You’re viewing a text-only version of this website that uses less data. View the main version of the website including all images and videos.
IPL 2019 : ਮੁੰਡੇ ਪਟਿਆਲੇ ਦੇ ਧਮਾਲਾਂ ਪਾਉਣ ਨੂੰ ਤਿਆਰ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਮੁੰਡੇ ਇਸ ਵਾਰ IPL ਵਿੱਚ ਧਮਾਲਾਂ ਪਾਉਣ ਲਈ ਤਿਆਰ ਹਨ।
ਇੱਥੋਂ ਦੀ ਮਕਬੂਲ ਜੁੱਤੀ, ਪਟਿਆਲਾ ਪੈੱਗ ਅਤੇ ਪਟਿਆਲਾ ਸਲਵਾਰ ਤਾਂ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੈ। ਪਰ ਹੁਣ ਖੇਡਾਂ ਵਿੱਚ ਵੀ, ਖ਼ਾਸ ਤੌਰ 'ਤੇ ਕ੍ਰਿਕਟ ਨੂੰ ਲੈ ਕੇ ਸ਼ਾਹੀ ਸ਼ਹਿਰ ਦੇ 4 ਗੱਭਰੂ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
23 ਮਾਰਚ ਤੋਂ ਸ਼ੁਰੂ ਹੋਈ ਇੰਡੀਅਨ ਕ੍ਰਿਕਟ ਪ੍ਰੀਮੀਅਰ ਲੀਗ (IPL) ਵਿੱਚ ਪਟਿਆਲਾ ਦੇ ਦੋ ਭਰਾਵਾਂ ਸਣੇ ਚਾਰ ਨੌਜਵਾਨ ਵੱਖ-ਵੱਖ IPL ਟੀਮਾਂ ਵੱਲੋਂ ਖੇਡਣਗੇ।
ਜੋੜੀ ਭਰਾਵਾਂ ਦੀ - ਪ੍ਰਭਸਿਮਰਨ ਅਤੇ ਅਨਮੋਲਪ੍ਰੀਤ ਸਿੰਘ
20 ਸਾਲਾ ਅਨਮੋਲਪ੍ਰੀਤ ਸਿੰਘ ਅਤੇ 18 ਸਾਲ ਦੇ ਪ੍ਰਭਸਿਮਰਨ ਸਿੰਘ, ਇਹ ਦੋਵੇਂ ਭਰਾ ਦੋ ਵੱਖ-ਵੱਖ ਟੀਮਾਂ ਵਿੱਚ ਹਨ ਅਤੇ ਇੱਕ ਦੂਜੇ ਦੇ ਖ਼ਿਲਾਫ਼ ਭਿੜਨਗੇ।
ਪਟਿਆਲਾ ਦੇ ਆਮ ਪਰਿਵਾਰ ਵਿਚ ਜੰਮੇਂ ਦੋਵਾਂ ਭਰਾਵਾਂ ਨੂੰ ਪਹਿਲੀ ਵਾਰ ਇਸ ਚਕਾਚੌਂਧ ਵਾਲੀ ਖੇਡ ਵਿਚ ਆਪਣਾ ਜੌਹਰ ਦਿਖਾਉਣ ਦਾ ਮੌਕਾ ਮਿਲੇਗਾ।
ਦੋਵੇਂ ਬੱਲੇਬਾਜ਼ਾਂ ਦੇ ਖੇਡਣ ਦੇ ਤਰੀਕੇ ਇੱਕ ਦੂਜੇ ਤੋ ਪੂਰੀ ਤਰ੍ਹਾਂ ਅਲਹਿਦਾ ਹਨ।
ਅਨਮੋਲ ਕਰੀਜ਼ ਉੱਤੇ ਟਿੱਕ ਕੇ ਖੇਡਣਾ ਪਸੰਦ ਕਰਦਾ ਹੈ ਤਾਂ ਪ੍ਰਭਸਿਮਰਨ ਪਹਿਲੀ ਗੇਂਦ ਉੱਤੇ ਹੀ ਚੌਕੇ-ਛੱਕੇ ਲਗਾਉਣ ਵਿਚ ਵਿਸ਼ਵਾਸ ਰੱਖਦਾ ਹੈ।
ਅਨਮੋਲ ਨੂੰ ਮੁੰਬਈ ਇੰਡੀਅਨ ਦੀ ਟੀਮ ਨੇ 80 ਲੱਖ ਰੁਪਏ ਵਿਚ ਖ਼ਰੀਦਿਆ ਹੈ। ਪਿਛਲੇ ਸਾਲ ਅਨਮੋਲ ਨੇ ਰਣਜੀ ਟਰਾਫ਼ੀ ਵਿਚ ਪੰਜਾਬ ਦੀ ਟੀਮ ਵੱਲੋਂ ਸਭ ਤੋ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਦਾ ਮਾਣ ਹਾਸਲ ਕਰ ਕੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਸੀ।
ਦੂਜੇ ਪਾਸੇ ਪ੍ਰਭਸਿਮਰਨ ਸਿੰਘ ਉਸ ਵੇਲੇ ਸੁਰਖ਼ੀਆਂ ਵਿਚ ਆਇਆ ਜਦੋਂ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਉਸ ਨੂੰ 4 ਕਰੋੜ 80 ਲੱਖ ਰੁਪਏ ਵਿਚ ਖ਼ਰੀਦਿਆ।
ਪ੍ਰਭਸਿਮਰਨ ਦੀ ਬੱਲੇਬਾਜ਼ੀ ਦੇ ਸਟਾਈਲ ਦੀ ਚਰਚਾ ਹੋਈ। ਦਰਅਸਲ ਉਸ ਨੇ ਅੰਡਰ 23 ਟੂਰਨਾਮੈਂਟ ਵਿਚ 301 ਗੇਂਦਾਂ ਵਿਚ 298 ਦੌੜਾਂ ਬਣਾਈਆਂ ਸਨ ਜਿਸ ਵਿਚ 13 ਛੱਕੇ ਸ਼ਾਮਲ ਸਨ।
ਇਸ ਸੁਪਰ ਬੱਲੇਬਾਜ਼ੀ ਤੋਂ ਬਾਅਦ ਪ੍ਰਭਸਿਮਰਨ ਰਾਤੋਂ-ਰਾਤ ਸਟਾਰ ਬਣ ਗਿਆ। ਉਸ ਨੂੰ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ IPL ਮੈਚਾਂ ਲਈ ਕਰੋੜਾਂ ਦੀ ਕੀਮਤ ਤਾਰ ਕੇ ਆਪਣੀ ਟੀਮ ਵਿਚ ਸ਼ਾਮਲ ਕੀਤਾ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਪ੍ਰਭਸਿਮਰਨ ਨੇ ਕਿਹਾ ਕਿ ਉਸ ਦੀ ਕਾਮਯਾਬੀ ਵਿਚ ਪਟਿਆਲਾ ਸ਼ਹਿਰ ਦਾ ਅਹਿਮ ਯੋਗਦਾਨ ਹੈ।
ਉਨ੍ਹਾਂ ਕਿਹਾ, ''ਸ਼ਹਿਰ ਵਿਚ ਚੰਗੇ ਕੋਚ ਦੇ ਨਾਲ-ਨਾਲ ਖੇਡਾਂ ਨਾਲ ਜੁੜੀਆਂ ਹੋਰ ਸਹੂਲਤਾਂ ਹਨ।''
ਇਹ ਵੀ ਜ਼ਰੂਰ ਪੜ੍ਹੋ:
ਸੰਦੀਪ ਸ਼ਰਮਾ
IPL ਲਈ ਚੁਣਿਆ ਗਿਆ 25 ਸਾਲ ਦਾ ਸੰਦੀਪ ਸ਼ਰਮਾ ਪਟਿਆਲਾ ਦੇ ਹੋਰਨਾਂ ਖਿਡਾਰੀਆਂ ਵਿੱਚੋਂ ਸਭ ਤੋਂ ਸੀਨੀਅਰ ਹੈ।
ਸੰਦੀਪ ਭਾਰਤ ਦੀ ਕੌਮੀ ਟੀਮ ਵਿੱਚ ਵੀ ਖੇਡ ਚੁੱਕਾ ਹੈ।
ਤੇਜ਼ ਗੇਂਦਬਾਜ਼ੀ ਲਈ ਮਸ਼ਹੂਰ ਸੰਦੀਪ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡਦਾ ਰਿਹਾ ਹੈ ਪਰ ਪਿਛਲੇ ਸਾਲ ਸਨ ਰਾਈਜ਼ਰ ਹੈਦਰਾਬਾਦ ਦੀ ਟੀਮ ਨੇ ਉਸ ਨੂੰ ਤਿੰਨ ਕਰੋੜ ਰੁਪਏ ਵਿਚ ਖ਼ਰੀਦ ਲਿਆ।
ਮਯੰਕ ਮਾਰਕੰਡੇ
21 ਸਾਲ ਦਾ ਮਯੰਕ ਮਾਰਕੰਡੇ ਪਿਛਲੇ ਸਾਲ ਮੁੰਬਈ ਇੰਡੀਅਨ ਵੱਲੋਂ ਆਪਣੇ ਆਈਪੀਐਲ ਕਰੀਅਰ ਦੀ ਸ਼ੁਰੂਆਤ ਕਰ ਚੁੱਕਿਆ ਹੈ।
ਫਿਰਕੀ ਗੇਂਦਬਾਜ਼ ਵਜੋਂ ਮਸ਼ਹੂਰ ਮਯੰਕ ਨੇ ਪਿਛਲੇ ਮਹੀਨੇ ਭਾਰਤ ਦੀ ਕੌਮੀ ਟੀਮ ਵਿਚ ਥਾਂ ਬਣਾਈ ਅਤੇ ਉਸਨੂੰ ਆਸਟਰੇਲੀਆ ਖ਼ਿਲਾਫ਼ ਇੱਕ ਟੀ-20 ਮੈਚ ਵਿਚ ਆਪਣੀ ਗੇਂਦਬਾਜ਼ੀ ਦਿਖਾਉਣ ਦਾ ਮੌਕਾ ਵੀ ਮਿਲਿਆ।
ਪਟਿਆਲਾ ਦੇ ਕੋਚ ਤਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਗੇਂਦਬਾਜ਼ ਦੀ ਗੁਗਲੀ ਖ਼ਤਰਨਾਕ ਹੈ ਜਿਸ ਨੂੰ ਸਮਝ ਪਾਉਣਾ ਆਮ ਬੱਲੇਬਾਜ਼ ਲਈ ਕਾਫ਼ੀ ਔਖਾ ਹੈ।
ਪਟਿਆਲਾ ਹਮੇਸ਼ਾ ਖੇਡਾਂ ਵਿੱਚ ਰਿਹਾ ਮੋਹਰੀ
ਪਟਿਆਲਾ ਨੇ ਭਾਰਤੀ ਕ੍ਰਿਕਟ ਟੀਮ ਲਈ ਕਈ ਖਿਡਾਰੀ ਤਿਆਰ ਕੀਤੇ ਹਨ ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਕਾਮਯਾਬੀ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਮਿਲੀ।
ਪੰਕਜ ਧਰਮਾਨੀ ਅਤੇ ਰਤਿੰਦਰ ਸੋਢੀ ਦਾ ਸਬੰਧ ਵੀ ਪਟਿਆਲਾ ਸ਼ਹਿਰ ਦੇ ਨਾਲ ਹੀ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਪੰਕਜ ਧਰਮਾਨੀ ਨੇ ਆਖਿਆ ਕਿ ਮੁਹਾਲੀ ਦਾ ਪੀਸੀਏ ਸਟੇਡੀਅਮ ਬਣਨ ਤੋਂ ਪਹਿਲਾਂ ਪਟਿਆਲਾ ਵਿਚ ਕੌਮਾਂਤਰੀ ਪੱਧਰ ਉੱਤੇ ਮੈਚ ਹੁੰਦੇ ਸਨ।
ਉਨ੍ਹਾਂ ਆਖਿਆ, ''ਮੈਨੂੰ ਯਾਦ ਹੈ ਕਿ ਆਸਟਰੇਲੀਆ ਅਤੇ ਇੰਗਲੈਂਡ ਦੀਆਂ ਟੀਮਾਂ ਨੇ ਆਪਣਾ ਇੱਕ-ਇੱਕ ਪ੍ਰੈਕਟਿਸ ਮੈਚ ਇਸ ਸ਼ਹਿਰ ਵਿੱਚ ਖੇਡਿਆ ਹੈ।''
ਪੰਜਾਬ ਦੇ ਕ੍ਰਿਕਟਰਾਂ ਨੇ ਪਿਛਲੇ ਕਈ ਸਾਲਾਂ ਤੋਂ ਕੌਮਾਂਤਰੀ ਪੱਧਰ ਉੱਤੇ ਕੋਈ ਵੱਡਾ ਕਾਰਨਾਮਾ ਸਥਾਪਿਤ ਨਹੀਂ ਕੀਤਾ। ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਤੋਂ ਬਾਅਦ ਪੰਜਾਬ ਤੋਂ ਕਈ ਖਿਡਾਰੀਆਂ ਨੇ ਇੰਡੀਅਨ ਟੀਮ ਵਿੱਚ ਥਾਂ ਤਾਂ ਬਣਾਈ ਪਰ ਕੋਈ ਛਾਪ ਨਹੀਂ ਛੱਡ ਸਕੇ। ਪਟਿਆਲਾ ਅਤੇ ਪੰਜਾਬ ਦੇ ਲੋਕ ਇਨ੍ਹਾਂ ਚਾਰ ਕ੍ਰਿਕਟਰਾਂ ਤੋਂ ਕਾਫ਼ੀ ਉਮੀਦਾਂ ਲਗਾ ਕੇ ਬੈਠੇ ਹਨ।
ਤੁਹਾਨੂੰ ਇਹ ਵੀਡੀਓਜ਼ ਵੀਪਸੰਦਆ ਸਕਦੀਆਂ ਹਨ: