You’re viewing a text-only version of this website that uses less data. View the main version of the website including all images and videos.
ਸ਼ਰਦ ਪਵਾਰ ਨੂੰ ਸਭ ਤੋਂ 'ਭ੍ਰਿਸ਼ਟ ਨੇਤਾ' ਕਿਸ ਨੇ ਬਣਾਇਆ? - ਫੈਕਟ ਚੈੱਕ
- ਲੇਖਕ, ਫ਼ੈਕਟ ਚੈੱਕ ਟੀਮ
- ਰੋਲ, ਬੀਬੀਸੀ ਨਿਊਜ਼
ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨਾਲ ਜੁੜਿਆ ਇੱਕ ਗ਼ਲਤ ਸਕ੍ਰੀਨਸ਼ਾਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਦਿਖਦਾ ਹੈ ਕਿ 'ਵਿਕੀਪੀਡੀਆ ਮੁਤਾਬਕ ਸ਼ਰਦ ਪਵਾਰ ਦੇਸ ਦੇ ਸਭ ਤੋਂ ਭ੍ਰਿਸ਼ਟ ਨੇਤਾ ਹਨ'।
ਸੱਜੇਪੱਖੀ ਰੁਝਾਨ ਵਾਲੇ ਫੇਸਬੁੱਕ ਗਰੁੱਪ ਵਿੱਚ ਅਤੇ ਸ਼ੇਅਰ ਚੈਟ 'ਤੇ ਇਸ ਸਕ੍ਰੀਨਸ਼ਾਟ ਨੂੰ ਸੈਂਕੜੇ ਵਾਰ ਸ਼ੇਅਰ ਕੀਤਾ ਗਿਆ ਹੈ।
ਇਸ ਵਾਇਰਲ ਸਕ੍ਰੀਨਸ਼ਾਟ ਵਿੱਚ ਐਨਸੀਪੀ ਨੇਤਾ ਸ਼ਰਦ ਪਵਾਰ ਦੇ ਵਿਕੀਪੀਡੀਆ ਪੇਜ ਦਾ ਬਿਓਰਾ ਦਿਖਾਈ ਦਿੰਦਾ ਹੈ।
ਇਸ ਵਿੱਚ ਲਿਖਿਆ ਹੈ, "ਸ਼ਰਦ ਗੋਵਿੰਦਰਾਓ ਪਵਾਰ ਭਾਰਤੀ ਸਿਆਸਤ ਵਿੱਚ ਸਭ ਤੋਂ ਭ੍ਰਿਸ਼ਟ ਨੇਤਾ ਹਨ। ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ ਸਾਲ 1999 ਵਿੱਚ ਐਨਸੀਪੀ ਦਾ ਗਠਨ ਕੀਤਾ ਸੀ।"
ਵਿਕੀਪੀਡੀਆ ਇੱਕ ਅਜਿਹਾ ਇੰਟਰਨੈੱਟ ਪਲੇਟਫਾਰਮ ਹੈ ਜਿੱਥੇ ਚਰਚਿਤ ਚਿਹਰੇ, ਪ੍ਰਸਿੱਧ ਥਾਵਾਂ, ਦੇਸਾਂ ਅਤੇ ਵੱਡੇ ਮੁੱਦਿਆਂ ਨਾਲ ਜੁੜੇ ਬਲਾਗ ਮੁਹੱਈਆ ਹਨ।
ਇਹ ਵੀ ਪੜ੍ਹੋ:
ਪਰ ਵਿਕੀਪੀਡੀਆ 'ਤੇ ਫੇਸਬੁੱਕ ਅਤੇ ਟਵਿੱਟਰ ਦੀ ਤਰ੍ਹਾਂ ਅਕਾਊਂਟ ਬਣਾਇਆ ਜਾ ਸਕਦਾ ਹੈ ਅਤੇ ਜਿਨ੍ਹਾਂ ਲੋਕਾਂ ਦਾ ਅਕਾਊਂਟ ਵਿਕੀਪੀਡੀਆ 'ਤੇ ਹੈ ਉਹ ਇਸ ਪਲੇਟਫਾਰਮ 'ਤੇ ਮੌਜੂਦ ਜਾਣਕਾਰੀ ਨੂੰ ਐਡਿਟ ਕਰ ਸਕਦੇ ਹਨ।
ਇੰਟਰਨੈੱਟ ਆਰਕਾਈਵ ਦੇਖ ਕੇ ਅਸੀਂ ਪਤਾ ਲਗਾਇਆ ਕਿ 26 ਮਾਰਚ ਨੂੰ ਸ਼ਰਦ ਪਵਾਰ ਦੇ ਵਿਕੀਪੀਡੀਆ ਪੇਜ 'ਤੇ ਇਹ ਗੱਲ ਲਿਖੀ ਹੋਈ ਦਿਖਾਈ ਦੇ ਰਹੀ ਸੀ ਉਹ ਸਭ ਤੋਂ 'ਭ੍ਰਿਸ਼ਟ ਨੇਤਾ' ਹਨ। ਹਾਲਾਂਕਿ ਉਨ੍ਹਾਂ ਦੇ ਪੇਜ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ।
ਪਰ ਇਹ ਕਦੋਂ ਹੋਇਆ ਤੇ ਸ਼ਰਦ ਪਵਾਰ ਦੇ ਵਿਕੀਪੀਡੀਆ ਪੇਜ ਵਿੱਚ ਕਿੰਨੇ ਬਦਲਾਅ ਕੀਤੇ ਗਏ? ਇਸਦੀ ਵੀ ਅਸੀਂ ਪੜਤਾਲ ਕੀਤੀ।
ਕਦੋਂ ਕੀ ਹੋਇਆ?
26 ਮਾਰਚ ਨੂੰ ਤੜਕੇ 'OSZP' ਨਾਮ ਦੇ ਕਿਸੇ ਵਿਕੀਪੀਡੀਆ ਯੂਜ਼ਰ ਨੇ ਸ਼ਰਦ ਪਵਾਰ ਨੂੰ ਇੰਟਰੋ ਵਿੱਚ ਜੋੜਿਆ ਕਿ ਉਹ ਸਭ ਤੋਂ ਪੰਸਦੀਦਾ ਲੀਡਰ ਹਨ। ਪਰ 'Larry Hocket' ਨਾਮ ਦੇ ਕਿਸੇ ਹੋਰ ਯੂਜ਼ਰ ਨੇ ਕੁਝ ਹੀ ਘੰਟਿਆ ਵਿੱਚ ਇਸ ਨੂੰ ਸ਼ਰਦ ਪਵਾਰ ਦੇ ਵਿਕੀਪੀਡੀਆ ਪੇਜ ਤੋਂ ਹਟਾ ਦਿੱਤਾ।
ਇਹ ਵੀ ਪੜ੍ਹੋ:
ਫਿਰ ਕਰੀਬ ਸਾਢੇ 8 ਵਜੇ 'Vivek140798' ਨਾਮ ਦੇ ਇੱਕ ਯੂਜ਼ਰ ਨੇ ਲਿਖਿਆ ਕਿ ਸ਼ਰਦ ਪਵਾਰ 'ਸਭ ਤੋਂ ਹੁਨਰਮੰਦ' ਨੇਤਾਵਾਂ ਵਿੱਚੋਂ ਇੱਕ ਹਨ, ਜਿਸ ਨੂੰ ਕੁਝ ਹੀ ਦੇਰ ਬਾਅਦ ਹਟਾ ਲਿਆ ਗਿਆ।
ਪਰ ਕੁਝ ਹੀ ਦੇਰ ਬਾਅਦ ਇਸੇ ਯੂਜ਼ਰ ਨੇ ਸ਼ਰਦ ਪਵਾਰ ਦੇ ਪੇਜ 'ਤੇ ਉਨ੍ਹਾਂ ਨਾਲ ਜੁੜੇ ਰਹੇ ਵਿਵਾਦਾਂ ਦੇ ਕਈ ਵਿਸ਼ੇ ਸਾਫ਼ ਕਰ ਦਿੱਤੇ। ਫਿਲਹਾਲ ਇਨ੍ਹਾਂ ਨੂੰ ਸ਼ਰਦ ਪਵਾਰ ਦੇ ਪੇਜ 'ਤੇ ਜਿਵੇਂ ਇਹ ਸਨ, ਉਂਝ ਹੀ ਵੇਖਿਆ ਜਾ ਸਕਦਾ ਹੈ।
ਵਿਕੀਪੀਡੀਆ ਦੇ ਐਡਿਟ ਆਰਕਾਈਵ ਤੋਂ ਪਤਾ ਚਲਦਾ ਹੈ ਕਿ 26 ਮਾਰਚ ਨੂੰ ਇਹ ਦੋ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਅਤੇ ਵਿਕੀਪੀਡੀਆ 'ਤੇ ਐਨਸੀਪੀ ਨੇਤਾ ਦੀ ਚੰਗੀ ਇਮੇਜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਪਰ 10 ਵਜੇ ਦੇ ਕਰੀਬ ਉਨ੍ਹਾਂ ਦੀ ਪਾਰਟੀ ਦਾ ਨਾਮ ਕਿਸੇ ਯੂਜ਼ਰ ਨੇ 'ਨੈਸ਼ਨਲ ਕਾਂਗਰਸ ਪਾਰਟੀ' ਤੋਂ ਬਦਲ ਕੇ 'ਨੈਸ਼ਨਲ ਕਰਪਟ ਪਾਰਟੀ' ਕਰ ਦਿੱਤਾ।
ਇਸ ਤੋਂ ਇੱਕ ਘੰਟੇ ਬਾਅਦ ਉਨ੍ਹਾਂ ਦੇ ਬਿਓਰੇ ਵਿੱਚ 'ਸਭ ਤੋਂ ਭ੍ਰਿਸ਼ਟ ਨੇਤਾ' ਜੋੜ ਦਿੱਤਾ ਗਿਆ। ਇਹ ਠੀਕ ਉਸੇ ਥਾਂ ਜੋੜ ਦਿੱਤਾ ਗਿਆ ਜਿੱਥੇ ਪਹਿਲਾਂ 'OSZP' ਨਾਮ ਦੇ ਯੂਜ਼ਰ ਨੇ ਸ਼ਰਦ ਪਵਾਰ ਲਈ ਸਭ ਤੋਂ ਪੰਸਦੀਦਾ ਲਿਖਿਆ ਸੀ।
ਇਹ ਹੋਇਆ ਕਿਵੇਂ?
ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਲਈ ਵਿਕੀਪੀਡੀਆ ਨੂੰ ਸੂਚਨਾ ਹਾਸਲ ਕਰਨ ਦਾ ਸਭ ਤੋਂ ਸੋਖਾ ਜ਼ਰੀਏ ਮੰਨਿਆ ਜਾਂਦਾ ਹੈ।
ਗੂਗਲ 'ਤੇ ਲੋਕਾਂ ਜਾਂ ਥਾਵਾਂ ਬਾਰੇ ਸਰਚ ਕਰਨ 'ਤੇ ਜ਼ਿਆਦਾਤਰ ਨਤੀਜੇ ਵਿਕੀਪੀਡੀਆ ਦੇ ਪੇਜਾਂ ਨਾਲ ਆਉਂਦੇ ਹਨ।
ਪਰ ਵਿਕੀਪੀਡੀਆ ਵਿੱਚ ਆਮ ਯੂਜ਼ਰਜ਼ ਵੱਲੋਂ ਕੀਤੀ ਜਾਣ ਵਾਲੀ ਐਡੀਟਿੰਗ ਨਾਲ ਗ਼ਲਤ ਸੂਚਨਾਵਾਂ ਦੇ ਫੈਲਣ ਦਾ ਖਤਰਾ ਵੀ ਕਾਫ਼ੀ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ:
ਫਿਲਹਾਲ, ਸ਼ਰਦ ਪਵਾਰ ਦੇ ਪੇਜ 'ਤੇ ਵਿਕੀਪੀਡੀਆ ਨੇ ਐਡੀਟਿੰਗ ਬਲਾਕ ਕਰ ਦਿੱਤੀ ਹੈ ਅਤੇ ਇਸ ਵਿੱਚ ਹੁਣ ਸਿਰਫ਼ ਵਿਕੀਪੀਡੀਆ ਦੇ ਜ਼ਿੰਮੇਦਾਰ ਯੂਜ਼ਰ ਹੀ ਬਦਲਾਅ ਕਰ ਸਕਣਗੇ।
ਇਸ ਬਾਰੇ ਐਨਸੀਪੀ ਦੇ ਕੌਮੀ ਬੁਲਾਰੇ ਨਵਾਬ ਮਲਿਕ ਨੇ ਬੀਬੀਸੀ ਨੂੰ ਕਿਹਾ, "ਅਸੀਂ ਪੁਲਿਸ ਨੂੰ ਇਸਦੀ ਸ਼ਿਕਾਇਤ ਕੀਤੀ ਹੈ। ਅਸੀਂ ਚਾਹੁੰਦੇ ਹਾਂ ਕਿ ਪੁਲਿਸ ਇਸਦੀ ਪੜਤਾਲ ਕਰੇ ਕਿ ਕਿਹੜੇ ਲੋਕਾਂ ਨੇ ਸ਼ਰਦ ਪਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।"
ਐਨਸੀਪੀ ਮੁਖੀ ਸ਼ਰਦ ਪਵਾਰ ਹਾਲ ਹੀ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਨਾ ਲਡਨ ਦਾ ਐਲਾਨ ਕਰਨ ਕਰਕੇ ਸੁਰਖ਼ੀਆਂ ਵਿੱਚ ਆਏ ਹਨ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ