You’re viewing a text-only version of this website that uses less data. View the main version of the website including all images and videos.
ਕੀ ਰਾਹੁਲ ਗਾਂਧੀ ਦੇ ਇਸ ਬਿਆਨ ਨਾਲ ਹੋਇਆ ਔਰਤਾਂ ਦਾ ਅਪਮਾਨ: ਫੈਕਟ ਚੈੱਕ
- ਲੇਖਕ, ਫ਼ੈਕਟ ਚੈੱਕ ਟੀਮ
- ਰੋਲ, ਬੀਬੀਸੀ ਨਿਊਜ਼
ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੱਖਣੀ ਭਾਰਤੀ ਵੋਟਰਾਂ ਨੂੰ ਖ਼ੁਸ਼ ਕਰਨ ਲਈ ਉੱਤਰੀ ਭਾਰਤੀ ਔਰਤਾਂ ਦੀ ਬੇਇੱਜ਼ਤੀ ਕੀਤੀ ਹੈ।
ਆਪਣੇ ਇਸ ਦਾਅਵੇ ਨੂੰ ਮਜ਼ਬੂਤੀ ਦੇਣ ਲਈ ਹਿੰਦੂਵਾਦੀ ਰੁਝਾਣ ਵਾਲੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਰਾਹੁਲ ਗਾਂਧੀ ਦਾ 15 ਸਕਿੰਟ ਦਾ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ 'ਦੱਖਣ ਭਾਰਤੀ ਔਰਤਾਂ ਦੀ ਹਾਲਤ ਕਾਫ਼ੀ ਬਿਹਤਰ ਹੈ।'
ਤਾਮਿਲਨਾਡੂ ਦੇ ਦੌਰੇ 'ਤੇ ਗਏ ਰਾਹੁਲ ਗਾਂਧੀ ਦਾ ਇਹ ਵਾਇਰਲ ਵੀਡੀਓ ਚੇਨਈ ਦੇ ਸਟੇਲਾ ਮੈਰਿਸ ਕਾਲਜ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਨਾਲ ਬੁੱਧਵਾਰ ਨੂੰ ਹੋਏ ਸੰਵਾਦ ਦਾ ਹੈ।
ਸੋਸ਼ਲ ਮੀਡੀਆ ਰਾਹੀਂ ਲੋਕ ਰਾਹੁਲ ਗਾਂਧੀ 'ਤੇ ਇਹ ਇਲਜ਼ਾਮ ਲਗਾ ਰਹੇ ਹਨ ਕਿ ਕਾਂਗਰਸ ਪ੍ਰਧਾਨ ਖ਼ੇਤਰ ਦੇ ਆਧਾਰ 'ਤੇ ਦੇਸ ਦੀ ਜਨਤਾ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।
ਪਰ ਇਹ ਸਾਰੇ ਦਾਅਵੇ ਸਾਡੀ ਪੜਤਾਲ ਵਿੱਚ ਗਲਤ ਸਾਬਿਤ ਹੋਏ ਹਨ ਕਿਉਂਕਿ ਰਾਹੁਲ ਗਾਂਧੀ ਕਾਲਜ ਦੀਆਂ ਵਿਦਿਆਰਥਣਾਂ ਨਾਲ ਦੇਸ 'ਚ ਔਰਤਾਂ ਦੇ ਹਾਲਾਤ 'ਤੇ ਚਰਚਾ ਕਰ ਰਹੇ ਸਨ। ਉੱਤਰੀ ਭਾਰਤੀ ਔਰਤਾਂ 'ਤੇ ਟਿੱਪਣੀ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਦੱਖਣੀ ਭਾਰਤ 'ਚ ਵੀ ਔਰਤਾਂ ਲਈ ਸੁਧਾਰ ਕਰਨ ਦੀ ਗੁੰਜਾਇਸ਼ ਹੈ।
ਰਾਹੁਲ ਦਾ ਬਿਆਨ
ਚੇਨਈ ਦੇ ਸਟੇਲਾ ਮੈਰਿਸ ਕਾਲਜ ਫ਼ਾਰ ਵੁਮੈਨ 'ਚ ਸੰਵਾਦ ਸਮਾਗਮ ਸ਼ੁਰੂ ਹੋਣ ਦੇ ਕਰੀਬ 20 ਮਿੰਟਾਂ ਬਾਅਦ ਇੱਕ ਵਿਦਿਆਰਥਣ ਨੇ ਰਾਹੁਲ ਗਾਂਧੀ ਨੂੰ ਸਵਾਲ ਪੁੱਛਿਆ ਸੀ ਕਿ ਭਾਰਤ 'ਚ ਔਰਤਾਂ ਦੀ ਹਾਲਤ 'ਤੇ ਅਤੇ ਉਨ੍ਹਾਂ ਦੇ ਨਾਲ ਹੋਣ ਵਾਲੇ ਭੇਦਭਾਵ 'ਤੇ ਉਨ੍ਹਾਂ ਦੀ ਕੀ ਰਾਇ ਹੈ?
ਇਸ ਸਵਾਲ ਦੇ ਜਵਾਬ 'ਚ ਰਾਹੁਲ ਗਾਂਧੀ ਨੇ ਕਿਹਾ, ''ਮੇਰਾ ਮੰਨਣਾ ਹੈ ਕਿ ਜਿਸ ਤਰ੍ਹਾਂ ਭਾਰਤੀ ਔਰਤਾਂ ਦੇ ਨਾਲ ਵਤੀਰਾ ਕੀਤਾ ਜਾਂਦਾ ਹੈ, ਉਸ 'ਚ ਕਾਫ਼ੀ ਸੁਧਾਰ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਉੱਤਰ ਭਾਰਤ ਦੇ ਮੁਕਾਬਲੇ ਦੱਖਣ ਭਾਰਤੀ ਔਰਤਾਂ ਦੀ ਹਾਲਤ ਕਾਫ਼ੀ ਬਿਹਤਰ ਹੈ।''
ਇਹ ਵੀ ਜ਼ਰੂਰ ਪੜ੍ਹੋ:
"ਜੇ ਤੁਸੀਂ ਬਿਹਾਰ ਜਾਂ ਉੱਤਰ ਪ੍ਰਦੇਸ਼ ਜਾਓਗੇ ਅਤੇ ਉੱਥੋਂ ਦੀਆਂ ਔਰਤਾਂ ਦੇ ਨਾਲ ਜਿਵੇਂ ਦਾ ਵਤੀਰਾ ਹੁੰਦਾ ਹੈ, ਉਸ ਨੂੰ ਦੇਖੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ। ਇਸ ਦੇ ਕਈ ਸੱਭਿਆਚਾਰਕ ਕਾਰਨ ਹਨ ਪਰ ਤਾਮਿਲਨਾਡੂ ਉਨ੍ਹਾਂ ਸੂਬਿਆਂ 'ਚ ਸ਼ਾਮਿਲ ਹੈ ਜਿੱਥੇ ਔਰਤਾਂ ਨਾਲ ਬਿਹਤਰ ਵਤੀਰਾ ਕੀਤਾ ਜਾਂਦਾ ਹੈ।''
ਰਾਹੁਲ ਗਾਂਧੀ ਦੀ ਇਸ ਗੱਲ 'ਤੇ ਜਦੋਂ ਸਮਾਗਮ 'ਚ ਤਾੜੀਆਂ ਵੱਜਣ ਲੱਗੀਆਂ ਤਾਂ ਉਨ੍ਹਾਂ ਨੇ ਕਿਹਾ, ''ਜ਼ਰਾ ਸੁਣੋ, ਇਸ ਤੋਂ ਪਹਿਲਾਂ ਕਿ ਤੁਸੀਂ ਮੇਰੀ ਗੱਲ ਸੁਣ ਕੇ ਖ਼ੁਸ਼ ਹੋਵੋ, ਮੈਂ ਕਹਿਣਾ ਚਾਹੁੰਦਾ ਹਾਂ ਕਿ ਤਾਮਿਲਨਾਡੂ 'ਚ ਵੀ ਔਰਤਾਂ ਲਈ ਕਾਫ਼ੀ ਸੁਧਾਰ ਦੀ ਗੁੰਜਾਇਸ਼ ਹੈ।''
ਰਾਹੁਲ ਗਾਂਧੀ ਨੇ ਕਿਹਾ, ''ਸੰਸਦ ਅਤੇ ਵਿਧਾਨਸਭਾਵਾਂ 'ਚ ਘੱਟ ਔਰਤਾਂ ਦਾ ਹੋਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਉਨ੍ਹਾਂ ਨੂੰ ਮਰਦਾਂ ਤੋਂ ਕਮਜ਼ੋਰ ਸਮਝਿਆ ਜਾ ਰਿਹਾ ਹੈ ਪਰ ਮੈਂ ਮੰਨਦਾ ਹਾਂ ਕਿ ਔਰਤਾਂ ਮਰਦਾਂ ਤੋਂ ਵੱਧ ਸਮਾਰਟ ਹੁੰਦੀਆਂ ਹਨ।''
ਕਾਲਜ ਦੇ ਇਸ ਸਮਾਗਮ 'ਚ ਰਾਹੁਲ ਗਾਂਧੀ ਨੇ ਤਿੰਨ ਵੱਡੇ ਐਲਾਨ ਕੀਤੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ 17ਵੀਂ ਲੋਕਸਭਾ ਦੇ ਪਹਿਲੇ ਸੈਸ਼ਨ 'ਚ ਸੰਸਦ ਅਤੇ ਸੂਬਿਆਂ ਦੀਆਂ ਵਿਧਾਨਸਭਾਵਾਂ 'ਚ ਔਰਤਾਂ ਲਈ 33 ਫ਼ੀਸਦੀ ਸੀਟਾਂ ਰਾਖਵੀਆਂ ਕਰਨ ਵਾਲਾ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰੇਗੀ।
ਇਸ ਦੇ ਨਾਲ ਹੀ ਰਾਹੁਲ ਨੇ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਬਣੀ ਤਾਂ ਕੇਂਦਰ ਸਰਕਾਰ, ਕੇਂਦਰੀ ਸਰਕਾਰੀ ਸੰਗਠਨਾਂ ਅਤੇ ਜਨਤੱਕ ਖ਼ੇਤਰ ਦੇ ਕੇਂਦਰੀ ਅਦਾਰਿਆਂ 'ਚ ਸਾਰੇ ਅਹੁਦਿਆਂ ਦਾ 33 ਫ਼ੀਸਦੀ ਔਰਤਾਂ ਲਈ ਰਾਖਵਾਂ ਕੀਤਾ ਜਾਵੇਗਾ। 2023-24 ਤੱਕ ਸਿੱਖਿਆ ਦੇ ਖ਼ਰਚ ਨੂੰ ਜੀਡੀਪੀ ਜੇ 6 ਫ਼ੀਸਦੀ ਤੱਕ ਕੀਤਾ ਜਾਵੇਗਾ।
ਯੂਪੀ-ਬਿਹਾਰ 'ਤੇ ਗ਼ਲਤ ਸੀ ਰਾਹੁਲ?
ਰਾਹੁਲ ਗਾਂਧੀ ਨੇ ਭਾਰਤ ਦੇ ਦੱਖਣੀ ਸੂਬਿਆਂ ਨਾਲ ਤੁਲਨਾ ਕਰਦੇ ਹੋਏ ਬਿਹਾਰ ਅਤੇ ਯੂਪੀ ਲਈ ਜੋ ਕਿਹਾ ਉਹ ਤੱਥਾਂ ਦੇ ਆਧਾਰ 'ਤੇ ਸਹੀ ਹੈ।
ਸੰਯੁਕਤ ਰਾਸ਼ਟਰ ਦੇ ਮਨੁੱਖੀ ਵਿਕਾਸ ਇੰਡੈਕਸ, 2017 ਅਨੁਸਾਰ ਕੇਰਲ, ਪੌਂਡੀਚੈਰੀ, ਦਿੱਲੀ, ਤਾਮਿਲਨਾਡੁ, ਕਰਨਾਟਕ, ਆਂਧਰ ਪ੍ਰਦੇਸ਼, ਤੇਲੰਗਾਨਾ ਦੇ ਮੁਕਾਬਲੇ 'ਚ ਉੱਤਰ ਪ੍ਰਦੇਸ਼, ਬਿਹਾਰ-ਝਾਰਖੰਡ, ਮੱਧ ਪ੍ਰਦੇਸ਼ ਦੀ ਹਾਲਤ ਕਾਫ਼ੀ ਖ਼ਰਾਬ ਹੈ।
ਦੂਜੇ ਪਾਸੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਸਭ ਤੋਂ ਤਾਜ਼ਾ ਰਿਪੋਰਟ ਦੇ ਅਨੁਸਾਰ ਬਿਹਾਰ ਅਤੇ ਯੂਪੀ 'ਚ ਔਰਤਾਂ ਦੇ ਨਾਲ ਦਾਜ ਲਈ ਸ਼ੋਸ਼ਣ, ਹਿੰਸਾ ਅਤੇ ਦੁਰਵਿਹਾਰ ਦੇ ਮਾਮਲੇ ਦੱਖਣ ਭਾਰਤੀ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਦਰਜ ਕੀਤੇ ਗਏ ਸਨ।
ਤੁਹਾਨੂੰ ਇਹ ਵੀਡੀਓਜ਼ ਵੀਪਸੰਦਆ ਸਕਦੀਆਂ ਹਨ: