ਕੀ ਕਾਂਗਰਸ ਲੋਕ ਸਭਾ ਚੋਣਾਂ 'ਚ ਮੋਦੀ ਖਿਲਾਫ਼ ਯੂਪੀ ਵਿੱਚ ਖੜ੍ਹੀ ਹੋ ਸਕੇਗੀ

- ਲੇਖਕ, ਜ਼ੂਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਉੱਤਰ ਪ੍ਰਦੇਸ਼ ਦੇ ਲਖਨਊ ਨੇੜੇ ਬਾਰਾਬੰਕੀ ਲੋਕ ਸਭਾ ਚੋਣ ਖੇਤਰ ਵਿੱਚ ਗਰੀਬ ਕਿਸਾਨਾਂ ਦਾ ਇੱਕ ਪਿੰਡ ਹੈ ਜਿਸ ਦਾ ਨਾਂ ਹੈ ਸਮੁਰਾਇ।
ਇਸ ਪਿੰਡ ਦੀ ਅਰਥਵਿਵਸਥਾ ਗੰਨੇ ਦੀ ਖੇਤੀ 'ਤੇ ਨਿਰਭਰ ਹੈ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਕਾਂਗਰਸ ਦੇ ਕਾਰਕੁਨ ਇੱਕ ਸਭਾ ਕਰ ਰਹੇ ਸਨ।
ਇਹ ਬਿਲਕੁੱਲ ਬੂਥ ਲੈਵਲ ਦੇ ਵਰਕਰ ਸਨ। ਇਸ ਤਰੀਕੇ ਦੀਆਂ ਸਭਾਵਾਂ ਕਈ ਪਿੰਡਾਂ ਵਿੱਚ ਕੀਤੀਆਂ ਜਾ ਰਹੀਆਂ ਸਨ।
ਅਜਿਹੇ ਇਕੱਠ ਸਾਲਾਂ ਤੋਂ ਲਗਭਗ ਠੱਪ ਹੋ ਚੁੱਕੇ ਕਾਂਗਰਸ ਪਾਰਟੀ ਦੇ ਢਾਂਚੇ ਨੂੰ ਮੁੜ ਤੋਂ ਜ਼ਿੰਦਾ ਕਰਨ ਲਈ ਕੀਤੇ ਜਾ ਰਹੇ ਹਨ।
ਯੂਥ ਕਾਂਗਰਸ ਦੇ ਸਥਾਨਕ ਨੇਤਾ ਤਨੁਜ ਪੁਨੀਆ ਕਾਫੀ ਜੋਸ਼ ਵਿੱਚ ਕਹਿਣ ਲੱਗੇ, "ਇਨ੍ਹਾਂ ਪਿੰਡਾਂ ਵਿੱਚ ਲੋਕ ਸਾਡੀ ਪਾਰਟੀ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਜੁੜ ਰਹੇ ਹਨ।"
ਹਾਲ ਹੀ ਵਿੱਚ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਪਾਰਟੀ ਦੀਆਂ ਸਰਕਾਰਾਂ ਬਣੀਆਂ ਹਨ।
ਇਨ੍ਹਾਂ ਜਿੱਤਾਂ ਦੇ ਬਾਅਦ ਦੂਸਰੇ ਸੂਬਿਆਂ ਵਾਂਗ ਉੱਤਰ ਪ੍ਰਦੇਸ਼ ਵਿੱਚ ਪਾਰਟੀ ਦੇ ਵਰਕਰਾਂ ਵਿੱਚ ਇੱਕ ਨਵਾਂ ਜੋਸ਼ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ:-
ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਤਕਰੀਬਨ ਤਿੰਨ ਦਹਾਕਿਆਂ ਤੋਂ ਸੱਤਾ ਵਿੱਚ ਨਹੀਂ ਹੈ ਪਰ ਹੁਣ ਇਸ ਦੇ ਮੁੜ ਤੋਂ ਜੀਵਤ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ।
ਖ਼ਾਸ ਰਣਨੀਤੀ ’ਤੇ ਕੰਮ ਕਰ ਰਹੀ ਕਾਂਗਰਸ
ਪ੍ਰਿਅੰਕਾ ਗਾਂਧੀ ਦੇ ਪਾਰਟੀ ਵਿੱਚ ਸ਼ਾਮਿਲ ਹੋ ਜਾਣ ਨਾਲ ਵਰਕਰਾਂ ਦਾ ਹੌਂਸਲਾ ਹੋਰ ਵੀ ਬੁਲੰਦ ਹੋ ਗਿਆ ਹੈ।
ਕਾਂਗਰਸ ਨੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਹੈ।
ਹਾਲ ਹੀ ਵਿੱਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਕਿਸਾਨ ਰੈਲੀ ਵਿੱਚ ਲੋਕਾਂ ਨੂੰ ਇਹ ਵਾਅਦਾ ਵੀ ਕੀਤਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਸਾਰਿਆਂ ਗਰੀਬਾਂ ਲਈ ਘੱਟੋ-ਘੱਟ ਆਮਦਨ ਦਾ ਇੰਤਜ਼ਾਮ ਕਰਨਗੇ।
ਮਾਹਿਰ ਮੰਨਦੇ ਹਨ ਕਿ ਪ੍ਰਧਾਨ ਮੰਤਰੀ ਕਿਸਾਨਾਂ ਲਈ ਇੱਕ ਵੱਡੇ ਆਰਥਿਕ ਪੈਕੇਜ ਦਾ ਐਲਾਨ ਕਰਨ ਵਾਲੇ ਸਨ।

ਪਰ ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ ਘੱਟੋ-ਘੱਟ ਆਮਦਨ ਦਾ ਐਲਾਨ ਕਰਕੇ ਭਾਜਪਾ ਸਰਕਾਰ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਕੀਤੀ ਹੈ।
ਮੈਂ ਉੱਤਰ ਪ੍ਰਦੇਸ਼ ਦੇ ਆਪਣੇ ਹਾਲ ਵਿੱਚ ਕੀਤੇ ਦੌਰੇ ਵਿੱਚ ਇਹ ਮਹਿਸੂਸ ਕੀਤਾ ਕਿ ਕਾਂਗਰਸ ਪਾਰਟੀ ਇੱਕ ਸਪਸ਼ਟ ਰਣਨੀਤੀ ਤਹਿਤ ਕੰਮ ਕਰ ਰਹੀ ਹੈ।
ਇਨ੍ਹਾਂ ਵਿੱਚੋਂ ਕੁਝ ਨੀਤੀਆਂ ਪੂਰੇ ਦੇਸ ਲਈ ਹਨ ਅਤੇ ਕੁਝ ਵੱਖ-ਵੱਖ ਸੂਬਿਆਂ ਲਈ।
ਪਾਰਟੀ ਪਹਿਲਾਂ ਚਾਹੁੰਦੀ ਸੀ ਕਿ ਉਹ ਆਮ ਚੋਣਾਂ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨਾਲ ਮਿਲ ਕੇ ਲੜੇ ਪਰ ਦੋਵੇਂ ਪਾਰਟੀਆਂ ਨੇ ਕਾਂਗਰਸ ਨੂੰ ਆਪਣੇ ਗਠਜੋੜ ਵਿੱਚ ਸ਼ਾਮਿਲ ਨਹੀਂ ਕੀਤਾ ਹੈ।
ਇਸ ਤੋਂ ਬਾਅਦ ਪਾਰਟੀ ਨੇ ਪ੍ਰਿਅੰਕਾ ਗਾਂਧੀ ਨੂੰ ਪੂਰਬੀ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾ ਕੇ ਸਿਆਸੀ ਮੈਦਾਨ ਵਿੱਚ ਉਤਾਰਿਆ ਹੈ। ਪਾਰਟੀ ਦੇ ਵਰਕਰ ਇਸ ਫੈਸਲੇ ਨਾਲ ਬਹੁਤ ਖੁਸ਼ ਹਨ।
ਇਹ ਵੀ ਪੜ੍ਹੋ:
ਲੋਕ ਸਭਾ ਦੀਆਂ ਸਭ ਤੋਂ ਵੱਧ ਸੀਟਾਂ ਵਾਲੇ ਸੂਬੇ ਉੱਤਰ ਪ੍ਰਦੇਸ਼ ਵਿੱਚ ਪਾਰਟੀ ਦੀ ਰਣਨੀਤੀ ਕਾਫੀ ਸੋਚੀ-ਸਮਝੀ ਅਤੇ ਸਪਸ਼ਟ ਨਜ਼ਰ ਆਉਂਦੀ ਹੈ।
ਪਾਰਟੀ ਦੇ ਬੁਲਾਰੇ ਅਤੇ ਸੀਨੀਅਰ ਆਗੂ ਅਖਿਲੇਸ਼ ਪ੍ਰਤਾਪ ਸਿੰਘ ਨੇ ਦੱਸਿਆ, "ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਵਿੱਚ ਅਜੇ ਹੇਠਲੇ ਪੱਧਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਹੈ।"
"ਇਹ ਨਹੀਂ ਹੈ ਕਿ ਦਿੱਲੀ ਅਤੇ ਲਖਨਊ ਵਿੱਚ ਸਭ ਕੁਝ ਤੈਅ ਹੋ ਗਿਆ ਹੈ।"
ਉੱਤਰ ਪ੍ਰਦੇਸ਼ ਵਿੱਚ ਪਾਰਟੀ ਦੀ ਰਣਨੀਤੀ ਦੇ ਕੁਝ ਮੁੱਖ ਨੁਕਤੇ ਇਸ ਪ੍ਰਕਾਰ ਹਨ:
- ਉੱਤਰ ਪ੍ਰਦੇਸ਼ ਪਾਰਟੀ ਲਈ ਸਭ ਤੋਂ ਅਹਿਮ ਹੈ। ਇੱਥੇ ਦੂਜੇ ਸੂਬਿਆਂ ਦੇ ਮੁਕਾਬਲੇ ਪਾਰਟੀ ਦਾ ਕਿਸਾਨਾਂ 'ਤੇ ਥੋੜ੍ਹਾ ਧਿਆਨ ਵੱਧ ਹੈ। ਪਾਰਟੀ ਅਨੁਸਾਰ ਕਿਸਾਨ ਮੋਦੀ ਸਰਕਾਰ ਤੋਂ ਨਾਰਾਜ਼ ਹਨ ਜਿਸ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ।
- ਪਾਰਟੀ ਵਿੱਚ ਇਹ ਵੀ ਸੋਚ ਆਮ ਹੈ ਕਿ ਕਿਸਾਨਾਂ ਵਾਂਗ ਨੌਜਵਾਨ ਵੀ ਮੋਦੀ ਸਰਕਾਰ ਤੋਂ ਖਫ਼ਾ ਹਨ ਇਸ ਲਈ ਨਵੀਂ ਪੀੜ੍ਹੀ ਦੇ ਲੋਕਾਂ ਨੂੰ ਲੁਭਾਉਣ ਦੀ ਵੱਧ ਕੋਸ਼ਿਸ਼ ਕੀਤੀ ਜਾਵੇ।

ਤਸਵੀਰ ਸਰੋਤ, AFP
- ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਨਾਲ ਸਿੱਧੀ ਟੱਕਰ ਨਾਂ ਲਈ ਜਾਵੇ ਅਤੇ ਕੋਸ਼ਿਸ਼ ਹੋਵੇ ਕਿ 2009 ਦੀਆਂ ਲੋਕ ਸਭਾ ਚੋਣਾਂ ਵਾਂਗ 21 ਜਾਂ ਵੱਧ ਸੀਟਾਂ ਜਿੱਤੀਆਂ ਜਾਣ।
- ਨਵੇਂ ਭਰਤੀ ਹੋਣ ਵਾਲੇ ਵਰਕਰਾਂ ਵਿੱਚੋਂ ਕਿਸਾਨ ਭਾਈਚਾਰੇ ਤੋਂ ਭਰਤੀ ਜ਼ਿਆਦਾ ਹੋਵੇ।
- ਪਾਰਟੀ ਵਿੱਚ ਔਰਤਾਂ ਲਈ ਰਾਖਵਾਂਕਰਨ ਪਹਿਲਾਂ ਤੋਂ ਹੀ ਹੈ ਪਰ ਉਨ੍ਹਾਂ ਨੂੰ ਜ਼ਿਲ੍ਹਾ ਪੱਧਰ 'ਤੇ ਅਤੇ ਹੋਰ ਅਹਿਮ ਅਹੁਦਿਆਂ 'ਤੇ ਤਾਇਨਾਤ ਕੀਤਾ ਜਾਵੇ।
ਬਾਰਾਬੰਕੀ ਦੀਆਂ ਜਿਨ੍ਹਾਂ ਸਭਾਵਾਂ ਵਿੱਚ ਮੈਂ ਗਿਆ ਉੱਥੇ ਬਹੁਗਿਣਤੀ ਕਿਸਾਨਾਂ ਦੀ ਸੀ। ਰਾਜ ਸਭਾ ਮੈਂਬਰ ਪੀਐੱਲ ਪੁਨੀਆ ਇੱਥੋਂ 2009 ਵਿੱਚ ਚੋਣਾਂ ਜਿੱਤੇ ਸਨ ਪਰ ਪਿਛਲੀਆਂ ਚੋਣਾਂ ਵਿੱਚ ਮੋਦੀ ਲਹਿਰ ਕਾਰਨ ਉਨ੍ਹਾਂ ਦੀ ਹਾਰ ਹੋਈ ਸੀ।
ਉਨ੍ਹਾਂ ਦੇ ਪੁੱਤਰ ਤਨੁਜ ਪੁਨੀਆ ਦੇ ਦਾਅਵਾ ਕੀਤਾ ਕਿ ਪ੍ਰਧਾਨ ਰਾਹੁਲ ਗਾਂਧੀ ਕਿਸਾਨਾਂ ਦਾ ਦਰਦ ਸਮਝਦੇ ਹਨ।
ਉਨ੍ਹਾਂ ਨੇ ਕਿਹਾ, "ਉਨ੍ਹਾਂ ਨੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਸਮਝਿਆ ਹੈ। ਉਨ੍ਹਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਸਾਨ ਖੁਦਕੁਸ਼ੀ ਕਰਨ ਨੂੰ ਕਿਉਂ ਮਜ਼ਬੂਰ ਹੈ।"
"ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ, ਛੱਤੀਸਗੜ੍ਹ, ਕਰਨਾਟਕ ਅਤੇ ਮੱਧ ਪ੍ਰਦੇਸ਼ ਵਿੱਚ ਕਰਜ਼ ਮਾਫੀ ਕੀਤੀ ਗਈ ਹੈ। ਉਸ ਨਾਲ ਵੱਡੀ ਗਿਣਤੀ ਵਿੱਚ ਕਿਸਾਨ ਹੁਣ ਕਾਂਗਰਸ ਵੱਲ ਆ ਰਹੇ ਹਨ।"
ਯੂਪੀ ਵਿੱਚ ਪਾਰਟੀ ਦੇ ਮਾੜੇ ਹਾਲ ਕਿਉਂ ਹੋਏ?
ਇੱਕ ਵਕਤ ਸੀ ਜਦੋਂ ਉੱਤਰ ਪ੍ਰਦੇਸ਼ ਵਿੱਚ ਪਾਰਟੀ ਨੂੰ ਚੋਣਾਂ ਵਿੱਚ ਹਰਾਉਣਾ ਮੁਸ਼ਕਿਲ ਸੀ। ਪਾਰਟੀ ਦੇ ਮਾੜੇ ਦਿਨ 1989 ਲੋਕ ਸਭਾ ਚੋਣਾਂ ਵੇਲੇ ਤੋਂ ਆ ਗਏ ਸਨ।
ਉਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਕੇਵਲ 15 ਸੀਟਾਂ ਮਿਲੀਆਂ ਸਨ।
ਸੀਨੀਅਰ ਪੱਤਰਕਾਰ ਵੀਰੇਂਦਰ ਨਾਥ ਭੱਟ ਕਹਿੰਦੇ ਹਨ, "ਪਾਰਟੀ ਦਾ ਮਾੜਾ ਵਕਤ ਉਸ ਵੇਲੇ ਸ਼ੁਰੂ ਹੋਇਆ ਜਦੋਂ ਵੀਪੀ ਸਿੰਘ ਨੇ 1989 ਤੋਂ ਬਾਅਦ ਮੰਡਲ ਰਿਪੋਰਟ ਨੂੰ ਲਾਗੂ ਕੀਤਾ।"
"ਉਸੇ ਦੌਰ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਬਾਅਦ ਵਿੱਚ ਸਮਾਜਵਾਦੀ ਪਾਰਟੀ ਮਜ਼ਬੂਤ ਹੋਈ।"
"1986 ਵਿੱਚ ਰਾਮ ਮੰਦਿਰ ਦਾ ਤਾਲਾ ਖੁੱਲ੍ਹਣਾ, ਦਲਿਤ ਅਤੇ ਫਿਰਕੂ ਸਿਆਸਤ, ਕਾਂਗਰਸ ਇਨ੍ਹਾਂ ਤਿੰਨਾਂ ਫੈਕਟਰਜ਼ ਦਾ ਸਾਹਮਣਾ ਨਹੀਂ ਕਰ ਸਕੀ।"

ਅਖਿਲੇਸ਼ ਪ੍ਰਤਾਪ ਸਿੰਘ ਪਾਰਟੀ ਦੀ ਲਗਾਤਾਰ ਹਾਰ ਦੇ ਕਾਰਨਾਂ 'ਤੇ ਰੋਸ਼ਨੀ ਪਾਉਂਦੇ ਹਨ।
ਉਨ੍ਹਾਂ ਕਿਹਾ, "ਅਸੀਂ ਲੋਕ ਪਿਛੜੀਆਂ ਜਾਤਾਂ ਨਾਲ ਜੁੜੀ ਸਿਆਸਤ ਵਿੱਚ ਕਮਜ਼ੋਰ ਹੁੰਦੇ ਗਏ। ਜਾਤੀ ਅਤੇ ਧਰਮ ਦੀ ਸਿਆਸਤ ਵਿਚਾਲੇ ਅਸੀਂ ਕਦੇ ਵੀ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕੀਤਾ।"
"ਅਸੀਂ ਸਿਆਸਤ ਲਈ ਕੋਈ ਸੌਦੇਬਾਜ਼ੀ ਨਹੀਂ ਕੀਤੀ। ਅਸੀਂ ਕੁਝ ਕਮਜ਼ੋਰ ਹੋਏ ਅਤੇ ਉਸ ਤੋਂ ਬਾਅਦ ਗਠਜੋੜ ਦੇ ਦੌਰ ਵਿੱਚ ਆ ਗਏ। ਅਸੀਂ ਹਮਾਇਤ ਦੇਣਾ ਸ਼ੁਰੂ ਕਰ ਦਿੱਤਾ ਪਾਰਟੀ ਹੋਰ ਵੀ ਕਮਜ਼ੋਰ ਹੋ ਗਈ।"
ਅੱਜ ਵੀ ਕੋਈ ਵੱਡਾ ਚਿਹਰਾ ਨਹੀਂ
ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਇਲਾਵਾ ਸੂਬੇ ਤੋਂ ਪਾਰਟੀ ਦੇ ਸਾਰੇ ਉਮੀਦਵਾਰ ਹਾਰ ਗਏ ਸਨ।
ਬਲਾਕ ਪੱਧਰ 'ਤੇ ਨੇਤਾ ਨੇਕਚੰਦ ਤ੍ਰਿਪਾਠੀ ਪੁਰਾਣੇ ਕਾਂਗਰਸੀ ਹਨ। ਉਨ੍ਹਾਂ ਦੇ ਮੁਤਾਬਿਕ ਪਾਰਟੀ ਦੇ ਕਮਜ਼ੋਰ ਹੋਣ ਦੇ ਕਈ ਕਾਰਨ ਹਨ। ਪਰ ਉਨ੍ਹਾਂ ਦੀ ਨਜ਼ਰ ਵਿੱਚ ਸਭ ਤੋਂ ਵੱਡਾ ਕਾਰਨ ਹੇਠਲੇ ਪੱਧਰ 'ਤੇ ਵਰਕਰਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਣਾ ਹੈ।
ਉਹ ਕਹਿੰਦੇ ਹਨ, "ਪਾਰਟੀ ਦੇ ਵੱਡੇ ਆਗੂਆਂ ਨੇ ਵਰਕਰਾਂ ਦੀ ਅਣਦੇਖੀ ਕੀਤੀ ਸੀ। ਉਸੇ ਦਾ ਨਤੀਜਾ ਹੈ ਕਿ ਅਸੀਂ 27-28 ਸਾਲ ਤੋਂ ਉੱਤਰ ਪ੍ਰਦੇਸ਼ ਵਿੱਚ ਸੱਤਾ ਤੋਂ ਬਾਹਰ ਹਾਂ।"
ਅਜਿਹਾ ਲਗਦਾ ਹੈ ਕਿ ਪਾਰਟੀ ਦੇ ਵੱਡੇ ਆਗੂਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ।

ਅਖਿਲੇਸ਼ ਪ੍ਰਤਾਪ ਸਿੰਘ ਨੇ ਕਿਹਾ, "ਆਗੂਆਂ ਦੀ ਕਮੀ ਨਹੀਂ ਸੀ। ਸਾਨੂੰ ਜਿਸ ਉਤਸ਼ਾਹ ਨਾਲ ਚੋਣਾਂ ਲੜਨੀਆਂ ਚਾਹੀਦੀਆਂ ਸਨ, ਉਸ ਦੀ ਥਾਂ ਅਸੀਂ ਉੱਤਰ ਪ੍ਰਦੇਸ਼ ਵਿੱਚ ਗਠਜੋੜ ਦੇ ਸਹਾਰੇ ਲੜਨ ਲੱਗੇ ਸੀ।"
ਪਾਰਟੀ ਵਿੱਚ ਨਵਾਂ ਜੋਸ਼ ਦੇਖਣ ਨੂੰ ਜ਼ਰੂਰ ਮਿਲ ਰਿਹਾ ਹੈ ਪਰ ਅੱਜ ਵੀ ਸੂਬੇ ਵਿੱਚ ਪਾਰਟੀ ਕੋਲ ਕੋਈ ਵੱਡਾ ਚਿਹਰਾ ਨਹੀਂ ਹੈ।
ਪੱਤਰਕਾਰ ਵੀਰੇਂਦਰ ਨਾਥ ਭੱਟ ਕਹਿੰਦੇ ਹਨ, "ਅੱਜ ਯੂਪੀ ਵਿੱਚ ਕਾਂਗਰਸ ਕੋਲ ਇੱਕ ਵੀ ਮੰਨਾ-ਪਰਮੰਨਾ ਆਗੂ ਨਹੀਂ ਹੈ। ਰਾਜ ਬੱਬਰ ਤਾਂ ਹਨ ਪਰ ਅਸਲ ਵਿੱਚ ਉਹ ਇੱਕ ਸਮਾਜਵਾਦੀ ਹਨ। ਪਾਰਟੀ ਅਜੇ ਵੀ ਯੂਪੀ ਵਿੱਚ ਕਿਸੇ ਨੇਤਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਹੈ।"
ਕੀ ਸੋਚਦੇ ਪਾਰਟੀ ਵਰਕਰ?
ਭੱਟ ਦਾ ਕਹਿਣਾ ਹੈ ਕਿ ਪਾਰਟੀ ਦੀ ਦੂਸਰੀ ਚੁਣੌਤੀ ਇਹ ਹੈ ਕਿ ਉਹ ਫਿਰਕੂ ਅਤੇ ਪਛਾਣ ਦੀ ਸਿਆਸਤ ਦਾ ਮੁਕਾਬਲਾ ਕਿਵੇਂ ਕਰੇ?
ਹੁਣ ਜਦੋਂ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਦੇ ਗਠਜੋੜ ਵਿੱਚ ਕਾਂਗਰਸ ਸ਼ਾਮਿਲ ਨਹੀਂ ਹੈ ਤਾਂ ਇਸ ਦੇ ਇਕੱਲੇ ਚੋਣਾਂ ਲੜਨ ਦੀ ਰਣਨੀਤੀ ਵੀ ਸਾਫ਼ ਹੋਣੀ ਚਾਹੀਦੀ ਹੈ।
ਅਜਿਹਾ ਲਗਦਾ ਹੈ ਕਿ ਪਾਰਟੀ ਵਰਕਰਾਂ ਵਿੱਚ ਜੋਸ਼, ਪ੍ਰਿਅੰਕਾ ਦੀ ਐਂਟਰੀ ਅਤੇ ਰਾਹੁਲ ਗਾਂਧੀ ਦੇ ਕਿਸਾਨ ਹਮਾਇਤੀ ਬਿਆਨਾਂ 'ਤੇ ਨਿਰਭਰ ਕਰ ਰਹੀ ਹੈ।
ਪਾਰਟੀ ਦੇ ਵਰਕਰਾਂ ਦੇ ਆਤਮ ਵਿਸ਼ਵਾਸ ਦਾ ਹਾਲ ਇਹ ਹੈ ਕਿ ਜ਼ਿਆਦਾਤਰ ਵਰਕਰ ਇਸ ਗੱਲ ਤੋਂ ਖੁਸ਼ ਹਨ ਕਿ ਪਾਰਟੀ ਸਮਾਜਵਾਦੀ ਪਾਰਟੀ-ਬਹੁਜਨ ਸਮਾਜਵਾਦੀ ਪਾਰਟੀ ਦੇ ਗਠਜੋੜ ਵਿੱਚ ਸ਼ਾਮਿਲ ਨਹੀਂ ਹੈ।

ਤਸਵੀਰ ਸਰੋਤ, Getty Images
ਲਖਨਊ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਬੈਠੇ ਕੁਝ ਵਰਕਰਾਂ ਨੇ ਕਿਹਾ ਕਿ ਉਹ ਇਕੱਲੇ ਚੋਣਾਂ ਲੜਨ ਲਈ ਤਿਆਰ ਹਨ।
ਇੱਕ ਨੇ ਕਿਹਾ, "ਅਸੀਂ ਤਾਂ ਪੌਜ਼ੀਟਿਵ ਹਾਂ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅਸੀਂ ਲੋਕ ਆਜ਼ਾਦ ਹੋ ਕੇ ਇਕੱਲੇ ਚੋਣਾਂ ਲੜਾਂਗੇ ਅਤੇ ਰਾਹੁਲ ਜੀ ਨੂੰ ਜਿੱਤਾਵਾਂਗੇ।"
ਉਸ ਦੇ ਨਾਲ ਬੈਠੇ ਇੱਕ ਹੋਰ ਵਰਕਰ ਨੇ ਕਿਹਾ, "ਅਸੀਂ ਇੱਕ ਪੁਰਾਣੀ ਸਿਆਸੀ ਪਾਰਟੀ ਹਾਂ ਅਤੇ ਸਾਡਾ ਇੱਕ ਵੱਡਾ ਸੰਗਠਨ ਹੈ। ਅਸੀਂ ਹਮੇਸ਼ਾ ਤਿਆਰ ਹਾਂ। ਅਸੀਂ ਪੂਰੇ ਤਰੀਕੇ ਨਾਲ ਤਿਆਰ ਹਾਂ।"
ਉਨ੍ਹਾਂ ਦੇ ਇਸ ਆਤਮ ਵਿਸ਼ਵਾਸ ਦਾ ਇੱਕ ਕਾਰਨ ਇਹ ਵੀ ਹੈ ਕਿ ਪਾਰਟੀ ਵਿੱਚ ਇਹ ਵਿਚਾਰ ਆਮ ਹੈ ਕਿ ਜੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨਾਲ ਗਠਜੋੜ ਨਾ ਕੀਤਾ ਹੁੰਦਾ ਤਾਂ ਨਤੀਜੇ ਕੁਝ ਹੋਰ ਹੋਣੇ ਸਨ।
ਕਿਉਂ ਨਹੀਂ ਹੋਇਆ ਬਸਪਾ-ਸਪਾ ਤੇ ਕਾਂਗਰਸ ਦਾ ਗਠਜੋੜ?
ਇਨ੍ਹਾਂ ਚੋਣਾਂ ਵਿੱਚ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੇ 325 ਸੀਟਾਂ ਹਾਸਿਲ ਕੀਤੀਆਂ ਸਨ ਜਦਕਿ ਸਮਾਜਵਾਦੀ ਪਾਰਟੀ- ਕਾਂਗਰਸ ਦੇ ਗਠਜੋੜ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ।
ਉੱਤਰ ਪ੍ਰਦੇਸ਼ ਕਾਂਗਰਸ ਦੇ ਇੱਕ ਸਕੱਤਰ ਸਤਿਆਦੇਵ ਸਿੰਘ ਨੇ ਕਿਹਾ, "ਉਹ ਪਾਰਟੀ ਲੀਡਰਸ਼ਿਪ ਦਾ ਫੈਸਲਾ ਸੀ। ਅਸੀਂ ਉਸ ਨੂੰ ਗਲਤ ਜਾਂ ਸਹੀ ਨਹੀਂ ਕਹਾਂਗੇ।"
"ਪਰ ਗਠਜੋੜ ਤੋਂ ਪਹਿਲਾਂ ਹਾਲਾਤ ਚੰਗੇ ਸਨ। ਜੇ ਉਹੀ ਹਾਲਾਤ ਹੁੰਦੇ ਤਾਂ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਾ ਹੁੰਦੀ।"
ਦਿਲਚਸਪ ਗੱਲ ਇਹ ਹੈ ਕਿ ਕੁਝ ਮਾਹਿਰ ਮੰਨਦੇ ਹਨ ਕਿ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜਵਾਦੀ ਪਾਰਟੀ ਇੱਕੋ ਨਾਲ ਕੇਵਲ ਭਾਜਪਾ ਕਾਰਨ ਨਹੀਂ ਮਿਲੇ ਹਨ।
ਸੀਨੀਅਰ ਪੱਤਰਕਾਰ ਵੀਰੇਂਦਰ ਨਾਥ ਭੱਟ ਕਹਿੰਦੇ ਹਨ, "ਕਾਂਗਰਸ ਦੇ ਚੰਗੇ ਪ੍ਰਦਰਸ਼ਨ ਨੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਵਿੱਚ ਬੇਚੈਨੀ ਹੋਣੀ ਸੁਭਾਵਿਕ ਹੈ।"

"ਜੋ ਸਿਆਸੀ ਥਾਂ ਕਾਂਗਰਸ ਦੀ ਸੀ , ਉਸ ਉੱਤੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਕਬਜ਼ਾ ਹੈ। ਕਦੇ ਨਾ ਕਦੇ ਕਾਂਗਰਸ ਉਸ ਉੱਤੇ ਆਪਣਾ ਦਾਆਵਾ ਪੇਸ਼ ਕਰੇਗੀ। ਇਸ ਵਿੱਚ ਵਕਤ ਲਗ ਸਕਦਾ ਹੈ।"
ਇਨ੍ਹਾਂ ਦੋਵੇਂ ਪਾਰਟੀਆਂ ਨੇ ਭਾਵੇਂ ਕਾਂਗਰਸ ਨੂੰ ਆਪਣੇ ਗਠਜੋੜ ਵਿੱਚ ਸ਼ਾਮਿਲ ਨਾ ਕੀਤਾ ਹੋਵੇ ਪਰ ਕਾਂਗਰਸ ਦਾ ਇੱਕ ਹੀ ਮਕਸਦ ਹੈ ਅਤੇ ਉਹ ਹੈ ਭਾਜਪਾ ਨੂੰ ਹਰਾਉਣਾ।
ਕਾਂਗਰਸ ਉਮੀਦਵਾਰਾਂ ਨੇ ਚੋਣਾਂ ਅਤੇ ਟਿਕਟ ਵੰਡ ਦੇ ਵਕਤ ਇਸ ਮਕਸਦ ਨੂੰ ਜ਼ਰੂਰ ਧਿਆਨ ਵਿੱਚ ਰੱਖੇਗੀ।
ਆਮ ਰਾਇ ਇਹ ਹੈ ਕਿ ਫਿਲਹਾਲ ਕਾਂਗਰਸ ਆਪਣੇ ਦਮ 'ਤੇ ਲੋਕ ਸਭਾ ਵਿੱਚ ਸਫ਼ਲਤਾ ਹਾਸਿਲ ਕਰਨ ਦੇ ਹਾਲਾਤ ਵਿੱਚ ਨਹੀਂ ਹੈ।
ਵੀਰੇਂਦਰ ਨਾਥ ਭੱਟ ਅਨੁਸਾਰ ਪਾਰਟੀ ਲਈ ਆਗਾਮੀ ਲੋਕ ਸਭਾ ਚੋਣਾਂ ਛੇਤੀ ਆ ਗਈਆਂ ਹਨ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਇਕੱਲੇ ਚੋਣਾਂ ਲੜਨ ਦੇ ਕਾਬਿਲ ਬਣ ਸਕਦੀ ਹੈ।
ਉਨ੍ਹਾਂ ਅੱਗੇ ਕਿਹਾ, "ਇੰਨਾ ਮੰਨ ਲਓ ਕਿ ਮੈਂ ਆਪਣੇ ਤਜਰਬੇ ਨਾਲ ਕਹਿ ਸਕਦਾ ਹਾਂ ਕਿ 2022 ਵਿੱਚ ਕਾਂਗਰਸ ਆਪਣੇ ਦਮ 'ਤੇ ਭਾਜਪਾ ਨੂੰ ਚੁਣੌਤੀ ਦੇਣ ਦੇ ਹਾਲਾਤ ਵਿੱਚ ਹੋਵੇਗੀ।"
ਇਹ ਵੀ ਪੜ੍ਹੋ:
ਇਹ ਵੀਡੀਓਜ਼ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












