ਅਮਿਤਾਭ ਬੱਚਨ ਨੇ ਉਤਾਰਿਆ 1398 ਕਿਸਾਨਾਂ ਦਾ ਕਰਜ਼ਾ - 5 ਅਹਿਮ ਖਬਰਾਂ

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੈਂਕੜੇ ਕਿਸਾਨਾਂ ਦਾ ਕਰਜ਼ ਚੁਕਾਇਆ ਹੈ। ਕਰਜ਼ ਦੇ ਤੌਰ ਉੱਤੇ ਚੁਕਾਈ ਗਈ ਰਕਮ ਚਾਰ ਕਰੋੜ ਰੁਪਏ ਤੋਂ ਵੀ ਵੱਧ ਹੈ।

ਮੰਗਲਵਾਰ ਨੂੰ ਅਮਿਤਾਭ ਬੱਚਨ ਨੇ ਬਲਾਗ 'ਤੇ ਲਿਖਿਆ ਕਿ ਉਨ੍ਹਾਂ ਨੇ 1398 ਕਿਸਾਨਾਂ ਦਾ ਕਰਜ਼ ਅਦਾ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹਾ ਲਗ ਰਿਹਾ ਹੈ ਜਿਵੇਂ ਉਨ੍ਹਾਂ ਦਾ 'ਇੱਕ ਕੰਮ ਪੂਰਾ ਹੋ ਗਿਆ।' ਇਹ ਸਾਰੇ ਕਿਸਾਨ ਉੱਤਰ ਪ੍ਰਦੇਸ਼ ਦੇ ਹਨ ਅਤੇ ਅਮਿਤਾਭ ਬੱਚਨ ਇਸੇ ਸੂਬੇ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ:

ਨਿਰੰਕਾਰੀ ਭਵਨ ਉੱਤੇ ਹਮਲੇ ਮਾਮਲੇ ਵਿੱਚ ਸਿੱਖ ਆਗੂਆਂ ਦੇ ਘਰ ਛਾਪੇ

ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਵਿੱਚ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਸਿੱਖ ਕੱਟੜਪੰਥੀਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

ਹਿੰਦੁਸਤਾਨ ਟਾਈਮਜ਼ ਮੁਤਾਬਕ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਣੇ ਸਿੱਖ ਕੱਟੜਪੰਥੀਆਂ ਤੋਂ ਪੁਲਿਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ ਵੱਖ-ਵੱਖ ਜਥੇਬੰਦੀਆਂ ਦੇ 25 ਕਾਰਕੁਨਾਂ ਨੂੰ ਰਾਊਂਡ-ਅਪ ਕੀਤਾ ਗਿਆ ਹੈ। ਪੁਲਿਸ ਨੇ ਮੰਗਲਵਾਰ ਸਵੇਰ ਨੂੰ ਸਿੱਖ ਕੱਟੜਪੰਥੀ ਜਥੇਬੰਦੀਆਂ ਨਾਲ ਸਬੰਧਤ ਕਈ ਨੌਜਵਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਵੀ ਕੀਤੀ।

ਦਲ ਖਾਲਸਾ ਦੇ ਸਿੱਖ ਯੂਥ ਆਫ਼ ਪੰਜਾਬ ਦੇ ਪਰਮਜੀਤ ਸਿੰਘ ਮੰਡ ਅਤੇ ਸੰਸਥਾ ਦੇ ਅੰਮ੍ਰਿਤਸਰ ਦੇ ਮੁਖੀ ਗੁਰਜੰਟ ਸਿੰਘ ਦੇ ਘਰ ਵੀ ਛਾਪੇਮਾਰੀ ਕੀਤੀ।

ਇਸ ਤੋਂ ਇਲਾਵਾ ਦਮਦਮੀ ਟਕਸਾਲ, ਜਥਾ ਹਿੰਮਤ-ਏ-ਖਾਲਸਾ ਅਤੇ ਜਥਾ ਸਿਰਲੱਥ ਦੇ ਮੈਂਬਰਾਂ ਘਰ ਵੀ ਛਾਪਾ ਮਾਰਿਆ।

ਐਸਆਈਟੀ ਸਾਹਮਣੇ ਅਕਸ਼ੇ ਕੁਮਾਰ ਦੀ ਪੇਸ਼ੀ

ਬੇਅਦਬੀ ਮਾਮਲੇ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਹੋਈ ਪੁਲਿਸ ਫਾਈਰਿੰਗ ਦੇ ਮਾਮਲੇ ਵਿੱਚ ਐੱਸਆਈਟੀ ਅੱਜ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੇ ਬਿਆਨ ਦਰਜ ਕਰ ਸਕਦੀ ਹੈ।

ਅਕਸ਼ੇ ਕੁਮਾਰ ਵੱਲੋਂ ਅਪੀਲ ਕਰਨ ਤੋਂ ਬਾਅਦ ਉਨ੍ਹਾਂ ਦੇ ਬਿਆਨ ਅੰਮ੍ਰਿਤਸਰ ਦੀ ਥਾਂ ਚੰਡੀਗੜ੍ਹ ਵਿੱਚ ਦਰਜ ਕੀਤੇ ਜਾਣਗੇ।

9 ਨਵੰਬਰ ਨੂੰ ਐੱਸਆਈਟੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਸ਼ੇ ਕੁਮਾਰ ਨੂੰ ਸਮਨ ਜਾਰੀ ਕੀਤੇ ਸਨ। ਤਿੰਨਾਂ ਨੂੰ 16 ਨਵੰਬਰ, 19 ਨਵੰਬਰ ਅਤੇ 21 ਨਵੰਬਰ ਨੂੰ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ।

ਕੇਜਰੀਵਾਲ ਉੱਤੇ ਮਿਰਚ ਸੁੱਟੀ

ਦਿ ਟ੍ਰਿਬਿਊਨ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਮਿਰਚ ਪਾਊਡਰ ਨਾਲ ਹਮਲਾ ਕੀਤਾ ਗਿਆ।

ਇਹ ਹਮਲਾ ਦਿੱਲੀ ਸਕਤਰੇਤ ਵਿੱਚ ਉਨ੍ਹਾਂ ਦੇ ਦਫਤਰ ਬਾਹਰ ਕੀਤਾ ਗਿਆ।

ਦਿੱਲੀ ਪੁਲਿਸ ਨੇ ਮੁਲਜ਼ਮ ਅਨਿਲ ਕੁਮਾਰ ਸ਼ਰਮਾ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੁਰੱਖਿਆ ਉੱਤੇ ਸਵਾਲ ਚੁੱਕਦਿਆਂ ਇਸ ਨੂੰ ਦਿੱਲੀ ਪੁਲਿਸ ਦੀ ਲਾਪਰਵਾਹੀ ਕਰਾਰ ਦਿੱਤਾ।

ਪਾਕਿਸਤਾਨ ਵੱਲੋਂ ਅਮਰੀਕੀ ਅੰਬੈਸਡਰ ਨੂੰ ਸੰਮਨ

ਪਾਕਿਸਤਾਨ ਦੇ ਅਖਬਾਰ ਡੌਨ ਅਨੁਸਾਨ ਪਾਕਿਸਤਾਨ ਦੇ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਪਾਕਿਸਤਾਨ ਉੱਤੇ ਲਾਏ ਗਏ ਇਲਜ਼ਾਮਾਂ ਖਿਲਾਫ਼ ਵਿਰੋਧ ਦਰਜ ਕਰਵਾਉਂਦਿਆਂ 'ਯੂਐਸ ਚਾਰਜਡ ਅਫੇਅਰਜ਼' ਐਂਬੈਸਡਰ ਪੌਲ ਜੋਨਸ ਨੂੰ ਸੰਮਨ ਜਾਰੀ ਕੀਤੇ ਹਨ।

ਇਕ ਪ੍ਰੈਸ ਬਿਆਨ ਅਨੁਸਾਰ ਜੰਜੂਆ ਨੇ ਟਰੰਪ ਵੱਲੋਂ ਓਸਾਮਾ ਬਿਨ ਲਾਦੇਨ ਬਾਰੇ ਦਿੱਤੇ ਬਿਆਨ ਨੂੰ ਰੱਦ ਕਰ ਦਿੱਤਾ।

ਇਹ ਵੀ ਪੜ੍ਹੋ:

ਉਨ੍ਹਾਂ ਜੋਨਸ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਪਾਕਿਸਤਾਨ ਦੀ ਖੂਫੀਆ ਏਜੰਸੀ ਸਹਿਯੋਗ ਕਾਰਨ ਹੀ "ਬਿਨ ਲਾਦੇਨ ਦੇ ਟਿਕਾਣਿਆਂ ਦਾ ਪਤਾ ਲਾਇਆ ਗਿਆ ਸੀ" ਅਤੇ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ।

ਤੁਹਾਨੂੰ ਦੱਸ ਦੇਈਏ ਕਿ ਟਰੰਪ ਨੇ ਇਲਜ਼ਾਮ ਲਾਇਆ ਸੀ, ''ਪਾਕਿਸਤਾਨ 'ਚ ਹਰ ਕੋਈ ਜਾਣਦਾ ਸੀ ਕਿ ਓਸਾਮਾ ਬਿਨ ਲਾਦੇਨ ਉੱਥੇ ਰਹਿ ਰਿਹਾ ਸੀ। ਉਹ ਵੀ ਅਜਿਹੀ ਥਾਂ ਜੋ ਪਾਕਸਿਤਾਨੀ ਮਿਲਟਰੀ ਅਕੈਡਮੀ ਦੇ ਬਿਲਕੁਲ ਨੇੜੇ ਸੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)