ਕੁੜੀਆਂ ਦੀ ਜੀਂਸ ਦੀ ਜੇਬ ਐਨੀ ਛੋਟੀ ਕਿਉਂ ਹੁੰਦੀ ਹੈ?

ਤਸਵੀਰ ਸਰੋਤ, Thinkstock
- ਲੇਖਕ, ਕਮਲੇਸ਼
- ਰੋਲ, ਬੀਬੀਸੀ ਪੱਤਰਕਾਰ
ਔਰਤਾਂ ਆਪਣੀ ਜੀਂਸ ਦੀ ਜੇਬ ਵਿੱਚ ਕੀ-ਕੀ ਸਾਮਾਨ ਰੱਖ ਲੈਂਦੀਆਂ ਹਨ। ਇੱਕ ਮੋਬਾਈਲ ਅਤੇ ਵੱਧ ਤੋਂ ਵੱਧ ਇੱਕ ਪੈੱਨ। ਕੀ ਮੋਬਾਈਲ ਵੀ ਪੂਰੀ ਤਰ੍ਹਾਂ ਜੇਬ ਵਿੱਚ ਆ ਜਾਂਦਾ ਹੈ?
ਧਿਆਨ ਨਾਲ ਦੇਖੋਗੇ ਤਾਂ ਮੋਬਾਈਲ ਤੁਹਾਡੀ ਜੇਬ ਵਿੱਚੋਂ ਝਾਕਦਾ ਹੋਇਆ ਵਿਖਾਈ ਦਿੰਦਾ ਹੈ ਅਤੇ ਦੋ ਮੋਬਾਈਲ ਰੱਖਣ ਬਾਰੇ ਤਾਂ ਕੁੜੀਆਂ ਸੋਚ ਵੀ ਨਹੀਂ ਸਕਦੇ।
ਉੱਥੇ ਹੀ ਜੇਕਰ ਅਸੀਂ ਮੁੰਡਿਆ ਦੀ ਜੀਂਸ ਦੀ ਜੇਬ ਦੇਖੋ ਤਾਂ ਉਸਦਾ ਸਾਈਜ਼ ਐਨਾ ਵੱਡਾ ਹੁੰਦਾ ਹੈ ਕਿ ਦੋ ਮੋਬਾਈਲ ਤੱਕ ਇਕੱਠੇ ਆ ਜਾਂਦੇ ਹਨ। ਪਿਛਲੀ ਜੇਬ ਵਿੱਚ ਉਹ ਵੱਡਾ ਪਰਸ ਵੀ ਰੱਖ ਲੈਂਦੇ ਹਨ।
ਜਦਕਿ ਕੁੜੀਆਂ ਦੀ ਜੀਂਸ ਦੇ ਪਿਛਲੀ ਜੇਬ 'ਚ ਕੁਝ ਪੈਸੇ ਰੱਖਣ 'ਤੇ ਵੀ ਉਹ ਚਲਦੇ-ਚਲਦੇ ਖਿਸਕ ਕੇ ਬਾਹਰ ਆਉਣ ਲਗਦੇ ਹਨ।
ਇਸਦੇ ਲਈ ਕੁੜੀਆਂ ਨੂੰ ਹਮੇਸ਼ਾ ਇੱਕ ਬੈਗ ਰੱਖਣਾ ਪੈਂਦਾ ਹੈ ਜਦਕਿ ਮੁੰਡੇ ਬਿਨਾਂ ਬੈਗ ਤੋਂ ਵੀ ਆਰਾਮ ਨਾਲ ਨਿਕਲ ਪੈਂਦੇ ਹਨ।
ਇਹ ਵੀ ਪੜ੍ਹੋ:
ਕੁੜੀਆਂ ਕਰਨ ਵੀ ਤਾਂ ਕੀ
ਜੇਕਰ ਕੁੜੀਆਂ ਨੂੰ ਛੋਟੀ ਜੇਬ ਨਹੀਂ ਚਾਹੀਦੀ ਤਾਂ ਉਹ ਕੀ ਕਰ ਸਕਦੀਆਂ ਹਨ। ਉਨ੍ਹਾਂ ਕੋਲ ਕਿੰਨੇ ਬਦਲ ਮੌਜੂਦ ਹਨ।
ਇਹ ਪਤਾ ਲਗਾਉਣ ਅਤੇ ਮੁੰਡੇ ਜਾਂ ਕੁੜੀਆਂ ਦੀ ਜੀਂਸ ਦੀ ਜੇਬ ਵਿੱਚ ਹੋਣ ਵਾਲੇ ਫਰਕ ਨੂੰ ਜਾਣਨ ਲਈ ਬੀਬੀਸੀ ਨੇ ਜੀਂਸ ਅਤੇ ਟਰਾਊਜ਼ਰ ਵੇਚਣ ਵਾਲੇ ਕੁਝ ਵੱਡੇ ਬ੍ਰਾਂਡਸ ਦੇ ਸਟੋਰਾਂ 'ਤੇ ਜਾ ਕੇ ਗੱਲਬਾਤ ਕੀਤੀ।

ਤਸਵੀਰ ਸਰੋਤ, Thinkstock
ਲੀਵਾਈਸ, ਪੇਪੇ, ਐਚਐਨਐਮ, ਕੈਂਟਾਬਲ, ਫਲਾਇੰਗ ਮਸ਼ੀਨ ਅਤੇ ਲੀ ਵਰਗੇ ਬਰਾਂਡ ਵਿੱਚ ਕੁੜੀਆਂ ਲਈ ਵੱਖ-ਵੱਖ ਕੈਟਾਗਰੀਆਂ ਹੁੰਦੀਆਂ ਹਨ। ਕਿਸੇ ਕੈਟਾਗਰੀ ਵਿੱਚ ਛੋਟੀ ਜੇਬ, ਕਿਸੇ 'ਚ ਫ਼ੇਕ ਜੇਬ (ਜੇਬ ਦਿਖਦੀ ਹੈ ਪਰ ਹੁੰਦੀ ਨਹੀਂ) ਤਾਂ ਕਿਸੇ ਵਿੱਚ ਜੇਬ ਹੀ ਨਹੀਂ ਹੁੰਦੀ।
ਸਾਨੂੰ ਹਰ ਥਾਂ ਕੁੜੀਆਂ ਅਤੇ ਮੁੰਡਿਆਂ ਦੀ ਜੀਂਸ ਦੀ ਜੇਬ ਵਿੱਚ ਕਾਫ਼ੀ ਫ਼ਰਕ ਮਿਲਿਆ। ਕੁੜੀਆਂ ਦੀ ਜੀਂਸ ਦੀ ਜੇਬ ਛੋਟੀ ਸੀ ਅਤੇ ਮੁੰਡਿਆ ਦੀ ਵੱਡੀ। ਅਜਿਹੇ ਵਿੱਚ ਕੁੜੀਆਂ ਦੇ ਕੋਲ ਜੇਬ ਨੂੰ ਲੈ ਕੇ ਬਦਲ ਹੀ ਸੀਮਤ ਹੁੰਦੇ ਹਨ।
ਜੀਂਸ ਦੀ ਲੋੜ ਕੁੜੀਆਂ ਅਤੇ ਮੁੰਡਿਆਂ ਦੋਵਾਂ ਨੂੰ ਹੁੰਦੀ ਹੈ। ਉਨ੍ਹਾਂ ਦੀ ਕੀਮਤ ਵੀ ਲਗਗ ਇੱਕੋ ਜਿਹੀ ਹੁੰਦੀ ਹੈ। ਫਿਰ ਦੋਵਾਂ ਦੀ ਜੇਬ ਵਿੱਚ ਐਨਾ ਫ਼ਰਕ ਕਿਉਂ ਹੁੰਦਾ ਹੈ?
ਕੀ ਹੈ ਕਾਰਨ
ਫੈਸ਼ਨ ਡਿਜ਼ਾਈਨਰ ਆਦਿਤੀ ਸ਼ਰਮਾ ਕੁੜੀਆਂ ਅਤੇ ਮੁੰਡਿਆਂ ਦੀ ਜੀਂਸ 'ਚ ਜੇਬ ਦੇ ਇਸ ਫ਼ਰਕ ਨਾਲ ਸਹਿਮਤੀ ਜਤਾਉਂਦੀ ਹੈ। ਉਹ ਕੁੜੀਆਂ ਨੂੰ ਲੈ ਕੇ ਬਾਜ਼ਾਰ ਦੀ ਧਾਰਨਾ ਨੂੰ ਇਸਦਾ ਕਾਰਨ ਦੱਸਦੀ ਹੈ।

ਤਸਵੀਰ ਸਰੋਤ, Getty Images
ਆਦਿਤੀ ਕਹਿੰਦੀ ਹੈ, "ਆਮ ਤੌਰ 'ਤੇ ਦੇਖਿਆ ਜਾਵੇ ਤਾਂ ਬਹੁਤ ਘੱਟ ਬ੍ਰਾਂਡਸ ਅਤੇ ਡਿਜ਼ਾਈਨਰ ਕੁੜੀਆਂ ਦੇ ਕੱਪੜਿਆਂ 'ਚ ਜੇਬ ਰੱਖਦੇ ਹਨ। ਕਿਉਂਕਿ ਉਨ੍ਹਾਂ ਨੂੰ ਇਹ ਲਗਦਾ ਹੈ ਕਿ ਔਰਤਾਂ ਫਿਗਰ ਨੂੰ ਲੈ ਕੇ ਵਧੇਰੇ ਚਿੰਤਾ ਕਰਦੀਆਂ ਹਨ। ਜੇਕਰ ਉਹ ਟਰਾਊਜ਼ਰ ਵਿੱਚ ਵਧੇਰੇ ਜੇਬਾਂ ਰੱਖਣਗੇ ਤਾਂ ਉਨ੍ਹਾਂ ਦਾ ਵੇਸਟ ਏਰੀਆ (ਲੱਕ ਦੇ ਆਲੇ-ਦੁਆਲੇ ਦਾ ਹਿੱਸਾ) ਜ਼ਿਆਦਾ ਵੱਡਾ ਲੱਗੇਗਾ ਅਤੇ ਔਰਤਾਂ ਇਸ ਨੂੰ ਪਸੰਦ ਨਹੀਂ ਕਰਦੀਆਂ।"
ਕੁੜੀਆਂ ਦੀ ਜੇਬ ਨੂੰ ਲੈ ਕੇ ਬਾਜ਼ਾਰ ਦੀ ਇਸ ਧਾਰਨਾ ਨੂੰ ਫੈਸ਼ਨ ਡਿਜ਼ਾਈਨਰ ਸੁਚੇਤਾ ਸੰਚੇਤੀ ਵੀ ਮੰਨਦੀ ਹੈ।
ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਦੇ ਕੱਪੜੇ ਡਿਜ਼ਾਇਨ ਕਰਦੇ ਸਮੇਂ ਸੋਚਿਆ ਜਾਂਦਾ ਹੈ ਕਿ ਔਰਤਾਂ ਕਿਸੇ ਅਜਿਹੇ ਕੱਪੜੇ ਨੂੰ ਪਸੰਦ ਕਰਨਗੀਆਂ ਜਿਸ ਨਾਲ ਉਨ੍ਹਾਂ ਦਾ ਫਿਗਰ ਚੰਗਾ ਦਿਖੇਗਾ। ਫਿਰ ਸਾਮਾਨ ਦੇ ਲਈ ਤਾਂ ਉਹ ਬੈਗ ਰੱਖਦੀਆਂ ਹੀ ਹਨ। ਮੁੰਡਿਆਂ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਜੇਬ ਰੱਖਣਾ ਬਹੁਤ ਜ਼ਰੂਰੀ ਲਗਦਾ ਹੈ। ਹਾਲਾਂਕਿ, ਹੁਣ ਔਰਤਾਂ ਲਈ ਵੀ ਜੇਬ ਵਾਲੇ ਡ੍ਰੈੱਸ ਵੀ ਕਾਫ਼ੀ ਆ ਰਹੇ ਹਨ।

ਬਾਜ਼ਾਰ ਦੀ ਸੋਚ ਔਰਤਾਂ ਦੀ ਸੋਚ ਵੀ ਉਦੋਂ ਬਣ ਜਾਂਦੀ ਹੈ ਜਦੋਂ ਗੱਲ ਟ੍ਰੈਂਡ ਜਾਂ ਫੈਸ਼ਨ ਦੀ ਹੁੰਦੀ ਹੈ। ਆਦਿਤੀ ਸ਼ਰਮਾ ਕਹਿੰਦੀ ਹੈ, "ਕਈ ਵਾਰ ਲੋਕ ਫੈਸ਼ਨ ਦੇ ਹਿਸਾਬ ਨਾਲ ਚੱਲਦੇ ਹਨ। ਜੇਕਰ ਕੋਈ ਬ੍ਰਾਂਡ ਨਵਾਂ ਕਲੈਕਸ਼ਨ ਲਿਆਇਆ ਹੈ, ਕਿਸੇ ਦੋਸਤ ਨੂੰ ਉਸ ਨੂੰ ਖਰੀਦਿਆ ਹੈ ਜਾਂ ਪਸੰਦੀਦਾ ਸੈਲੀਬ੍ਰਿਟੀ ਨੇ ਪਹਿਨਿਆ ਹੈ ਤਾਂ ਦੂਜੀਆਂ ਕੁੜੀਆਂ ਵੀ ਟ੍ਰੈਂਡ ਵਿੱਚ ਬਣੇ ਰਹਿਣ ਲਈ ਉਸ ਨੂੰ ਖਰੀਦ ਲੈਂਦੀਆਂ ਹਨ। ਫਿਰ ਕੁੜੀਆਂ ਕੋਲ ਜੇਬ ਨੂੰ ਲੈ ਕੇ ਬਹੁਤ ਜ਼ਿਆਦਾ ਆਪਸ਼ਨ ਵੀ ਨਹੀਂ ਹੁੰਦੇ।"
ਜਿੱਥੇ ਬ੍ਰਾਂਡਸ ਜੀਂਸ 'ਚ ਵੀ ਜੇਬ ਨਹੀਂ ਦੇ ਰਹੇ, ਉੱਥੇ ਹੀ ਆਦਿਤੀ ਇਸ ਤੋਂ ਬਿਲਕੁਲ ਉਲਟ ਸੋਚਦੀ ਹੈ ਅਤੇ ਉਹ ਭਾਰਤੀ ਕੱਪੜਿਆਂ ਜਿਵੇਂ ਸੂਟ, ਕੁਰਤੇ ਜਾਂ ਲਹਿੰਗੇ ਵਿੱਚ ਵੀ ਜੇਬ ਬਣਾਉਂਦੀ ਹੈ। ਉਹ ਜ਼ਿਆਦਾਤਰ ਭਾਰਤੀ ਕੱਪੜੇ ਡਿਜ਼ਾਈਨ ਕਰਦੀ ਹੈ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਜੇਬ ਦੀ ਲੋੜ ਹਮੇਸ਼ਾ ਹੁੰਦੀ ਹੈ।
ਉਹ ਕਹਿੰਦੀ ਹੈ, "ਫੈਸ਼ ਆਪਣੀ ਥਾਂ ਹੈ ਪਰ ਜੇਬ ਦੀ ਲੋੜ ਹਮੇਸ਼ਾ ਰਹਿੰਦੀ ਹੈ। ਉਹ ਸਮਝੌਤਾ ਕਰ ਲੈਂਦੇ ਹਨ ਉਹ ਇੱਕ ਵੱਖਰੀ ਗੱਲ ਹੈ ਜਿਵੇਂ ਤੁਸੀਂ ਆਫ਼ਿਸ ਬੈਗ ਲੈ ਕੇ ਜਾਂਦੇ ਹੋ ਪਰ ਉੱਥੋਂ ਚਾਹ ਪੀਣ ਜਾਂ ਲੰਚ ਲਈ ਬੈਗ ਲੈ ਕੇ ਨਹੀਂ ਜਾਓਗੇ। ਅਜਿਹੇ ਵਿੱਚ ਮੋਬਾਈਲ ਜਾਂ ਪਰਸ ਰੱਖਣ ਲਈ ਜੇਬਾਂ ਚਾਹੀਦੀਆਂ ਹੁੰਦੀਆਂ ਹਨ। ਇਸ ਨਾਲ ਤੁਸੀਂ ਵੱਧ ਐਕਟਿਵ ਅਤੇ ਫ੍ਰੀ ਵੀ ਮਹਿਸੂਸ ਕਰਦੇ ਹੋ।"

ਉਨ੍ਹਾਂ ਦਾ ਮੰਨਣਾ ਹੈ, "ਸਲਿੰਗ ਬੈਗ ਦੀ ਵਰਤੋਂ ਕਰ ਸਕਦੇ ਹੋ ਪਰ ਹਰ ਕੋਈ ਸਲਿੰਗ ਬੈਗ ਲੈ ਕੇ ਨਹੀਂ ਘੁੰਮਦਾ। ਜੇਕਰ ਸਲਿੰਗ ਬੈਗ ਦੀ ਵਰਤੋਂ ਕਰਦੀਆਂ ਵੀ ਹਨ ਤਾਂ ਕਿੰਨੀ ਦੇਰ ਤੱਕ। ਇੱਕ ਸਮੇਂ ਬਾਅਦ ਮੋਢੇ ਅਤੇ ਪਿੱਠ ਦੁਖਣ ਲਗਦੀ ਹੈ।"
ਕੌਮਾਂਤਰੀ ਪੱਧਰ 'ਤੇ ਉੱਠਿਆ ਮਸਲਾ
ਇਹ ਮਾਮਲਾ ਸਿਰਫ਼ ਭਾਰਤ ਦਾ ਨਹੀਂ ਹੈ ਸਗੋਂ ਕਈ ਦੇਸਾਂ ਵਿੱਚ ਔਰਤ ਇਸ ਭੇਦਭਾਵ ਨੂੰ ਮਹਿਸੂਸ ਕਰ ਰਹੀਆਂ ਹਨ। ਔਰਤਾਂ ਦੀ ਜੀਂਸ ਦੀ ਜੇਬ ਦੇ ਸਾਈਜ਼ ਨੂੰ ਲੈ ਕੇ ਵਿਦੇਸ਼ਾਂ ਵਿੱਚ ਵੀ ਰਿਸਰਚ ਕੀਤੀ ਗਈ ਹੈ। ਪੁਡਿੰਗ ਡਾਟ ਕਾਮ ਵੈੱਬਸਾਈਟ ਨੇ ਜੀਂਸ ਦੇ 20 ਅਮਰੀਕੀ ਬ੍ਰਾਂਡਸ 'ਤੇ ਰਿਸਰਚ ਕੀਤੀ ਅਤੇ ਉਸ ਨੇ ਨਤੀਜਿਆਂ 'ਚ ਔਰਤਾਂ ਅਤੇ ਮਰਦਾਂ ਦੀ ਜੀਂਸ ਦੀ ਜੇਬ ਵਿੱਚ ਫਰਕ ਦੇਖਿਆ।
ਇਸ ਰਿਸਰਚ ਮੁਤਾਬਕ ਔਰਤਾਂ ਦੀ ਜੀਂਸ ਸਿਰਫ਼ 40 ਫ਼ੀਸਦ ਜੇਬਾਂ ਵਿੱਚ ਹੀ ਤਿੰਨ ਵੱਡੇ ਬ੍ਰਾਂਡ ਦੇ ਮੋਬਾਈਲ ਆ ਸਕੇ। ਅੱਧੀਆਂ ਤੋਂ ਵੀ ਘੱਟ ਫਰੰਟ ਜੇਬਾਂ ਵਿੱਚ ਉਹ ਬਟੂਏ ਆ ਸਕੇ ਜਿਹੜੇ ਫਰੰਟ ਪੌਕੇਟਸ ਲਈ ਹੀ ਬਣਾਏ ਗਏ ਸਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, iStock/ BBC THREE
ਸਕਿਨੀ ਜੀਂਸ ਵਿੱਚ ਮਹਿਲਾ ਅਤੇ ਪੁਰਸ਼ ਦੋਵਾਂ ਲਈ ਛੋਟੀ ਜੇਬ ਹੁੰਦੀ ਹੈ। ਪਰ ਉਸ ਵਿੱਚ ਵੀ ਔਰਤਾਂ ਦੀ ਜੇਬ 3.5 ਇੰਚ (48%) ਛੋਟੀ ਅਤੇ 0.3 ਇੰਚ (6%) ਪਤਲੀ ਹੁੰਦੀ ਹੈ। ਇਸੇ ਤਰ੍ਹਾਂ ਸਟ੍ਰੇਟ ਜੀਂਸ ਦੀ ਪੌਕੇਟ 3.4 ਇੰਚ (46%) ਛੋਟੀ ਅਤੇ 0.6 ਇੰਚ (10%) ਪਤਲੀ ਹੁੰਦੀ ਹੈ।
ਪਿੱਛੇ ਦੀ ਪੌਕੇਟਸ ਦੀ ਗੱਲ ਕਰੀਏ ਤਾਂ ਉਹ ਵੀ ਛੋਟੀ ਹੁੰਦੀ ਹੈ ਪਰ ਉਨ੍ਹਾਂ ਵਿੱਚ ਫ਼ਰਕ ਘੱਟ ਹੁੰਦਾ ਹੈ। ਔਰਤਾਂ ਦੀ ਸਕਿਨੀ ਜਾਂਸ ਵਿੱਚ ਪੌਕੇਟ 0.3 ਇੰਚ (5%) ਛੋਟੀ ਅਤੇ 0.1 ਇੰਚ (2%) ਪਤਲੀ ਹੁੰਦੀ ਹੈ। ਸਟ੍ਰੇਟ ਜੀਂਸ ਵਿੱਚ 0.4 ਇੰਚ (7%) ਛੋਟੀ ਅਤੇ 0.1 ਇੰਚ (2%) ਪਤਲੀ ਹੁੰਦੀ ਹੈ।
ਇਸ ਰਿਪੋਰਟ ਮੁਤਾਬਕ ਫੈਸ਼ਨ ਡਿਜ਼ਾਈਨਰ ਕ੍ਰਿਸ਼ਚਨ ਡੀਓਰ ਨੇ ਪੌਕੇਟਸ ਦੇ ਪੁਰਸ਼ਵਾਦ 'ਤੇ 1954 ਵਿੱਚ ਕਿਹਾ ਸੀ, "ਪੁਰਸ਼ਾਂ ਦੀਆਂ ਜੇਬਾਂ ਸਾਮਾਨ ਰੱਖਣ ਲਈ ਹੁੰਦੀਆਂ ਹਨ ਅਤੇ ਔਰਤਾਂ ਦੀਆਂ ਸਜਾਵਟ ਲਈ।"
ਕਿਸ ਤਰ੍ਹਾਂ ਦੀ ਪ੍ਰੇਸ਼ਾਨੀ
ਜਦੋਂ ਕੁੜੀਆਂ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਜ਼ਿਆਦਾਤਰ ਨੇ ਦੱਸਿਆ ਕਿ ਉਹ ਇਸ ਫ਼ਰਕ ਨੂੰ ਮਹਿਸੂਸ ਤਾਂ ਕਰਦੀਆਂ ਹੈ ਪਰ ਚਲਨ ਵਿੱਚ ਹੋਣ ਕਾਰਨ ਉਹ ਇਸ ਨੂੰ ਸਵੀਕਾਰ ਵੀ ਕਰ ਲੈਂਦੀਆਂ ਹਨ।
ਥੀਏਟਰ ਕਲਾਕਰ ਸਾਕਸ਼ੀ ਦੱਸਦੀ ਹੈ ਕਿ ਜਦੋਂ ਉਨ੍ਹਾਂ ਕੋਲ ਪੌਕੇਟ ਨਹੀਂ ਹੁੰਦੀ ਤਾਂ ਉਹ ਮੋਬਾਈਲ ਨੂੰ ਬੈਗ ਵਿੱਚ ਰੱਖਦੀ ਹੈ। ਪਰ, ਦਿੱਕਤ ਇਹ ਹੁੰਦੀ ਹੈ ਕਿ ਬੈਗ ਵਿੱਚ ਮੋਬਾਈਲ ਦੀ ਰਿੰਗ ਸੁਣਾਈ ਨਹੀਂ ਦਿੰਦੀ ਅਤੇ ਉਸ ਨੂੰ ਲੱਭਣਾ ਵੀ ਪੈਂਦਾ ਹੈ। ਜੇਬ ਦਾ ਇੱਕ ਫਾਇਦਾ ਇਹ ਵੀ ਹੈ ਕਿ ਇਸ 'ਚ ਚੋਰੀ ਹੋਣ ਦਾ ਡਰ ਘੱਟ ਰਹਿੰਦਾ ਹੈ।

ਫੈਸ਼ਨ ਡਿਜ਼ਾਈਨਿੰਗ ਕਰ ਰਹੀ ਦੀਪੀਕਾ ਕਹਿੰਦੀ ਹੈ, "ਹਾਂ, ਕੁੜੀਆਂ ਫਿਗਰ ਦੇ ਬਾਰੇ ਸੋਚਦੀਆਂ ਹਨ ਪਰ ਉਹ ਦਿਨ ਭਰ ਫਿਗਰ ਦੀ ਚਿੰਤਾ ਨਹੀਂ ਕਰਦੀਆਂ। ਕੁਝ ਖਾਸ ਮੌਕਿਆਂ 'ਤੇ ਸੋਹਣਾ ਲੱਗਣ ਲਈ ਅਜਿਹਾ ਹੋ ਸਕਦਾ ਹੈ ਪਰ ਘਰ, ਕਾਲਜ ਵਿੱਚ ਕੰਮ ਕਰਦੇ, ਸੜਕ 'ਤੇ ਚੱਲਦੇ ਅਤੇ ਸੌਂਦੇ-ਜਾਗਦੇ ਉਨ੍ਹਾਂ ਦੇ ਦਿਮਾਗ 'ਚ ਫ਼ਰਕ ਨਹੀਂ ਹੁੰਦਾ। ਉਨ੍ਹਾਂ ਨੂੰ ਸਹੂਲਤ ਵੀ ਚਾਹੀਦੀ ਹੈ।"
ਪੌਕੇਟ ਨੂੰ ਲੈ ਕੇ ਮੁਹਿੰਮ
ਇਸ ਮਸਲੇ 'ਤੇ ਔਰਤਾਂ ਦਾ ਇੱਕ ਤਬਕਾ ਆਵਾਜ਼ ਚੁੱਕਦਾ ਰਿਹਾ ਹੈ। ਸੋਸ਼ਲ ਮੀਡੀਆ 'ਤੇ #WeWantPockets ਵਰਗੇ ਹੈਸ਼ਟੈਗ ਜ਼ਰੀਏ ਮੁਹਿੰਮ ਵੀ ਚਲਾਈ ਗਈ ਹੈ। ਇਸ ਵਿੱਚ ਔਰਤਾਂ ਛੋਟੀ ਜੇਬ ਦੀ ਸਮੱਸਿਆ ਅਤੇ ਪੌਕੇਟ ਨੂੰ ਲੈ ਕੇ ਹੋ ਰਹੇ ਭੇਦਭਾਵ 'ਤੇ ਚਰਚਾ ਕਰਦੀਆਂ ਰਹੀਆਂ ਹਨ।
ਇਹ ਵੀ ਪੜ੍ਹੋ:
ਕੁਝ ਸਮਾਂ ਪਹਿਲਾਂ ਹੀ ਲੰਡਨ ਦੀ ਇੱਕ ਮਹਿਲਾ ਨੇ ਆਪਣੀ ਦੋਸਤ ਦੇ ਵਿਆਹ ਦਾ ਫੋਟੋ ਟਵੀਟ ਕੀਤਾ ਸੀ। ਇਸ ਵਿੱਚ ਦੁਲਹਨ ਦੇ ਵੈਡਿੰਗ ਗਾਊਨ 'ਚ ਜੇਬ ਸੀ ਅਤੇ ਇਸਦੇ ਕਾਰਨ ਇਹ ਪੋਸਟ ਵਾਇਰਲ ਹੋ ਗਿਆ ਅਤੇ ਔਰਤਾਂ ਦੀ ਪੌਕੇਟ ਦੀ ਲੋੜ 'ਤੇ ਚਰਚਾ ਛਿੜ ਗਈ।
ਇਸ ਮਾਮਲੇ 'ਤੇ ਜ਼ਿਆਦਾਤਰ ਚਰਚਾ ਵਿਦੇਸ਼ਾਂ ਵਿੱਚ ਹੋਈ ਹੈ ਪਰ ਭਾਰਤ ਵਿੱਚ ਵੀ ਹੁਣ ਆਵਾਜ਼ ਉੱਠਣ ਲੱਗੀ ਹੈ।
ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












