ਕੁੰਭ ਮੇਲਾ 2019: ਸੱਤ ਹਫ਼ਤਿਆਂ 'ਚ 12 ਕਰੋੜ ਲੋਕਾਂ ਦੀ ਆਮਦ ਲਈ ਕਿਹੋ ਜਿਹੇ ਨੇ ਇੰਤਜ਼ਾਮ ਨੇ

    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ, ਇਲਾਹਾਬਾਦ ਤੋਂ

ਦੁਨੀਆਂ ਦਾ ਸਭ ਤੋਂ ਵੱਡਾ ਲੋਕਾਂ ਦਾ ਇਕੱਠ, ਕੁੰਭ ਮੇਲਾ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਮੇਲਾ ਹਰ 12 ਸਾਲ ਬਾਅਦ ਇਲਾਹਾਬਾਦ (ਹੁਣ ਪ੍ਰਯਾਗਰਾਜ) 'ਚ ਹੁੰਦਾ ਹੈ।

ਗੰਗਾ, ਯਮੁਨਾ ਤੇ ਸਰਸਵਤੀ ਦੇ ਸੰਗਮ ਵਿੱਚ ਡੁਬਕੀ ਲਗਾਉਣ ਲਈ ਸ਼ਰਧਾਲੂ ਆਉਂਦੇ ਹਨ, ਇਸ ਵਾਰ ਪ੍ਰਬੰਧਕ 12 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਕਰ ਰਹੇ ਹਨ।

ਹਿੰਦੂ ਮੰਨਦੇ ਹਨ ਕਿ ਇੱਥੇ ਡੁਬਕੀ ਲਗਾਉਣ ਨਾਲ ਉਹ ਜੀਵਨ ਅਤੇ ਮਰਨ ਦੇ ਚੱਕਰ ਤੋਂ ਮੁਕਤ ਹੋ ਸਕਦੇ ਹਨ।

ਤਾਂ ਸਵਾਲ ਇਹ ਉੱਠਦਾ ਹੈ ਕਿ ਇੰਨੇ ਵੱਡੇ ਪੱਧਰ ਦੇ ਪ੍ਰਗੋਰਾਮ ਨੂੰ ਪ੍ਰਬੰਧਕ ਕਿਵੇਂ ਨੇਪਰੇ ਚਾੜ੍ਹਦੇ ਹਨ?

ਇਸ ਸਾਲ ਅਰਧ-ਕੁੰਭ ਹੋਣ ਜਾ ਰਿਹਾ ਹੈ, ਜਿਹੜਾ ਦੋ ਮਹਾਕੁੰਭ ਮੇਲਿਆਂ ਦੇ ਵਿਚਾਲੇ ਪੈਂਦਾ ਹੈ। ਪਰ ਇਸ ਨਾਲ ਇਸਦੇ ਇਕੱਠ ਵਿੱਚ ਕੋਈ ਫਰਕ ਨਹੀਂ ਪੈਂਦਾ।

ਇਹ ਵੀ ਪੜ੍ਹੋ:

ਇੰਨੇ ਵੱਡੇ ਇਕੱਠ ਲਈ ਤਿਆਰੀ ਕਿਵੇਂ ਕੀਤੀ ਜਾਂਦੀ ਹੈ?

ਮੇਲੇ ਦੀ ਅਧਿਕਾਰਤ ਰੂਪ ਵਿੱਚ ਸ਼ੁਰੂਆਤ ਮੰਗਲਵਾਰ ਨੂੰ ਹੋ ਰਹੀ ਹੈ ਅਤੇ ਸ਼ੂਰੂਆਤੀ ਸਮਾਗਮ ਮੌਕੇ ਪ੍ਰਸ਼ਾਸਨ ਡੇਢ ਤੋਂ ਦੋ ਕਰੋੜ ਲੋਕਾਂ ਦੇ ਆਉਣ ਨੂੰ ਲੈ ਕੇ ਤਿਆਰੀਆਂ ਕੀਤੀਆਂ ਹਨ।

ਪਰ ਅਸਲੀ ਪ੍ਰੀਖਿਆ ਤਾਂ 4 ਫਰਵਰੀ ਨੂੰ ਹੋਵੇਗੀ ਜਦੋਂ ਇਸ ਪਵਿੱਤਰ ਦਿਨ ਇਸਨਾਨ ਲਈ ਤਿੰਨ ਕਰੋੜ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਇਹ ਸਮਾਗਮ 4 ਮਾਰਚ ਤੱਕ ਚੱਲੇਗਾ।

ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਰਾਜੀਵ ਰਾਏ ਨੇ ਕਿਹਾ, ''ਸਾਨੂੰ ਕੰਮ ਕਰਦਿਆਂ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਦਿਨ ਰਾਤ ਲੱਗੇ ਹੋਏ ਹਾਂ ਤਾਂ ਜੋ ਤਿਆਰੀ ਵਿੱਚ ਕੋਈ ਸਮੱਸਿਆ ਨਾ ਆਵੇ।''

ਉਨ੍ਹਾਂ ਦੱਸਿਆ ਕਿ 6000 ਧਾਰਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਨੂੰ ਜ਼ਮੀਨ ਦਿੱਤੀ ਗਈ ਹੈ, ਜਿੱਥੇ ਉਹ ਟੈਂਟ ਲਗਾਕੇ ਭਾਰਤ ਅਤੇ ਦੁਨੀਆਂ ਤੋਂ ਆਏ ਸੈਲਾਨੀਆਂ ਦੇ ਰੁਕਣ ਦਾ ਇੰਤਜ਼ਾਮ ਕਰਨਗੇ।

ਉਨ੍ਹਾਂ ਦੱਸਿਆ ਕਿ 32 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਮੇਲਾ ਹੋ ਰਿਹਾ ਹੈ।

ਸਦੀਆਂ ਤੋਂ ਹੁੰਦਾ ਆ ਰਿਹਾ ਕੁੰਭ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਮਸ਼ਹੂਰ ਅਤੇ ਵੱਡਾ ਹੋ ਗਿਆ ਹੈ। ਸਾਲ 2001 ਦੇ ਮੇਲੇ ਨੂੰ ਪਹਿਲਾ 'ਮਹਾ ਮੇਲਾ' ਕਿਹਾ ਗਿਆ ਸੀ।

49 ਦਿਨਾਂ ਤੱਕ ਚੱਲਣ ਵਾਲੇ ਇਸ ਸਾਲ ਦੇ ਮੇਲੇ ਦਾ ਬਜਟ ਕਰੀਬ 40 ਕਰੋੜ ਰੁਪਏ ਹੈ। ਆਉਣ ਵਾਲੇ ਲੋਕਾਂ ਦੀ ਗਿਣਤੀ ਬ੍ਰਿਟੇਨ ਅਤੇ ਸਪੇਨ ਦੀ ਕੁੱਲ ਆਬਾਦੀ ਤੋਂ ਵੀ ਵੱਧ ਹੋਣ ਦੀ ਉਮੀਦ ਹੈ।

ਸ਼ਰਧਾਲੂ ਇੱਥੇ ਪਹੁੰਚਣਗੇ ਕਿਵੇਂ?

ਪਿਛਲੇ 12 ਮਹੀਨਿਆਂ ਵਿੱਚ ਇਸ ਸ਼ਹਿਰ ਦਾ ਰੰਗ ਰੂਪ ਵੀ ਕਾਫੀ ਬਦਲ ਦਿੱਤਾ ਗਿਆ ਹੈ।

ਨਵੇਂ ਏਅਰਪੋਰਟ ਰਾਹੀਂ ਸੈਲਾਨੀ ਹੁਣ ਦਿੱਲੀ ਤੋਂ ਸਿਰਫ ਇੱਕ ਘੰਟੇ ਦੀ ਫਲਾਈਟ ਲੈ ਕੇ ਆ ਸਕਦੇ ਹਨ।

ਸੜਕਾਂ ਖੁਲ੍ਹੀਆਂ ਕਰ ਦਿੱਤੀਆਂ ਹਨ ਅਤੇ ਨਵੇਂ ਫਲਾਈਓਵਰ ਬਣਾਏ ਗਏ ਹਨ। ਮੇਲਾ ਗਰਾਊਂਡ ਵਿੱਚ 300 ਕਿਲੋਮੀਟਰ ਲੰਬੀਆਂ ਸੜਕਾਂ ਬਣਾਈਆਂ ਗਈਆਂ ਹਨ।

ਇਹ ਵੀ ਪੜ੍ਹੋ:

ਵੱਡੀਆਂ ਪਾਰਕਿੰਗਜ਼ ਬਣਾਈਆਂ ਗਈਆਂ ਹਨ ਤਾਂ ਜੋ ਵਾਹਨਾਂ ਨੂੰ ਪਾਰਕ ਕਰਨ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ।

ਰੇਲਵੇਜ਼ ਨੇ ਵੀ ਸੈਂਕੜੇ ਨਵੀਆਂ ਟ੍ਰੇਨਾਂ ਦਾ ਐਲਾਨ ਕੀਤਾ ਹੈ।

ਰੇਲਵੇ ਦੇ ਬੁਲਾਰੇ ਅਮਿਤ ਮਾਲਵੀਆ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ 35 ਲੱਖ ਲੋਕ ਰੇਲ ਰਾਹੀਂ ਸਫਰ ਕਰਨਗੇ। ਸਾਰੇ ਅੱਠ ਸਟੇਸ਼ਨਾਂ ਨੂੰ ਵੱਡਾ ਕੀਤਾ ਗਿਆ ਹੈ।

ਪਿਛਲੇ ਸਾਲ ਮੇਲੇ ਦੌਰਾਨ ਹੋਈ ਭਗਦੜ ਵਿੱਚ 40 ਤੋਂ ਵੱਧ ਲੋਕ ਮਾਰੇ ਗਏ ਸਨ।

ਇਸ ਵਾਰ ਅਜਿਹਾ ਕੋਈ ਹਾਦਸਾ ਨਾ ਹੋਵੇ ਇਸ ਲਈ ਇੱਕ ਨਵਾਂ ਪਲੇਟਫਾਰਮ ਬਣਾਇਆ ਗਿਆ ਹੈ, ਇੱਕ ਬਰਿਜ ਜੋ ਵੱਖ -ਪਲੇਟਫਾਰਮਾਂ ਨੂੰ ਜੋੜੇਗਾ ਅਤੇ ਵੇਟਿੰਗ ਏਰੀਆ ਵੀ ਹਨ, ਜਿੱਥੇ ਦੀ ਐਂਟ੍ਰੀ ਅਤੇ ਐਗਜ਼ਿਟ 'ਤੇ ਨਜ਼ਰ ਰੱਖੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਲਈ 5,000 ਬੰਦਾ ਬਾਹਰ ਤੋਂ ਵੀ ਬੁਲਾਇਆ ਗਿਆ ਹੈ।

ਪ੍ਰੋਗਰਾਮ ਦੀ ਸੁਰੱਖਿਆ

ਸੁਰੱਖਿਆ ਦੇ ਮਦੇਨਜ਼ਰ 30,000 ਤੋਂ ਵੱਧ ਗਿਣਤੀ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ।

ਸੀਨੀਅਰ ਪੁਲਿਸ ਅਧਿਕਾਰੀ ਕਵਿੰਦਰ ਪ੍ਰਤਾਪ ਸਿੰਘ ਨੇ ਕਿਹਾ, ''ਭਗਦੜ ਜਾਂ ਕਿਸੇ ਵੀ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ, ਅਸੀਂ ਇਸੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ ਕਿ ਕੁਝ ਗਲਤੀ ਨਾ ਰਹਿ ਜਾਵੇ।''

ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਭੀੜ 'ਤੇ ਕਾਬੂ ਰੱਖਣ ਲਈ ਆਰਟੀਫੀਸ਼ਿਅਲ ਇਨਟੈਲੀਜੈਂਸ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ।

ਇੱਕ ਬੁਲਾਰੇ ਨੇ ਕਿਹਾ, ''1000 ਸੀਸੀਟੀਵੀ ਕੈਮਰਿਆਂ ਤੋਂ ਮਿਲੀ ਫੁਟੇਜ ਦੀ ਮਦਦ ਨਾਲ ਅਸੀਂ ਵੇਖ ਸਕਦੇ ਹਾਂ ਕਿ ਲੋਕਾਂ ਦਾ ਵੱਡਾ ਇਕੱਠ ਕਿਸ ਪਾਸੇ ਨੂੰ ਹੈ ਅਤੇ ਫੇਰ ਫੈਸਲਾ ਲੈ ਸਕਦੇ ਹਾਂ ਕਿ ਉਨ੍ਹਾਂ ਨੂੰ ਦੂਜੀ ਤਰਫ ਭੇਜਿਆ ਜਾਏ ਜਾਂ ਨਹੀਂ।''

ਕੁੰਭ ਮੇਲੇ ਦੀਆਂ ਮੁੱਖ ਗੱਲਾਂ

  • ਗੰਗਾ, ਯਮੁਨਾ ਅਤੇ ਸਰਸਵਤੀ ਦੇ ਕੰਢੇ 'ਤੇ ਹਿੰਦੂਆਂ ਦਾ ਤੀਰਥ
  • ਸੱਤ ਹਫਤਿਆਂ ਵਿੱਚ 12 ਕਰੋੜ ਲੋਕਾਂ ਦੇ ਆਉਣ ਦੀ ਉਮੀਦ
  • ਜੋਤਿਸ਼ ਵਿਦਿਆ ਅਨੁਸਾਰ ਮੇਲੇ ਦੀ ਤਾਰੀਖ, ਦਿਨ ਅਤੇ ਥਾਂ ਤੈਅ ਕੀਤੀ ਜਾਂਦੀ ਹੈ
  • 2013 ਵਿੱਚ ਹੋਇਆ ਪੂਰਾ ਕੁੰਭ ਮਹਾ ਕੁੰਭ ਸੀ ਜੋ 12 ਕੁੰਭ ਮੇਲਿਆਂ ਤੋਂ ਬਾਅਦ ਹੁੰਦਾ ਹੈ। ਇਸ ਵਿੱਚ 10 ਕਰੋੜ ਸ਼ਰਧਾਲੂ ਆਏ ਸਨ
  • 1946 ਵਿੱਚ ਇੱਕ ਕੈਂਪ ਬਣਾਇਆ ਗਿਆ ਸੀ ਜੋ ਕੁੰਭ ਵਿੱਚ ਗੁਆਚੇ ਪਰਿਵਾਰ ਵਾਲਿਆਂ ਨੂੰ ਇੱਕ ਦੂਜੇ ਨਾਲ ਮਿਲਵਾਉਣ 'ਚ ਮਦਦ ਕਰਦਾ ਹੈ

ਖਾਣੇ ਦਾ ਕੀ ਇੰਤਜ਼ਾਮ ਹੁੰਦਾ ਹੈ?

ਕੁਝ ਸਮੇਂ ਲਈ ਆਏ ਸ਼ਰਧਾਲੂ ਆਪਣਾ ਖਾਣਾ ਨਾਲ ਲੈ ਕੇ ਆਉਂਦੇ ਹਨ।

ਧਾਰਮਿਕ ਸੰਸਥਾਵਾਂ ਜਾਂ ਲੰਬੇ ਸਮੇਂ ਤੱਕ ਰਹਿਣ ਵਾਲੇ ਲੋਕ ਜਿਵੇਂ ਕਿ ਇੱਕ ਮਹੀਨੇ ਤੱਕ ਖਾਣੇ ਲਈ ਅਧਿਕਾਰਿਆਂ 'ਤੇ ਨਿਰਭਰ ਹੁੰਦੇ ਹਨ।

ਖਾਣਾ ਬਣਾਉਣ ਲਈ ਸਸਤਾ ਆਟਾ, ਚੀਨੀ, ਚੌਲ ਅਤੇ ਮਿੱਟੀ ਦਾ ਤੇਲ ਵੇਚਣ ਵਾਲੀਆਂ ਦੁਕਾਨਾਂ ਹਨ ਅਤੇ 5 ਗੋਦਾਮ ਵੀ।

150000 ਸ਼ਰਧਾਲੂਆਂ ਨੂੰ ਕਾਰਡ ਦਿੱਤੇ ਗਏ ਹਨ, ਜਿਸ ਨਾਲ ਉਹ ਸਸਤਾ ਰਾਸ਼ਨ ਖਰੀਦ ਸਕਦੇ ਹਨ।

ਕੁੱਲ 5384 ਟਨ ਚੌਲ, 7834 ਟਨ ਆਟਾ, 3174 ਟਨ ਚੀਨੀ ਅਤੇ 767 ਲੀਟਰ ਮਿੱਟੀ ਦਾ ਤੇਲ ਮੇਲੇ ਲਈ ਰੱਖਿਆ ਗਿਆ ਹੈ।

ਪੂਰੇ ਮੇਲਾ ਗਰਾਊਂਡ ਵਿੱਚ ਮੁਫ਼ਤ ਅਤੇ ਸਾਫ ਪੀਣ ਦੇ ਪਾਣੀ ਲਈ 160 ਕਨਟੇਨਰ ਲਗਾਏ ਗਏ ਹਨ।

ਲੋਕਾਂ ਦੀ ਸਿਹਤ ਦਾ ਕੀ?

ਪਹਿਲੀ ਦਸੰਬਰ ਤੋਂ ਹੀ 100 ਬਿਸਤਰਿਆਂ ਵਾਲਾ ਹਸਪਤਾਲ ਅਤੇ 10 ਹੋਰ ਛੋਟੇ ਹਸਪਤਾਲ ਇੱਥੇ ਚੱਲ ਰਹੇ ਹਨ।

ਡਾ. ਅਸ਼ੋਕ ਕੁਮਾਰ ਪਾਲੀਵਾਲ ਨੇ ਕਿਹਾ, ''ਰੋਜ਼ਾਨਾ ਸਾਡੇ ਕੋਲ ਕਰੀਬ 3,000 ਮਰੀਜ਼ ਆ ਰਹੇ ਹਨ, ਜ਼ਾਹਿਰ ਹੈ ਕਿ 15 ਜਨਵਰੀ ਨੂੰ ਇਹ ਗਿਣਤੀ ਵਧੇਗੀ।''

ਉਨ੍ਹਾਂ ਦੀ 193 ਡਾਕਟਰਾਂ ਅਤੇ 1500 ਹੋਰ ਮੈਡੀਕਲ ਨਾਲ ਜੁੜੇ ਸਟਾਫ ਦੀ ਟੀਮ ਹੈ। ਆਯੁਰਵੇਦਾ ਦੇ ਵੀ 80 ਡਾਕਟਰ ਪੁਰਾਤਨ ਸਮਿਆਂ ਦੇ ਤਰੀਕਿਆਂ ਨਾਲ ਇਲਾਜ ਕਰਨ ਲਈ ਉਪਲਬਧ ਹਨ।

ਇਹ ਵੀ ਪੜ੍ਹੋ:

ਹਸਪਤਲਾਂ ਵਿੱਚ ਸਰਜਰੀ, ਐਕਸ ਰੇਅ, ਅਲਟ੍ਰਾਸਾਊਂਡ ਅਤੇ ਲੈਬ ਟੈਸਟ ਕਰਵਾਉਣ ਦੀ ਵੀ ਸੁਵਿਧਾ ਹੈ।

ਉਨ੍ਹਾਂ ਕਿਹਾ, ''ਸਾਡੇ ਕੋਲ 86 ਆਮ ਐਂਬੂਲੈਂਸ ਅਤੇ ਇੱਕ ਏਅਰ ਐਂਬੁਲੈਂਸ ਹੈ, ਅਸੀਂ ਵੱਡੀ ਐਮਰਜੈਂਸੀ ਲਈ ਵੀ ਤਿਆਰ ਹਾਂ।''

ਮੇਲੇ ਵਿੱਚ ਸਾਫ ਸਫਾਈ ਦਾ ਧਿਆਨ ਵੀ ਪਾਲੀਵਾਲ ਹੀ ਰੱਖ ਰਹੇ ਹਨ। 1,22,000 ਟਾਇਲਟ ਬਣਾਏ ਗਏ ਹਨ, ਇਸ ਤੋਂ ਇਲਾਵਾ 20,000 ਡਸਟਬਿਨ ਅਤੇ 22,000 ਸਫਾਈ ਕਰਮਚਾਰੀ ਵੀ ਰੱਖੇ ਗਏ ਹਨ।

ਟਾਇਲੇਟਸ ਵਿੱਚ ਪਾਣੀ ਦੀ ਘਾਟ ਅਤੇ ਬਦਬੂ ਦੀਆਂ ਸ਼ਿਕਾਇਤਾਂ ਤਾਂ ਪਹਿਲਾਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਇਸ ਬਾਰੇ ਉਨ੍ਹਾਂ ਕਿਹਾ, ''ਇਹ ਇੱਕ ਵੱਡਾ ਪ੍ਰਜੈਕਟ ਹੈ, ਜਿਵੇਂ ਇੱਕ ਵੱਖਰਾ ਦੇਸ ਬਣਾ ਰਹੇ ਹਾਂ, ਲੋਕ ਦਿਨ ਰਾਤ ਮਿਹਨਤ ਕਰ ਰਹੇ ਹਨ, ਪਾਈਪਲਾਈਨਜ਼ ਲਗਾ ਰਹੇ ਨੇ, ਪਾਣੀ ਦੇ ਕਨੈਕਸ਼ਨ ਦੇ ਰਹੇ ਹਨ, ਟਾਇਲੇਟ ਬਣਾ ਰਹੇ ਹਨ, ਫੇਰ ਵੀ ਸਾਡੀ ਕੋਸ਼ਿਸ਼ ਹੈ ਕਿ ਕੋਈ ਕਮੀ ਨਾ ਰਹਿ ਜਾਵੇ।''

4 ਫਰਵਰੀ ਨੂੰ ਤਿੰਨ ਕਰੋੜ ਲੋਕਾਂ ਦੇ ਆਉਣ ਦੀ ਉਮੀਦ ਹੈ ਅਤੇ ਉਹ ਸਭ ਤੋਂ ਔਖਾ ਹੋਣ ਵਾਲਾ ਹੈ, ਮੇਲਾ 4 ਮਾਰਚ ਤੱਕ ਚੱਲੇਗਾ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)