ਮਾਲਟਾ ਕਿਸ਼ਤੀ ਕਾਂਡ ਦਾ ਦਰਦ : 22 ਸਾਲ ਬਾਅਦ ਵੀ ਇੱਕ ਮਾਂ ਪੁੱਤਰ ਦੀ ਰਾਹ ਦੇਖ ਰਹੀ ਹੈ

ਮਾਲਟਾ ਕਿਸ਼ਤੀ ਕਾਂਡ ਦਾ ਦਰਦ
ਤਸਵੀਰ ਕੈਪਸ਼ਨ, ਮਹਿੰਦਰ ਕੌਰ ਨੂੰ ਅੱਜ ਵੀ ਆਪਣੇ ਪੱਤ ਦੇ ਆਉਣ ਦੀ ਉਡੀਕ ਹੈ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਆਲਮਗੀਰ ਕਾਲਾ ਸੰਘਿਆਂ ਦੀ ਤੰਗ ਜਿਹੀ ਗਲੀ ਵਿੱਚੋਂ ਹੁੰਦਾ ਹੋਇਆ, ਮੈਂ ਜਦੋਂ ਮਿਸਤਰੀ ਅਰਜਨ ਸਿੰਘ ਦੇ ਘਰ ਦੀਆਂ ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਿਲ ਉੱਤੇ ਗਿਆ ਤਾਂ ਸਾਹਮਣੇ ਧੁੱਪ ਵਿੱਚ ਇੱਕ 70 ਕੁ ਸਾਲਾ ਬਜ਼ੁਰਗ ਔਰਤ ਕੁਰਸੀ ਉੱਤੇ ਅੱਖਾਂ ਬੰਦ ਕਰ ਕੇ ਬੈਠੀ ਸੀ।

ਸਾਡੀ ਆਵਾਜ਼ ਸੁਣ ਕੇ ਉਹ ਇੱਕ ਦਮ ਬੋਲੀ, “ਮੇਰੇ ਪਿੰਦਰ ਦੀ ਕੋਈ ਖ਼ਬਰ ਲੈ ਕੇ ਆਏ ਹੋ, ਵੇ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ।” ਇਸ ਤੋਂ ਬਾਅਦ ਘਰ ਦੇ ਕੋਨੇ ਵਿੱਚ ਬੈਠੀ ਉਸ ਬਜ਼ੁਰਗ ਉਨ੍ਹਾਂ ਦੇ ਪਤੀ ਅਰਜਨ ਸਿੰਘ ਚੁੱਪ ਕਰਵਾ ਦਿੰਦੇ ਹਨ।

ਮੈਨੂੰ ਨੇੜੇ ਪਈ ਕੁਰਸੀ ਉੱਤੇ ਬੈਠਣ ਲਈ ਕਹਿ ਕੇ ਅਰਜਨ ਸਿੰਘ ਆਪਣੀ ਪਤਨੀ ਦੇ ਅੱਥਰੂ ਸਾਫ਼ ਕਰਨ ਲੱਗ ਪਏ। ਅਰਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੇ ਦੋਵੇਂ ਹੱਥ ਕੰਮ ਨਹੀਂ ਕਰਦੇ।

ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਬਜ਼ੁਰਗ ਕੰਬਦੀ ਆਵਾਜ਼ ਵਿੱਚ ਫਿਰ ਬੋਲ ਪਈ, 'ਤੁਸੀਂ ਮੈਨੂੰ ਦੱਸਦੇ ਕਿਉਂ ਨਹੀਂ ਪਿੰਦਰ ਠੀਕ ਹੈ ਜਾਂ ਨਹੀਂ, ਕੋਈ ਉਸ ਨੂੰ ਲੈ ਆਓ। ਮੈ ਉਸ ਨੂੰ ਘੁੱਟ ਕੇ ਜੱਫੀਆਂ ਪਾਵਾਂਗੀ।'

ਇਹ ਬਜ਼ੁਰਗ ਮਾਲਟਾ ਕਿਸ਼ਤੀ ਕਾਂਡ ਵਿੱਚ ਲਾਪਤਾ ਹੋਏ 20 ਸਾਲਾਂ ਦੇ ਪਲਵਿੰਦਰ ਸਿੰਘ ਦੀ ਮਾਂ ਮਹਿੰਦਰ ਕੌਰ ਹਨ ਜੋ ਪਿਆਰ ਨਾਲ ਉਸ ਨੂੰ ਪਿੰਦਰ ਆਖ ਕੇ ਬੁਲਾਉਂਦੇ ਸਨ।

ਇਸ ਜੋੜੇ ਦਾ ਵੱਡਾ ਪੁੱਤਰ ਪਲਵਿੰਦਰ ਸਿੰਘ 22 ਸਾਲ ਪਹਿਲਾਂ ਇਟਲੀ ਜਾਂਦਾ ਹੋਇਆ ਮਾਲਟਾ ਕਿਸ਼ਤੀ ਕਾਂਡ ਵਿੱਚ ਲਾਪਤਾ ਹੋ ਗਿਆ ਸੀ ਜਿਸ ਦਾ ਇੰਤਜ਼ਾਰ ਅੱਜ ਵੀ ਕਰ ਰਹੇ ਹਨ।

ਇਹ ਵੀ ਪੜ੍ਹੋ:

ਪਲਵਿੰਦਰ ਸਿੰਘ ਦੇ ਪਿਤਾ ਅਰਜਨ ਸਿੰਘ ਨੇ ਦੱਸਿਆ ਕਿ ਮਾਲਟਾ ਕਿਸ਼ਤੀ ਕਾਂਡ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ, ਪਤਨੀ ਉਸ ਸਮੇਂ ਤੋਂ ਦੀ ਸਦਮੇ 'ਚ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਸ਼ਹਿਰੋਂ ਘਰ ਆਉਂਦਾ ਤਾਂ ਅਕਸਰ ਮਹਿੰਦਰ ਕੌਰ ਆਪਣੇ ਪੁੱਤਰ ਦੀ ਖ਼ਬਰ ਸਾਰ ਮਿਲਣ ਦੀ ਉਮੀਦ ਨਾਲ ਉਸ ਨਾਲ ਗੱਲਾਂ ਕਰਦੇ ਹਨ। ਹਾਲਾਂਕਿ ਮਹਿੰਦਰ ਕੌਰ ਨੂੰ ਹੁਣ ਉੱਚਾ ਸੁਣਦਾ ਹੈ ਪਰ ਫੇਰ ਵੀ ਉਸ ਦੀ ਅੱਖਾਂ ਘਰ ਦੀ ਗਲੀ ਵੱਲ ਲੱਗੀਆਂ ਰਹਿੰਦੀਆਂ ਹਨ ਕਿ ਉਨ੍ਹਾਂ ਦਾ ਪੁੱਤਰ ਇੱਕ ਦਿਨ ਜ਼ਰੂਰ ਆਵੇਗਾ।

ਵੀਡੀਓ ਕੈਪਸ਼ਨ, ਮਾਲਟਾ ਕਿਸ਼ਤੀ ਕਾਂਡ ਦਾ ਦਰਦ: ਮਾਂ ਨੂੰ 22 ਸਾਲ ਤੋਂ ਪੁੱਤ ਦੀ ਉਡੀਕ

ਮਹਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਦੇ ਹੱਕ ਵਿਚ ਨਹੀਂ ਸੀ। ਭਰੀਆਂ ਅੱਖਾਂ ਨਾਲ ਸਾਡੇ ਨਾਲ ਮਹਿੰਦਰ ਕੌਰ ਨੇ ਦੱਸਿਆ, 'ਮੈਂ ਪਲਵਿੰਦਰ ਨੂੰ ਬਹੁਤ ਰੋਕਿਆ ਪਰ ਰੁਕਿਆ ਨਹੀਂ।’ ਥੋੜ੍ਹਾ ਚੁੱਪ ਰਹਿਣ ਤੋਂ ਬਾਅਦ ਉਨ੍ਹਾਂ ਫਿਰ ਦੱਸਣਾ ਸ਼ੁਰੂ ਕੀਤਾ ਕਿ ਜਿਸ ਦਿਨ ਏਜੰਟ ‘ਪਿੰਦਰ ਨੂੰ ਘਰੋਂ ਲੈ ਕੇ ਗਿਆ ਉਸ ਰਾਤ ਮੇਰਾ ਪੁੱਤਰ ਮੇਰੇ ਨਾਲ ਪਿਆ ਸੀ, ਪਰ ਉਹ ਮੈਨੂੰ ਸੁੱਤੀ ਪਈ ਨੂੰ ਹੀ ਛੱਡ ਕੇ ਚਲਾ ਗਿਆ।’

ਮਹਿੰਦਰ ਕੌਰ ਨੇ ਦੱਸਿਆ, ‘ਮੇਰਾ ਦਿਲ ਨਹੀਂ ਮੰਨਦਾ ਕਿ ਮੇਰਾ ਪੁੱਤਰ ਇਸ ਦੁਨੀਆ ਵਿੱਚ ਨਹੀਂ ਹੈ, ਇਸ ਕਰਕੇ ਮੈਨੂੰ ਅੱਜ ਵੀ ਉਸ ਨੂੰ ਇੰਤਜ਼ਾਰ ਹੈ।’.....' ਪੁੱਤ ਦਾ ਵਿਛੋੜਾ ਮਾਂ ਹੀ ਜਾਣ ਸਕਦੀ ਹੈ।'

ਕੌਣ ਸੀ ਪਲਵਿੰਦਰ ਸਿੰਘ

20 ਸਾਲ ਦਾ ਪਲਵਿੰਦਰ ਸਿੰਘ, ਅਰਜਨ ਸਿੰਘ ਦੇ ਚਾਰ ਬੱਚਿਆਂ ਵਿੱਚੋਂ ਜੇਠਾ ਪੁੱਤਰ ਸੀ। ਪੜ੍ਹਾਈ ਤੋਂ ਬਾਅਦ ਪਲਵਿੰਦਰ ਨੇ ਪਿੰਡ ਆਲਮਗੀਰ ਕਾਲਾ ਸੰਘਿਆਂ ਵਿੱਚ ਪਿਤਾ ਨਾਲ ਹੀ ਕਾਰਪੈਂਟਰੀ ਦਾ ਕੰਮ ਸ਼ੁਰੂ ਕਰ ਦਿੱਤਾ। ਦੁਆਬੇ ਦੇ ਆਮ ਮੁੰਡਿਆਂ ਵਾਂਗ ਉਸ ਨੇ ਵਿਦੇਸ਼ ਜਾਣ ਦਾ ਫ਼ੈਸਲਾ ਕਰ ਲਿਆ। ਪਲਵਿੰਦਰ ਨੂੰ ਇੱਕ ਏਜੰਟ ਮਿਲਿਆ ਅਤੇ ਢਾਈ ਲੱਖ ਰੁਪਏ ਵਿੱਚ ਇਟਲੀ ਭੇਜਣਾ ਸੌਦਾ ਤੈਅ ਹੋ ਗਿਆ।

ਮਾਲਟਾ ਕਿਸ਼ਤੀ ਕਾਂਡ ਦਾ ਦਰਦ
ਤਸਵੀਰ ਕੈਪਸ਼ਨ, ਅਰਜਨ ਸਿੰਘ ਮੁਤਾਬਕ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਪਲਵਿੰਦਰ ਸਿੰਘ ਦੀ ਅੰਤਿਮ ਵਾਰ ਉਨ੍ਹਾਂ ਨਾਲ ਫ਼ੋਨ ਰਾਹੀਂ ਇੱਕ ਵਾਰ ਗੱਲਬਾਤ ਹੋਈ ਸੀ

ਪਲਵਿੰਦਰ ਸਿੰਘ ਦੇ ਪਿਤਾ ਅਰਜਨ ਸਿੰਘ ਨੇ ਦੱਸਿਆ ਕਿ ਏਜੰਟ ਨੂੰ ਸੱਤਰ ਹਜ਼ਾਰ ਰੁਪਏ ਐਡਵਾਂਸ ਦਿੱਤੇ ਗਏ ਅਤੇ ਉਸ ਤੋਂ ਬਾਅਦ ਪਲਵਿੰਦਰ ਸਿੰਘ ਜਿਸ ਦੀ ਉਮਰ ਉਸ ਸਮੇਂ ਵੀਹ ਸਾਲ ਸੀ, ਏਜੰਟ ਨਾਲ ਇਟਲੀ ਲਈ ਨਵੰਬਰ 1996 ਵਿੱਚ ਘਰੋਂ ਚਲਾ ਗਿਆ।

ਅਰਜਨ ਸਿੰਘ ਨੇ ਦੱਸਿਆ ਕਿ ਦਿੱਲੀ ਤੋਂ ਉਡਾਣ ਰਾਹੀਂ ਪਲਵਿੰਦਰ ਸਿੰਘ ਨੂੰ ਕਿਸੇ ਹੋਰ ਮੁਲਕ ਭੇਜਿਆ ਗਿਆ ਅਤੇ ਉਸ ਤੋਂ ਬਾਅਦ ਸਮੁੰਦਰੀ ਜਹਾਜ਼ ਰਾਹੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਬਾਕੀ ਮੁੰਡਿਆਂ ਵਾਂਗ ਉਸ ਨੂੰ ਇਟਲੀ ਵਿੱਚ ਦਾਖਲ ਕਰਵਾਇਆ ਜਾਣਾ ਸੀ। ਇਸ ਗੱਲ ਦਾ ਪਤਾ ਉਨ੍ਹਾਂ ਨੂੰ ਹਾਦਸੇ ਤੋਂ ਬਾਅਦ ਲੱਗਾ, ਜਦਕਿ ਏਜੰਟ ਨੇ ਸਿੱਧੀ ਇਟਲੀ ਦੀ ਫਲਾਈਟ ਕਰਵਾਉਣ ਦਾ ਵਾਅਦਾ ਉਨ੍ਹਾਂ ਨਾਲ ਕੀਤਾ ਸੀ।

ਇਹ ਵੀ ਪੜ੍ਹੋ:

ਅਰਜਨ ਸਿੰਘ ਮੁਤਾਬਕ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਪਲਵਿੰਦਰ ਸਿੰਘ ਦੀ ਆਖ਼ਰੀ ਵਾਰ ਉਨ੍ਹਾਂ ਨਾਲ ਫ਼ੋਨ ’ਤੇ ਇੱਕ ਵਾਰ ਗੱਲਬਾਤ ਹੋਈ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਹ ਸਮੁੰਦਰੀ ਜਹਾਜ਼ ਰਾਹੀਂ ਇਟਲੀ ਜਾ ਰਹੇ ਹਨ ਅਤੇ ਸ਼ਿੱਪ ਵਿੱਚ ਹੋਰ ਵੀ ਬਹੁਤ ਸਾਰੇ ਪੰਜਾਬੀ ਮੁੰਡੇ ਹਨ।

ਪਲਵਿੰਦਰ ਸਿੰਘ
ਤਸਵੀਰ ਕੈਪਸ਼ਨ, ਪਲਵਿੰਦਰ ਸਿੰਘ ਦੀ ਪੁਰਾਣੀ ਤਸਵੀਰ

ਅਰਜਨ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਕਿਸ਼ਤੀ ਡੁੱਬਣ ਬਾਰੇ ਹੀ ਫੋਨ ਆਇਆ ਸੀ। ਇਹ ਫ਼ੋਨ ਕਾਲਾ ਸੰਘਿਆਂ ਦੇ ਮਨਦੀਪ ਸਿੰਘ ਨਾਮਕ ਨੌਜਵਾਨ ਜੋ ਇਸ ਹਾਦਸੇ ਵਿੱਚੋਂ ਬਚਣ ਵਾਲੇ 24 ਮੁੰਡਿਆਂ ਵਿੱਚੋਂ ਇੱਕ ਸੀ, ਨੇ ਕੀਤਾ ਸੀ।

ਅਰਜਨ ਸਿੰਘ ਨੇ ਬਾਅਦ ਵਿੱਚ ਮਨਦੀਪ ਸਿੰਘ ਨਾਲ ਮੁਲਾਕਾਤ ਵੀ ਕੀਤੀ ਪਰ ਉਸ ਦੇ ਜਵਾਬ ਵੀ ਉਨ੍ਹਾਂ ਦੀ ਤਸੱਲੀ ਨਹੀਂ ਕਰਵਾ ਸਕੇ।

ਅਰਜਨ ਸਿੰਘ ਨੂੰ ਲਾਪਤਾ ਪੁੱਤਰ ਦਾ ‘ਗ਼ਮ ਤਾਂ ਉਨ੍ਹਾਂ ਨੂੰ ਸਾਰੀ ਉਮਰ ਹੈ, ਹੀ ਪਰ ਇਸ ਤੋਂ ਬਾਅਦ ਇਨਸਾਫ਼ ਲਈ ਜੋ ਦਰ ਦਰ ਠੋਕਰਾਂ ਖਾਦੀਆਂ ਇਸ ਦਾ ਗ਼ਮ ਉਨ੍ਹਾਂ ਨੂੰ ਜ਼ਿਆਦਾ ਹੈ।’

ਅਰਜਨ ਸਿੰਘ ਨੇ ਦੱਸਿਆ ਕਿ ਆਪਣੇ ਪੁੱਤਰ ਦੀ ਤਲਾਸ਼ ਲਈ ਅਤੇ ਇਸ ਕਿਸ਼ਤੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਉਹ ਬਲਵੰਤ ਸਿੰਘ ਖੇੜਾ ਦੀ ਅਗਵਾਈ ਵਿਚ ਬਣੇ ਮਾਲਟਾ ਜਹਾਜ਼ ਦੁਰਘਟਨਾ ਜਾਂਚ ਮਿਸ਼ਨ ਰਾਹੀਂ ਇਨਸਾਫ਼ ਦੀ ਲੜਾਈ ਹੁਣ ਵੀ ਲੜ ਰਹੇ ਹਨ।

ਅਰਜਨ ਸਿੰਘ ਮੁਤਾਬਕ ਕਰੀਬ ਚਾਰ ਕੁ ਸਾਲ ਪਹਿਲਾਂ ਉਨ੍ਹਾਂ ਨੂੰ ਪਲਵਿੰਦਰ ਸਿੰਘ ਦਾ ਡੈੱਥ ਸਰਟੀਫਿਕੇਟ ਮਿਲਿਆ ਹੈ ਪਰ ਉਸ ਦਾ ਦਿਲ ਅਜੇ ਵੀ ਇਸ ਗੱਲ ਦੀ ਹਾਮੀ ਨਹੀਂ ਭਰਦਾ।

ਅਰਜਨ ਸਿੰਘ ਨੇ ਦੱਸਿਆ ਕਿ ਪੁੱਤਰ ਦਾ ਗ਼ਮ ਸਭ ਤੋਂ ਵੱਧ ਉਸ ਦੀ ਮਾਂ ਨੂੰ ਹੈ ਅਤੇ ਪਲਵਿੰਦਰ ਦੇ ਸਦਮੇ ਕਰਨ ਉਨ੍ਹਾਂ ਦੀ ਪਤਨੀ ਦੀ ਸਰੀਰਕ ਅਤੇ ਮਾਨਸਿਕ ਹਾਲਤ ਠੀਕ ਨਹੀਂ ਰਹਿੰਦੀ।

ਹਾਦਸੇ ਤੋਂ ਬਾਅਦ ਦੀ ਜਿੰਦਗੀ

ਅਰਜਨ ਸਿੰਘ ਦੇ ਦੋ ਪੁੱਤਰ ਅਤੇ ਇੱਕ ਧੀ ਵਿਦੇਸ਼ ਵਿੱਚ ਰਹਿੰਦੀ ਹੈ। ਧੀ ਵਿਆਹ ਤੋਂ ਬਾਅਦ ਇੰਗਲੈਂਡ ਚਲੀ ਗਈ ਅਤੇ ਦੋਵੇਂ ਪੁੱਤਰ ਮਨੀਲਾ ਵਿੱਚ ਕੰਮ ਕਰਦੇ ਹਨ।

ਮਾਲਟਾ ਕਿਸ਼ਤੀ ਕਾਂਡ ਦਾ ਦਰਦ
ਤਸਵੀਰ ਕੈਪਸ਼ਨ, ਪਲਵਿੰਦਰ ਨੂੰ ਲਾਪਤਾ ਹੋਏ 22 ਸਾਲ ਹੋ ਗਏ ਪਰ ਅੱਜ ਵੀ ਉਨ੍ਹਾਂ ਦੇ ਮਾਪੇ ਸਦਮੇ ਵਿੱਚ ਹਨ

ਬੀਬੀਸੀ ਪੰਜਾਬੀ ਵੱਲੋਂ ਇਹ ਪੁੱਛੇ ਜਾਣ ਉੱਤੇ ਕਿ ਇਸ ਹਾਦਸੇ ਤੋਂ ਬਾਅਦ ਵੀ ਤੁਸੀਂ ਆਪਣੇ ਪੁੱਤਰਾਂ ਨੂੰ ਵਿਦੇਸ਼ ਕਿਵੇਂ ਭੇਜਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਅਸੀਂ ਨਹੀਂ ਸੀ ਚਾਹੁੰਦੇ ਕਿ ਸਾਡੇ ਘਰ ਦੇ ਜੀਅ ਹੁਣ ਵਿਦੇਸ਼ ਜਾਣ ਪਰ ਘਰ ਦੀਆਂ ਤੰਗੀਆਂ ਅਤੇ ਬੱਚਿਆਂ ਦੀਆਂ ਆਪਣੀ ਖੁਆਇਸ਼ਾਂ ਵੀ ਮਾਪਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਕਰਦੀਆਂ ਹਨ।

ਉਨ੍ਹਾਂ ਮੁਤਾਬਕ ਵੱਡੀਆਂ ਕੋਠੀਆਂ ਅਤੇ ਕਾਰਾਂ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਕਾਰਨਾਂ ਵਿੱਚੋਂ ਇੱਕ ਹੈ।

ਅਰਜਨ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਨੌਜਵਾਨਾਂ ਕੋਲ ਕੰਮ ਨਹੀਂ ਹੈ ਬੇਰੁਜ਼ਗਾਰੀ ਦੇ ਮਾਰੇ ਨੌਜਵਾਨ ਜਿਵੇਂ ਹੀ 18 ਸਾਲ ਦੇ ਹੁੰਦੇ ਹਨ ਵਿਦੇਸ਼ ਜਾਣ ਨੂੰ ਲੋਚਦੇ ਹਨ। ਉਨ੍ਹਾਂ ਦੱਸਿਆ ਕਿ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟ ਹੁਣ ਵੀ ਸਰਗਰਮ ਹਨ।

ਉਨ੍ਹਾਂ ਸਵਾਲ ਨੇ ਸਵਾਲ ਕੀਤਾ, 'ਜੇਕਰ ਮਾਲਟਾ ਕਿਸ਼ਤੀ ਕਾਂਡ ਤੋਂ ਸਬਕ ਲਿਆ ਹੁੰਦਾ ਤਾਂ ਪਨਾਮਾ ਕਾਂਡ ਕਿਉਂ ਹੁੰਦਾ'।

ਪੁੱਤ ਵਿਦੇਸ਼ ਨਾ ਭੇਜੋ...ਪੁੱਤ ਲੱਭਦੇ ਨਹੀਂ

ਗੱਲਬਾਤ ਤੋ ਬਾਅਦ ਜਦੋਂ ਅਸੀਂ ਅਰਜਨ ਸਿੰਘ ਦੇ ਘਰ ਤੋਂ ਰੁਖ਼ਸਤ ਹੋਣ ਲੱਗੇ ਤਾਂ ਮਹਿੰਦਰ ਕੌਰ ਨੇ ਫਿਰ ਮੈਨੂੰ ਆਵਾਜ਼ ਮਾਰੀ ਵੇ ਕਾਕਾ ਇੱਧਰ ਆ, ਨੇੜੇ ਜਾਣ ਉੱਤੇ ਉਸ ਨੇ ਫਿਰ ਉਮੀਦ ਨਾਲ ਆਖਿਆ ਤੂੰ ਮੈਨੂੰ ਪਿੰਦਰ ਦੀ ਖ਼ਬਰ ਸਾਰ ਦੇਣ ਲਈ ਆਵੇਂਗਾ ਨਾ, ਮੈਂ ਤੇਰਾ ਇੰਤਜ਼ਾਰ ਕਰਾਂਗੀ, ਮੈਂ ਚੁੱਪ ਸੀ ਕਿਉਂਕਿ ਮੇਰੇ ਕੋਲ ਕੋਈ ਜਵਾਬ ਨਹੀਂ ਸੀ, ਇਸ ਤੋਂ ਬਾਅਦ ਮੈਂ ਘਰ ਤੋਂ ਬਾਹਰ ਗਲੀ ਵਿੱਚ ਆ ਗਿਆ। ਪਰ ਮਹਿੰਦਰ ਕੌਰ ਦੀਆਂ ਆਵਾਜ਼ਾਂ ਅਜੇ ਵੀ ਕੰਨਾਂ ਵਿੱਚ ਪੈ ਰਹੀਆਂ ਸਨ ਉਹ ਕਹਿ ਰਹੇ ਸਨ, ਰੋਟੀ ਥੋੜ੍ਹੀ ਖਾ ਲਓ ਪਰ ਪੁੱਤ ਬਾਹਰ ਨਾ ਭੇਜੋ ਕਿਉਂਕਿ ਪੁੱਤ ਲੱਭਦੇ ਨਹੀਂ........

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)