You’re viewing a text-only version of this website that uses less data. View the main version of the website including all images and videos.
ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਅਰਸ਼ਦੀਪ
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਮੇਰੀ ਦਾਦੀ ਮੈਨੂੰ ਕਹਿੰਦੀ ਰਹਿੰਦੀ ਹੈ ਕਿ ਮੇਰੀ ਫੋਟੋ ਖਿੱਚ ਦੇ, ਮੇਰੀ ਫੋਟੋ ਖਿੱਚ ਦੇ। ਪਰ ਮੈਂ ਆਪਣੀ ਦਾਦੀ ਦੀ ਫੋਟੋ ਨਹੀਂ ਖਿੱਚਦਾ। ਇਹ ਕਹਿਣਾ ਹੈ ਦੁਨੀਆਂ ਭਰ ਵਿਚ ਮਸ਼ਹੂਰ ਹੋਏ ਛੋਟੇ ਫੋਟੋਗ੍ਰਾਫਰ ਅਰਸ਼ਦੀਪ ਸਿੰਘ ਦਾ।
ਉਸ ਨੂੰ ਹਾਲ ਹੀ ਵਿੱਚ 'ਵਰਲਡ ਲਾਈਵ ਫੋਟੋਗ੍ਰਾਫਰ ਆਫ ਦਿ ਈਅਰ' ਨਾਲ ਸਨਮਾਨਿਤ ਕੀਤਾ ਗਿਆ ਹੈ। ਜਲੰਧਰ ਦੇ ਮਾਡਲ ਟਾਊਨ 'ਚ ਰਹਿੰਦੇ ਅਰਸ਼ਦੀਪ ਆਪਣੀ ਦਾਦੀ ਦੀ ਵਾਰ ਵਾਰ ਕਹਿਣ 'ਤੇ ਵੀ ਫੋਟੋ ਨਹੀਂ ਖਿੱਚਦੇ। ਉਹ ਆਪਣੀ ਦਾਦੀ ਨੂੰ ਦੱਸਦੇ ਹਨ ਕਿ ਇਸ ਕੈਮਰੇ ਨਾਲ ਬੰਦਿਆਂ ਦੀਆਂ ਨਹੀਂ ਸਿਰਫ ਜਾਨਵਰਾਂ ਤੇ ਪੰਛੀਆਂ ਦੀਆਂ ਫੋਟੋ ਖਿੱਚ ਹੁੰਦੀਆਂ ਹਨ।
ਅਰਸ਼ਦੀਪ ਦਾ ਕਹਿਣਾ ਸੀ ਕਿ ਉਹ ਆਪਣੇ ਪਿਤਾ ਤੋਂ ਇਲਾਵਾ ਕਿਸੇ ਹੋਰ ਦੀ ਫੋਟੋ ਨਹੀਂ ਖਿੱਚੇਗਾ ਤੇ ਨਾ ਹੀ ਕਦੇ ਫੋਟੋ ਖਿੱਚਣ ਦੇ ਪੈਸੇ ਲਵੇਗਾ।
ਇਹ ਵੀ ਪੜ੍ਹੋ:
ਕਪੂਰਥਲੇ ਦੇ ਥੇਹ ਕਾਂਜਲਾ ਨਾਂ ਦੀ ਜਗ੍ਹਾ 'ਤੇ ਇੱਕ ਮੋਟਰ ਦੀ ਪਾਈਪ 'ਚ ਵੜੇ ਦੋ ਉੱਲੂਆਂ ਦੀ ਫੋਟੋ ਖਿੱਚ ਕੇ ਦੁਨੀਆਂ ਭਰ ਵਿਚ ਮਸ਼ਹੂਰ ਹੋਏ ਅਰਸ਼ਦੀਪ ਦਾ ਕਹਿਣਾ ਹੈ ਕਿ ਉਸ ਨੂੰ ਫੋਟੋ ਖਿੱਚਣ ਤੋਂ ਇਹ ਪਤਾ ਲੱਗ ਗਿਆ ਸੀ ਕਿ ਇਹ ਫੋਟੋ ਉਸ ਨੂੰ ਐਵਾਰਡ ਦਿਵਾ ਸਕਦੀ ਹੈ।
ਉਮਰ ਦੇ ਦਸ ਬਸੰਤ ਦੇਖ ਚੁੱਕਾ ਅਰਸ਼ਦੀਪ ਵਰਲਡ ਲਾਈਵ ਫੋਟੋਗ੍ਰਾਫਰ ਬਣਨਾ ਚਾਹੁੰਦਾ ਹੈ। ਉਸ ਦੀ ਇੱਛਾ ਹੈ ਕਿ ਉਹ ਬਰਡ ਆਫ ਪੈਰਾਡਾਈਜ਼ ਦੇਖੇ।
ਆਪਣੇ ਸਕੂਲ ਦੇ ਦੋਸਤਾਂ ਦਾ ਜ਼ਿਕਰ ਕਰਦਿਆਂ ਉਹ ਕਹਿੰਦਾ ਹੈ ਕਿ, '' ਮੇਰੇ ਬਹੁਤ ਸਾਰੇ ਦੋਸਤ ਕਹਿੰਦੇ ਰਹਿੰਦੇ ਹਨ ਕਿ ਉਨ੍ਹਾਂ ਦੀ ਫੋਟੋ ਖਿੱਚ ਦੇਵੇ ਤਾਂ ਮੈਂ ਕਦੇ-ਕਦੇ ਖਿੱਚ ਵੀ ਦਿੰਦਾ ਹਾਂ। ਕਈ ਦੋਸਤ ਮੇਰੀ ਸ਼ੋਹਰਤ ਤੋਂ ਈਰਖਾ ਵੀ ਕਰਦੇ ਹਨ। ਮੇਰੀ ਅਧਿਆਪਕਾ ਨੇ ਵੀ ਇਕ ਵਾਰੀ ਕਹਿ ਦਿੱਤਾ ਸੀ ਕਿ ਤੂੰ ਫੋਟੋਆਂ ਹੀ ਖਿੱਚਦਾ ਰਹਿੰਦਾ ਹੈ, ਪੜ੍ਹਾਈ ਵੱਲ ਵੀ ਧਿਆਨ ਦੇ।''
ਅਰਸ਼ਦੀਪ ਨੇ ਦੱਸਿਆ ਕਿ ਉਹ ਫੋਟੋਗ੍ਰਾਫੀ ਦੇ ਨਾਲ-ਨਾਲ ਪੜ੍ਹਾਈ ਵੀ ਚੰਗੀ ਤਰ੍ਹਾਂ ਕਰਦੇ ਹਨ ਤੇ ਚੰਗੇ ਨੰਬਰ ਲੈਂਦੇ ਹਨ। ਸਾਇੰਸ ਉਸਦਾ ਪਸੰਦੀਦਾ ਵਿਸ਼ਾ ਹੈ ਪਰ ਵਿਗਿਆਨੀ ਬਣਨ ਦੀ ਉਸਦੀ ਕੋਈ ਚਾਹਤ ਨਹੀਂ ਹੈ। ਮਨ ਵਿਚ ਇੱਕੋ ਗੱਲ ਧਾਰੀ ਹੋਈ ਹੈ ਕਿ ਵਰਲਡ ਲਾਈਫ਼ ਫੋਟੋਗ੍ਰਾਫਰ ਹੀ ਬਣੇਗਾ।
ਇਹ ਵੀ ਪੜ੍ਹੋ:
ਮੇਰੀ 13 ਸਾਲਾ ਭੈਣ ਨੂੰ ਵੀ ਮੇਰੇ ਵੱਲ ਦੇਖ ਕੇ ਫੋਟੋਗ੍ਰਾਫੀ ਦਾ ਸ਼ੌਕ ਜਾਗ ਪਿਆ ਹੈ। ਪਾਪਾ ਨੇ ਕਦੇ ਵੀ ਨਾ ਪੜ੍ਹਾਈ ਬਾਰੇ ਤੇ ਨਾ ਹੀ ਫੋਟੋਗ੍ਰਾਫੀ ਬਾਰੇ ਕੋਈ ਦਬਾਅ ਪਾਇਆ। ਸਿਰਫ ਇਹੋ ਹੀ ਕਹਿੰਦੇ ਆ ਕਿ ਜੋ ਕਰਨਾ ਉਹ ਜੀਅ ਜਾਨ ਲਾ ਕੇ ਕਰੋ।
ਆਪਣੇ ਪੰਜਵੇਂ ਜਨਮ ਦਿਨ ਮੌਕੇ ਮਿਲੇ ਛੋਟੇ ਜਿਹੇ ਕੈਮਰੇ ਨਾਲ ਉਸ ਨੇ ਜਿਹੜੀ ਪਹਿਲੀ ਫੋਟੋ ਖਿੱਚੀ ਸੀ ਉਹ ਇਕ ਪੰਛੀ ਦੀ ਸੀ। ਉਦੋਂ ਉਸ ਨੂੰ ਕੈਮਰਿਆਂ ਦੇ ਲੈਂਜ਼ ਬਾਰੇ ਰੱਤੀ ਭਰ ਵੀ ਜਾਣਕਾਰੀ ਨਹੀਂ ਸੀ। ਹੁਣ ਸ਼ੌਕ ਨੇ ਉਸ ਦੀ ਜਾਣਕਾਰੀ ਵਿੱਚ ਕਾਫ਼ੀ ਵਾਧਾ ਕੀਤਾ ਹੈ। ਜਦੋਂ ਉਸ ਨੇ ਲੈਪਰਡ ਦੀ ਫੋਟੋ ਖਿੱਚੀ ਸੀ ਤਾਂ ਉਸ ਨੂੰ ਲੱਗਾ ਸੀ ਕਿ ਉਹ ਜੰਗਲੀ ਜੀਵਾਂ ਦੀਆਂ ਵੀ ਫੋਟੋ ਖਿੱਚੇਗਾ।
ਹਾਲਾਂਕਿ ਉਹ ਲਾਅਨ ਟੈਨਿਸ ਖੇਡਦਾ ਹੈ। ਫੋਟੋਗ੍ਰਾਫੀ ਕਰਨ, ਕੈਮਰਿਆਂ ਅਤੇ ਲੈਂਜ਼ ਦੀ ਜਾਣਕਾਰੀ ਦਾ ਜਨੂੰਨ ਅਰਸ਼ਦੀਪ ਨੂੰ ਐਨਾ ਹੈ ਕਿ ਉਸ ਨੂੰ ਆਪਣੇ ਕੱਦ ਦੇ ਬਰਾਬਰ ਲੈਂਜ਼ ਵਾਲੇ ਕੈਮਰੇ ਦੀ ਕੀਮਤ ਵੀ ਨਹੀਂ ਪਤਾ। ਉਸ ਦੇ ਪਿਤਾ ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਸਿਵਾਏ ਫੋਟੋਗ੍ਰਾਫੀ ਤੋਂ ਹੋਰ ਕਿਸੇ ਵੀ ਗੱਲ 'ਤੇ ਧਿਆਨ ਨਹੀਂ ਦਿੰਦੇ। ਅਰਸ਼ਦੀਪ ਵੀ ਅਰਜਨ ਵਾਂਗ ਆਪਣਾ ਨਿਸ਼ਾਨਾ ਕੈਮਰੇ ਰਾਹੀਂ ਪੰਛੀਆਂ ਦੀ ਅੱਖ 'ਤੇ ਹੀ ਰੱਖਦਾ ਹੈ।
ਇਸ ਤੋਂ ਪਹਿਲਾਂ ਉਸ ਨੂੰ ਨੇਚਰ ਬੈਸਟ ਫੋਟੋਗ੍ਰਾਫੀ ਏਸ਼ੀਆ ਜੂਨੀਅਰ ਐਵਾਰਡ ਵੀ ਮਿਲ ਚੁੱਕਾ ਹੈ। ਇਹ ਐਵਾਰਡ ਵੀ 2018 ਜੁਲਾਈ ਵਿਚ ਮਿਲਿਆ ਸੀ। ਪਹਿਲਾਂ ਇਹ ਜਪਾਨ ਵਿੱਚ ਦਿੱਤਾ ਜਾਣਾ ਸੀ ਪਰ ਫਿਰ ਇਸ ਦਾ ਸਮਾਗਮ ਅਮਰੀਕਾ 'ਚ ਹੋਇਆ। ਕੀਨੀਆ ਦੇ ਜੰਗਲਾਂ ਵਿਚ ਜਾ ਕੇ ਉਸ ਨੂੰ ਨਿਵੇਕਲਾ ਤਜ਼ਰਬਾ ਹੋਇਆ ਸੀ ਜਦੋਂ ਉਸ ਨੇ 'ਵੱਡੀਆਂ' ਬਿੱਲੀਆਂ ਦੀਆਂ ਫੋਟੋ ਖਿੱਚੀਆਂ ਸਨ। ਇਹ ਅਨੁਭਵ ਆਪਣੀ ਕਿਸਮ ਦਾ ਵੱਖਰਾ ਸੀ ਜਦੋਂ ਕੀਨੀਆ 'ਚ ਉਨ੍ਹਾਂ ਦੀ ਗੱਡੀ ਨਾਲ ਖਹਿ ਕੇ ਹੀ ਸ਼ੇਰ ਲੰਘਿਆ ਸੀ।
ਇਹ ਵੀ ਪੜ੍ਹੋ:
ਅਰਸ਼ਦੀਪ ਦੇ ਪਿਤਾ ਰਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਅਰਸ਼ਦੀਪ ਨੇ ਪਾਈਪ ਵਿੱਚ ਬੈਠੇ ਉਲੂਆਂ ਦੀ ਫੋਟੋ ਖਿੱਚੀ ਸੀ ਤਾਂ ਇਸ ਮੁਕਾਬਲੇ ਲਈ ਫੋਟੋਆਂ ਭੇਜਣ ਵਿੱਚ ਸਿਰਫ਼ ਚਾਰ ਦਿਨ ਦਾ ਸਮਾਂ ਬਚਿਆ ਸੀ।ਇਨ੍ਹਾਂ ਆਖਰੀ ਚਾਰ ਦਿਨਾਂ ਵਿੱਚ ਪਹਿਲਾਂ ਭੇਜੀਆਂ ਫੋਟੋਆਂ ਵਿੱਚੋਂ ਕੁਝ ਫੋਟੋਆਂ ਡਲੀਟ ਕੀਤੀਆਂ ਤਾਂ ਇਸ ਫੋਟੋ ਨੂੰ ਭੇਜਿਆ।
ਉਹ ਅਰਸ਼ਦੀਪ ਦੀ ਹਰ ਪੱਖ ਤੋਂ ਸਹਾਇਤਾ ਕਰਦੇ ਹਨ। ਰਮਨਦੀਪ ਸਿੰਘ ਨੂੰ ਜਦੋਂ ਵੱਡੇ ਲੈਂਜ਼ ਅਤੇ ਕੈਮਰੇ ਦੀ ਕੀਮਤ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਉਹ ਵਿਖਾਵਾ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਗੋਂ ਅਰਸ਼ਦੀਪ ਦੇ ਕੰਮ `ਤੇ ਧਿਆਨ ਦਿੰਦੇ ਹਨ।
ਇਹ ਵੀਡੀਓ ਵੀ ਜ਼ਰੂਰ ਦੇਖੋ: