ਦਿ ਐਕਸੀਡੈਂਟਲ ਪ੍ਰਾਈਮ ਮਿਨੀਸਟਰ ਫਿਲਮ ਦਾ ਡੀਐੱਸਜੀਐੱਮਸੀ ਦੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਵਿਰੋਧ

'ਦਿ ਐਕਸੀਡੈਂਟਲ ਪ੍ਰਾਈਮ ਮਿਨੀਸਟਰ' ਫਿਲਮ ਖਿਲਾਫ਼ ਜਿੱਥੇ ਕਾਂਗਰਸ ਪਾਰਟੀ ਵਿਰੋਧ ਕਰ ਰਹੀ ਹੈ ਉੱਥੇ ਹੀ ਉਸ ਦੀ ਵਿਰੋਧੀ ਪਾਰਟੀ ਵਿਚੋਂ ਵੀ ਇਸ ਫਿਲਮ ਬਾਰੇ ਵਿਰੋਧੀ ਸੁਰਾਂ ਉੱਠ ਰਹੀਆਂ ਹਨ।

ਸ਼੍ਰੋਮਣੀ ਅਕਾਲੀ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ 'ਤੇ ਇਸ ਫਿਲਮ ਵਿੱਚ ਡਾਕਟਰ ਮਨਮੋਹਨ ਸਿੰਘ ਦੇ ਕਿਰਦਾਰ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਉਨ੍ਹਾਂ ਨੇ ਟਵੀਟ ਕੀਤਾ, "ਗਾਂਧੀ ਪਰਿਵਾਰ ਕਰਕੇ ਇਸ ਸਿਆਸਤਦਾਨ ਦਾ ਨਿਰਾਦਰ ਕਿਉਂ? ਮੈਂ ਸਿੱਖਾਂ ਨੂੰ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਉਹ ਇਸ ਫਿਲਮ ਨੂੰ ਨਾ ਦੇਖਣ, ਜਿਸ ਵਿੱਚ ਅਜਿਹੇ ਸਿੱਖ ਦਾ ਮਜ਼ਾਕ ਬਣਾਇਆ ਗਿਆ ਹੈ ਜੋ ਭਾਰਤ ਦਾ ਮਾਣ ਹੈ।"

ਇਸ ਤੋਂ ਇਲਾਵਾ ਉਨ੍ਹਾਂ ਨੇ ਫੇਸਬੁੱਕ 'ਤੇ ਵੀ ਇੱਕ ਵੀਡੀਓ ਅਪਲੋਡ ਕਰਕੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਇਸ ਫਿਲਮ ਵਿੱਚ ਡਾ. ਮਨਮੋਹਨ ਸਿੰਘ ਨੂੰ ਜੋ ਕਿ 10 ਸਾਲ ਤੱਕ ਦੇਸ ਦੇ ਪ੍ਰਧਾਨ ਮੰਤਰੀ ਰਹੇ ਹਨ, ਉਨ੍ਹਾਂ ਦੇ ਅਕਸ ਨੂੰ ਜਿਸ ਤਰ੍ਹਾਂ ਮਜ਼ਾਕੀਆਂ ਢੰਗ ਨਾਲ ਪੇਸ਼ ਕੀਤਾ ਗਿਆ ਉਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਿੰਤਾ ਜ਼ਾਹਿਰ ਕੀਤੀ ਹੈ।

ਉਨ੍ਹਾਂ ਨੇ ਕਿਹਾ, "ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਡਾ. ਮਨਮੋਹਨ ਨੇ ਦੇਸ ਦਾ ਮਾਣ ਵਧਾਇਆ ਹੈ ਸਿੱਖਾਂ ਦੀ ਪੱਗ ਨੂੰ ਉੱਚਾ ਕੀਤਾ ਅਤੇ ਪੂਰੀ ਦੁਨੀਆਂ ਅੰਦਰ ਸਿੱਖਾਂ ਦੀ ਪਛਾਣ ਨੂੰ ਕਾਇਮ ਕੀਤਾ ਹੈ। ਪਰ ਕਾਂਗਰਸ ਦੀਆਂ 70 ਸਾਲ ਦੀਆਂ ਬੁਰਾਈਆਂ ਦੇ ਬਦਲੇ ਡਾ. ਮਨਮੋਹਨ ਸਿੰਘ ਦਾ ਅਕਸ, ਇੱਕ ਸਿੱਖ ਦੀ ਦਸਤਾਰ ਦੇ ਅਕਸ ਨੂੰ ਖ਼ਰਾਬ ਕਰਕੇ ਪੇਸ਼ ਕਰਨ ਲਈ ਦਿੱਲੀ ਕਮੇਟੀ ਚਿੰਤਤ ਹੈ।"

"ਇਸ ਲਈ ਦਿੱਲੀ ਕਮੇਟੀ ਨੇ ਤੈਅ ਕੀਤਾ ਹੈ ਕਿ ਡਾ. ਮਨਮੋਹਨ ਸਿੰਘ 'ਤੇ ਬਣੀ ਫਿਲਮ ਦਾ ਸਿੱਖ ਬਾਈਕਾਟ ਕਰਨ, ਅਸੀਂ ਕਿਸੇ ਵੀ ਕੀਮਤ 'ਤੇ ਅਜਿਹੀ ਫਿਲਮ ਸਵੀਕਾਰ ਨਹੀਂ ਕਰਾਂਗੇ ਜੋ ਸਿੱਖ ਅਤੇ ਸਿੱਖ ਦੀ ਪੱਗ ਦਾ ਨਿਰਾਦਰ ਕਰੇ।"

ਇਹ ਵੀ ਪੜ੍ਹੋ-

ਸੰਜੇ ਬਾਰੂ ਦੀ ਕਿਤਾਬ 'ਤੇ ਬਣੀ ਹੈ ਫਿਲਮ

ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੀ ਕਿਤਾਬ 'ਤੇ ਆਧਾਰਿਤ 'ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਫਿਲਮ ਬਣਾਈ ਗਈ ਹੈ।

ਸੰਜੇ ਬਾਰੂ ਸਾਲ 2004 ਤੋਂ 2008 ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ।

2014 ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਫ਼ਤਰ ਨੇ ਇਸ ਕਿਤਾਬ ਦੀ ਆਲੋਚਨਾ ਕੀਤੀ ਸੀ।

ਫਿਲਮ ਵਿੱਚ ਅਦਾਕਾਰ ਅਨੁਪਮ ਖੇਰ ਡਾ. ਮਨਮੋਹਨ ਸਿੰਘ ਦੀ ਭੂਮਿਕਾ ਵਿੱਚ ਹਨ ਜਦਕਿ ਅਦਾਕਾਰ ਅਕਸ਼ੈ ਖੰਨਾ ਸੰਜੇ ਬਾਰੂ ਦੀ ਭੂਮਿਕਾ ਨਿਭਾ ਰਹੇ ਹਨ।

ਇਸ ਫਿਲਮ ਦਾ ਨਿਰਦੇਸ਼ਨ ਵਿਜੈ ਗੁੱਟੇ ਨੇ ਕੀਤਾ ਹੈ।

ਕਾਂਗਰਸ ਫਿਲਮ ਦਾ ਵਿਰੋਧ ਕਰਦੀ ਰਹੀ ਹੈ

ਹਾਲਾਂਕਿ ਸਾਲ 2014 ਵਿੱਚ ਵੀ ਕਿਤਾਬ ਨੂੰ ਲੈ ਕੇ ਸੰਜੇ ਬਾਰੂ ਉੱਤੇ ਸਵਾਲ ਚੁੱਕੇ ਗਏ ਸਨ। ਹੁਣ ਆਮ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਫਿਲਮ ਦੇ ਰਿਲੀਜ਼ ਦੀ ਟਾਈਮਿੰਗ ਨੂੰ ਲੈ ਕੇ ਵੀ ਕਾਂਗਰਸ ਨੇ ਸਵਾਲ ਚੁੱਕਿਆ।

ਦੇਸ ਭਰ ਵਿੱਚ ਕਾਂਗਰਸੀ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ, ਫਿਲਮ ਦੇ ਖਿਲਾਫ ਅਦਾਲਤਾਂ ਵਿੱਚ ਪਟੀਸ਼ਨਾਂ ਵੀ ਪਾਈਆਂ ਗਈਆਂ।

ਕੋਲਕਾਤਾ ਵਿੱਚ ਕਾਂਗਰਸੀ ਵਰਕਰਾਂ ਨੇ ਤਾਂ ਸਿਨੇਮਾਘਰਾਂ ਬਾਹਰ ਤਿੱਖੇ ਰੋਸ ਪ੍ਰਦਰਸ਼ਨ ਕੀਤੇ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੁੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)