ਜੰਗ ਵਿੱਚ ਪਹਿਲੀ ਮੌਤ ਸੱਚ ਦੀ ਹੋਈ- ਪਾਕਿਸਤਾਨੀ ਮੀਡੀਆ ਦੇ ਦਾਅਵੇ ਸਣੇ 5 ਅਹਿਮ ਖ਼ਬਰਾਂ

ਪਾਕਿਸਤਾਨ ਦੇ ਅਖ਼ਬਾਰ ਡੌਨ ਨੇ ਆਪਣੇ ਫਰੰਟ ਪੇਜ 'ਤੇ ਛਾਪੀ ਖ਼ਬਰ ਵਿੱਚ ਭਾਰਤੀ ਮੀਡੀਆ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ।

ਡੌਨ ਨੇ ਆਪਣੇ ਵਿਸ਼ਲੇਸ਼ਣ ਵਿੱਚ ਲਿਖਿਆ ਹੈ, 'ਜੰਗ ਵਿੱਚ ਪਹਿਲੀ ਮੌਤ ਸੱਚ ਦੀ ਹੋਈ ਹੈ। ਸਵਾਲ ਇਹ ਚੁੱਕਿਆ ਗਿਆ ਹੈ ਕਿ ਅਧਿਕਾਰਤ ਜਾਣਕਾਰੀ ਮਿਲਣ ਤੋਂ ਬਿਨਾਂ ਮੀਡੀਆ ਖਬਰ ਕਿਵੇਂ ਚਲਾ ਸਕਦਾ ਹੈ ਕਿ ਬਾਲਾਕੋਟ ਵਿੱਚ ਬੰਬ ਸੁੱਟੇ ਗਏ ਹਨ'।

ਅਖਬਾਰ ਨੇ ਅੱਗੇ ਲਿਖਿਆ ਹੈ , 'ਕਿਸੇ ਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਸਿਰਫ਼ ਇੱਕ ਬੰਬਾਰੀ ਸੀ ਜੋ ਮਿਸ-ਫਾਇਰ ਹੋ ਗਈ। ਭਾਰਤੀ ਜਹਾਜ਼ਾਂ ਨੇ ਆਪਣੀ ਵਿਸਫੋਟਕ ਸ਼ਕਤੀ ਨੂੰ ਸਹੀ ਢੰਗ ਨਾਲ ਵਰਤਿਆ ਅਤੇ ਉੱਥੋਂ ਭੱਜ ਗਏ'।

ਉੱਧਰ ਇੰਡੀਅਨ ਐਕਪ੍ਰੈੱਸ ਦੀ ਖ਼ਬਰ ਮੁਤਾਬਕ ਸਰਹੱਦ ਸੁਰੱਖਿਆ ਬਲਾਂ ਅਤੇ ਪਾਕਿਸਤਾਨ ਰੇਂਜਰਜ਼ ਵਿਚਾਲੇ ਫਾਜ਼ਿਲਕਾ 'ਚ ਸੜਕੀ ਸਰਹੱਦ 'ਤੇ ਹਰ ਮਹੀਨੇ ਹੋਣ ਵਾਲੀ ਫਲੈਗ ਮੀਟਿੰਗ ਰੱਦ ਹੋ ਗਈ ਹੈ।

ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਪਾਕਿਸਤਾਨੀ ਰੇਂਜਰਜ਼ ਨੇ ਮੰਗਲਵਾਰ ਨੂੰ ਦੇਰ ਸ਼ਾਮ ਇੱਕ ਸੰਦੇਸ਼ ਭੇਜਿਆ ਕਿ ਇਹ ਬੈਠਕ ਹੁਣ ਨਹੀਂ ਹੋਵੇਗੀ। ਬੈਠਕ ਬੁੱਧਵਾਰ ਨੂੰ ਹੋਣੀ ਸੀ।

ਹਾਲਾਂਕਿ ਝੰਡਾ ਉਤਾਰਣ ਦੀ ਰਸਮ ਰੋਜ਼ ਦੀ ਤਰ੍ਹਾਂ ਹੀ ਹੋਈ ਅਤੇ ਦੋਵਾਂ ਦੇਸਾਂ ਦੇ ਸੁਰੱਖਿਆ ਬਲਾਂ ਨੇ ਇਸ ਵਿੱਚ ਹਿੱਸਾ ਲਿਆ।

ਇਹ ਵੀ ਪੜ੍ਹੋ:

ਮੋਦੀ ਵੱਲੋਂ ਤਿੰਨਾਂ ਫੌਜ ਮੁਖੀਆਂ ਨਾਲ ਬੈਠਕ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਭਾਰਤੀ ਹਵਾਈ ਫੌਜ ਦੇ ਇੱਕ ਪਾਇਲਟ ਦੇ ਪਾਕਿਸਤਾਨ ਦੇ ਕਬਜ਼ੇ ਵਿੱਚ ਹੋਣ ਦੀ ਪੁਸ਼ਟੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪੱਧਰੀ ਬੈਠਕ ਬੁਲਾਈ।

ਇਸ ਬੈਠਕ ਵਿੱਚ ਤਿੰਨਾਂ ਸੈਨਾਵਾਂ ਦੇ ਮੁਖੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਵੀ ਮੌਜੂਦ ਰਹੇ।

ਬੁੱਧਵਾਰ ਸ਼ਾਮ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਭਾਰਤੀ ਹਵਾਈ ਫੌਜ ਦਾ ਇੱਕ ਪਾਇਲਟ ਪਾਕਿਸਤਾਨ ਦੀ ਹਿਰਾਸਤ ਵਿੱਚ ਹੈ ਅਤੇ ਪਾਕਿਸਤਾਨ ਤੋਂ ਮੰਗ ਕਰਦੇ ਹਨ ਕਿ ਭਾਰਤੀ ਹਵਾਈ ਫੌਜ ਦੇ ਉਸ ਪਾਇਲਟ ਨੂੰ ਤੁਰੰਤ ਸੁਰੱਖਿਅਤ ਵਾਪਿਸ ਭੇਜਣ।

ਭਾਰਤ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਯਕੀਨੀ ਬਣਾਵੇ ਕਿ ਭਾਰਤੀ ਫੌਜੀ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਭਾਰਤ ਦੀ 7 ਵਿਕਟਾਂ ਨਾਲ ਹਾਰ

ਗਲੇਨ ਮੈਕਸਵੇਲ ਦੇ ਤੂਫ਼ਾਨੀ ਸੈਂਕੜੇ ਦੇ ਦਮ 'ਤੇ ਆਸਟ੍ਰੇਲੀਆ ਨੇ ਬੈਂਗਲੁਰੂ ਵਿੱਚ ਖੇਡੇ ਗਏ ਦੂਜੇ 20-20 ਮੁਕਾਬਲੇ ਵਿੱਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।

ਇਸ ਜਿੱਤ ਦੇ ਨਾਲ ਆਸਟ੍ਰੇਲੀਆ ਨੇ ਦੋ ਮੈਚਾਂ ਦੀ ਸੀਰੀਜ਼ 2-0 ਨਾਲ ਆਪਣੇ ਨਾਮ ਕਰ ਲਈ।

ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਸੀ। ਭਾਰਤ ਨੂੰ ਲੋਕੇਸ਼ ਰਾਹੁਲ ਅਤੇ ਸ਼ਿਖਰ ਧਵਨ ਦੀ ਜੋੜੀ ਨੇ ਚੰਗੀ ਸ਼ੁਰੂਆਤ ਦੁਆਈ। ਇਨ੍ਹਾਂ ਦੋਹਾਂ ਨੇ ਪਹਿਲੇ ਵਿਕਟ ਲਈ 7.1 ਓਵਰਾਂ ਵਿੱਚ 61 ਦੌੜਾਂ ਬਣਾਈਆਂ।

ਰਾਹੁਲ 47 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਇਸ ਤੋਂ ਵੀ ਬਾਅਦ ਧਵਨ ਵੀ ਜ਼ਿਆਦਾ ਨਹੀਂ ਟਿਕੇ। ਉਹ ਵੀ 14 ਦੌੜਾਂ ਬਣਾ ਕੇ ਪੈਵੇਲੀਅਲ ਪਰਤ ਗਏ। ਰਿਸ਼ਭ ਪੰਤ ਸਿਰਫ਼ ਇੱਕ ਰਨ ਹੀ ਬਣਾ ਸਕੇ।

ਇਹ ਵੀ ਪੜ੍ਹੋ:

ਕੈਪਟਨ ਕੋਹਲੀ 72 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਟੀਮ ਦੇ ਸਕੋਰ ਨੂੰ 190 ਰਨ ਤੱਕ ਲੈ ਗਏ।

ਵੀਅਤਨਾਮ 'ਚ ਮਿਲੇ ਟਰੰਪ ਤੇ ਕਿਮ

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ 8 ਮਹੀਨੇ ਵਿੱਚ ਦੂਜੀ ਵਾਰ ਮਿਲੇ ਡੌਨਲਡ ਟਰੰਪ ਤੇ ਕਿਮ ਜੋਂਗ ਉਨ। ਵੀਅਤਨਾਮ ਵਿੱਚ ਬੀਤੇ ਦਿਨੀਂ ਦੋਵਾਂ ਦੀ ਮੁਲਾਕਾਤ ਹੋਈ।

ਇਸ ਦੌਰਾਨ ਦੋਵਾਂ ਨੇ ਪਹਿਲੀ ਵਾਰ ਇਕੱਠੇ ਡਿਨਰ ਕੀਤਾ। ਇਸ ਤੋਂ ਪਹਿਲਾਂ ਦੋਵਾਂ ਲੀਡਰਾਂ ਵਿੱਚ ਪਿਛਲੇ ਸਾਲ 12 ਜੂਨ ਨੂੰ ਪਹਿਲੀ ਵਾਰ ਸਿੰਗਾਪੁਰ ਵਿੱਚ ਮੁਲਾਕਾਤ ਹੋਈ ਸੀ। ਉਦੋਂ ਤੋਂ ਉੱਤਰ ਕੋਰੀਆ ਨੇ ਕੋਈ ਮਿਜ਼ਾਈਲ-ਪਰਮਾਣੂ ਪ੍ਰੀਖਣ ਨਹੀਂ ਕੀਤਾ।

ਹਨੋਈ ਰਵਾਨਾ ਹੁੰਦੇ ਸਮੇਂ ਟਰੰਪ ਨੇ ਟਵੀਟ ਕਰਕੇ ਕਿਮ ਦੇ ਨਾਲ ਗੱਲਬਾਤ ਸਫਲ ਹੋਣ ਦੀ ਗੱਲ ਆਖੀ ਸੀ। ਟਰੰਪ ਨੇ ਇਹ ਵੀ ਕਿਹਾ ਕਿ ਪੂਰੀ ਤਰ੍ਹਾਂ ਨਾਲ ਪਰਮਾਣੂ ਹਥਿਆਰ ਖ਼ਤਮ ਕਰਨ ਤੋਂ ਬਾਅਦ ਉੱਤਰ ਕੋਰੀਆ ਤੇਜ਼ੀ ਨਾਲ ਆਰਥਿਕ ਸ਼ਕਤੀ ਦਾ ਕੇਂਦਰ ਬਣ ਜਾਵੇਗਾ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)