You’re viewing a text-only version of this website that uses less data. View the main version of the website including all images and videos.
LEO ਸੈਟਲਾਈਟ ਨੂੰ ਭਾਰਤ ਵੱਲੋਂ ਮਾਰ ਸੁੱਟਣ ਦੇ ਤਜਰਬੇ ਦਾ ਕੀ ਹੈ ਮਤਲਬ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਨੂੰ ਸੰਬੋਧਨ ਦੌਰਾਨ ਐਲਾਨ ਕੀਤਾ ਕਿ ਭਾਰਤ ਪੁਲਾੜ ਦੇ ਖੇਤਰ ਵਿੱਚ ਦੁਨੀਆਂ ਦੀ ਚੌਥੀ ਮਹਾਸ਼ਕਤੀ ਬਣ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, "ਕੁਝ ਹੀ ਵਕਤ ਪਹਿਲਾਂ ਭਾਰਤ ਨੇ ਇੱਕ ਬੇਮਿਸਾਲ ਪ੍ਰਾਪਤੀ ਕੀਤੀ ਹੈ। ਭਾਰਤ ਨੇ ਆਪਣਾ ਨਾਂ ਪੁਲਾੜ ਮਹਾਂਸ਼ਕਤੀ ਦੇ ਰੂਪ ਵਿੱਚ ਦਰਜ ਕਰ ਲਿਆ ਹੈ। ਦੁਨੀਆਂ ਦੇ ਤਿੰਨ ਦੇਸ ਅਮਰੀਕਾ, ਰੂਸ ਅਤੇ ਚੀਨ ਨੂੰ ਹੀ ਇਹ ਉਪਲਬਧੀ ਹਾਸਿਲ ਸੀ। ਹੁਣ ਇਸ ਕਤਾਰ ਵਿੱਚ ਭਾਰਤ ਵੀ ਸ਼ਾਮਿਲ ਹੋ ਗਿਆ ਹੈ।"
"ਪੁਲਾੜ ਵਿੱਚ 300 ਕਿਲੋਮੀਟਰ ਦੂਰ ਲੋ ਅਰਥ ਆਰਬਿਟ (ਏਐੱਈਓ) ਸੈਟਲਾਈਟ ਨੂੰ ਮਾਰ ਸੁੱਟਿਆ ਹੈ। ਇਹ ਇੱਕ ਪਹਿਲਾਂ ਤੋਂ ਤੈਅ ਨਿਸ਼ਾਨਾ ਸੀ ਅਤੇ ਤਿੰਨ ਮਿੰਟਾਂ ਵਿੱਚ ਹੀ ਇਸ ਨੂੰ ਹਾਸਲ ਕਰ ਲਿਆ ਗਿਆ।"
"ਮਿਸ਼ਨ ਸ਼ਕਤੀ, ਇਹ ਇੱਕ ਬਹੁਤ ਮੁਸ਼ਕਿਲ ਆਪ੍ਰੇਸ਼ਨ ਸੀ ਜਿਸ ਨੂੰ ਅਸੀਂ ਹਾਸਲ ਕੀਤਾ ਹੈ। ਅਸੀਂ ਇਸ ਲਈ ਆਪਣੇ ਵਿਗਿਆਨੀਆਂ ਨੂੰ ਵਧਾਈ ਦਿੰਦੇ ਹਾਂ।"
"ਪੁਲਾੜ ਅੱਜ ਸਾਡੀ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਬਣ ਗਿਆ ਹੈ। ਅੱਜ ਸਾਡੇ ਕੋਲ ਵੱਖ-ਵੱਖ ਸੈਟਲਾਈਟ ਹਨ ਅਤੇ ਇਹ ਦੇਸ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ।"
“ਸ਼ਕਤੀ ਮਿਸ਼ਨ ਨੂੰ ਡੀਆਰਡੀਓ ਨੇ ਅੰਜਾਮ ਦਿੱਤਾ ਹੈ ਅਤੇ ਇਸ ਦੇ ਲਈ ਡੀਆਰਡੀਓ ਨੂੰ ਵਧਾਈ ਦਿੰਦਾ ਹਾਂ।”
ਪ੍ਰਧਾਨ ਮੰਤਰੀ ਦੇ ਐਲਾਨ ਦਾ ਕੀ ਹੈ ਮਤਲਬ- ਬੀਬੀਸੀ ਦੇ ਡਿਫੈਂਸ ਪੱਤਰਕਾਰ ਜੌਨਾਥਨ ਮਾਰਕੁਸ ਮੁਤਾਬਕ
ਪ੍ਰਮੁੱਖ ਸ਼ਕਤੀਆਂ ਆਪਣੇ ਬਹੁਤ ਸਾਰੇ ਫੌਜੀ ਅਤੇ ਸਿਵਲ ਮੰਤਵਾਂ ਲਈ ਸੈਟਲਾਈਟਾਂ ਤੇ ਨਿਰਭਰ ਹਨ, ਜਿਵੇਂ- ਨੈਵੀਗੇਸ਼ਨ, ਇੰਟੈਲੀਜੈਂਸ ਗੈਦਰਿੰਗ ਤੇ ਨਿਗਰਾਨੀ; ਸੰਚਾਰ ਆਦਿ। ਭਾਰਤ ਇਸ ਯੋਗਤਾ ਦਾ ਪ੍ਰਦਰਸ਼ਨ ਕਰਕੇ ਹੁਣ ਪੁਲਾੜ ਮਹਾਂਸ਼ਕਤੀਆਂ ਦੇ ਛੋਟੇ ਜਿਹੇ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ।
ਇਹ ਪੁਲਾੜ ਦੇ ਫੌਜੀਕਰਨ ਦਾ ਵੱਲ ਇੱਕ ਹੋਰ ਕਦਮ ਹੈ। ਟਰੰਪ ਅਮਰੀਕਾ ਦੀ ਮੌਜੂਦਾ ਫੌਜ ਦੇ ਨਾਲ ਇੱਕ ਵੱਖਰੀ ਪੁਲਾੜੀ ਫੌਜ ਬਣਾਉਣ ਦੀ ਗੱਲ ਕਰ ਚੁੱਕੇ ਹਨ।
ਇਸ ਖ਼ਬਰ ਤੋਂ ਬਾਅਦ ਹਥਿਆਰਾਂ ਦੇ ਪਸਾਰ ਨੂੰ ਕਾਬੂ ਵਿੱਚ ਰੱਖਣ ਦੀ ਵਕਾਲਤ ਕਰਨ ਵਾਲਿਆਂ ਦੇ ਪ੍ਰਤੀਕਰਮ ਵੀ ਆਉਣਗੇ ਪਰ ਪੁਲਾੜ ਦੇ ਫੌਜੀਕਰਨ ਦਾ ਜਿੰਨ ਨਿਸ਼ਚਿਤ ਹੀ ਚਿਰਾਗ ਵਿੱਚ ਬਾਹਰ ਆ ਚੁੱਕਿਆ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਉਪਲਬਧੀ ਨਾਲ ਭਾਰਤ ਨੂੰ ਪੁਲਾੜ ਰੱਖਿਆ ਦੀ ਤਾਕਤ ਮਿਲ ਗਈ ਹੈ। ਜੇ ਕੋਈ ਭਾਰਤ ਦੇ ਸੈਟਲਾਈਟ ਨੂੰ ਨਸ਼ਟ ਕਰਦਾ ਹੈ ਤਾਂ ਭਾਰਤ ਵੀ ਅਜਿਹਾ ਕਰ ਸਕਦਾ ਹੈ।
ਇਹ ਵੀ ਪੜ੍ਹੋ:
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਉਹ ਦੇਸ ਨੂੰ ਸੰਬੋਧਨ ਕਰਨਗੇ ਅੱਤ ਇੱਕ ਅਹਿਮ ਸੰਦੇਸ਼ ਦੇਣਗੇ।
ਇਸ ਤੋਂ ਪਹਿਲਾਂ ਕੇਂਦਰੀ ਕੈਬਨਿਟ ਦੀ ਸੁਰੱਖਿਆ ਮਾਮਲੇ ਉੱਤੇ ਵਿਸ਼ੇਸ਼ ਬੈਠਕ ਹੋਈ ਹੈ। ਜਿਸ ਤੋਂ ਇਹ ਅੰਦਾਜ਼ਾ ਲਾਏ ਜਾ ਰਹੇ ਹਨ ਕਿ ਉਹ ਸੁਰੱਖਿਆ ਨਾਲ ਜੁੜੇ ਮਾਮਲੇ ਉੱਤੇ ਕੋਈ ਅਹਿਮ ਐਲਾਨ ਕਰ ਸਕਦੇ ਹਨ।
ਵਿਰੋਧੀ ਧਿਰ ਦੀ ਪ੍ਰਤੀਕਿਰਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਐਲਾਨ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ," ਬਹੁਤ ਵਧੀਆ ਡੀਆਰਡੀਓ, ਤੁਹਾਡੇ ਕੰਮ ਤੇ ਮਾਣ ਹੈ।
ਇਸ ਤੋਂ ਇਲਾਵਾ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ਵ ਰੰਗਮੰਚ ਦਿਹਾੜੇ ਦੀਆਂ ਮੁਬਾਰਕਾਂ ਦੇਣੀਆਂ ਚਾਹਾਂਗਾ।"
ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਵੀ ਡੀਆਰਡੀਓ ਨੂੰ ਵਧਾਈ ਦਿੱਤੀ। ਉਨ੍ਹਾਂ ਇਸ ਯੋਜਨਾ ਨੂੰ ਯੂਪੀਏ-2 ਵੱਲੋਂ ਸ਼ੁਰੂ ਕੀਤੀ ਗਈ ਦੱਸਿਆ।
ਉਨ੍ਹਾਂ ਲਿਖਿਆ, ਡੀਆਰਡੀਓ ਨੂੰ ਇਸ ਸਫ਼ਲਤਾ ਲਈ ਬਹੁਤ ਵਧਾਈ ਹੋਵੇ। ਇਸ ਮਿਸ਼ਨ ਦੀ ਨੀਂਹ ਯੂਪੀਏ-ਕਾਂਗਰਸ ਸਰਕਾਰ ਸਮੇਂ 2012 ਵਿੱਚ ਰੱਖੀ ਗਈ ਸੀ। ਸਪੇਸ ਟੈਕਨੌਲਜੀ ਦੇ ਮਾਮਲੇ ਵਿੱਚ ਭਾਰਤ ਪਹਿਲੇ ਸਥਾਨ 'ਤੇ ਰਿਹਾ ਹੈ ਜਿਸ ਲਈ ਪੰਡਿਤ ਨਹਿਰੂ ਅਤੇ ਵਿਕਰਮ ਸਾਰਾਭਾਈ ਦੇ ਵਿਜ਼ਨ ਨੂੰ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ।"
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਟਵੀਟ ਕੀਤਾ, "ਅੱਜ ਨਰਿੰਦਰ ਮੋਦੀ ਨੇ ਆਪਣੇ-ਆਪ ਨੂੰ ਇੱਕ ਘੰਟੇ ਤੱਕ ਟੀਵੀ ਮੀਡੀਆ ਦਾ ਕੇਂਦਰ ਬਣਾਈ ਰੱਖਿਆ ਅਤੇ ਦੇਸ ਦਾ ਧਿਆਨ ਬੇਰੁਜ਼ਗਾਰੀ, ਪੇਂਡੂ ਸੰਕਟ ਅਤੇ ਮਹਿਲਾ ਸੁਰੱਖਿਆ ਵਰਗੇ ਮਸਲਿਆਂ ਤੋਂ ਲਾਂਭੇ ਕਰਕੇ ਆਸਮਾਨ ਵੱਲ ਦੇਖਣ ਦੀ ਗੱਲ ਕੀਤੀ। ਡੀਆਰਡੀਓ ਅਤੇ ਇਸਰੋ ਨੂੰ ਬਹੁਤ ਵਧਾਈ। ਉਹ ਇਸ ਕਾਮਯਾਬੀ ਦੇ ਅਸਲੀ ਹੱਕਦਾਰ ਹਨ। ਭਾਰਤ ਨੂੰ ਸੁਰੱਖਿਅਤ ਬਣਾਉਣ ਲਈ ਬਹੁਤ ਬਹੁਤ ਸ਼ੁਕਰੀਆ।"
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: