ਪੂਰਬੀ ਉੱਤਰ ਪ੍ਰਦੇਸ਼ ਵਿੱਚ ਮਾਫ਼ੀਆ ਗੈਂਗਵਾਰ ਸ਼ੁਰੂ ਹੋਣ ਦੀ ਕਹਾਣੀ

- ਲੇਖਕ, ਪ੍ਰਿਅੰਕਾ ਦੂਬੇ
- ਰੋਲ, ਬੀਬੀਸੀ ਪੱਤਰਕਾਰ
ਨਰਿੰਦਰ ਮੋਦੀ ਅਤੇ ਪ੍ਰਿਅੰਕਾ ਗਾਂਧੀ ਵਿੱਚ ਜੇਕਰ ਇੱਕ ਗੱਲ ਰਲਦੀ-ਮਿਲਦੀ ਹੈ ਤਾਂ ਉਹ ਹੈ- ਪੂਰਬੀ ਉੱਤਰ ਪ੍ਰਦੇਸ਼ ਯਾਨਿ ਪੂਰਵਾਂਚਲ 'ਤੇ ਉਨ੍ਹਾਂ ਦਾ ਫੋਕੱਸ।
ਉੱਤਰ ਪ੍ਰਦੇਸ਼ ਦੇ 24 ਪੂਰਬੀ ਜ਼ਿਲ੍ਹਿਆਂ ਦੀਆਂ 29 ਲੋਕ ਸਭਾ ਸੀਟਾਂ ਵਾਲਾ ਪੂਰਵਾਂਚਲ ਹਰੇਕ ਵੱਡੀਆਂ ਚੋਣਾਂ ਵਿੱਚ ਆਪਣੇ ਭੁਗੋਲਿਕ ਹਿੱਸੇ ਤੋਂ ਅੱਗੇ ਵਧ ਕੇ ਨਤੀਜਿਆਂ ਅਤੇ ਸਿਆਸੀ ਸਮੀਕਰਣਾਂ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ।
ਇੱਕ ਹੋਰ ਖਾਸ ਗੱਲ ਇਹ ਹੈ ਕਿ ਪੂਰਵਾਂਚਲ ਦੀ ਸਿਆਸਤ ਵਿੱਚ ਸੰਗਠਿਤ ਮਾਫ਼ੀਆ ਦਾ ਦਬਦਬਾ ਰਿਹਾ ਹੈ।
ਪੂਰਵਾਂਚਲ ਵਿੱਚ ਮਾਫ਼ੀਆ ਦੀ ਭੂਮਿਕਾ 'ਤੇ ਬੀਬੀਸੀ ਦੀ ਖ਼ਾਸ ਲੜੀਵਾਰ ਪੜਤਾਲ ਦੀ ਪਹਿਲੀ ਕਹਾਣੀ ਪੜ੍ਹੋ।
ਪੂਰਵਾਂਚਲ ਦਾ ਮਾਫ਼ੀਆ ਮੈਪ
ਪੂਰਬੀ ਉੱਤਰ ਪ੍ਰਦੇਸ਼ ਦੇ ਸਿਆਸੀ ਨਕਸ਼ੇ ਨੂੰ ਦੇਖੀਏ ਤਾਂ ਮਾਫ਼ੀਆ ਦੇ ਪ੍ਰਭਾਵ ਵਾਲੇ ਇਲਾਕੇ ਉਭਰਦੇ ਹਨ ਅਤੇ ਵੇਖਦੇ ਹੀ ਵੇਖਦੇ ਪੂਰੇ ਪੂਰਬੀ ਉੱਤਰ ਪ੍ਰਦੇਸ਼ ਦਾ ਨਕਸ਼ਾ ਰੰਗ ਦਿੰਦੇ ਹਨ।

1980 ਦੇ ਦਹਾਕੇ ਵਿੱਚ ਗੋਰਖਪੁਰ ਦੇ 'ਹਾਤਾ ਵਾਲੇ ਬਾਬਾ' ਦੇ ਨਾਮ ਨਾਲ ਜਾਣੇ ਜਾਣ ਵਾਲੇ ਹਰੀਸ਼ੰਕਰ ਤਿਵਾੜੀ ਤੋਂ ਸ਼ੁਰੂ ਹੋਇਆ ਸਿਆਸਤ ਦੇ ਜੁਰਮ ਦਾ ਇਹ ਸਿਲਸਿਲਾ ਬਾਅਦ ਦੇ ਸਾਲਾਂ ਵਿੱਚ ਮੁਖ਼ਤਾਰ ਅੰਸਾਰੀ, ਬ੍ਰਿਜੇਸ਼ ਸਿੰਘ, ਵਿਜੇ ਮਿਸ਼ਰਾ, ਸੋਨੂੰ ਸਿੰਘ, ਵਿਨੀਤ ਸਿੰਘ ਅਤੇ ਫਿਰ ਧਨੰਜੇ ਸਿੰਘ ਵਰਗੇ ਕਈ ਬਾਹੁਬਲੀ ਨੇਤਾਵਾਂ ਤੋਂ ਲੰਘਦਾ ਹੋਇਆ ਅੱਜ ਵੀ ਪੂਰਵਾਂਚਲ ਵਿੱਚ ਵਧ ਰਿਹਾ ਹੈ।
ਆਪਣੇ ਨਾਲ-ਨਾਲ ਆਪਣੇ ਰਿਸ਼ਤੇਦਾਰਾਂ ਦੇ ਲਈ ਵੀ ਪੰਚਾਇਤ-ਬਲਾਕ ਕਮੇਟੀਆਂ ਤੋਂ ਲੈ ਕੇ ਵਿਧਾਨ ਪਰਿਸ਼ਦ, ਵਿਧਾਨ ਸਭਾ ਅਤੇ ਲੋਕ ਸਭਾ ਤੱਕ ਵਿੱਚ ਸਿਆਸੀ ਅਹੁਦੇ ਯਕੀਨੀ ਬਣਾਉਣ ਵਾਲੇ ਪੂਰਵਾਂਚਲ ਦੇ ਬਾਹੂਬਲੀ ਨੇਤਾਵਾਂ ਦਾ ਆਪੋ-ਆਪਣੇ ਇਲਾਕੇ ਵਿੱਚ ਪੂਰਾ ਦਬਦਬਾ ਹੈ।
ਇਹ ਵੀ ਪੜ੍ਹੋ:
ਗੋਰਖਪੁਰ, ਕੁਸ਼ੀਨਗਰ, ਮਹਿਰਾਜਗੰਜ ਤੋਂ ਸ਼ੁਰੂ ਹੋਣ ਵਾਲਾ ਸਿਆਸੀ ਬਾਹੁਬਲੀਆਂ ਦਾ ਇਹ ਪ੍ਰਭਾਵ, ਅੱਗੇ ਫੈਜ਼ਾਬਾਦ, ਅਯੁੱਧਿਆ, ਪ੍ਰਤਾਪਗੜ੍ਹ, ਮਿਰਜ਼ਾਪੁਰ, ਗਾਜ਼ੀਪੁਰ, ਮਊ, ਬਲੀਆ, ਭਦੋਹੀ, ਜੋਨਪੁਰ, ਸੋਨਭਦਰ ਅਤੇ ਚੰਦੋਲੀ ਤੋਂ ਹੁੰਦਾ ਹੋਇਆ ਬਨਾਰਸ ਅਤੇ ਪ੍ਰਿਆਗਰਾਜ ਤੱਕ ਜਾਂਦਾ ਹੈ।
ਲੋਕ ਸਭਾ ਸੀਟਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਸਾਫ਼ ਹੋ ਜਾਂਦਾ ਹੈ ਕਿ ਪੂਰਵਾਂਚਲ ਵਿੱਚ ਸਰਗਰਮ ਹਰ ਬਾਹੂਬਲੀ ਨੇਤਾ ਆਪਣੀ ਸਿਆਸੀ ਤਾਕਤ ਦੇ ਹਿਸਾਬ ਨਾਲ ਇੱਕ ਤੋਂ ਲੈ ਕੇ ਚਾਰ ਲੋਕ ਸਭਾ ਸੀਟਾਂ 'ਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਰੱਖਦੇ ਹਨ।
ਚੋਣ ਸੁਧਾਰਾਂ 'ਤੇ ਕੰਮ ਕਰਨ ਵਾਲੇ 'ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰੇਫ਼ਾਰਮ' (ਏਡੀਆਰ) ਦੀ ਰਿਪੋਰਟ ਦੇ ਮੁਤਾਬਕ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਚੁਣ ਕੇ ਆਏ ਹਰ ਤੀਜੇ ਸੰਸਦ ਮੈਂਬਰ ਉੱਪਰ ਅਪਰਾਧਿਕ ਮਾਮਲੇ ਚੱਲ ਰਹੇ ਸਨ।
ਮਾਰਚ 2018 ਵਿੱਚ ਕੇਂਦਰ ਸਰਕਾਰ ਨੇ ਇੱਕ ਜਵਾਬੀ ਹਲਫ਼ਨਾਮੇ ਵਿੱਚ ਦੱਸਿਆ ਸੀ ਕਿ ਇਸ ਵੇਲੇ ਦੇਸ ਵਿੱਚ ਚੁਣੇ ਹੋਏ ਨੁਮਾਇੰਦਿਆਂ ਵਿੱਚੋਂ ਕੁੱਲ 1765 ਸਾਂਸਦਾਂ-ਵਿਧਾਇਕਾਂ ਦੇ ਖ਼ਿਲਾਫ਼ 3816 ਅਪਰਾਧਿਕ ਮੁਕੱਦਮੇ ਦਰਜ ਹਨ।
ਅਪਰਾਧਿਕ ਪਿਛੋਕੜ ਵਾਲੇ ਨੇਤਾਵਾਂ ਦੀ ਇਸ ਦੇਸ ਪੱਧਰੀ ਸੂਚੀ ਵਿੱਚ 248 ਚੁਣੇ ਗਏ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਖ਼ਿਲਾਫ਼ ਦਰਜ 565 ਅਪਰਾਧਿਕ ਮਾਮਲਿਆਂ ਦੇ ਨਾਲ ਉੱਤਰ ਪ੍ਰਦੇਸ਼ ਪਹਿਲੇ ਨੰਬਰ 'ਤੇ ਹੈ।
ਬੀਤੇ ਸਤੰਬਰ ਵਿੱਚ ਅਪਰਾਧਿਕ ਇਤਿਹਾਸ ਵਾਲੇ ਉਮੀਦਵਾਰਾਂ ਨੂੰ ਚੋਣ ਲੜਨ ਤੋਂ ਰੋਕਣ ਦੀ ਮੰਗ ਕਰਨ ਵਾਲੀਆਂ ਕਈ ਲੋਕਹਿੱਤ ਅਰਜ਼ੀਆਂ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਸਦੇ ਲਈ ਸੰਸਦ ਨੂੰ ਕਾਨੂੰਨ ਬਣਾਉਣਾ ਹੋਵੇਗਾ, ਇਹ ਅਦਾਲਤ ਦਾ ਕੰਮ ਨਹੀਂ ਹੈ।
ਕਿਵੇਂ ਪੈਰ ਪਸਾਰੇ ਮਾਫ਼ੀਆ ਨੇ?
ਉੱਤਰ ਪ੍ਰਦੇਸ਼ ਵਿੱਚ ਸੰਗਠਿਤ ਜੁਰਮ ਤੋਂ ਲੜਨ ਲਈ ਖਾਸ ਤੌਰ 'ਤੇ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਦੇ ਆਈਜੀ ਅਮਿਤਾਭ ਯਸ਼ ਦੱਸਦੇ ਹਨ, "ਸੰਗਠਿਤ ਜੁਰਮ ਵਿੱਚ ਸ਼ਾਮਲ ਹੋਣਾ ਤਾਂ ਮਾਫ਼ੀਆ ਹੋਣ ਦੀ ਪਹਿਲੀ ਸ਼ਰਤ ਹੈ।"
"ਫਿਰ ਸਥਾਨਕ ਸਿਆਸਤ ਅਤੇ ਪ੍ਰਸ਼ਾਸਨ ਵਿੱਚ ਦਖ਼ਲ ਦੇਣਾ ਅਤੇ ਗ਼ੈਰ-ਕਾਨੂੰਨੀ ਕਾਲੇ ਧਨ ਨੂੰ ਕਾਨੂੰਨੀ ਧੰਦਿਆਂ ਵਿੱਚ ਲਗਾ ਕੇ ਸਫ਼ੇਦ ਪੂੰਜੀ ਵਿੱਚ ਤਬਦੀਲ ਕਰਨਾ ਦੂਜੀ ਦੋ ਜ਼ਰੂਰੀ ਗੱਲਾਂ। ਜਦੋਂ ਇਹ ਤਿੰਨੇ ਫੈਕਟਰ ਮਿਲਦੇ ਹਨ, ਉਦੋਂ ਕਿਸੇ ਗੈਂਗਸਟਰ ਜਾਂ ਅਪਰਾਧੀ ਨੂੰ 'ਮਾਫ਼ੀਆ' ਕਿਹਾ ਜਾ ਸਕਦਾ ਹੈ।"
2007 ਵਿੱਚ ਉੱਤਰ ਪ੍ਰਦੇਸ਼ ਦੇ ਮਾਫ਼ੀਆ ਦਦੁਆ ਦਾ ਐਨਕਾਊਂਟਰ ਕਰਨ ਵਾਲੇ ਅਮਿਤਾਭ ਮਾਫ਼ੀਆ ਦੀ ਸਿਆਸੀ ਭੂਮਿਕਾ 'ਤੇ ਕਹਿੰਦੇ ਹਨ, "ਜੇਕਰ ਕਿਸੇ ਇੱਕ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਹੈ, ਤਾਂ ਮਾਫ਼ੀਆ ਦੀ ਭੂਮਿਕਾ ਕਾਫ਼ੀ ਸੀਮਤ ਹੋ ਜਾਂਦੀ ਹੈ। ਪਰ ਸਪੱਸ਼ਟ ਨਜੀਤੇ ਨਾ ਆਉਣ 'ਤੇ ਇਨ੍ਹਾਂ ਦੀ ਭੂਮਿਕਾ ਅਚਾਨਕ ਵਧ ਜਾਂਦੀ ਹੈ ਕਿਉਂਕਿ ਇਨ੍ਹਾਂ ਦਾ ਅਸਰ ਭਾਵੇਂ ਹੀ ਖੇਤਰੀ ਪੱਧਰ ਤੱਕ ਹੋਵੇ ਪਰ ਕੌਮੀ ਚੋਣਾਂ ਵਿੱਚ ਅਕਸਰ ਅਜਿਹੇ ਸਥਾਨਕ ਉਮੀਦਵਾਰ ਵੱਡੀ ਦਿਸ਼ਾ ਤੈਅ ਕਰਨ ਵਿੱਚ ਭੂਮਿਕਾ ਨਿਭਾ ਜਾਂਦੇ ਹਨ।"

ਅੱਜ ਸਿਆਸਤ ਅਤੇ ਵਪਾਰ ਤੱਕ ਪੈਰ ਪਸਾਰ ਚੁੱਕੇ ਪੂਰਵਾਂਚਲ ਦੇ ਇਸ ਗੈਂਗਵਾਰ ਦੀ ਸ਼ੁਰੂਆਤ ਸਾਲ 1985 ਵਿੱਚ ਗਾਜ਼ੀਪੁਰ ਜ਼ਿਲ੍ਹੇ ਦੇ ਮੁੜੀਯਾਰ ਪਿੰਡ ਤੋਂ ਹੋਈ ਸੀ।
ਇੱਥੇ ਰਹਿਣ ਵਾਲੇ ਤ੍ਰਿਭੁਵਨ ਸਿੰਘ ਅਤੇ ਮਨਕੁ ਸਿੰਘ ਵਿਚਾਲੇ ਸ਼ੁਰੂ ਹੋਇਆ ਜ਼ਮੀਨ ਦਾ ਇੱਕ ਮਾਮੂਲੀ ਵਿਵਾਦ ਦੇਖਦੇ ਹੀ ਦੇਖਦੇ ਹੱਤਿਆਵਾਂ ਅਤੇ ਗੈਂਗਵਾਰ ਦੇ ਇੱਕ ਅਜਿਹੇ ਸਿਲਸਿਲੇ ਵਿੱਚ ਬਦਲ ਗਿਆ ਜਿਸ ਨੇ ਪੂਰਵਾਂਚਲ ਦੀ ਸਿਆਸਤ ਅਤੇ ਸਮਾਜਿਕ ਤਸਵੀਰ ਨੂੰ ਹਮੇਸ਼ਾ ਲਈ ਬਦਲ ਦਿੱਤਾ।
ਪੂਰਵਾਂਚਲ ਵਿੱਚ ਸੰਗਠਿਤ ਜੁਰਮ ਨੂੰ ਚਾਕ ਦਹਾਕਿਆਂ ਤੋਂ ਕਵਰ ਕਰ ਰਹੇ ਸੀਨੀਅਰ ਪੱਤਰਕਾਰ ਪਵਨ ਸਿੰਘ ਮੰਨਦੇ ਹਨ ਕਿ ਪੂਰਵਾਂਚਲ ਵਿੱਚ ਗੈਂਗਵਾਰ ਦਾ ਸ਼ੁਰੂ ਹੋਣਾ ਇੱਕ ਸੰਜੋਗ ਸੀ।
1990 ਦਾ ਦਹਾਕਾ ਸ਼ੁਰੂ ਹੋ ਚੁੱਕਿਆ ਸੀ ਅਤੇ ਗਾਜ਼ੀਪੁਰ ਦੇ ਇੱਕ ਪਿੰਡ ਦਾ ਵਿਵਾਦ ਇੱਕ ਵੱਡੇ ਗੈਂਗਵਾਰ ਵਿੱਚ ਤਬਦੀਲ ਹੋ ਚੁੱਕਿਆ ਸੀ।
ਪਵਨ ਅੱਗੇ ਦੱਸਦੇ ਹਨ, "ਮਾਫ਼ੀਆ ਸਰਗਨਾ ਰਹੇ ਸਾਹਿਬ ਸਿੰਘ ਨੇ ਚੋਣ ਲੜਨ ਲਈ ਸਰੰਡਰ ਕੀਤਾ। ਬਨਾਰਸ ਕੋਰਟ ਵਿੱਚ ਉਨ੍ਹਾਂ ਦੀ ਪੇਸ਼ੀ ਸੀ, ਅਦਾਲਤ ਸਾਹਮਣੇ ਪੁਲਿਸ ਵੈਨ ਤੋਂ ਉਤਰਦੇ ਹੋਏ ਉਨ੍ਹਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਬਦਲੇ ਵਿੱਚ ਪੁਲਿਸ ਕਸਟਡੀ ਵਿੱਚ ਹਸਪਤਾਲ ਵਿੱਚ ਭਰਤੀ ਸਾਧੂ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਸ ਗੈਂਗਵਾਰ ਨਾਲ ਦੋ ਵੱਡੇ ਸਰਗਨਾ ਉਭਰੇ, ਮੁਖ਼ਤਾਰ ਅੰਸਾਰੀ ਅਤੇ ਬ੍ਰਿਜੇਸ਼ ਸਿੰਘ।
ਇੰਝ ਕੰਮ ਕਰਦੇ ਹਨ ਬਾਹੂਬਲੀ
ਸਪੈਸ਼ਲ ਟਾਸਕ ਫੋਰਸ ਦੇ ਆਈਜੀ ਅਮਿਤਾਭ ਯਸ਼ ਦੱਸਦੇ ਹਨ, "ਜ਼ਿਲ੍ਹਾ ਪੰਚਾਇਤ ਤੋਂ ਲੈ ਕੇ ਬਲਾਕ ਅਧਿਕਾਰੀਆਂ ਤੱਕ, ਹਰ ਸਥਾਨਕ ਪ੍ਰਸ਼ਾਸਨਿਕ ਸੰਸਥਾ 'ਤੇ ਉਸ ਇਲਾਕੇ ਦੇ ਮਾਫ਼ੀਆ ਦੇ ਰਿਸ਼ਤੇਦਾਰਾਂ ਅਤੇ ਚੇਲਿਆਂ ਦਾ ਕਬਜ਼ਾ ਹੁੰਦਾ ਹੈ। ਮਾਫ਼ੀਆ ਦਾ ਡਰ ਅਜਿਹਾ ਹੈ ਕਿ ਪੱਤਰਕਾਰ ਇਨ੍ਹਾਂ ਬਾਰੇ ਕੁਝ ਨਹੀਂ ਲਿਖਦੇ ਜਾਂ ਫਿਰ ਉਨ੍ਹਾਂ ਦੇ ਮਨ ਮੁਤਾਬਕ ਲਿਖਦੇ ਹਨ।"

1990 ਦੇ ਦਹਾਕੇ ਦਾ ਅੰਤ ਆਉਂਦੇ-ਆਉਂਦੇ ਪੂਰਵਾਂਚਲ ਦੇ ਮਾਫ਼ੀਆ ਨੇ ਖ਼ੁਦ ਨੂੰ ਸਿਆਸਤ ਵਿੱਚ ਲਗਭਗ ਸਥਾਪਿਤ ਕਰ ਲਿਆ।
ਪਵਨ ਦੱਸਦੇ ਹਨ, "ਮੁਖ਼ਤਾਰ ਦੇ ਵੱਡੇ ਭਰਾ ਅਫਜ਼ਲ ਅੰਸਾਰੀ ਪਹਿਲਾਂ ਤੋਂ ਹੀ ਸਿਆਸਤ ਵਿੱਚ ਸਨ ਇਸ ਲਈ ਮੁਖ਼ਤਾਰ ਦੇ ਲਈ ਸਿਆਸਤ ਵਿੱਚ ਆਉਣਾ ਸੌਖਾ ਸੀ। ਬ੍ਰਿਜੇਸ਼ ਨੇ ਆਪਣੇ ਵੱਡੇ ਭਰਾ ਉਦੈ ਨਾਥ ਸਿੰਘ ਉਰਫ਼ ਚੁਲਬੁਲ ਨੂੰ ਸਿਆਸਤ ਵਿੱਚ ਉਤਾਰਿਆ। ਪਹਿਲਾਂ ਉਦੈ ਨਾਥ ਸਿੰਘ ਵਿਧਾਨ ਪਰਿਸ਼ਦ ਦੇ ਮੈਂਬਰ ਰਹੇ ਅਤੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਮੁੰਡੇ ਅਤੇ ਬ੍ਰਿਜੇਸ਼ ਦੇ ਭਤੀਜੇ ਸੁਸ਼ੀਲ ਸਿੰਘ ਵਿਧਾਇਕ ਹੋਏ।"
ਦੂਜੇ ਪਾਸੇ, ਇੱਕ-ਦੋ ਨੂੰ ਛੱਡ ਕੇ ਅਫ਼ਜਾਲ ਗਾਜ਼ੀਪੁਰ ਤੋਂ ਅਤੇ ਮੁਖ਼ਤਾਰ ਮਊ ਸੀਟ ਤੋਂ ਲਗਾਤਾਰ ਵਿਧਾਨ ਸਭਾ ਚੋਣ ਲੜਦੇ ਅਤੇ ਜਿੱਤਦੇ ਰਹੇ। ਮੁਖਤਾਰ ਅਤੇ ਬ੍ਰਿਜੇਸ਼ ਅੱਜ ਜੇਲ੍ਹ ਵਿੱਚ ਹਨ ਪਰ ਦੋਵੇਂ ਹੀ ਚੁਣੇ ਹੋਏ ਨੁਮਾਇੰਦੇ ਹਨ। ਬ੍ਰਿਜੇਸ਼ ਵਿਧਾਨ ਪਰਿਸ਼ਦ ਦੇ ਮੈਂਬਰ ਹਨ, ਉਨ੍ਹਾਂ ਦੇ ਭਤੀਜੇ ਸੁਸ਼ੀਲ ਚੰਦੋਲੀ ਤੋਂ ਭਾਜਪਾ ਦੇ ਵਿਧਾਇਕ ਹਨ।
ਮੁਖ਼ਤਾਰ ਮਊ ਸੀਟ ਤੋਂ ਬਸਪਾ ਦੇ ਵਿਧਾਇਕ ਹਨ। ਉਨ੍ਹਾਂ ਦੇ ਮੁੰਡੇ ਅਤੇ ਭਰਾ ਵੀ ਸਿਆਸਤ ਵਿੱਚ ਸਰਗਰਮ ਹਨ।
ਇਹ ਵੀ ਪੜ੍ਹੋ:
ਐਸਟੀਐੱਫ਼ ਦੇ ਇੱਕ ਸੀਨੀਅਰ ਅਧਿਕਾਰੀ ਦੱਸਦੇ ਹਨ, "ਬਿਨਾਂ ਸਿਆਸੀ ਸ਼ੈਅ ਤੋਂ ਮਾਫ਼ੀਆ ਨਹੀਂ ਚੱਲ ਸਕਦਾ। ਸਿਆਸਤ ਵਿੱਚ ਜਾਣ ਦਾ ਇੱਕ ਕਾਰਨ ਆਪਣੇ ਵਪਾਰਕ ਨਿਵੇਸ਼ਾਂ ਨੂੰ ਯਕੀਨੀ ਬਣਾਉਣਾ, ਉਨ੍ਹਾਂ ਨੂੰ ਵਧਾਉਣਾ ਅਤੇ ਸਿਆਸੀ ਪਾਰਟੀਆਂ ਵਿੱਚ ਆਪਣਾ ਦਖ਼ਲ ਵਧਾਉਣਾ ਵੀ ਹੁੰਦਾ ਹੈ , ਮਾਫ਼ੀਆ ਚਾਹੁੰਦਾ ਹੈ ਕਿ ਐਸਟੀਐੱਫ਼ ਨੂੰ ਡਰਾ ਕੇ ਰੱਖਿਆ ਜਾਵੇ। ਉਨ੍ਹਾਂ ਨੂੰ ਲਗਦਾ ਹੈ ਕਿ ਜੇਕਰ ਚੋਣ ਜਿੱਤ ਗਏ ਤਾਂ ਐਸਟੀਐੱਫ਼ ਐਨਕਾਊਂਟਰ ਨਹੀਂ ਕਰੇਗਾ ਜਾਂ ਨਹੀਂ ਕਰ ਸਕੇਗੀ।"
ਮਾਫ਼ੀਆ ਨੂੰ ਸਿਆਸੀ ਸੁਰੱਖਿਆ
ਭਵਨ ਇੱਕ ਘਟਨਾ ਨੂੰ ਯਾਦ ਕਰਦੇ ਹਨ, "ਭਦੋਹੀ ਵਿੱਚ ਇੱਕ ਚੋਣ ਰੈਲੀ 'ਚ ਮੁਲਾਇਮ ਭਾਸ਼ਣ ਦੇ ਰਹੇ ਸਨ। ਮਾਇਆਵਤੀ ਦੀ ਸਰਕਾਰ ਸੀ ਅਤੇ ਪੁਲਿਸ ਭਦੋਹੀ ਦੇ ਵਿਧਾਇਕ ਅਤੇ ਮਾਫ਼ੀਆ ਸਰਗਨਾ ਵਿਜੇ ਮਿਸ਼ਰਾ ਨੂੰ ਲੱਭ ਰਹੀ ਸੀ। ਵਿਜੇ ਮਿਸ਼ਰਾ ਰੈਲੀ ਵਿੱਚ ਪਹੁੰਚੇ, ਸਟੇਜ ਉੱਤੇ ਜਾ ਕੇ ਮੁਲਾਇਮ ਨੂੰ ਦੱਸਿਆ ਕਿ ਪੁਲਿਸ ਪਿੱਛੇ ਪਈ ਹੈ।"
"ਭਾਸ਼ਣ ਖ਼ਤਮ ਹੁੰਦੇ ਹੀ ਮੁਲਾਇਮ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਵਿਜੇ ਉਨ੍ਹਾਂ ਨੂੰ ਹੈਲੀਕਾਪਟਰ ਤੱਕ ਛੱਡਣ ਜਾਣਗੇ, ਇਸ ਤੋਂ ਬਾਅਦ ਵਿਜੇ ਉਸੇ ਹੈਲੀਕਾਪਟਰ ਤੋਂ ਮੁਲਾਇਮ ਦੇ ਨਾਲ ਉੱਡ ਗਏ। ਮੁਲਾਇਮ ਦਾ ਸੰਦੇਸ਼ ਸਾਫ਼ ਸੀ ਕਿ ਅਸੀਂ ਅੰਤ ਤੱਕ ਆਪਣੇ ਆਦਮੀ ਦੇ ਨਾਲ ਖੜ੍ਹੇ ਰਹਾਂਗੇ।"
ਜ਼ਿਆਦਾਤਰ ਮਾਫ਼ੀਆ ਆਪਣੇ ਧਰਮ ਦੇ ਪੱਕੇ ਅਕਸ ਦਾ ਪ੍ਰਚਾਰ ਕਰਦੇ ਹਨ।
ਸੀਨੀਅਰ ਪੱਤਰਕਾਰ ਉੱਪਲ ਪਾਠਕ ਦੱਸਦੇ ਹਨ, "ਬ੍ਰਿਜੇਸ਼ ਜੇਲ੍ਹ ਵਿੱਚ ਵੀ ਰੋਜ਼ਾਨਾ ਸਵੇਰੇ ਉੱਠ ਕੇ ਗੀਤਾ ਪੜ੍ਹਦੇ ਹਨ ਅਤੇ ਮੁਖਤਾਰ ਨਮਾਜ਼। ਚੋਣ ਜਿੱਤਣ ਲਈ ਹਵਨ ਕਰਵਾਉਣਾ, ਪੰਡਿਤਾ ਦੇ ਕਹਿਣ 'ਤੇ ਉਂਗਲਾਂ ਵਿੱਚ ਨਗ ਪਾਉਣਗੇ, ਹਫ਼ਤੇ ਦੇ ਦਿਨਾਂ ਦੇ ਹਿਸਾਬ ਨਾਲ ਕੱਪੜੇ ਦੇ ਰੰਗ ਚੁਣਨਾ- ਇਹ ਸਭ ਉੱਥੇ ਦੇ ਚੁਣੇ ਹੋਏ ਬਾਹੂਬਲੀਆਂ ਦੀ ਜੀਵਨ ਸ਼ੈਲੀ ਦਾ ਹਿੱਸਾ ਹੈ।"
ਇਸਦੇ ਨਾਲ ਹੀ ਪੂਰਵਾਂਚਲ ਦੇ ਮਾਫ਼ੀਆ ਦੇ ਨਿਯਮਾਂ ਵਿੱਚ ਡਰੱਗਜ਼ ਅਤੇ ਹਥਿਆਰਾਂ ਦਾ ਕਾਰੋਬਾਰ ਨਾ ਕਰਨਾ, ਪੱਤਰਕਾਰਾਂ ਅਤੇ ਵਕੀਲਾਂ ਨੂੰ ਨਾ ਮਾਰਨਾ, ਸ਼ਰਾਬ ਅਤੇ ਨਸ਼ੇ ਤੋਂ ਦੂਰ ਰਹਿਣਾ, ਔਰਤਾਂ ਅਤੇ ਬੁੱਢਿਆਂ 'ਤੇ ਹਮਲਾ ਨਾ ਕਰਨਾ ਸ਼ਾਮਲ ਹੈ।

ਇਸੇ ਤਰ੍ਹਾਂ ਕੁਝ ਹੋਰ ਨਿਯਮ ਹਨ, ਜਿਵੇਂ ਕੁੜੀਆਂ ਨਾਲ ਛੇੜਛਾੜ ਨਾ ਕਰਨਾ, ਪ੍ਰੇਮ ਵਿਆਹ ਨੂੰ ਅਕਸਰ ਬਾਹੂਬਲੀਆਂ ਦੀ ਸੁਰੱਖਿਆ ਮਿਲ ਜਾਂਦੀ ਹੈ।
ਉਤਪਲ ਦੱਸਦੇ ਹਨ, "ਇੱਕ ਸ਼੍ਰੀਪ੍ਰਕਾਸ਼ ਸ਼ੁਕਲਾ ਸਨ ਜੋ ਕੁੜੀਆਂ ਦੇ ਚੱਕਰ ਵਿੱਚ ਮਾਰੇ ਗਏ। ਉਨ੍ਹਾਂ ਦੇ ਐਨਕਾਊਂਟਰ ਨਾਲ ਵੀ ਇੱਥੋਂ ਦੇ ਬਾਹੂਬਲੀਆਂ ਨੇ ਸਬਕ ਲਿਆ ਅਤੇ ਫਿਰ ਕੋਈ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ।"
ਇਸਦੇ ਨਾਲ ਹੀ, ਫਿੱਟਨੈਸ ਅਤੇ ਸਿਹਤ 'ਤੇ ਬਾਹੂਬਲੀਆਂ ਦਾ ਖਾਸ ਧਿਆਨ ਰਹਿੰਦਾ ਹੈ। ਜਿਹੜੇ ਚੁਣੇ ਹੋਏ ਬਾਹੂਬਲੀ ਜੇਲ੍ਹ ਵਿੱਚ ਬੰਦ ਹਨ ਉਹ ਵੀ ਸਵੇਰੇ ਉੱਠ ਕੇ ਜੇਲ੍ਹ ਦੇ ਮੈਦਾਨ ਦੇ ਚੱਕਰ ਲਗਾਉਂਦੇ ਹਨ। ਫਲ ਅਤੇ ਘੱਟ ਤੇਲ ਵਾਲੀਆਂ ਚੀਜ਼ਾਂ ਵਧੇਰੇ ਖਾਂਦੇ ਹਨ।
ਬਨਾਰਸ ਦੇ ਪੁਰਾਣੇ ਕਰਾਈਮ ਰਿਪੋਰਟਰ ਮੁੰਨਾ ਬਜਰੰਗੀ ਦੇ ਬਾਰੇ ਅਕਸਰ ਇਹ ਕਹਿੰਦੇ ਹਨ ਕਿ ਉਹ ਨਵੇਂ ਆਦਮੀ ਨੂੰ ਆਪਣੀ ਗੈਂਗ ਵਿੱਚ ਲੈਣ ਤੋਂ ਪਹਿਲਾਂ ਇਮਤਿਹਾਨ ਲੈਂਦਾ ਸੀ।
ਪਰੀਖਿਆ ਹੁੰਦੀ ਸੀ ਸਿਰਫ਼ ਦੋ ਗੋਲੀਆਂ ਨਾਲ ਕਤਲ ਕਰਕੇ ਵਾਪਿਸ ਪਰਤਣਾ।
ਉਤਪਲ ਕਹਿੰਦੇ ਹਨ, "ਪੂਰਬ ਦਾ ਇੱਕ ਆਮ ਸ਼ੂਟਰ ਵੀ ਪੱਛਮੀ ਉੱਤਰ ਪ੍ਰਦੇਸ਼ ਦੇ ਵੱਡੇ ਗੈਂਗਸਟਰਾਂ ਤੋਂ ਜ਼ਿਆਦਾ ਚੰਗਾ ਨਿਸ਼ਾਨਾ ਲਗਾਉਂਦਾ ਹੈ ਅਤੇ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ। ਇੱਥੇ ਏਕੇ-47 ਦੀਆਂ ਗੋਲੀਆਂ ਬਰਬਾਦ ਕਰਨ ਦੀ ਨਹੀਂ, ਘੱਟੋ-ਘੱਟ ਗੋਲੀਆਂ ਵਿੱਚ ਕੰਮ ਖ਼ਤਮ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।"
ਇਹ ਹਨ ਐਸਟੀਐੱਫ਼ ਦੀਆਂ ਸੀਮਾਵਾਂ
ਇੱਕ ਸੀਨੀਅਰ ਆਈਪੀਐੱਸ ਅਧਿਕਾਰੀ ਬੀਬੀਸੀ ਨਾਲ ਗੱਲਬਾਤ ਵਿੱਚ ਕਹਿੰਦੇ ਹਨ, 'ਸਹਿਰ' ਵਰਗੀਆਂ ਫ਼ਿਲਮਾਂ ਵਿੱਚ ਐਸਟੀਐੱਫ਼ ਦੀ ਭੂਮਿਕਾ ਦੇਖ ਕੇ ਲੋਕ ਸਾਡੇ ਕੰਮ ਨੂੰ ਸਿਰਫ਼ 'ਸਰਵੀਲੈਂਸ' ਸਮਝ ਲੈਂਦੇ ਹਨ ਜੋ ਕਿ ਸੱਚ ਤੋਂ ਬਹੁਤ ਦੂਰ ਹੈ। ਦਰਅਸਲ ਅਸੀਂ ਆਪਣੀ ਹੁਸ਼ਿਆਰੀ ਸਿਰਫ਼ ਸਰਵੀਲੈਂਸ ਤੋਂ ਹਾਸਲ ਨਹੀਂ ਕਰਦੇ। ਅਸੀਂ ਗ੍ਰਾਊਂਡ 'ਤੇ ਆਪਣੇ ਸੂਤਰ ਪੈਦਾ ਕਰਨ ਸਮੇਂ, ਤਾਕਤ ਅਤੇ ਬੁੱਧੀ ਦਾ ਨਿਵੇਸ਼ ਕਰਦੇ ਹਾਂ।"

ਤਸਵੀਰ ਸਰੋਤ, Getty Images
ਉਹ ਕਹਿੰਦੇ ਹਨ, "ਐਸਟੀਐੱਫ਼ ਸਿਆਸੀ ਤੌਰ 'ਤੇ ਤਾਕਤਵਰ ਨਹੀਂ ਹੈ ਇਸ ਲਈ ਕਈ ਵਾਰ ਸੰਗਠਿਤ ਜੁਰਮ ਅਤੇ ਮਾਫ਼ੀਆ ਨਾਲ ਜੁੜੀ ਬਹੁਤ ਸਾਰੀ ਜਾਣਕਾਰੀ ਅਸੀਂ ਬਾਹਰ ਨਹੀਂ ਲਿਆ ਸਕਦੇ ਕਿਉਂਕਿ ਜਾਣਕਾਰੀ ਬਾਹਰ ਆਉਣ 'ਤੇ ਖ਼ਬਰੀ ਨੂੰ ਟਰੇਸ ਕਰਨ ਦਾ ਖ਼ਤਰਾ ਰਹਿੰਦਾ ਹੈ। ਇੱਕ ਆਮ ਐਸਟੀਐੱਫ਼ ਇੰਸਪੈਕਟਰ ਵੀ ਸੈਂਕੜੇ ਰਾਜ਼ ਆਪਣੇ ਸੀਨੇ ਵਿੱਚ ਦਬਾ ਕੇ ਦੁਨੀਆਂ ਤੋਂ ਤੁਰ ਜਾਂਦਾ ਹੈ, ਪਰ ਸੋਰਸ ਬਾਹਰ ਨਹੀਂ ਆਉਣ ਦਿੰਦਾ।"
2000 ਦੇ ਦਹਾਕੇ ਵਿੱਚ ਸੰਗਠਿਤ ਮਾਫ਼ੀਆ ਦਾ ਕੇਂਦਰ ਗੋਰਖਪੁਰ ਤੋਂ ਬਨਾਰਸ ਸ਼ਿਫਟ ਹੋਇਆ ਅਤੇ ਉਨ੍ਹਾਂ ਦੀ ਕਾਰਜਪ੍ਰਣਾਲੀ ਵਿੱਚ ਵੀ ਕਈ ਵੱਡੇ ਬਦਲਾਅ ਆਏ। ਜ਼ਮੀਨ ਦੇ ਵਿਵਾਦ ਤੋਂ ਸ਼ੁਰੂ ਹੋਇਆ ਗੈਂਗਵਾਰ ਹੁਣ ਰੇਲਵੇ ਅਤੇ ਕੋਲੇ ਦੇ ਟੈਂਡਰਾ ਦੀ ਲੜਾਈ ਵਿੱਚ ਤਬਦੀਲ ਹੋ ਚੁੱਕਿਆ ਸੀ।
ਇਹ ਵੀ ਪੜ੍ਹੋ:
ਆਪਣੇ ਕੰਮ ਦੇ ਤਰੀਕੇ ਨੂੰ ਸਮਝਾਉਂਦੇ ਹੋਏ ਐਸਟੀਐੱਫ਼ ਦੇ ਆਈਜੀ ਕਹਿੰਦੇ ਹਨ, "ਬਨਾਰਸ ਵਿੱਚ ਅੱਜ ਵੀ ਮੱਛੀ ਅਤੇ ਟੈਕਸੀ ਸਟੈਂਡ ਦੇ ਠੇਕੇ ਜ਼ਿਲ੍ਹਾ ਪੰਚਾਇਤ ਦੇ ਜ਼ਰੀਏ ਖੇਤਰ ਦੇ ਇੱਕ ਵੱਡੇ ਮਾਫ਼ੀਆ ਦੇ ਪ੍ਰਭਾਵ ਵਿੱਚ ਹੀ ਤੈਅ ਹੁੰਦੇ ਹਨ। ਗੰਗਾ ਦੀ ਤੇਜ਼ ਧਾਰ ਵਿੱਚ ਮੱਛੀ ਫੜਨ ਦੀ ਮਜ਼ਦੂਰੀ ਪੰਜ ਰੁਪਏ ਕਿੱਲੋ ਮਿਲਦੀ ਹੈ ਅਤੇ ਮਾਫ਼ੀਆ ਹਰ ਕਿੱਲੋ 'ਤੇ 200 ਰੁਪਏ ਬਣਾਉਂਦਾ ਹੈ।"
ਇੰਝ ਸ਼ੁਰੂ ਹੋਇਆ ਸਿਆਸੀ ਸਿਲਸਿਲਾ
ਲੰਬੇ ਸਮੇਂ ਤੋਂ ਬਾਹੂਬਲੀਆਂ 'ਤੇ ਨਜ਼ਰ ਰੱਖਣ ਵਾਲੇ ਸੀਨੀਅਰ ਪੱਤਰਕਾਰ ਉਤਪਲ ਪਾਠਕ ਕਹਿੰਦੇ ਹਨ, "ਇਸ ਸਿਸਟਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਦਰਾ ਜੀ ਨੇ ਕੀਤੀ। ਉਨ੍ਹਾਂ ਦੇ ਕੋਲ ਗੋਰਖਪੁਰ ਵਿੱਚ ਹਰੀਸ਼ੰਕਰ ਤਿਵਾੜੀ ਸਨ ਅਤੇ ਸਿਵਾਨ-ਗੋਪਾਲਗੰਜ ਦੇ ਇਲਾਕੇ ਵਿੱਚ ਕਾਲੀ ਪਾਂਡੇ ਵਰਗੇ ਲੋਕ।"
"ਬਾਅਦ ਵਿੱਚ ਮੁਲਾਇਮ ਸਿੰਘ ਨੇ ਇਸੇ ਸਿਸਟਮ ਨੂੰ ਜ਼ਿਆਦਾ ਪ੍ਰਬੰਧਕ ਕਰ ਦਿੱਤਾ। 2000 ਦੇ ਨੇੜੇ ਉਨ੍ਹਾਂ ਨੇ ਉਨ੍ਹਾਂ ਸਾਰੇ ਬਾਹੁਬਲੀਆਂ ਦੀ ਪਛਾਣ ਸ਼ੁਰੂ ਕੀਤੀ ਜੋ 2 ਤੋਂ 4 ਸੀਟਾਂ 'ਤੇ ਪ੍ਰਭਾਅ ਰੱਖਦੇ ਸਨ। ਪੂਰਬੀ ਉੱਤਰ ਪ੍ਰਦੇਸ਼ ਨੂੰ ਭੁਗੋਲਿਕ ਖੇਮਿਆਂ ਵਿੱਚ ਵੰਡ ਕੇ ਉਨ੍ਹਾਂ ਨੇ ਇੱਕ ਰਣਨੀਤੀ ਦੇ ਤਹਿਤ ਹਰ ਇਲਾਕੇ ਵਿੱਚ ਆਪਣੇ ਬਾਹੂਬਲੀ ਨੇਤਾ ਖੜ੍ਹੇ ਕੀਤੇ।"
ਉਤਪਲ ਪਾਠਕ ਕਹਿੰਦੇ ਹਨ, "ਇਸ ਤੋਂ ਬਾਅਦ ਬਸਪਾ ਨੇ ਵੀ ਖੁੱਲ੍ਹ ਕੇ ਬਾਹੂਬਲੀਆਂ ਨੂੰ ਟਿਕਟ ਵੰਡਣਾ ਸ਼ੁਰੂ ਕਰ ਦਿੱਤਾ। ਬਾਹੂਬਲੀ ਆਪਣੀ ਉਗਾਹੀ ਨਾਲ ਚੋਣਾਂ ਲਈ ਪਾਰਟੀ ਫੰਡ ਦਾ ਇਤਜ਼ਾਮ ਵੀ ਕਰਦੇ ਅਤੇ ਨਾਲ ਹੀ ਆਪਣੇ ਡਰ ਅਤੇ ਪ੍ਰਭਾਵ ਨੂੰ ਵੋਟਾਂ ਵਿੱਚ ਤਬਦੀਲ ਕਰਕੇ ਚੋਣ ਵੀ ਜਿਤਵਾਉਂਦੇ।"
ਮਿਰਜ਼ਾਪੁਰ ਅਤੇ ਬਨਾਰਸ ਵਰਗੇ ਸ਼ਹਿਰਾਂ ਵਿੱਚ ਲੰਬੇ ਸਮੇਂ ਤੱਕ ਐਸਪੀ ਰਹੇ ਇੱਕ ਸੀਨੀਅਰ ਆਈਪੀਐੱਸ ਅਧਿਕਾਰੀ ਬੀਬੀਸੀ ਨਾਲ ਗੱਲਬਾਤ ਦੌਰਾਨ ਕਹਿੰਦੇ ਹਨ, "ਪਹਿਲਾਂ ਤਾਂ ਬੰਦੂਕ ਦੀ ਨੋਕ 'ਤੇ ਟੈਂਡਰ ਦਿੱਤੇ-ਲਏ ਜਾਂਦੇ ਸਨ ਪਰ ਹੁਣ ਜਦੋਂ ਤੋਂ ਈ-ਟੈਂਡਰ ਦਾ ਜ਼ਮਾਨਾ ਆਇਆ ਹੈ ਤਾਂ ਉਨ੍ਹਾਂ ਨੇ ਪੜ੍ਹੇ-ਲਿਖੇ ਸਾਮਰਟ ਮੁੰਡੇ ਈ-ਟੈਂਡਰ ਲਈ ਰੱਖ ਲਏ ਹਨ।"

ਪੁਲਿਸ ਤੋਂ ਲੈ ਕੇ ਮਾਫ਼ੀਆ ਤੱਕ ਜ਼ਿਆਦਾਤਰ ਲੋਕ ਸੁਰੱਖਿਆ ਕਾਰਨਾਂ ਕਰਕੇ ਆਪਣੇ ਨਾਮ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ।
ਅਜਿਹੀ ਹੀ ਇੱਕ ਗੱਲਬਾਤ ਵਿੱਚ ਲਖਨਊ ਵਿੱਚ ਇੱਕ ਸੀਨੀਅਰ ਵਿਸ਼ਲੇਸ਼ਕ ਨੇ ਕਾਫ਼ੀ ਦਿਲਚਸਪ ਗੱਲ ਦੱਸੀ, "ਅੱਜ ਦਾ ਬਾਹੂਬਲੀ ਤਾਂ ਨੇਤਾਵਾਂ ਤੋਂ ਵੀ ਜ਼ਿਆਦਾ ਪੇਸ਼ੇਵਰ ਨੇਤਾ ਹੈ। ਵੋਟਾਂ ਲਈ ਉਹ ਜਨਤਾ ਦੇ ਪੈਰ ਫੜਨ ਤੋਂ ਲੈ ਕੇ ਤੋਹਫ਼ੇ ਵੰਡਣ ਤੱਕ ਸਭ ਕਰ ਰਿਹਾ ਹੈ। ਅੱਜ ਪੂਰਵਾਂਚਲ ਦੀ ਜਨਤਾ ਡਰ ਤੋਂ ਨਹੀਂ, ਉਨ੍ਹਾਂ ਦੇ ਗਲੈਮਰ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਵੋਟ ਦਿੰਦੀ ਹੈ।"
ਸੀਨੀਅਰ ਪੱਤਰਕਾਰ ਪਵਨ ਸਿੰਘ ਕਹਿੰਦੇ ਹਨ, "ਪੂਰਵਾਂਚਲ ਦੇ ਪੇਂਡੂ ਇਲਾਕਿਆਂ ਵਿੱਚ ਅੱਜ ਵੀ ਮੁਖ਼ਤਾਰ ਅਤੇ ਵਿਜੇ ਮਿਸ਼ਰਾ ਵਰਗਿਆਂ ਦਾ ਗਲੈਮਰ ਕੰਮ ਕਰਦਾ ਹੈ। ਪਿੰਡ ਦਾ ਆਦਮੀ ਸਿਰਫ਼ ਇਸੇ ਗੱਲ ਤੋਂ ਖੁਸ਼ ਹੋ ਜਾਂਦਾ ਹੈ ਕਿ ਬਾਬਾ 'ਦਸ ਗੋ ਗਾੜੀ ਲੇਕੇ ਹਮਾਰੇ ਦੁਆਏ ਪੇ ਆਈਲ ਰਹਿਨ'।
ਬਾਹੂਬਲੀਆਂ ਦੇ ਕੰਮਕਾਜ ਦਾ ਤਕਨੀਕੀ ਵਿਸ਼ਲੇਸ਼ਣ ਕਰਨ ਵਾਲੇ, ਐਸਟੀਐੱਫ਼ ਦੇ ਇੱਕ ਸੀਨੀਅਰ ਇੰਸਪੈਕਟਰ ਨੇ ਕਾਗਜ਼ 'ਤੇ ਚਾਰਟ ਬਣਾ ਕੇ ਸਮਝਾਇਆ, "ਸਭ ਤੋਂ ਪਹਿਲਾਂ ਪੈਸਾ ਉਗਾਹੀ ਜ਼ਰੂਰੀ ਹੈ। ਇਸਦੇ ਲਈ ਮਾਫ਼ੀਆ ਕੋਲ ਕਈ ਰਸਤੇ ਹਨ। ਜਿਵੇਂ ਕਿ ਮੁਖ਼ਤਾਰ ਅੰਸਾਰੀ ਟੈਲੀਕਾਮ ਟਾਵਰਾਂ, ਕੋਲਾ, ਬਿਜਲੀ ਅਤੇ ਰੀਅਲ ਇਸਟੇਟ ਵਿੱਚ ਫੈਲੇ ਆਪਣੇ ਵਪਾਰ ਜ਼ਰੀਏ ਉਗਾਹੀ ਕਰਦੇ ਹਨ।"

ਤਸਵੀਰ ਸਰੋਤ, Getty Images
ਉਹ ਦੱਸਦੇ ਹਨ, "ਬ੍ਰਿਜੇਸ਼ ਸਿੰਘ ਕੋਲਾ, ਸ਼ਰਾਬ ਅਤੇ ਜ਼ਮੀਨ ਦੇ ਟੈਂਡਰ ਤੋਂ ਪੈਸੇ ਕਮਾਉਂਦੇ ਹਨ। ਭਦੋਹੀ ਦੇ ਵਿਜੇ ਮਿਸ਼ਰਾ ਅਤੇ ਮਿਰਜ਼ਾਪੁਰ-ਸੋਨਭਦਰ ਦੇ ਵਿਨੀਤ ਸਿੰਘ ਵੀ ਇੱਥੋਂ ਦੇ ਦੋ ਵੱਡੇ ਮਾਫ਼ੀਆ ਸਿਆਸਤਦਾਨ ਹਨ। ਮਿੱਟੀ, ਸੜਕ, ਰੇਤਾ ਅਤੇ ਜ਼ਮੀਨ ਤੋਂ ਪੈਸਾ ਕਮਾਉਣ ਵਾਲੇ ਵਿਜੇ ਮਿਸ਼ਰਾ 'ਧਨਬਲ ਅਤੇ ਬਾਹੁਬਲ' ਦੋਵਾਂ ਵਿੱਚ ਕਾਫ਼ੀ ਮਜ਼ਬੂਤ ਹਨ। ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ। ਵਿਨੀਤ ਲੰਬੇ ਸਮੇਂ ਤੋਂ ਬਸਪਾ ਨਾਲ ਜੁੜੇ ਗਏ ਹਨ ਅਤੇ ਪੈਸੇ ਪੱਖੋਂ ਉਹ ਵੀ ਕਮਜ਼ੋਰ ਨਹੀਂ ਹੈ।"
ਐਸਟੀਐੱਫ਼ ਦੇ ਇੰਸਪੈਕਟਰ ਕਹਿੰਦੇ ਹਨ, "ਪੂਰਵਾਂਚਲ ਵਿੱਚ ਅੱਜ ਕਰੀਬ 250 ਗੈਂਗਸਟਰ ਬਚੇ ਹਨ। ਇਨ੍ਹਾਂ ਵਿੱਚੋਂ ਕੁਝ ਸਿਆਸਤ ਵਿੱਚ ਹਨ ਅਤੇ ਜਿਹੜੇ ਨਹੀਂ ਹਨ ਉਹ ਆਉਣਾ ਚਾਹੁੰਦੇ ਹਨ। ਇਨ੍ਹਾਂ ਵਿੱਚੋਂ ਪੰਜ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਏਸਟ ਵੈਲਿਊ ਵਾਲੇ 5-7 ਨਾਮ ਹਨ ਅਤੇ 500 ਕਰੋੜ ਤੋਂ ਉੱਪਰ ਦੀ ਏਸਟ ਵੈਲਿਊ ਵਾਲੇ 50 ਤੋਂ ਵੱਧ ਨਾਮ। ਬਾਕੀ ਜੋ 200 ਬਚਦੇ ਹਨ, ਉਹ ਟੌਪ ਦੇ 5 ਮਾਫ਼ੀਆ ਵਰਗਾ ਬਣਨਾ ਚਾਹੁੰਦੇ ਹਨ।"
ਕਈ ਐਨਕਾਊਂਟਰਾਂ ਵਿੱਚ ਸ਼ਾਮਲ ਰਹੇ ਸੀਨੀਅਰ ਇੰਸਪੈਕਟਰ ਕਹਿੰਦੇ ਹਨ, "ਚੋਣਾਂ ਵਿੱਚ ਬਾਹੂਬਲੀ ਵੋਟ ਦੇਣ ਅਤੇ ਵੋਟ ਨਾ ਦੇਣ, ਦੋਵਾਂ ਚੀਜ਼ਾਂ ਲਈ ਪੂਰਵਾਂਚਲ ਵਿੱਚ ਪੈਸਾ ਵੰਡਿਆ ਜਾਂਦਾ ਹੈ। ਇਹ ਆਮ ਗੱਲ ਹੈ ਕਿ ਤੁਸੀਂ ਘਰ ਹੀ ਉਨ੍ਹਾਂ ਤੋਂ ਪੈਸੇ ਲੈ ਲਓ ਅਤੇ ਉਂਗਲੀ 'ਤੇ ਸਿਆਹੀ ਲਵਾ ਲਓ।"
ਗੋਲੀਬਾਰੀ ਅਤੇ ਕਤਲਾਂ ਵਾਲੇ ਗੈਂਗਵਾਰ ਨੂੰ 'ਲਗਭਗ ਖ਼ਤਮ' ਦੱਸਦੇ ਹੋਏ ਉਹ ਅੱਗੇ ਕਹਿੰਦੇ ਹਨ, "2005 ਦਾ ਕ੍ਰਿਸ਼ਨਾਨੰਦ ਰਾਏ ਹੱਤਿਆਕਾਂਡ ਗੋਲੀਬਾਰੀ ਦਾ ਆਖ਼ਰੀ ਵੱਡਾ ਮਾਮਲਾ ਸੀ। ਇਸ ਤੋਂ ਬਾਅਦ ਇੱਥੋਂ ਦੇ ਸਾਰੇ ਵੱਡੇ ਮੁਜਰਮ ਆਪਣੇ ਅਪਰਾਧਿਕ ਪਿਛੋਕੜ ਦੀ ਮਦਦ ਨਾਲ ਹੀ ਆਪਣੇ ਵਪਾਰ ਨੂੰ ਅੱਗੇ ਵਧਾਉਣ ਲੱਗੇ ਅਤੇ ਫਿਰ ਪੈਸੇ ਨੂੰ ਸੁਰੱਖਿਅਤ ਕਰਨ ਲਈ ਸਿਆਸਤ ਵਿੱਚ ਆਏ।''
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












