ਫੈਜ਼ਾਬਾਦ ਹੁਣ ਅਯੁੱਧਿਆ: ਰਾਮ ਦੇ ਨਾਂ ’ਤੇ ਹਵਾਈ ਅੱਡਾ, ਦਸਰਥ ਦੇ ਨਾਂ ’ਤੇ ਹਸਪਤਾਲ — 5 ਅਹਿਮ ਖ਼ਬਰਾਂ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਐਲਾਨ ਕੀਤਾ ਹੈ ਕਿ ਹੁਣ ਫੈਜ਼ਾਬਾਦ ਜ਼ਿਲ੍ਹੇ ਦਾ ਨਾਂ ਅਯੁੱਧਿਆ ਹੋਵੇਗਾ।

ਦਿ ਇੰਡੀਅਨ ਐਕਸਪ੍ਰੈੱਸ ਦੀ ਖਬਰ ਮੁਤਾਬਕ ਉਨ੍ਹਾਂ ਜ਼ਿਲ੍ਹੇ ਵਿੱਚ ਰਾਮ ਅਤੇ ਦਸ਼ਰਥ ਦੇ ਨਾਂ 'ਤੇ ਹਵਾਈ ਅੱਡਾ ਅਤੇ ਮੈਡੀਕਲ ਕਾਲਜ ਸਥਾਪਤ ਕਰਨ ਦਾ ਵੀ ਐਲਾਨ ਕੀਤਾ।

ਅਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਕੀਤੇ ਜਾਣ ਦੇ ਕੁਝ ਦਿਨ ਬਾਅਦ ਹੀ ਇਹ ਕਦਮ ਚੁੱਕਿਆ ਗਿਆ ਹੈ ਜਿਸ ਨੂੰ 'ਇਸਲਾਮੀ' ਨਾਂਵਾਂ ਨੂੰ ਬਦਲਣ ਦੀ ਕਵਾਇਦ ਵਜੋਂ ਵੀ ਵੇਖਿਆ ਜਾ ਰਿਹਾ ਹੈ।

ਵਿਦਿਆਰਥਣਾਂ ਦੇ ਕੱਪੜੇ ਲੁਹਾਉਣ ਦੇ ਮਾਮਲੇ 'ਚ ਫਾਜ਼ਿਲਕਾ ਸਕੂਲ ਪ੍ਰਿੰਸੀਪਲ, ਅਧਿਆਪਕ ਮੁਅੱਤਲ

ਮਾਹਵਾਰੀ ਦੌਰਾਨ ਵਰਤੇ ਜਾਣ ਵਾਲੇ ਸੈਨੀਟਰੀ ਪੈਡ ਸਕੂਲ ਦੇ ਪਖਾਨੇ 'ਚੋਂ ਮਿਲਣ ਤੋਂ ਬਾਅਦ ਕਥਿਤ ਤੌਰ 'ਤੇ ਲੜਕੀਆਂ ਦੇ ਕੱਪੜੇ ਲੁਹਾਉਣ ਦੇ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਉੱਪਰ ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਅਤੇ ਇਕ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਕਦਮ ਮੁੱਖ ਮੰਤਰੀ ਨੂੰ ਮਿਲੀ ਇੱਕ ਜਾਂਚ ਰਿਪੋਰਟ ਦੇ ਆਧਾਰ 'ਤੇ ਲਿਆ ਗਿਆ ਹੈ।

ਭਾਜਪਾ ਦੇ ਸਹਿਯੋਗ ਨਾਲ ਬਣਿਆ ਸ੍ਰੀਨਗਰ ਦਾ ਨਵਾਂ ਮੇਅਰ

ਆਜ਼ਾਦ ਉਮੀਦਵਾਰ ਜੁਨੈਦ ਮੱਟੂ ਕਸ਼ਮੀਰ 'ਚ ਸ੍ਰੀਨਗਰ ਦੇ ਨਵੇਂ ਮੇਅਰ ਚੁਣੇ ਗਏ ਹਨ। ਉਨ੍ਹਾਂ ਨੂੰ ਸੱਜਾਦ ਲੋਨ ਦੀ ਪਾਰਟੀ ਪੀਪਲਜ਼ ਕਾਨਫਰੈਂਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦਾ ਵੀ ਸਹਿਯੋਗ ਪ੍ਰਾਪਤ ਹੈ।

ਇਹ ਵੀ ਜ਼ਰੂਰ ਪੜ੍ਹੋ

ਭਾਜਪਾ ਲਈ ਕਸ਼ਮੀਰ 'ਚ ਇਹ ਵੱਡੀ ਸਿਆਸੀ ਤੇ ਸੰਕੇਤਕ ਜਿੱਤ ਮੰਨੀ ਜਾ ਰਹੀ ਹੈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ 74 'ਚੋਂ 40 ਵੋਟਾਂ ਮੱਟੂ ਨੂੰ ਪਈਆਂ ਜਦਕਿ ਕਾਂਗਰਸ ਉਮੀਦਵਾਰ ਗ਼ੁਲਾਮ ਰਸੂਲ ਹਜਾਮ ਨੂੰ 26 ਵੋਟਾਂ ਮਿਲੀਆਂ।

ਤੇਲ ਕੀਮਤਾਂ ’ਤੇ ਕਾਬੂ ਰੱਖਣ ਲਈ ਭਾਰਤ, 7 ਹੋਰ ਮੁਲਕਾਂ ਨੂੰ ਛੂਟ: ਟਰੰਪ

ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਮਵਾਰ ਨੂੰ ਭਾਰਤ ਅਤੇ ਚੀਨ ਸਮੇਤ ਅੱਠ ਮੁਲਕਾਂ ਨੂੰ ਇਰਾਨ ਤੋਂ ਤੇਲ ਦਰਾਮਦ ਕਰਨ ਦੀ ਛੂਟ ਦੇਣ ਦੇ ਆਪਣੇ ਫੈਸਲੇ ਦਾ ਬਚਾਅ ਕੀਤਾ। ਅਮਰੀਕਾ ਨੇ ਸੋਮਵਾਰ ਨੂੰ ਇਰਾਨ 'ਤੇ ਸਖਤ ਪਾਬੰਦੀਆਂ ਲਗਾਈਆਂ ਸਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਕਿਹਾ ਕਿ ਇਹ ਵਿਸ਼ਵ ਵਿੱਚ ਤੇਲ ਕੀਮਤਾਂ ਕਾਬੂ ਵਿੱਚ ਰੱਖਣ ਅਤੇ ਬਾਜ਼ਾਰ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਕੀਤਾ ਗਿਆ ਹੈ।

ਇਹ ਵੀ ਜ਼ਰੂਰ ਪੜ੍ਹੋ

ਪੰਜਾਬੀ ਟ੍ਰਿਬਿਊਨ ਮੁਤਾਬਕ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਅੱਠ ਮੁਲਕ — ਭਾਰਤ, ਚੀਨ, ਇਟਲੀ, ਯੂਨਾਨ (ਗ੍ਰੀਸ), ਜਾਪਾਨ, ਦੱਖਣੀ ਕੋਰੀਆ, ਤਾਇਵਾਨ ਅਤੇ ਤੁਰਕੀ — ਨੂੰ ਆਰਜ਼ੀ ਤੌਰ 'ਤੇ ਇਰਾਨ ਤੋਂ ਤੇਲ ਦਰਾਮਦ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।

'ਨੋਟਾ ਨੂੰ ਪਈਆਂ ਸਭ ਤੋਂ ਵੱਧ ਵੋਟਾਂ ਤਾਂ ਚੋਣ ਦੁਬਾਰਾ'

ਸੁਪਰੀਮ ਕੋਰਟ ਦੇ ਆਦੇਸ਼ 'ਤੇ ਚੋਣਾਂ ਵਿੱਚ 'ਨੋਟਾ' (NOTA, ਨਨ ਆਫ ਦਿ ਅਬਵ) ਭਾਵ ਸਾਰੇ ਉਮੀਦਵਾਰਾਂ ਨੂੰ ਨਕਾਰਣ ਦੇ ਅਧਿਕਾਰ ਮਿਲਣ ਦੇ ਪੰਜ ਸਾਲਾਂ ਬਾਅਦ ਇਸ ਵਿੱਚ ਕੁਝ ਵਾਧਾ ਹੋਇਆ ਹੈ।

ਮਹਾਰਾਸ਼ਟਰ ਸੂਬੇ ਦੇ ਚੋਣ ਆਯੋਗ ਨੇ ਫੈਸਲਾ ਲਿਆ ਹੈ ਕਿ ਉੱਥੇ ਹੋਣ ਵਾਲੀਆਂ ਸਥਾਨਕ ਚੋਣਾਂ 'ਚ ਹੁਣ ਜੇਕਰ ਨੋਟਾ ਨੂੰ ਸਭ ਤੋਂ ਵੱਧ ਵੋਟਾਂ ਮਿਲਦੀਆਂ ਹਨ ਤਾਂ ਚੋਣ ਦੁਬਾਰਾ ਹੋਵੇਗੀ।

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਇਹ ਸ਼ਾਇਦ ਦੇਸ 'ਚ ਪਹਿਲੀ ਵਾਰ ਹੋਵੇਗਾ। ਪਹਿਲਾਂ ਨਿਯਮ ਇਹ ਸੀ ਕਿ ਨੋਟਾ ਨੂੰ ਗਿਣ ਕੇ, ਇੱਕ ਪਾਸੇ ਛੱਡ ਕੇ, ਬਾਕੀ ਵੋਟਾਂ ਦੀ ਗਿਣਤੀ 'ਚੋਂ ਜੇਤੂ ਐਲਾਨਿਆ ਜਾਂਦਾ ਸੀ।

ਇਹ ਵੀ ਪੜ੍ਹੋ

ਇਹ ਵੀਡੀਓ ਵੀ ਤੁਹਾਨੂੰ ਰੋਚਕ ਲੱਗਣਗੇ

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube 'ਤੇ ਜੁੜੋ