ਦੋ ਸਮਲਿੰਗੀ ਕੁੜੀਆਂ ਨੇ ਕਿਵੇਂ ਲੜੀ ਆਪਣੇ ਵਿਆਹ ਲਈ ਸਮਾਜ ਨਾਲ ਲੜਾਈ

ਸਮਲਿੰਗੀ ਕੁੜੀਆਂ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕਰਨ ਤੋਂ ਝਿਝਕਦੀਆਂ ਹਨ

ਤਸਵੀਰ ਸਰੋਤ, youtube/foxstarhindi

ਤਸਵੀਰ ਕੈਪਸ਼ਨ, ਸਮਲਿੰਗੀ ਕੁੜੀਆਂ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕਰਨ ਤੋਂ ਝਿਝਕਦੀਆਂ ਹਨ

ਸਾਹਿਲ (ਰਾਜਕੁਮਾਰ ਰਾਓ) ਸਵੀਟੀ ਦੀ ਤਲਾਸ਼ ਵਿੱਚ ਪੰਜਾਬ ਦੇ ਸ਼ਹਿਰ ਮੋਗਾ ਪਹੁੰਚਦਾ ਹੈ।

ਉਹ ਵਾਰ-ਵਾਰ ਸਵੀਟੀ ਦੇ ਸ਼ਬਦਾਂ ਨੂੰ ਦੁਹਰਾਉਂਦਾ ਰਹਿੰਦਾ ਹੈ, "ਸੱਚੇ ਪਿਆਰ ਦੇ ਰਾਹ ਵਿੱਚ ਕੋਈ ਨਾ ਕੋਈ ਸਿਆਪਾ ਹੁੰਦਾ ਹੀ ਹੈ...ਨਤੀਂ ਤਾਂ ਲਵ ਸਟੋਰੀ ਵਿੱਚ ਫੀਲ ਕਿਵੇਂ ਆਵੇਗੀ।"

ਸਾਹਿਲ ਫਿਲਮੀ ਅੰਦਾਜ਼ ਵਿੱਚ ਸਵੀਟੀ ਤੱਕ ਪਹੁੰਚਦਾ ਹੈ ਪਰ ਜਦੋਂ ਸਵੀਟੀ ਉਸ ਨੂੰ ਆਪਣੇ ਦਿਲ ਦੀ ਗੱਲ ਦੱਸਦੀ ਹੈ ਤਾਂ ਕਹਾਣੀ ਹੀ ਬਦਲ ਜਾਂਦੀ ਹੈ।

ਨਿਰਾਸ਼ ਸਵੀਟੀ ਨਮ ਅੱਖਾ ਨਾਲ ਉਸ ਨੂੰ ਪੁੱਛਦੀ ਹੈ, "ਹਰ ਕੋਈ ਇੱਕ ਪਾਸੇ ਹੋ ਕੇ ਹੀ ਕਿਉਂ ਸੋਚਦਾ ਹੈ...ਕੀ ਇਹ ਜ਼ਰੂਰੀ ਹੈ ਕਿ ਮੈਂ ਕਿਸੇ ਮੁੰਡੇ ਨੂੰ ਹੀ ਪਿਆਰ ਕਰਾਂ..."

ਹਾਲ ਵਿੱਚ ਹੀ ਇੱਕ ਫਿਲਮ ਰਿਲੀਜ਼ ਹੋਈ, 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ'। ਇਹ ਫਿਲਮ ਸਮਲਿੰਗੀ ਰਿਸ਼ਤਿਆਂ ਬਾਰੇ ਗੱਲ ਕਰਦੀ ਹੈ।

ਬੀਤੇ ਕੁਝ ਸਾਲਾਂ ਵਿੱਚ ਭਾਰਤੀ ਮਰਦਾਂ ਨੇ ਆਪਣੇ ਸਮਲਿੰਗੀ ਰਿਸ਼ਤਿਆਂ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਹੈ।

ਪਰ ਔਰਤਾਂ ਇਸ ਬਾਰੇ ਅਜੇ ਵੀ ਕੁਝ ਖੁੱਲ੍ਹ ਕੇ ਨਹੀਂ ਬੋਲ ਰਹੀਆਂ ਹਨ।

ਇਹ ਵੀ ਪੜ੍ਹੋ:

'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਫਿਲਮ ਦੇ ਆਧਾਰ 'ਤੇ ਅਸੀਂ ਇੱਕ ਲੜਕੀ ਨਾਲ ਗੱਲਬਾਤ ਕੀਤੀ ਜਿਸ ਨੂੰ ਇੱਕ ਹੋਰ ਲੜਕੀ ਨਾਲ ਪਿਆਰ ਹੋ ਗਿਆ ਸੀ।

ਅਸੀਂ ਜਾਣਿਆ ਕਿਵੇਂ ਦੋਵੇਂ ਕੁੜੀਆਂ ਨੇ ਬਹਾਦੁਰੀ ਨਾਲ ਸਾਰੀਆਂ ਚੁਣੌਤੀਆਂ ਦਾ ਮੁਕਾਬਲਾ ਕੀਤਾ।

ਇੱਛਾ ਦੇ ਖਿਲਾਫ਼ ਵਿਆਹ ਹੋਇਆ

ਇਹ ਪ੍ਰੇਮ ਕਹਾਣੀ ਮਹਾਰਾਸ਼ਟਰ ਦੀ ਰਸ਼ਮੀ (ਬਦਲਿਆ ਨਾਂ) ਅਤੇ ਤੇਲੰਗਾਨਾ ਦੀ ਪ੍ਰਿਆ (ਬਦਲਿਆ ਨਾਂ) ਦੀ ਹੈ।

ਇਨ੍ਹਾਂ ਦੀ ਕਹਾਣੀ ਫਿਲਮਾਂ ਤੋਂ ਵੱਧ ਨਾਟਕੀ ਹੈ।

ਰਸ਼ਮੀ ਨੇ ਬੀਬੀਸੀ ਨਾਲ ਸਾਂਝੀ ਕੀਤੀ ਆਪਣੀ ਕਹਾਣੀ:-

ਹੁਣ ਪੂਰੇ ਤਿੰਨ ਸਾਲ ਹੋ ਚੁੱਕੇ ਹਨ। ਵਧੇਰੇ ਮਾਮਲਿਆਂ ਵਿੱਚ ਦੋ ਲੋਕ ਕਿਸੇ ਰਿਸ਼ਤੇਦਾਰ ਦੇ ਵਿਆਹ ਜਾਂ ਕਿਸੇ ਸਫ਼ਰ ਦੌਰਾਨ ਮਿਲਦੇ ਹਨ ਅਤੇ ਉਨ੍ਹਾਂ ਵਿਚਾਲੇ ਪਿਆਰ ਹੋ ਜਾਂਦਾ ਹੈ।

ਮੈਨੂੰ ਉਸ ਨਾਲ ਪਿਆਰ ਆਪਣੇ ਪਿੰਡ ਵਿੱਚ ਹੀ ਹੋਇਆ ਸੀ। ਮੇਰੀ ਦਾਦੀ ਦਾ ਦੇਹਾਂਤ ਹੋ ਗਿਆ ਸੀ ਅਸੀਂ ਸਾਰੇ ਇਕੱਠੇ ਹੋਏ ਸੀ।

ਸੋਨਮ ਕਪੂਰ ਨੇ ਹਾਲ ਹੀ ਵਿੱਚ ਇੱਕ ਮੋਗਾ ਦੀ ਸਮਲਿੰਗੀ ਕੁੜੀ ਦਾ ਕਿਰਦਾਰ ਅਦਾ ਕੀਤਾ ਹੈ

ਤਸਵੀਰ ਸਰੋਤ, foxstar hindi

ਤਸਵੀਰ ਕੈਪਸ਼ਨ, ਸੋਨਮ ਕਪੂਰ ਨੇ ਹਾਲ ਹੀ ਵਿੱਚ ਇੱਕ ਮੋਗਾ ਦੀ ਸਮਲਿੰਗੀ ਕੁੜੀ ਦਾ ਕਿਰਦਾਰ ਅਦਾ ਕੀਤਾ ਹੈ

ਮੈਂ ਉਸ ਨੂੰ ਕਾਫੀ ਪਹਿਲਾਂ ਤੋਂ ਜਾਣਦੀ ਸੀ ਅਤੇ ਉਸ ਨੂੰ ਪਸੰਦ ਕਰਦੀ ਸੀ। ਉਸ ਦਾ ਨਾਂ ਪ੍ਰਿਆ ਸੀ, ਉਹ ਮੇਰੀ ਭੂਆ ਦੀ ਕੁੜੀ ਸੀ।

ਜੇ ਕੋਈ ਮੈਨੂੰ ਹੁਣੇ ਪੁੱਛੇ ਕਿ ਮੈਂ ਉਸ ਵੇਲੇ ਪ੍ਰਿਆ ਬਾਰੇ ਕੀ ਮਹਿਸੂਸ ਕਰਦੀ ਸੀ ਤਾਂ ਇਹ ਮੇਰੇ ਲਈ ਹਾਸੋਹੀਣੀ ਗੱਲ ਹੋਣੀ ਹੈ।

ਮੈਂ ਬਿਲਕੁੱਲ ਉਸੇ ਤਰੀਕੇ ਨਾਲ ਮਹਿਸੂਸ ਕਰ ਰਹੀ ਸੀ ਜਿਵੇਂ ਕੋਈ ਕਿਸੇ ਨੂੰ ਪਿਆਰ ਕਰਨ ਵਾਲਾ ਮਹਿਸੂਸ ਕਰਦਾ ਹੈ।

ਆਪਣੇ ਆਲੇ-ਦੁਆਲੇ ਅਤੇ ਫਿਲਮਾਂ ਵਿੱਚ ਵੀ ਮੈਂ ਇਹੀ ਦੇਖਿਆ ਹੈ ਕਿ ਮੁੰਡੇ ਅਤੇ ਕੁੜੀ ਵਿਚਾਲੇ ਹੀ ਪਿਆਰ ਹੁੰਦਾ ਹੈ।

’ਮੇਰੇ ਅੰਦਰ ਮਰਦਾਂ ਲਈ ਜਜ਼ਬਾਤ ਨਹੀਂ ਸਨ’

ਮੈਂ ਜਾਣਦੀ ਸੀ ਕਿ ਮੈਂ ਕੁਝ ਵੱਖ ਹਾਂ ਪਰ ਇੰਟਰਨੈੱਟ 'ਤੇ ਪੜ੍ਹਨ ਤੋਂ ਬਾਅਦ ਮੈਨੂੰ ਸਮਝ ਆ ਗਿਆ ਕਿ ਮੇਰੇ ਅਹਿਸਾਸ ਆਮ ਹਨ।

15 ਸਾਲ ਦੀ ਉਮਰ ਵਿੱਚ ਮੇਰਾ ਵਿਆਹ ਮੇਰੀ ਇੱਛਾ ਦੇ ਖਿਲਾਫ਼ ਹੋ ਗਿਆ ਪਰ ਜ਼ਿਆਦਾ ਦਿਨ ਨਹੀਂ ਚਲਿਆ।

ਮੇਰਾ ਬਾਲਗ ਹੋਣ ਤੋਂ ਪਹਿਲਾਂ ਹੀ ਤਾਲਾਕ ਹੋ ਗਿਆ।

ਮੈਂ ਇਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਮਰਦਾਂ ਲਈ ਮੇਰੇ ਦਿਲ ਵਿੱਚ ਕੋਈ ਜਜ਼ਬਾਤ ਨਹੀਂ ਹਨ ਪਰ ਪ੍ਰਿਆ ਲਈ ਮੇਰੇ ਅੰਦਰ ਉਹ ਸਾਰੇ ਜਜ਼ਬਾਤ ਸਨ।

ਜਦੋਂ ਮੈਂ ਉਸ ਨੂੰ ਪ੍ਰਪੋਜ਼ ਕੀਤਾ ਤਾਂ ਉਸ ਨੇ ਕਿਹਾ ਕਿ ਉਸ ਦੇ ਅੰਦਰ ਵੀ ਮੇਰੇ ਲਈ ਉਹੀ ਜਜ਼ਬਾਤ ਹਨ।

ਉਸ ਦਾ ਪਹਿਲਾ ਸਵਾਲ ਸੀ, "ਜੇ ਸਾਡੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਸਾਡੇ ਰਿਸ਼ਤੇ ਬਾਰੇ ਪਤਾ ਲਗਿਆ ਤਾਂ ਕਿ ਉਹ ਸਾਨੂੰ ਅਪਣਾਉਣਗੇ?"

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮਲਿੰਗੀ ਜੋੜਿਆਂ ਨੂੰ ਆਪਣੀ ਹੋਂਦ ਲਈ ਭਾਰਤ ਵਿੱਚ ਕਈ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ

ਮੈਂ ਉਸ ਨੂੰ ਕਿਹਾ, "ਮੈਂ ਰਿਸ਼ਤੇਦਾਰਾਂ ਬਾਰੇ ਤਾਂ ਨਹੀਂ ਜਾਣਦੀ ਪਰ ਜੇ ਤੂੰ ਮੈਨੂੰ ਪਿਆਰ ਕਰਦੀ ਹੈ ਤਾਂ ਅਸੀਂ ਵਿਆਹ ਕਰਕੇ ਨਾਲ ਰਹਿੰਦੇ ਹਾਂ।"

ਪ੍ਰਿਆ ਤੇਲੰਗਾਨਾ ਵਿੱਚ ਰਹਿੰਦੀ ਸੀ ਅਤੇ ਮੈਂ ਮੁੰਬਈ ਵਿੱਚ। ਅਗਲੇ 6 ਮਹੀਨੇ ਤੱਕ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹੇ।

ਉਹ ਕਾਲਜ ਵਿੱਚ ਪੜ੍ਹ ਰਹੀ ਸੀ ਅਤੇ ਮੇਰੀ ਪੜ੍ਹਾਈ ਤਾਂ ਮੇਰੇ ਪਹਿਲੇ ਵਿਆਹ ਤੋਂ ਵੀ ਪਹਿਲਾਂ ਛੁੱਟ ਗਈ ਸੀ।

ਤਲਾਕ ਤੋਂ ਬਾਅਦ ਮੈਂ ਛੋਟੀ-ਮੋਟੀ ਨੌਕਰੀ ਕਰਦੀ ਸੀ।

ਜਦੋਂ ਮੈਨੂੰ ਮੌਕਾ ਮਿਲਦਾ ਮੈਂ ਛੁੱਟੀ ਲੈ ਕੇ ਪ੍ਰਿਆ ਦੇ ਘਰ ਜਾਂਦੀ ਸੀ। ਮੇਰੇ ਮਾਪੇ ਕਈ ਵਾਰ ਪੁੱਛਦੇ ਸਨ, "ਤੂੰ ਭੂਆ ਦੇ ਘਰ ਇੰਨਾ ਕਿਉਂ ਜਾਂਦੀ ਹੈ?"

ਇਹ ਵੀ ਪੜ੍ਹੋ:

ਮੈਂ ਉਸ ਵੇਲੇ ਪਿਆਰ ਵਿੱਚ ਸੀ। ਮੈਂ ਕਦੇ ਉਨ੍ਹਾਂ ਦੇ ਸਵਾਲਾਂ ਨੂੰ ਸੰਜੀਦਗੀ ਨਾਲ ਨਹੀਂ ਲਿਆ ਸੀ ਅਤੇ ਭੂਆ ਦੇ ਘਰ ਵਿੱਚ ਜਾਣ ਦਾ ਕੋਈ ਨਾ ਕੋਈ ਬਹਾਨਾ ਲੱਭ ਲੈਂਦੀ ਸੀ।

ਭੂਆ ਦੇ ਪਰਿਵਾਰ ਨੂੰ ਮੇਰੇ 'ਤੇ ਸ਼ੱਕ ਹੋ ਗਿਆ ਅਤੇ ਉਨ੍ਹਾਂ ਨੇ ਮੈਨੂੰ ਮੁੰਬਈ ਵਾਪਸ ਜਾਣ ਲਈ ਕਿਹਾ।

ਪਰ ਪ੍ਰਿਆ ਮੈਨੂੰ ਰੋਕ ਲੈਂਦੀ ਸੀ ਅਤੇ ਉਸ ਦੇ ਜ਼ੋਰ ਦੇਣ ਕਰਕੇ ਮੈਂ ਉੱਥੇ ਰਹਿੰਦੀ ਸੀ। ਅਸੀਂ ਪਿੰਡ ਦੇ ਮਹਾਲਕਸ਼ਮੀ ਮੰਦਿਰ ਵਿੱਚ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ। ਮੈਂ ਉਸ ਦੇ ਗਲੇ ਵਿੱਚ ਮੰਗਲਸੂਤਰ ਬੰਨਿਆ।

ਅਸੀਂ ਇਸ ਰਿਸ਼ਤੇ ਦੀ ਸ਼ੁਰੂਆਤ ਰੱਬ ਨੂੰ ਸ਼ਾਕਸ਼ੀ ਮੰਨ ਕੇ ਕੀਤੀ।

‘ਅਸੀਂ ਘਰੋਂ ਭੱਜ ਨਿਕਲੇ’

ਅਸੀਂ ਪਹਿਲਾਂ ਹੀ ਵਿਆਹ ਤੋਂ ਬਾਅਦ ਇਕੱਠੇ ਰਹਿਣ ਬਾਰੇ ਫੈਸਲਾ ਕਰ ਲਿਆ ਸੀ। ਮੈਂ ਤਾਂ ਪੂਰੇ ਸ਼ੌਂਕ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਇਹ ਸੌਖਾ ਨਹੀਂ ਸੀ ਜਾਂ ਕਹੋ ਮੁਮਕਿਨ ਹੀ ਨਹੀਂ ਸੀ।

ਵਿਆਹ ਤੋਂ ਬਾਅਦ ਮੈਂ ਉਸ ਦੇ ਘਰ ਰਹਿਣ ਲੱਗੀ। ਕੋਈ ਸਾਡੇ ਵਿਆਹ ਬਾਰੇ ਨਹੀਂ ਜਾਣਦਾ ਸੀ।

ਅਸੀਂ ਇੱਕ ਪਰਿਵਾਰ ਵਾਂਗ ਰਹਿਣਾ ਚਾਹੁੰਦੇ ਸੀ ਤਾਂ ਇਸ ਲਈ ਉਹ ਘਰ ਛੱਡਣਾ ਜ਼ਰੂਰੀ ਸੀ।

ਮੈਂ ਭੂਆ ਨੂੰ ਕਿਹਾ, "ਮੈਂ ਪ੍ਰਿਆ ਨੂੰ ਮੁੰਬਈ ਲੈ ਜਾਵਾਂਗੀ। ਉੱਥੇ ਉਸ ਨੂੰ ਚੰਗੀ ਨੌਕਰੀ ਮਿਲ ਜਾਵੇਗੀ।"

ਮਾਪਿਆਂ ਨੇ ਤਾਂ ਵਿਰੋਧ ਕਰਨਾ ਹੀ ਸੀ। ਪਰ ਮੈਨੂੰ ਇਹ ਭਰੋਸਾ ਸੀ ਕਿ ਜੋ ਵੀ ਹੋਵੇ ਪਰ ਇਸ ਤਰੀਕੇ ਨਾਲ ਅਸੀਂ ਇਕੱਠੇ ਰਹਿ ਸਕਾਂਗੇ।

ਪਰ ਸਵਾਲ ਸੀ ਕਿ ਅਸੀਂ ਕਿਵੇਂ ਘਰ ਨੂੰ ਛੱਡੀਏ?

ਮਹਾਰਾਸ਼ਟਰ ਤੇ ਤੇਲੰਗਾਨਾ ਦੀਆਂ ਕੁੜੀਆਂ ਅੱਜ ਖੁਸ਼ੀ ਨਾਲ ਇੱਕ-ਦੂਸਰੇ ਨਾਲ ਰਹਿ ਰਹੀਆਂ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਰਾਸ਼ਟਰ ਤੇ ਤੇਲੰਗਾਨਾ ਦੀਆਂ ਕੁੜੀਆਂ ਅੱਜ ਖੁਸ਼ੀ ਨਾਲ ਇੱਕ-ਦੂਸਰੇ ਨਾਲ ਰਹਿ ਰਹੀਆਂ ਹਨ

ਅਸੀਂ ਇੱਕ ਦਿਨ ਘਰੋਂ ਭੱਜ ਨਿਕਲੇ। ਅਸੀਂ ਪਹਿਲਾਂ ਤੋਂ ਤੈਅ ਥਾਂ ਅਤੇ ਵਕਤ 'ਤੇ ਮਿਲੇ। ਅਸੀਂ ਟਰੇਨ ਫੜ੍ਹੀ ਅਤੇ ਮੁੰਬਈ ਆ ਗਏ। ਪਰ ਮੇਰੇ ਘਰ ਨਹੀਂ ਜਾ ਸਕਦੇ ਸੀ।

ਜੇ ਜਾਂਦੇ ਤਾਂ ਸਾਨੂੰ ਦੋਹਾਂ ਨੂੰ ਆਪਣੇ-ਆਪਣੇ ਘਰ ਭੇਜ ਦਿੱਤਾ ਜਾਣਾ ਸੀ।

ਪ੍ਰਿਆ ਸਾਈਂਬਾਬਾ ਦੀ ਭਗਤ ਸੀ। ਮੈਨੂੰ ਸ਼ਿਰਡੀ ਤੱਕ ਦਾ ਰਸਤਾ ਪਤਾ ਸੀ। ਤਾਂ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਸ਼ਿਰਡੀ ਵਿੱਚ ਦੋ ਦਿਨਾਂ ਲਈ ਰੁਕਾਂਗੇ ਅਤੇ ਉਸ ਤੋਂ ਬਾਅਦ ਕਿਤੇ ਆਸਰਾ ਮੰਗਾਂਗੇ।

ਇਸ ਤਰ੍ਹਾਂ 15 ਦਿਨ ਗੁਜ਼ਰ ਗਏ। ਅਸੀਂ ਆਪਣੀ ਸੋਨੇ ਦੀ ਚੈਨ ਵੇਚ ਦਿੱਤੀ।

ਫਿਰ ਕੁਝ ਦਿਨ ਅਸੀਂ ਇੱਕ ਲੌਜ ਵਿੱਚ ਬਿਤਾਏ ਅਤੇ ਫਿਰ ਕੁਝ ਦਿਨ ਕਾਰਵਾਂਸਰਾਏ ਵਿੱਚ ਬਿਤਾਏ।

‘ਅਸੀਂ ਕਹਿੰਦੇ ਰਹੇ ਅਸੀਂ ਬਾਲਗ ਹਾਂ'

ਸਾਡੇ ਦੋਵਾਂ ਕੋਲ ਮੋਬਾਈਲ ਫੋਨ ਸੀ। ਅਸੀਂ ਉਸ ਨੂੰ ਪੂਰੇ ਦਿਨ ਬੰਦ ਰੱਖਦੇ ਸੀ।

ਉਸੇ ਦੌਰਾਨ ਸਾਡੇ ਮਾਪਿਆਂ ਨੇ ਸਾਨੂੰ ਲੱਭਣਾ ਸ਼ੁਰੂ ਕਰ ਦਿੱਤਾ। ਸ਼ਾਇਦ ਪੁਲਿਸ ਵੀ ਸਾਡੀ ਤਲਾਸ਼ ਕਰ ਰਹੀ ਸੀ।

ਇੱਕ ਮਹੀਨੇ ਬਾਅਦ ਪੁਲਿਸ ਨੇ ਸਾਨੂੰ ਸ਼ਿਰਡੀ ਤੋਂ ਹਿਰਾਸਤ ਵਿੱਚ ਲਿਆ ਅਤੇ ਸਾਨੂੰ ਤੇਲੰਗਾਨਾ ਲੈ ਗਏ।

ਅਸੀਂ ਲਗਾਤਾਰ ਕਹਿ ਰਹੇ ਸੀ ਕਿ ਅਸੀਂ ਬਾਲਗ ਹਾਂ, ਪਰ ਉਨ੍ਹਾਂ ਨੇ ਸਾਨੂੰ ਘਰ ਵਾਪਸ ਭੇਜ ਦਿੱਤਾ।

ਸਾਡੇ ਰਿਸ਼ਤੇਦਾਰ ਸਾਨੂੰ ਪ੍ਰੇਸ਼ਾਨ ਕਰਨ ਲੱਗੇ। ਪ੍ਰਿਆ ਦੇ ਘਰਵਾਲੇ ਉਸ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰਨ ਲਗੇ। ਉਹ ਪ੍ਰਿਆ 'ਤੇ ਵਿਆਹ ਕਰਨ ਦਾ ਦਬਾਅ ਬਣਾ ਰਹੇ ਸਨ।

ਕੁੜੀਆਂ

ਤਸਵੀਰ ਸਰੋਤ, Getty Images

ਉਸ ਦਾ ਘਰ ਤੋਂ ਨਿਕਲਣਾ ਮੁਸ਼ਕਿਲ ਹੋ ਗਿਆ ਸੀ। ਫਿਰ ਪ੍ਰਿਆ ਨੂੰ ਗੁੱਸਾ ਆਇਆ ਅਤੇ ਉਸ ਨੇ ਕਿਹਾ ਕਿ ਸਾਨੂੰ ਨਾ ਮਿਲਣ ਦਿੱਤਾ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ।

ਮੈਨੂੰ ਇਹ ਮਹਿਸੂਸ ਹੋਣ ਲੱਗਾ ਕਿ ਪੂਰੀ ਦੁਨੀਆਂ ਸਾਡੇ ਖਿਲਾਫ਼ ਹੈ। ਸਾਡੇ ਦੋਹਾਂ ਤੋਂ ਲਿਖਵਾਇਆ ਗਿਆ ਕਿ ਹੁਣ ਅਸੀਂ ਦੋਵੇਂ ਕਿਸੇ ਰਿਸ਼ਤੇ ਵਿੱਚ ਨਹੀਂ ਹਾਂ। ਦਬਾਅ ਲਗਾਤਾਰ ਵਧ ਰਿਹਾ ਸੀ।

ਪ੍ਰਿਆ ਦੇ ਭਰਾ ਅਤੇ ਉਸ ਦੇ ਦੋਸਤਾਂ ਨੇ ਮੈਨੂੰ ਧਮਕਾਇਆ ਵੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਮੇਰੀ ਭੈਣ ਨੇ ਵੀ ਮੈਨੂੰ ਰਿਸ਼ਤਾ ਤੋੜਨ ਲਈ ਕਾਫੀ ਮਨਾਉਣ ਦੀ ਕੋਸ਼ਿਸ਼ ਕੀਤੀ।

‘ਸਾਡੀ ਰਿਪੋਰਟ ਛਪੀ’

ਮੈਂ ਪ੍ਰਿਆ ਲਈ ਕਾਫ਼ੀ ਫਿਕਰਮੰਦ ਸੀ.. ਕਿ ਜੇ ਉਸ ਨੇ ਕੁਝ ਕਰ ਲਿਆ ਤਾਂ ਮੈਂ ਵੀ ਖੁਦ ਨੂੰ ਮਰਨ ਦੇ ਕੰਢੇ ਮਹਿਸੂਸ ਕਰ ਰਹੀ ਸੀ।

ਮੈਂ ਆਪਣੀ ਭੈਣ ਦੀ ਮਦਦ ਨਾਲ ਸਥਾਨਕ ਪੁਲਿਸ ਨਾਲ ਰਾਬਤਾ ਕਾਇਮ ਕੀਤਾ। ਮੈਂ ਉਨ੍ਹਾਂ ਨੂੰ ਸਾਰੀ ਕਹਾਣੀ ਦੱਸੀ। ਪ੍ਰਿਆ ਨੂੰ ਆਪਣੇ ਪਰਿਵਾਰ ਤੋਂ ਹੀ ਸੁਰੱਖਿਆ ਦੀ ਲੋੜ ਸੀ।

ਮੈਂ ਮਦਦ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਮੈਂ ਸੋਚਿਆ ਕਿ ਜੇ ਕੋਈ ਮੀਡੀਆ ਅਦਾਰਾ ਸਾਡੇ ਬਾਰੇ ਰਿਪੋਰਟ ਕਰੇ ਤਾਂ ਹੀ ਅਸੀਂ ਇੱਕ ਹੋ ਸਕਦੇ ਹਾਂ। ਮੈਂ ਉਸ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ।

ਫਿਰ ਇੱਕ ਦਿਨ ਮੇਰੇ ਇੱਕ ਜਾਣ-ਪਛਾਣ ਵਾਲੇ ਨੇ ਮੈਨੂੰ ਇੱਕ ਮਹਿਲਾ ਪੱਤਰਕਾਰ ਦਾ ਨੰਬਰ ਦਿੱਤਾ। ਮੈਂ ਉਸ ਨੂੰ ਦਿਨ-ਰਾਤ ਕਾਲ ਕਰਦੀ ਅਤੇ ਉਸ ਤੋਂ ਮਦਦ ਮੰਗਦੀ ਸੀ।

ਇਸ ਪਾਸੇ ਮੈਂ ਇਹ ਵੀ ਸੋਚ ਕੇ ਡਰ ਜਾਂਦੀ ਸੀ ਕਿ ਸਾਡੇ ਨਾਲ ਕੀ ਹੋਵੇਗਾ ਜੇ ਮੈਂ ਉਸ ਮਹਿਲਾ ਪੱਤਰਕਾਰ ਨੂੰ ਨਹੀਂ ਮਿਲੀ।

ਮੇਰੀ ਖ਼ਬਰ ‘ਮੁੰਬਈ ਮਿਰਰ’ ਵਿੱਚ ਛਪੀ। ਖ਼ਬਰ ਛਪਣ ਤੋਂ ਬਾਅਦ ਲਾਬੀਆ ਗਰੁੱਪ ( ਲੈਸਬੀਅਨ ਐਂਡ ਬਾਇਸੈਕਸੁਅਲ ਇਨ ਐਕਸ਼ਨ) ਨੇ ਮੈਨੂੰ ਸੰਪਰਕ ਕੀਤਾ।

ਸਾਨੂੰ ਨਜ਼ਰਬੰਦ ਕਰਨ ਦੀ ਖ਼ਬਰ ਤਾਂ ਪਹਿਲਾਂ ਹੀ ਫੈਲ ਚੁੱਕੀ ਸੀ। ਸਾਡੇ ਕਿਰਦਾਰ ਨੂੰ ਪੂਰੇ ਤਰੀਕੇ ਨਾਲ ਮਾੜਾ ਕਰਕੇ ਪੇਸ਼ ਕੀਤਾ ਜਾ ਰਿਹਾ ਸੀ।

ਜਦੋਂ ਮੈਂ 'ਲਾਬੀਆ' ਗਰੁੱਪ ਦੇ ਲੋਕਾਂ ਨਾਲ ਮਿਲੀ ਤਾਂ ਉਸ ਵੇਲੇ ਵੀ ਮੈਂ ਡਰੀ ਹੋਈ ਸੀ। ਮੈਂ ਉਸ ਗਰੁੱਪ ਨਾਲ ਜੁੜੀ ਇੱਕ ਮਹਿਲਾ ਨੂੰ ਆਪਣੀ ਸਾਰੀ ਕਹਾਣੀ ਦੱਸੀ।

ਦੇਸ ਵਿੱਚ ਕੁਝ ਜਥੇਬੰਦੀਆਂ ਸਮਲਿੰਗੀ ਕੁੜੀਆਂ ਨੂੰ ਮਦਦ ਮੁਹੱਈਆ ਕਰਵਾਉਂਦੀਆਂ ਹਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਦੇਸ ਵਿੱਚ ਕੁਝ ਜਥੇਬੰਦੀਆਂ ਸਮਲਿੰਗੀ ਕੁੜੀਆਂ ਨੂੰ ਮਦਦ ਮੁਹੱਈਆ ਕਰਵਾਉਂਦੀਆਂ ਹਨ

ਉਸ ਨੇ ਕਿਹਾ ਕਿ ਅਜਿਹੇ ਜਜ਼ਬਾਤ ਤਾਂ ਕੁਦਰਤੀ ਹਨ। ਫਿਰ ਮੈਨੂੰ ਪਤਾ ਲੱਗਾ ਕਿ 'ਲਾਬੀਆ' ਨਾਲ ਜੁੜੇ ਲੋਕ ਮੇਰੀ ਵਰਗੀਆਂ ਕੁੜੀਆਂ ਦੀ ਮਦਦ ਕਰਦੇ ਹਨ।

ਉਨ੍ਹਾਂ ਨੇ ਪਰਿਵਾਰ ਨਾਲ ਗੱਲਬਾਤ ਕਰਕੇ ਪ੍ਰਿਆ ਨੂੰ ਆਜ਼ਾਦ ਕਰਵਾਇਆ ਤਾਂ ਜੋ ਅਸੀਂ ਮੁੜ ਤੋਂ ਇੱਕ ਹੋ ਸਕੀਏ। ਹੁਣ ਅਸੀਂ ਇਕੱਠੇ ਜਿਉਣ ਲਈ ਆਜ਼ਾਦ ਸੀ।

ਹੁਣ ਸਾਨੂੰ ਇਕੱਠੇ ਰਹਿੰਦਿਆਂ ਡੇਢ ਸਾਲ ਹੋ ਚੁੱਕਾ ਹੈ। ਅਸੀਂ ਹੁਣ ਮਹਾਰਾਸ਼ਟਰ ਦੇ ਛੋਟੇ ਜਿਹੇ ਸ਼ਹਿਰ ਵਿੱਚ ਰਹਿੰਦੇ ਹਾਂ। ਅਸੀਂ ਦੋਵੇਂ ਨੌਕਰੀ ਕਰਦੇ ਹਾਂ।

ਭਾਵੇਂ ਅਸੀਂ ਜ਼ਿਆਦਾ ਨਹੀਂ ਕਮਾਉਂਦੇ, ਪਰ ਹਾਂ ਦੋਵਾਂ ਦਾ ਗੁਜ਼ਾਰਾ ਹੋ ਜਾਂਦਾ ਹੈ।

ਸਾਡੇ ਸਾਰੇ ਰਿਸ਼ਤੇਦਾਰ ਸਾਡੇ ਬਾਰੇ ਜਾਣਦੇ ਹਨ। ਪਰ ਉਹ ਇਹ ਸੋਚ ਕੇ ਹੈਰਾਨ ਹੁੰਦੇ ਹਨ ਕਿ ਆਖਿਰ ਕਿਵੇਂ ਦੋ ਕੁੜੀਆਂ ਇੱਕ ਦੂਸਰੇ ਨਾਲ ਖੁਸ਼ੀ ਨਾਲ ਰਹਿੰਦੀਆਂ ਹਨ।

ਜੇ ਕੋਈ ਸਾਨੂੰ ਪੁੱਛਦਾ ਹੈ ਤਾਂ ਅਸੀਂ ਉਸ ਨੂੰ ਕਹਿੰਦੇ ਹਾਂ ਕਿ ਅਸੀਂ ਇੱਕ ਦੂਜੇ ਨਾਲ ਵਿਆਹ ਕਰਵਾਇਆ ਹੋਇਆ ਹੈ ਅਤੇ ਸਾਡਾ ਰਿਸ਼ਤਾ ਪਤੀ-ਪਤਨੀ ਵਾਂਗ ਹੈ।

ਕਈ ਲੋਕ ਸੁਣ ਕੇ ਕਾਫ਼ੀ ਹੈਰਾਨ ਹੁੰਦੇ ਹਨ ਅਤੇ ਕਈ ਲੋਕ ਤਾਂ ਕਹਿੰਦੇ ਹਨ, "ਅਸੀਂ ਅਜਿਹੇ ਰਿਸ਼ਤੇ ਬਾਰੇ ਪਹਿਲੀ ਵਾਰ ਸੁਣਿਆ ਹੈ, ਤੁਸੀਂ ਕਹਿ ਰਹੇ ਹੋ ਤਾਂ ਸੱਚ ਵੀ ਹੋ ਸਕਦਾ ਹੈ।"

ਕੁਝ ਲੋਕਾਂ ਨੇ ਸਾਡੇ ਨਾਲ ਰਿਸ਼ਤਾ ਤੋੜ ਲਿਆ। ਮੈਨੂੰ ਲਗਦਾ ਹੈ ਕਿ ਉਹ ਵੀ ਵਕਤ ਨਾਲ ਠੀਕ ਹੋ ਜਾਣਗੇ।

ਸਾਡੇ ਪਰਿਵਾਰ ਅਜੇ ਵੀ ਇਸ ਹਕੀਕਤ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ ਪਰ ਉਨ੍ਹਾਂ ਨੇ ਸਾਨੂੰ ਸਵੀਕਾਰ ਜ਼ਰੂਰ ਕਰ ਲਿਆ ਹੈ।

ਸਾਡਾ ਰਿਸ਼ਤਾ ਉਨ੍ਹਾਂ ਨਾਲ ਪਹਿਲਾਂ ਵਾਂਗ ਨਹੀਂ ਹੈ ਪਰ ਜਿਸ ਨੂੰ ਮੈਂ ਪਿਆਰ ਕਰਦੀ ਹਾਂ ਉਹ ਮੇਰੇ ਨਾਲ ਹੈ। ਇਹੀ ਮੇਰੇ ਲਈ ਸਭ ਤੋਂ ਵੱਡੀ ਉਪਲਬਧੀ ਹੈ।

(ਜਿਵੇਂ ਬੀਬੀਸੀ ਮਰਾਠੀ ਦੀ ਪੱਤਰਕਾਰ ਪ੍ਰਾਜਕਤਾ ਧੂਲਪ ਨੂੰ ਦੱਸਿਆ)

ਇਹ ਵੀਡੀਓਜ਼ ਤੁਹਾਨੂੰ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)