੈਕਟ ਚੈੱਕ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਤਸਵੀਰਾਂ ਦਾ ਇੱਕ ਜੋੜਾ ਸੋਸ਼ਲ ਮੀਡੀਆ 'ਤੇ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ 'ਜਦੋਂ ਭਾਰਤ ਦੀ ਸਪੇਸ ਏਜੰਸੀ ਇਸਰੋ ਆਰਥਿਕ ਤੰਗੀ ਵਿੱਚ ਸੀ, ਉਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪਰਿਵਾਰ ਦੇਸ ਦਾ ਪੈਸਾ ਲੁੱਟ ਰਿਹਾ ਸੀ'।

ਇਨ੍ਹਾਂ ਵਿੱਚ ਇੱਕ ਤਸਵੀਰ ਹੈ ਇੰਦਰਾ ਗਾਂਧੀ ਦੀ ਜੋ ਆਪਣੇ ਪਰਿਵਾਰ ਦੇ ਨਾਲ ਕਿਸੇ ਜਹਾਜ਼ ਵਿੱਚ ਬੈਠੀ ਹੋਈ ਹੈ।

ਉੱਥੇ ਹੀ ਦੂਜੀ ਤਸਵੀਰ ਇਸਰੋ ਦੇ ਵਿਗਿਆਨਕਾਂ ਦੀ ਦੱਸੀ ਜਾ ਰਹੀ ਹੈ ਜੋ ਬੈਲਗੱਡੀ ਵਿੱਚ ਕਥਿਤ ਤੌਰ 'ਤੇ ਕਿਸੇ ਸੈਟੇਲਾਈਟ ਨੂੰ ਰੱਖ ਕੇ ਲਿਜਾ ਰਹੇ ਹਨ।

ਸੋਸ਼ਲ ਮੀਡੀਆ 'ਤੇ ਇਹ ਦਾਅਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁੱਧਵਾਰ ਨੂੰ ਕੀਤੇ ਗਏ ਐਲਾਨ ਤੋਂ ਬਾਅਦ ਨਿਕਲ ਕੇ ਆਇਆ ਹੈ।

ਮੋਦੀ ਨੇ ਦੇਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਭਾਰਤ ਪੁਲਾੜ ਦੇ ਖੇਤਰ ਵਿੱਚ ਦੁਨੀਆਂ ਦੀ ਚੌਥੀ ਮਹਾਂ ਸ਼ਕਤੀ ਬਣ ਗਿਆ ਹੈ ਅਤੇ ਭਾਰਤੀ ਵਿਗਿਆਨੀਆਂ ਨੂੰ ਇੱਕ ਲਾਈਵ ਸੈਟੇਲਾਈਟ ਨੂੰ ਮਾਰ ਡਿਗਾਉਣ ਵਿੱਚ ਸਫਲਤਾ ਮਿਲੀ ਹੈ।

ਇਹ ਵੀ ਪੜ੍ਹੋ:

ਇੱਕ ਪਾਸੇ ਜਿੱਥੇ ਸੱਜੇ ਪੱਖੀ ਰੁਝਾਨ ਵਾਲੇ ਲੋਕ ਫੇਸਬੁੱਕ ਗਰੁੱਪ ਵਿੱਚ, ਟਵਿੱਟਰ ਅਤੇ ਸ਼ੇਅਰ ਚੈਟ 'ਤੇ ਇਸ ਨੂੰ 'ਮੋਦੀ ਰਾਜ ਵਿੱਚ ਦੇਸ ਨੂੰ ਮਿਲੀ ਵੱਡੀ ਸਫਲਤਾ' ਦੱਸ ਰਹੇ ਹਨ।

ਉੱਥੇ ਹੀ ਵਿਰੋਧੀ ਧਿਰ ਦਾ ਸਮਰਥਨ ਕਰਨ ਵਾਲਿਆਂ ਦੀ ਰਾਇ ਹੈ ਕਿ ਜਿਸ ਉਪਲਬਧੀ ਬਾਰੇ ਵਾਹੋ-ਵਾਹੀ ਖੱਟਣਾ ਚਾਹ ਰਹੇ ਹਨ, ਉਹ ਦਰਅਸਲ ਕਾਂਗਰਸ ਦੀ ਸਰਕਾਰ ਵਿੱਚ ਭਾਰਤ ਹਾਸਲ ਕਰ ਚੁੱਕਿਆ ਸੀ।

ਗਾਂਧੀ ਪਰਿਵਾਰ 'ਤੇ ਨਿਸ਼ਾਨਾ

ਬੁੱਧਵਾਰ ਸ਼ਾਮ ਤੋਂ ਬਾਅਦ ਇਹ ਦੇਖਣ ਨੂੰ ਮਿਲਿਆ ਕਿ ਸੱਜੇਪੱਖੀ ਵਿਚਾਰਧਾਰਾ ਵਾਲੇ ਗਰੁੱਪਾਂ ਵਿੱਚ ਦੇਸ ਦੇ ਵਿਗਿਆਨੀਆਂ ਦੀ ਕਥਿਤ ਅਣਦੇਖੀ ਲਈ ਕਾਂਗਰਸ ਪਾਰਟੀ ਸਮੇਤ ਇੰਦਰਾ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾਣ ਲੱਗਾ।

ਤਸਵੀਰਾਂ ਦੇ ਜਿਸ ਜੋੜੇ ਦਾ ਜ਼ਿਕਰ ਅਸੀਂ ਕੀਤਾ ਉਹ ਫੇਸਬੁੱਕ ਦੇ ਕਈ ਵੱਡੇ ਗਰੁੱਪਾਂ ਵਿੱਚ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਹਜ਼ਾਰਾਂ ਲੋਕ ਸ਼ੇਅਰ ਕਰ ਚੁੱਕੇ ਹਨ।

ਇਨ੍ਹਾਂ ਤਸਵੀਰਾਂ ਦੇ ਨਾਲ ਜ਼ਿਆਦਾਤਰ ਲੋਕਾਂ ਨੇ ਲਿਖਿਆ ਹੈ, "ਕਦੇ ਨਾ ਭੁੱਲੋ ਕਿ ਜਦੋਂ ਇਸਰੋ ਨੂੰ ਇੱਕ ਰਾਕੇਟ ਲਿਜਾਉਣ ਲਈ ਬੈਲਗੱਡੀ ਦੇ ਦਿੱਤੀ ਗਈ ਸੀ, ਉਦੋਂ ਗਾਂਧੀ ਪਰਿਵਾਰ ਇੱਕ ਚਾਰਟਡ ਜਹਾਜ਼ ਵਿੱਚ ਜਨਮ ਦਿਨ ਦਾ ਜਸ਼ਨ ਮਨਾ ਰਿਹਾ ਸੀ।"

ਆਪਣੀ ਪੜਤਾਲ ਵਿੱਚ ਅਸੀਂ ਦੇਖਿਆ ਕਿ ਇਨ੍ਹਾਂ ਤਸਵੀਰਾਂ ਦੇ ਨਾਲ ਤਾਂ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ। ਦੋਵੇਂ ਤਸਵੀਰਾਂ ਸਹੀ ਹਨ। ਪਰ ਇਨ੍ਹਾਂ ਤਸਵੀਰਾਂ ਦੇ ਮਤਲਬ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ।

ਇਸਰੋ ਵਾਲੀ ਤਸਵੀਰ

ਇਸਰੋ ਦੇ ਵਿਗਿਆਨਕਾਂ ਅਤੇ ਬੈਲਗੱਡੀ 'ਤੇ ਰੱਖੇ ਸਪੇਸਕਰਾਫ਼ਟ ਦੀ ਤਸਵੀਰ ਜੂਨ 1981 ਦੀ ਹੈ।

ਇਹ ਐਪਲ ਨਾਮ ਦੀ ਇੱਕ ਤਜਰਬੇ ਵਜੋਂ ਕਮਿਊਨੀਕੇਸ਼ਨ ਸੈਟੇਲਾਈਟ ਸੀ ਜਿਸ ਨੂੰ 19 ਜੂਨ 1981 ਨੂੰ ਲਾਂਚ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ 'ਤੇ ਲੋਕਾਂ ਨੇ ਲਿਖਿਆ ਹੈ ਕਿ ਇਸਰੋ ਆਰਥਿਕ ਤੰਗੀ ਵਿੱਚ ਸੀ ਇਸ ਲਈ ਇਸ ਸੈਟੇਲਾਈਟ ਨੂੰ ਬੈਲਗੱਡੀ 'ਤੇ ਲਿਜਾਇਆ ਗਿਆ ਸੀ। ਪਰ ਇਹ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ।

ਵਿਗਿਆਨ ਮਾਮਲਿਆ ਦੇ ਜਾਣਕਾਰ ਪਲੱਵ ਬਾਗਲਾ ਨੇ ਇਸ ਤਸਵੀਰ ਦੇ ਪਿੱਛੇ ਦੀ ਪੂਰੀ ਕਹਾਣੀ ਬੀਬੀਸੀ ਨੂੰ ਦੱਸੀ।

ਉਨ੍ਹਾਂ ਨੇ ਕਿਹਾ, "ਐਪਲ ਸੈਟੇਲਾਈਟ ਨੂੰ ਬੈਲਗੱਡੀ 'ਤੇ ਰੱਖ ਕੇ ਲਿਜਾਉਣ ਦਾ ਫੈਸਲਾ ਇਸਰੋ ਦੇ ਵਿਗਿਆਨੀਆਂ ਦਾ ਸੋਚਿਆ ਸਮਝਿਆ ਫੈਸਲਾ ਸੀ। ਇਹ ਉਨ੍ਹਾਂ ਦੀ ਮਜਬੂਰੀ ਨਹੀਂ ਸੀ।"

ਬਾਗਲਾ ਨੇ ਦੱਸਿਆ, "ਉਸ ਸਮੇਂ ਭਾਰਤੀ ਵਿਗਿਆਨੀਆਂ ਦੇ ਕੋਲ 'ਇਲੈਕਟ੍ਰੋਮੈਗਨੇਟਿਕ ਇੰਟਰਫੇਅਰੈਂਸ ਰਿਫਲੈਕਸ਼ਨ' ਤਕਨੀਕ ਦੀ ਸੀਮਤ ਜਾਣਕਾਰੀ ਸੀ। ਵਿਗਿਆਨਕ ਸੈਟੇਲਾਈਟ ਨੂੰ ਕਿਸੇ ਇਲੈਕਟ੍ਰਿਕ ਮਸ਼ੀਨ 'ਤੇ ਰੱਖ ਕੇ ਨਹੀਂ ਲਿਜਾਉਣਾ ਚਾਹੁੰਦੇ ਸਨ। ਇਸ ਲਈ ਬੈਲਗੱਡੀ ਨੂੰ ਚੁਣਿਆ ਗਿਆ ਸੀ।"

ਪੱਲਵ ਬਾਗਲਾ ਕਹਿੰਦੇ ਹਨ ਕਿ ਇਸਰੋ ਦੇ ਇੱਕ ਸਾਬਕਾ ਚੇਅਰਮੈਨ ਨੇ ਹੀ ਉਨ੍ਹਾਂ ਨੂੰ ਇਹ ਪੂਰੀ ਜਾਣਕਾਰੀ ਦਿੱਤੀ ਸੀ।

ਇਸਰੋ ਦੀ ਅਧਿਕਾਰਤ ਵੈੱਬਸਾਈਟ 'ਤੇ ਇਹ ਤਸਵੀਰ ਅਤੇ ਇਸ ਨਾਲ ਜੁੜੀ ਹੋਰ ਜਾਣਕਾਰੀ ਦੋਵੇਂ ਮੌਜੂਦ ਹਨ।

ਪਰ ਕੀ ਕਦੇ ਇਸਰੋ ਨੂੰ ਅਜਿਹੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਜਦੋਂ ਭਾਰਤੀ ਵਿਗਿਆਨੀਆਂ ਨੂੰ ਸਾਧਨਾਂ ਦੀ ਕਮੀ ਹੋਈ ਹੋਵੇ?

ਇਹ ਵੀ ਪੜ੍ਹੋ:

ਇਸਦੇ ਜਵਾਬ ਵਿੱਚ ਪੱਲਵ ਬਾਗਲਾ ਨੇ ਕਿਹਾ, "ਇਸਰੋ ਦੇ ਲੋਕਾਂ ਨੇ ਹੀ ਸਾਨੂੰ ਹਮੇਸ਼ਾ ਦੱਸਿਆ ਹੈ ਕਿ ਇਸ ਸੰਸਥਾਨ ਨੂੰ ਕਿਸੇ ਦੀ ਵੀ ਸਰਕਾਰ ਵਿੱਚ ਸਾਧਨਾਂ ਦੀ ਤੰਗੀ ਨਹੀਂ ਮਹਿਸੂਸ ਹੋਈ। ਖਾਸ ਤੌਰ 'ਤੇ ਨਵੇਂ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਦੀ ਜਦੋਂ ਵੀ ਗੱਲ ਆਈ, ਉਦੋਂ ਕਦੇ ਅਜਿਹਾ ਨਹੀਂ ਹੋਇਆ ਕਿ ਇਸਰੋ ਦੇ ਕੋਲ ਉਸਦੇ ਲਈ ਸਾਧਨ ਨਾ ਹੋਣ।"

ਗਾਂਧੀ ਪਰਿਵਾਰ ਦੀ ਤਸਵੀਰ

ਇਸ ਤਸਵੀਰ ਦੇ ਬਾਰੇ ਸੋਸ਼ਲ ਮੀਡੀਆ 'ਤੇ ਲਿਖਿਆ ਜਾ ਰਿਹਾ ਹੈ ਕਿ 'ਇੰਦਰਾ ਗਾਂਧੀ ਨੇ ਅਹੁਦੇ 'ਤੇ ਰਹਿੰਦੇ ਹੋਏ ਆਪਣੇ ਪਰਿਵਾਰ 'ਤੇ ਦੇਸ ਦਾ ਪੈਸਾ ਲੁਟਾਇਆ'।

ਪਰ ਮੀਡੀਆ ਰਿਪੋਰਟਾਂ ਮੁਤਾਬਕ ਗਾਂਧੀ ਪਰਿਵਾਰ ਦੀ ਇਹ ਤਸਵੀਰ ਸਾਲ 1977 ਦੀ ਹੈ। ਯਾਨਿ ਇਸਰੋ ਦੇ ਲਾਂਚ ਤੋਂ ਕਰੀਬ 4 ਸਾਲ ਪਹਿਲਾਂ ਦੀ।

ਇਨ੍ਹਾਂ ਰਿਪੋਰਟਾਂ ਵਿੱਚ ਲਿਖਿਆ ਹੈ ਕਿ ਇਹ ਰਾਹੁਲ ਗਾਂਧੀ ਦੇ ਸੱਤਵੇਂ ਜਨਮ ਦਿਨ (19 ਜੂਨ) ਦੀ ਤਸਵੀਰ ਹੈ।

ਇਨ੍ਹਾਂ ਰਿਪੋਰਟਾਂ ਨੂੰ ਸਹੀ ਮੰਨਿਆ ਜਾਵੇ ਤਾਂ ਉਸ ਸਮੇਂ ਇੰਦਰਾ ਗਾਂਧੀ ਦੇਸ ਦੀ ਪ੍ਰਧਾਨ ਮੰਤਰੀ ਨਹੀਂ ਸੀ।

ਜੂਨ 1977 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਸਨ ਅਤੇ ਦੇਸ ਵਿੱਚ ਜਨਤਾ ਪਾਰਟੀ ਦੀ ਸਰਕਾਰ ਸੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)