ਭਾਰਤ ਨੂੰ ਸੂਬਿਆਂ ਦਾ ਸੰਘ ਕਹਿਣ 'ਤੇ ਤਮਿਲ ਕੁੜੀ ਨੌਕਰੀ ਤੋਂ ਮੁਅੱਤਲ

ਤਸਵੀਰ ਸਰੋਤ, NATHAN G
ਤਮਿਲਨਾਡੂ ਵਿੱਚ ਸਮਾਜਿਕ ਕਾਰਕੁਨ ਕੌਸ਼ਲਿਆ ਨੂੰ ਕਥਿਤ ਤੌਰ 'ਤੇ ਭਾਰਤ ਖਿਲਾਫ਼ ਬਿਆਨ ਦੇਣ ਦੇ ਇਲਜ਼ਾਮ ਵਿੱਚ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ।
ਵੈਲਿੰਗਟਨ ਕੈਂਟ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਰੀਸ਼ ਵਰਮਾ ਨੇ ਬੀਬੀਸੀ ਨੂੰ ਕੌਸ਼ਲਿਆ ਦੀ ਮੁਅੱਤਲੀ ਦੀ ਪੁਸ਼ਟੀ ਕੀਤੀ ਹੈ। ਕੋਸ਼ਲਿਆ ਕੈਂਟੋਨਮੈਂਟ ਦਫ਼ਤਰ ਵਿੱਚ ਜੂਨੀਅਰ ਅਸਿਸਟੈਂਟ ਦੇ ਅਹੁਦੇ 'ਤੇ ਤਾਇਨਾਤ ਸੀ।
ਕੌਸ਼ਲਿਆ ਨੇ ਬੀਬੀਸੀ ਤਮਿਲ ਸੇਵਾ ਦੇ 'ਹਮ ਭਾਰਤ ਦੇ ਲੋਗ' ਪ੍ਰੋਗਰਾਮ ਵਿੱਚ ਦੇਸ ਤੇ ਸਮਾਜ ਨੂੰ ਲੈ ਕੇ ਆਪਣੀ ਰਾਇ ਜ਼ਾਹਿਰ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਬਿਆਨ ਬਾਰੇ ਵਿਵਾਦ ਖੜ੍ਹਾ ਹੋ ਗਿਆ।
ਕੌਸ਼ਲਿਆ 'ਤੇ ਭਾਰਤ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ:
'ਹਮ ਭਾਰਤ ਦੇ ਲੋਗ' ਨਾਂ ਨਾਲ ਇੱਕ ਸੀਰੀਜ਼ ਬੀਬੀਸੀ ਨੇ 26 ਜਨਵਰੀ ਨੂੰ ਸ਼ੁਰੂ ਕੀਤੀ ਸੀ। ਅਸੀਂ ਇਸ ਸੀਰੀਜ਼ ਵਿੱਚ ਭਾਰਤ ਦੇ ਲੋਕਾਂ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਇਸ ਦੇਸ ਨੂੰ ਕਿਸ ਰੂਪ ਵਿੱਚ ਦੇਖਦੇ ਹਨ। ਇਸ ਸੀਰੀਜ਼ ਤਹਿਤ ਹੀ ਕੋਸ਼ਲਿਆ ਨੇ ਭਾਰਤ ਬਾਰੇ ਆਪਣੀ ਰਾਇ ਰੱਖੀ ਸੀ।

ਤਸਵੀਰ ਸਰੋਤ, THE NEWS MINUTE
ਆਖਿਰ ਕੀ ਹੈ ਵਿਵਾਦ?
ਕੌਸ਼ਲਿਆ ਨੇ ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਇੱਕ ਭਾਰਤੀ ਨਾਗਗਿਕ ਦੇ ਰੂਪ ਵਿੱਚ ਆਪਣੇ ਤਜਰਬੇ ਨੂੰ ਜ਼ਾਹਿਰ ਕੀਤਾ ਸੀ।
ਕੌਸ਼ਲਿਆ ਨੇ ਕਿਹਾ ਸੀ, "ਅੰਬੇਡਕਰ ਨੇ ਭਾਰਤ ਨੂੰ ਇੱਕ ਯੂਨੀਅਨ ਦੇ ਰੂਪ ਵਿੱਚ ਦੇਖਿਆ ਸੀ ਅਤੇ ਸੰਵਿਧਾਨ ਵਿੱਚ ਭਾਰਤ ਨੂੰ ਸੂਬਿਆਂ ਦਾ ਸੰਘ ਦੱਸਿਆ ਗਿਆ ਹੈ। ਭਾਰਤ ਵਿੱਚ ਰਾਸ਼ਟਰ ਭਾਸ਼ਾ ਨਹੀਂ ਹੈ।"
"ਇੱਥੇ ਸੱਭਿਆਚਾਰਕ ਆਧਾਰ 'ਤੇ ਵੀ ਲੋਕ ਆਪਸ ਵਿੱਚ ਵੰਡੇ ਹੋਏ ਹਨ। ਅਜਿਹੇ ਵਿੱਚ ਮੈਂ ਇਹ ਸਵਾਲ ਤੁਹਾਡੇ 'ਤੇ ਛੱਡਦੀ ਹਾਂ ਕਿ ਤੁਸੀਂ ਇਸ ਦੇਸ ਨੂੰ ਕਿਸ ਰੂਪ ਵਿੱਚ ਦੇਖਦੇ ਹੋ।"
"ਤਮਿਲ ਨਾਡੂ ਨਾਲ ਭਾਰਤ ਸਰਕਾਰ ਕਿਸੇ ਦਾਸ ਵਾਂਗ ਪੇਸ਼ ਆਉਂਦੀ ਹੈ। ਸਟਰਲਾਈਟ ਵਰਗੀਆਂ ਯੋਜਨਾਵਾਂ ਨੂੰ ਇਸ ਸੂਬੇ 'ਤੇ ਥੋਪਿਆ ਗਿਆ ਹੈ। ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ। ਇੱਥੋਂ ਤੱਕ ਕਿ ਕਿਸਾਨਾਂ ਨੇ ਕਾਫ਼ੀ ਵਿਰੋਧ ਕੀਤਾ ਪਰ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਬਿਲਕੁੱਲ ਨਾ ਸੁਣੀ"
ਨੌਕਰੀ ਤੋਂ ਮੁਅੱਤਲੀ ਕਿੰਨੀ ਸਹੀ?
ਕੌਸ਼ਲਿਆ ਦੀ ਮੁਅੱਤਲੀ 'ਤੇ ਤਮਿਲ ਨਾਡੂ ਤੋਂ ਪ੍ਰਤਿਕਿਰਿਆਵਾਂ ਆ ਰਹੀਆਂ ਹਨ।
ਇਸ ਮਾਮਲੇ ਵਿੱਚ ਮਦਰਾਸ ਹਾਈ ਕੋਰਟ ਦੇ ਸਾਬਕਾ ਜੱਜ ਕੇ. ਚੰਦਰੂ ਨੇ ਦੱਸਿਆ, "ਸੁਪਰੀਮ ਕੋਰਟ ਦਾ ਹੁਕਮ ਹੈ ਕਿ ਸਰਕਾਰੀ ਨੌਕਰੀ ਕਰਨ ਵਾਲੇ ਲੋਕਾਂ ਨੂੰ ਮੀਡੀਆ ਨਾਲ ਗੱਲ ਕਰਨ, ਕਿਤਾਬ ਲਿਖਣ ਅਤੇ ਕਿਸੇ ਲੇਖ ਨੂੰ ਲਿਖਣ ਤੋਂ ਪਹਿਲਾਂ ਆਪਣੇ ਵਿਭਾਗ ਤੋਂ ਇਜਾਜ਼ਤ ਲੈਣ ਹੁੰਦੀ ਹੈ।"
"ਸਰਕਾਰੀ ਮੁਲਾਜ਼ਮਾਂ ਨੂੰ ਦੇਸ ਜਾਂ ਨੌਕਰੀ ਦੇ ਖਿਲਾਫ਼ ਨਹੀਂ ਬੋਲਣਾ ਚਾਹੀਦਾ ਹੈ। ਕੌਸ਼ਲਿਆ ਵਾਲੇ ਮਾਮਲੇ ਵਿੱਚ ਇਸ ਨਿਯਮ ਦੀ ਉਲੰਘਣਾ ਹੋਈ ਹੈ।"
ਕੇ ਚੰਦਰੂ ਦੱਸਦੇ ਹਨ, “1983 ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕੋਈ ਵਿਅਕਤੀ ਸਰਕਾਰੀ ਨੌਕਰੀ ਵਿੱਚ ਆਉਣ ਤੋਂ ਪਹਿਲਾਂ ਕੁਝ ਵੀ ਰਾਇ ਰੱਖ ਸਕਦਾ ਹੈ ਪਰ ਨੌਕਰੀ ਵਿੱਚ ਆਉਣ ਤੋਂ ਬਾਅਦ ਤੁਹਾਡੀ ਰਾਇ ਮਾਅਨੇ ਰੱਖਦੀ ਹੈ।"
"ਭਾਵੇਂ ਤੁਹਾਡੇ ਪਹਿਲਾਂ ਦੇ ਵਿਚਾਰ ਕੀ ਰਹੇ ਹਨ, ਇਸ ਬਾਰੇ ਨੌਕਰੀ ਦੇਣ ਜਾਣ ਦੇ ਫੈਸਲੇ 'ਤੇ ਫਰਕ ਨਹੀਂ ਪੈਣਾ ਚਾਹੀਦਾ ਹੈ। ਇੱਕ ਸਰਕਾਰੀ ਮੁਲਾਜ਼ਮ ਨੂੰ ਆਪਣੀ ਨੌਕਰੀ ਬਾਰੇ ਨਿਸ਼ਠਾਵਾਨ ਅਤੇ ਸਮਰਪਿਤ ਰਹਿਣਾ ਚਾਹੀਦਾ ਹੈ।"
ਹਾਲਾਂਕਿ ਕੁਝ ਤਬਕਿਆਂ ਵਿੱਚ ਇਹ ਸਵਾਲ ਵੀ ਉਠ ਰਿਹਾ ਹੈ ਕਿ ਸਰਕਾਰ ਨੇ ਕੋਸ਼ਲਿਆ ਦੇ ਖਿਲਾਫ਼ ਕਾਰਵਾਈ ਵਿੱਚ ਜ਼ਿਆਦਾ ਸਖ਼ਤੀ ਦਿਖਾਈ ਹੈ। ਕਿਹਾ ਜਾ ਰਿਹਾ ਹੈ ਕਿ ਕੋਸ਼ਿਲਿਆ ਖਿਲਾਫ਼ ਇਸ ਮਾਮਲੇ ਵਿੱਚ ਨੌਕਰੀ ਤੋਂ ਮੁਅੱਤਲ ਕਰਨ ਤੋਂ ਇਲਾਵਾ ਦੂਜੇ ਤਰੀਕਿਆਂ ਬਾਰੇ ਵਿਚਾਰ ਕੀਤਾ ਸਕਦਾ ਸੀ।
ਔਰਤਾਂ ਦੇ ਅਧਿਕਾਰਾਂ ਬਾਰੇ ਆਵਾਜ਼ ਚੁੱਕਣ ਵਾਲੇ ਕਵਿਤਾ ਕ੍ਰਿਸ਼ਣਨ ਮੰਨਦੇ ਹਨ ਕਿ ਕੌਸ਼ਲਿਆ ਨੇ ਜੋ ਕੁਝ ਵੀ ਕਿਹਾ ਹੈ ਉਹ ਬੋਲਣ ਦੀ ਆਜ਼ਾਦੀ ਤੋਂ ਵੱਖ ਨਹੀਂ ਹੈ। ਉਹ ਕਹਿੰਦੇ ਹਨ ਕਿ ਸਰਕਾਰ ਦੀ ਆਲੋਚਨਾ ਦਾ ਅਧਿਕਾਰ ਸਾਰਿਆਂ ਨੂੰ ਹੈ।

ਤਸਵੀਰ ਸਰੋਤ, NATHAN G
ਕਵਿਤਾ ਕਹਿੰਦੇ ਹਨ, "ਕੋਸ਼ਲਿਆ ਨੇ ਆਨਰ ਕਿਲਿੰਗ ਖਿਲਾਫ ਜਿਸ ਤਰੀਕੇ ਦੀ ਲੜਾਈ ਲੜੀ ਹੈ ਉਹ ਹਿੰਮਤ ਸਾਰਿਆਂ ਵਿੱਚ ਨਹੀਂ ਹੁੰਦੀ ਹੈ। ਅਜਿਹੀ ਬਹਾਦੁਰ ਮਹਿਲਾ ਖਿਲਾਫ਼ ਕਾਰਵਾਈ ਨਾਲ ਇਹ ਪਤਾ ਲਗਦਾ ਹੈ ਕਿ ਇਸ ਸਰਕਾਰ ਦਾ ਰਵੱਈਆ ਕਿੰਨਾ ਗ਼ੈਰ-ਲੋਕਤੰਤਰਿਕ ਹੈ।"
ਕੌਸ਼ਲਿਆਕੌਣ ਹਨ?
ਕੌਸ਼ਲਿਆ ਤਾਮਿਲਨਾਡੂ ਵਿੱਚ ਜਾਤ ਪ੍ਰਣਾਲੀ ਦੇ ਖਿਲਾਫ਼ ਆਵਾਜ਼ ਚੁੱਕਣ ਵਾਲੀ ਇੱਕ ਸਮਾਜਿਕ ਕਾਰਕੁਨ ਹੈ।
ਕੋਸ਼ਲਿਆ ਨੂੰ ਕੁਝ ਸਾਲ ਪਹਿਲਾਂ ਆਪਣੇ ਤੋਂ ਕਥਿਤ ਛੋਟੀ ਜਾਤ ਦੇ ਲੜਕੇ ਨਾਲ ਵਿਆਹ ਕਰਵਾਉਣ ਕਾਰਨ ਇੱਜ਼ਤ ਲਈ ਕਤਲ ਦਾ ਸਾਹਮਣਾ ਕਰਨਾ ਪਿਆ ਸੀ।
ਉਸ ਜਾਨ ਲੇਵਾ ਹਮਲੇ ਵਿੱਚ ਉਨ੍ਹਾਂ ਦੇ ਪਤੀ ਸ਼ੰਕਰ ਦੀ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਕੌਸ਼ਲਿਆ ਆਪਣੇ ਘਰ ਵਾਲਿਆਂ ਖਿਲਾਫ ਲੜਾਈ ਲੜ ਰਹੇ ਸਨ ਅਤੇ ਉਨ੍ਹਾਂ ਨੂੰ ਸਜ਼ਾ ਕਰਵਾ ਕੇ ਹੀ ਸਾਹ ਲਿਆ ਸੀ।
ਹਾਲਾਂਕਿ ਕੌਸ਼ਲਿਆ ਨੇ ਮੁੜ ਵਿਆਹ ਕਰਵਾ ਲਿਆ ਹੈ ਪਰ ਉਨ੍ਹਾਂ ਨੂੰ ਭਾਈਚਾਰੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਕੌਸ਼ਲਿਆ ਦੇ ਨਵੇਂ ਪਤੀ ਦੂਜੀ ਜਾਤੀ ਦੇ
21 ਸਾਲਾ ਕੌਸ਼ਲਿਆ ਨੇ ਇਸ ਬਾਰੇ ਬੀਬੀਸੀ ਨੂੰ ਦੱਸਿਆ ਸੀ, “ਕਈ ਲੋਕ ਸਾਨੂੰ ਵਧਾਈ ਭੇਜ ਰਹੇ ਹਨ ਪਰ ਸਾਨੂੰ ਅਨਜਾਣ ਲੋਕਾਂ ਤੋਂ ਧਮਕੀਆਂ ਵੀ ਮਿਲ ਰਹੀਆਂ ਹਨ। ਸਾਡੇ ਘਰ ਵਾਲੇ ਅਤੇ ਦੋਸਤ ਕਾਫ਼ੀ ਫਿਕਰਮੰਦ ਹਨ।”
“ਆਮ ਤੌਰ 'ਤੇ ਸੋਸ਼ਲ ਮੀਡੀਆ ’ਤੇ ਜੋ ਵੀ ਲਿਖਿਆ ਜਾ ਰਿਹਾ ਹੈ, ਅਸੀਂ ਉਸ ਨੂੰ ਨਜ਼ਰ ਅੰਦਾਜ ਕਰਦੇ ਹਾਂ। ਫਿਰ ਵੀ ਕੁਝ ਲੋਕ ਸਾਨੂੰ ਫੋਨ ਕਰਕੇ ਚੇਤਾਵਨੀ ਦੇ ਰਹੇ ਹਨ। ਕੁਝ ਲੋਕ ਵਿਦੇਸ਼ਾਂ ਤੋਂ ਫੋਨ ਕਰਕੇ ਸਾਨੂੰ ਧਮਕਾ ਰਹੇ ਹਨ।"
ਜਦੋਂ ਕੌਸ਼ਲਿਆ ਨੇ ਇੱਕ ਦਲਿਤ ਨਾਲ ਵਿਆਹ ਕਰਵਾਇਆ ਸੀ ਤਾਂ ਉਸ ਸਮੇਂ ਤੋਂ ਹੀ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ।
ਇਸ ਤੋਂ ਬਾਅਦ ਕੌਸ਼ਲਿਆ ਕੋਲ ਪੁਲਿਸ ਦੀ ਮਦਦ ਲੈਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਰਿਹਾ।
ਦੋ ਸਾਲ ਤੱਕ ਉਨ੍ਹਾਂ ਨਾਲ ਇੱਕ ਨਿਹੱਥੀ ਮਹਿਲਾ ਕਾਂਸਟੇਬਲ ਦੀ ਡਿਊਟੀ ਹੁੰਦੀ ਸੀ।
ਕੌਸ਼ਲਿਆ ਕਹਿੰਦੇ ਹਨ ਕਿ ਜਦੋਂ ਤੋਂ ਉਨ੍ਹਾਂ ਨੇ ਦੂਸਰਾ ਵਿਆਹ ਕਰਵਾਇਆ ਹੈ ਉਸ ਸਮੇਂ ਤੋਂ ਹੀ ਉਹ ਕਾਂਸਟੇਬਲ ਉਨ੍ਹਾਂ ਦੇ ਨਾਲ ਸੀ। ਇਸ ਜੋੜੇ ਮੁਤਾਬਕ, ਉਨ੍ਹਾਂ 'ਤੇ ਹਰ ਪਾਸਿਓਂ ਦਬਾਅ ਪਾਇਆ ਜਾ ਰਿਹਾ ਹੈ।
ਹਾਲਾਂਕਿ ਪੁਲਿਸ ਇਸ ਗੱਲ ਤੋਂ ਇਨਕਾਰੀ ਹੈ ਕਿ ਉਨ੍ਹਾਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ।

ਬਦਲਾਅ ਬਾਰੇ ਕੌਸ਼ਲਿਆ ਦੀ ਰਾਇ
ਕੌਸ਼ਲਿਆ ਨੇ ਦਸੰਬਰ 2018 ਵਿੱਚ ਬੀਬੀਸੀ ਨੂੰ ਦੱਸਿਆ ਕਿ ਉਹ ਅੰਤਰਜਾਤੀ ਵਿਆਹ ਕਰਨ ਵਾਲਿਆਂ ਨੂੰ ਹਿਫ਼ਾਜ਼ਤ ਦੇਣ ਵਾਲਾ ਕਾਨੂੰਨ ਬਣਾਉਣ ਲਈ ਲਹਿਰ ਚਲਾ ਰਹੇ ਹਨ ਅਤੇ ਉਹ ਧਮਕੀਆਂ ਨਾਲ ਘਬਰਾਉਣ ਵਾਲੇ ਨਹੀਂ ਹਨ।
ਉਨ੍ਹਾਂ ਕਿਹਾ ਕਿ, “ਕਈ ਲੋਕ ਮੈਨੂੰ ਦਸਦੇ ਹਨ ਕਿ ਮੇਰੇ ਭਾਸ਼ਣ ਸੁਣਨ ਤੋਂ ਬਾਅਦ ਅੰਤਰ ਜਾਤੀ ਵਿਆਹਾਂ ਬਾਰੇ ਉਨ੍ਹਾਂ ਦੇ ਵਤੀਰੇ ਵਿੱਚ ਬਦਲਾਅ ਆਇਆ ਹੈ।”
ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












