ਕੇਂਦਰੀ ਮੰਤਰੀ ਤੇ ਭਾਜਪਾ ਆਗੂ ਅਨੰਤ ਕੁਮਾਰ ਦਾ ਦੇਹਾਂਤ

ਖਾਦ ਤੇ ਰਸਾਇਣ ਅਤੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਐਚਐਨ ਅਨੰਤ ਕੁਮਾਰ ਦਾ ਸੋਮਵਾਰ ਸਵੇਰੇ ਬੰਗਲੁਰੂ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ।

59 ਸਾਲਾਂ ਅਨੰਤ ਕੁਮਾਰ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ 'ਤੇ ਸਨ ਅਤੇ ਉਨ੍ਹਾਂ ਕਰਨਾਟਕਾ ਦੀ ਰਾਜਧਾਨੀ ਬੰਗਲੁਰੂ ਦੇ ਸ਼ੰਕਰਾ ਕੈਂਸਰ ਹਸਪਤਾਲ ਵਿੱਚ ਸੋਮਵਾਰ ਤੜਕੇ ਆਖ਼ਰੀ ਸਾਹ ਲਏ।

ਭਾਜਪਾ ਲਈ ਸੰਕਟਮੋਚਨ ਵਜੋਂ ਜਾਣੇ ਜਾਂਦੇ ਅਨੰਤ ਕੁਮਾਰ ਨੂੰ ਫੇਫੜਿਆਂ ਦਾ ਕੈਂਸਰ ਸੀ ਅਤੇ ਉਹ ਕੁਝ ਹਫ਼ਤੇ ਪਹਿਲਾਂ ਲੰਡਨ ਹਸਪਤਾਲ ਤੋਂ ਬੰਗਲੁਰੂ ਵਾਪਸ ਆਏ ਸਨ।

ਅਨੰਤ ਕੁਮਾਰ ਆਪਣੇ ਪਿੱਛੇ ਪਤਨੀ ਤੇਜਸਵਿਨੀ ਅਤੇ ਦੋ ਬੇਟੀਆਂ ਛੱਡ ਗਏ ਸਨ।

ਇਹ ਵੀ ਪੜ੍ਹੋ-

ਦਰਅਸਲ ਕਰਨਾਟਕਾ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਖੰਘ ਦੀ ਸ਼ਿਕਾਇਤ ਸੀ, ਜੋ ਲਗਾਤਾਰ ਹੋਣ ਕਰਕੇ ਉਹ ਕੁਝ ਮਹੀਨੇ ਪਹਿਲਾਂ ਲੰਡਨ ਅਤੇ ਨਿਊਯਾਰਕ ਇਲਾਜ ਲਈ ਗਏ ਸਨ।

ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਮੁਤਾਬਕ, "ਅਸੀਂ ਦੁਖੀ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਕੈਂਸਰ ਅਤੇ ਇਨਫੈਕਸ਼ਨ ਕਾਰਨ ਅਨੰਤ ਕੁਮਾਰ ਦਾ ਰਾਤੀ 2 ਵਜੇ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਇਹ ਆਈਸੀਯੂ ਵਿੱਚ ਵੈਂਟੀਲੇਟਰ 'ਤੇ ਸਨ।"

ਅਨੰਤ ਕੁਮਾਰ ਨੇ ਦੱਖਣੀ ਬੰਗਲੁਰੂ ਹਲਕੇ ਤੋਂ ਆਪਣੀ ਪਹਿਲੀ ਚੋਣ 1996 ਲੜੀ ਤੇ ਉਦੋਂ ਤੋਂ ਲੈ ਕੇ ਉਹ ਹੁਣ ਤੱਕ ਲੋਕ ਸਭਾ ਮੈਂਬਰ ਚੁਣੇ ਜਾ ਰਹੇ

ਉਹ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਣ ਆਡਵਾਨੀ ਦੇ ਚੇਲੇ ਸਨ ਪਰ ਸਾਲ 2014 ਵਿੱਚ ਉਹ ਖਾਦ ਤੇ ਰਸਾਇਣ ਮੰਤਰੀ ਵਜੋਂ ਸਖ਼ਤ ਮਿਹਨਤ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਿਯ ਨੇਤਾ ਬਣ ਗਏ ਸਨ।

ਸੱਤਾ ਵਿੱਚ ਭਾਜਪਾ ਸਰਕਾਰ ਦੇ ਆਉਣ 'ਤੇ ਉਨ੍ਹਾਂ ਨੇ ਕਿਸਾਨਾਂ ਨੂੰ ਸਮੇਂ ਸਿਰ ਖਾਦ ਮੁਹੱਈਆ ਕਰਵਾ ਕੇ ਸਰਕਾਰ ਲਈ ਪਹਿਲੀ ਸਕਾਰਾਤਮਕ ਕਾਰਵਾਈ ਨੂੰ ਅੰਜ਼ਾਮ ਦਿੱਤਾ ਸੀ।

ਕੇਂਦਰੀ ਮੰਤਰੀ ਸਦਾਨੰਦ ਗੌੜਾ ਨੇ ਟਵੀਟ ਕਰਦਿਆਂ ਲਿਖਿਆ ਕਿ ਉਨ੍ਹਾਂ ਨੂੰ ਅਨੰਤ ਕੁਮਾਰ ਦੀ ਮੌਤ ਦਾ ਸਦਮਾ ਲੱਗਾ ਹੈ।

"ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੇਰਾ ਦੋਸਤ, ਮੇਰਾ ਭਰਾ ਅਨੰਤ ਕੁਮਾਰ ਇਸ ਦੁਨੀਆਂ ਵਿੱਚ ਨਹੀਂ ਰਿਹਾ।"

ਸਿਆਸਤ 'ਚ ਪੈਰ

ਅਨੰਤ ਕੁਮਾਰ ਨੇ ਸਿਆਸਤ ਵਿੱਚ ਪਹਿਲੀ ਵਾਰ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ਵਜੋਂ 1985 ਵਿੱਚ ਪੈਰ ਰੱਖਿਆ ਸੀ। ਉਹ ਸ਼ੁਰੂ ਤੋਂ ਹੀ ਭਾਜਪਾ ਨਾਲ ਜੁੜੇ ਹੋਏ ਸਨ ਅਤੇ ਕਰਨਾਟਕਾ ਵਿੱਚ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦਾ ਸੂਬਾ ਪ੍ਰਧਾਨ ਬੀਐਸ ਯੈਦੁਰੱਪਾ ਅਤੇ ਸਾਬਕਾ ਸੂਬਾ ਪਾਰਟੀ ਪ੍ਰਧਾਨ ਕੇ.ਐਸ ਈਸ਼ਵਰੱਪਾ ਨਾਲ ਮਿਲ ਕੇ ਪਾਰਟੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਤਿੱਕੜੀ ਬਣਾਈ।

ਹਿੰਦੀ ਭਾਸ਼ਾ ਜਾਨਣ ਕਰਕੇ ਅਨੰਤ ਕੁਮਾਰ ਨੂੰ ਕਈ ਅਹੁਦੇ ਮਿਲੇ। ਉਹ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਚੋਣਾਂ ਦੌਰਾਨ ਪਾਰਟੀ ਦੇ ਕੇਂਦਰੀ ਨਿਰੀਖਰ ਵੀ ਬਣੇ।

ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਸੀ।

ਉਹ ਮਰਹੂਮ ਭਾਜਪਾ ਮੰਤਰੀ ਪ੍ਰਮੋਦ ਕੁਮਾਰ ਦੇ ਕਾਫੀ ਕਰੀਬੀ ਮੰਨੇ ਜਾਂਦੇ ਸਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)