ਹਰਿਆਣਾ ਰੋਡਵੇਜ਼ ਹੜਤਾਲ, ਮੁਸਾਫ਼ਰ ਨਿੱਜੀ ਬੱਸ ਅਪਰੇਟਰਾਂ ਨੂੰ ਵਾਧੂ ਪੈਸੇ ਦੇ ਕੇ ਹੋ ਰਹੇ ਹਨ ਪਰੇਸ਼ਾਨ

    • ਲੇਖਕ, ਰੋਹਤਕ ਤੋਂ ਸਤ ਸਿੰਘ ਤੇ ਸਿਰਸਾ ਤੋਂ ਪ੍ਰਭੂ ਦਿਆਲ
    • ਰੋਲ, ਬੀਬੀਸੀ ਪੰਜਾਬੀ ਲਈ

ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਦੀ ਹੜਤਾਲ 11ਵੇਂ ਦਿਨ ਵੀ ਜਾਰੀ ਰਹੀ ਜਿਸ ਕਾਰਨ 4000 ਰੋਡਵੇਜ਼ ਦੀਆਂ ਬੱਸਾਂ ਵਿੱਚੋਂ ਸਿਰਫ਼ 20 ਫੀਸਦੀ ਬੱਸਾਂ ਹੀ ਸੜਕਾਂ ਉੱਤੇ ਚੱਲੀਆਂ।

ਪਰ ਹਰਿਆਣਾ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਦੇ ਤਹਿਤ 720 ਨਿੱਜੀ ਬੱਸਾਂ ਚਲਾਏ ਜਾਣ ਦੀ ਤਜਵੀਜ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸਿਰਸਾ ਤੋਂ ਦਿੱਲੀ ਤੇ ਚੰਡੀਗੜ੍ਹ ਲਈ ਪਿਛਲੇ ਦਸ ਦਿਨਾਂ ਵਿੱਚ ਹਰਿਆਣਾ ਰੋਡਵੇਜ਼ ਦੀਆਂ ਇੱਕਾ-ਦੁੱਕਾ ਬੱਸਾਂ ਹੀ ਚਲੀਆਂ ਪਰ ਉਹ ਵੀ ਰਾਹ ਵਿੱਚ ਰੋਕ ਲਈਆਂ ਗਈਆਂ।

ਪ੍ਰਾਈਵੇਟ ਤੇ ਦੂਜੇ ਸੂਬੇ ਦੀਆਂ ਬੱਸਾਂ ਉੱਤੇ ਹੀ ਲੋਕ ਸਫ਼ਰ ਕਰਨ ਲਈ ਮਜ਼ਬੂਰ ਹੋ ਰਹੇ ਹਨ ਪਰ ਇਸ ਵਿੱਚ ਵੀ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ:

ਸਿਰਸਾ ਡਿਪੂ ਦੀਆਂ ਕੁੱਲ 179 ਬੱਸਾਂ ਵਿੱਚੋਂ ਸ਼ੁੱਕਰਵਾਰ ਨੂੰ 63 ਬੱਸਾਂ ਚਲਾਈਆਂ ਗਈਆਂ ਹਨ। ਦਿੱਲੀ ਤੇ ਚੰਡੀਗੜ੍ਹ ਲਈ ਦੋ ਬੱਸਾਂ ਚਲਾਈਆਂ ਗਈਆਂ ਹਨ।

ਰੋਹਤਕ ਵਿੱਚ ਘੰਟਿਆਂ ਉਡੀਕ ਕਰਦੇ ਮੁਸਾਫਰ

ਦਿੱਲੀ ਤੋਂ ਰੋਹਤਕ ਵਾਪਸ ਆਈ ਸੁਨੀਤਾ ਰਾਣੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿੱਜੀ ਬੱਸ ਆਪਰੇਟਰ ਨੂੰ ਵਾਧੂ ਪੈਸੇ ਦੇਣੇ ਪਏ ਪਰ ਸੀਟ ਫਿਰ ਵੀ ਨਹੀਂ ਮਿਲੀ।

"ਉਹ ਮੁਸਾਫਰਾਂ ਨੂੰ ਲੁੱਟ ਰਹੇ ਹਨ ਅਤੇ ਅਸੀਂ ਕੁਝ ਨਹੀਂ ਕਰ ਸਕਦੇ।"

ਉੱਥੇ ਹੀ ਇੱਕ ਘੰਟੇ ਤੋਂ ਆਪਣੇ ਪਿੰਡ ਬਹਿਰੇਨ ਜਾਣ ਲਈ ਬੱਸ ਦੀ ਉਡੀਕ ਕਰ ਰਹੀ 70 ਸਾਲਾ ਸੁਮਿਤਰਾ ਦੇਵੀ ਦਾ ਕਹਿਣਾ ਹੈ, "ਮੈਂ ਦਿਵਾਲੀ ਲਈ ਖਰੀਦ ਕਰਨ ਆਈ ਸੀ ਪਰ ਹੁਣ ਘਰ ਮੁੜਨਾ ਔਖਾ ਹੋ ਰਿਹਾ ਹੈ।"

ਉਨ੍ਹਾਂ ਅੱਗੇ ਕਿਹਾ, "ਮੈਨੂੰ ਹੁਣ ਕਿਸੇ ਨੂੰ ਘਰੋਂ ਸੱਦਣਾ ਪਏਗਾ। ਇਸ ਤਰ੍ਹਾਂ ਸਮਾਂ ਵੀ ਬਰਬਾਦ ਹੋਏਗਾ ਅਤੇ ਪੈਸਾ ਵੀ।"

ਰੋਹਤਕ ਵਿੱਚ ਕੁਰੂਕਸ਼ੇਤਰ ਜਾਣ ਲਈ ਉਡੀਕ ਕਰਦੀ ਸੁਦੇਸ਼ ਦੇਵੀ ਦਾ ਕਹਿਣਾ ਹੈ, "ਨਿੱਜੀ ਬਸ ਅਪਰੇਟਰ ਸਾਮਾਨ ਦੇ ਲਈ ਵਾਧੂ ਪੈਸੇ ਮੰਗ ਰਹੇ ਹਨ। ਮਜਬੂਰੀ ਵੱਸ ਨਿੱਜੀ ਬੱਸਾਂ ਲੈਣ ਵਾਲੇ ਮੁਸਾਫਰਾਂ ਤੋਂ ਵਾਧੂ ਪੈਸੇ ਲੈਣ ਦੀ ਉਨ੍ਹਾਂ ਦੀ ਕੋਸ਼ਿਸ਼ ਹੈ।"

ਉਨ੍ਹਾਂ ਕਿਹਾ, "ਮੈਂ ਹੋਰ ਪੈਸੇ ਖਰਚ ਨਹੀਂ ਕਰ ਸਕਦੀ। ਮੈਂ ਸੂਬੇ ਵਿੱਚ ਇਸ ਤਰ੍ਹਾਂ ਦਾ ਸੰਘਰਸ਼ ਪਹਿਲਾਂ ਕਦੇ ਨਹੀਂ ਕੀਤਾ। ਪਰ ਨਿੱਜੀ ਬੱਸ ਅਪਰੇਟਰਾਂ ਨੂੰ ਝੱਲਣਾਂ ਤਾਂ ਬਹੁਤ ਔਖਾ ਹੈ। "

ਹਾਲਾਂਕਿ ਇਸ ਵਿਚਾਲੇ ਨਿੱਜੀ ਬਸ ਅਪਰੇਟਰ ਖੁਸ਼ ਹਨ। ਇੱਕ ਨਿੱਜੀ ਬੱਸ ਕੰਡਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਬੱਸਾਂ ਵਿੱਚ ਸਵਾਰੀਆਂ ਦਾ ਹੜ੍ਹ ਜਿਹਾ ਆ ਗਿਆ ਹੈ ਅਤੇ ਪਿਛਲੇ 10 ਦਿਨਾਂ ਵਿੱਚ ਬੱਸਾਂ ਦੇ ਰੂਟ ਪਹਿਲਾਂ ਨਾਲੋਂ ਤਿੰਨ ਗੁਣਾ ਹੋ ਗਏ ਹਨ।

ਉਨ੍ਹਾਂ ਕਿਹਾ, "ਪਹਿਲਾਂ ਅਸੀਂ ਦੋ ਜਾਂ ਤਿੰਨ ਹੀ ਚੱਕਰ ਲਾਉਂਦੇ ਸੀ ਪਰ ਰੋਡਵੇਜ਼ ਦੀਆਂ ਬੱਸਾਂ ਨਾ ਚੱਲਣ ਕਾਰਨ ਮੁਸਾਫ਼ਰ ਸਾਡੀਆਂ ਬੱਸਾਂ ਉੱਤੇ ਸਫ਼ਰ ਕਰਨ ਲਈ ਮਜਬੂਰ ਹਨ ਅਤੇ ਅਸੀਂ ਇਸ ਲਈ ਖੁਸ਼ ਵੀ ਹਾਂ। "

ਸਿਰਸਾ ਵਿੱਚ ਪਰੇਸ਼ਾਨ ਮੁਸਾਫਰ

ਗੁਰੂਗਰਾਮ ਤੋਂ ਸਿਰਸਾ ਵੱਖ-ਵੱਖ ਬੱਸਾਂ 'ਤੇ ਸਫਰ ਕਰਕੇ ਸਿਰਸਾ ਪਹੁੰਚੀ ਕੈਲਾਸ਼ ਨੇ ਦੱਸਿਆ ਕਿ ਉਹ ਕਾਫੀ ਸਵੇਰੇ ਬੱਸ ਅੱਡੇ ਪਹੁੰਚ ਗਏ ਸਨ ਪਰ ਕਾਫੀ ਦੇਰ ਤੱਕ ਉਨ੍ਹਾਂ ਨੂੰ ਸਿਰਸਾ ਲਈ ਬੱਸ ਦੀ ਉਡੀਕ ਕਰਨੀ ਪਈ ਤੇ ਹੁਣ ਇੱਥੇ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਬੱਸ ਦਾ ਇੰਤਜ਼ਾਰ ਕਰ ਰਹੇ ਹਾਂ, ਸਾਨੂੰ ਬੱਸ ਨਹੀਂ ਮਿਲ ਰਹੀ।

ਹਿਸਾਰ ਤੋਂ ਆਏ ਤਰਸੇਮ ਸਿੰਘ ਨੇ ਦੱਸਿਆ, "ਮੈਂ ਗੰਗਾਨਗਰ ਰਸਮ ਪਗੜੀ 'ਤੇ ਜਾਣਾ ਹੈ ਪਰ ਦੋ ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਗੰਗਾਨਗਰ ਜਾਣ ਵਾਲੀ ਬੱਸ ਨਹੀਂ ਮਿਲੀ।

ਅਣਜਾਨ ਡਰਾਈਵਰਾਂ ਵੱਲੋਂ ਬੱਸਾਂ ਚਲਾਈਆਂ ਜਾ ਰਹੀਆਂ ਹਨ। ਸਾਰੇ ਰਾਹ ਡਰਦੇ ਡਰਦੇ ਆਏ ਹਾਂ। ਕੰਡਕਟਰਾਂ ਨੂੰ ਵੀ ਪਤਾ ਨਹੀਂ ਕੀ ਕਿਥੋਂ ਦੇ ਕਿੰਨਾ ਕਿਰਾਇਆ ਹੈ। ਉਹ ਸਵਾਰੀਆਂ ਤੋਂ ਪੁਛ ਕੇ ਹੀ ਕਿਰਾਇਆ ਕੱਟ ਰਹੇ ਹਨ।"

ਬੀਐਸਸੀ ਵਿੱਚ ਪੜਣ ਵਾਲੀ ਵਿਦਿਆਰਥਣ ਕਮਲਾ ਨੇ ਦੱਸਿਆ, "ਨਾ ਤਾਂ ਸਿਰਸਾ ਤੋਂ ਪਿੰਡ ਨੂੰ ਸਮੇਂ 'ਤੇ ਬੱਸ ਜਾਂਦੀ ਹੈ ਤੇ ਨਾ ਹੀ ਪਿੰਡੋਂ ਸਿਰਸਾ ਪਹੁੰਚ ਰਹੀ ਹੈ। ਸਾਡੀਆਂ ਹਾਜਰੀਆਂ ਘੱਟ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ ਜਦੋਂਕਿ ਨਵੰਬਰ ਮਹੀਨੇ ਵਿੱਚ ਪੇਪਰ ਹੋਣੇ ਹਨ।"

'ਸਰਬ ਕਰਮਚਾਰੀ ਸੰਘ ਦਾ ਸਮਰਥਨ ਹਾਸਿਲ'

ਹਰਿਆਣਾ ਰੋਡਵੇਜ਼ ਵਰਕਰਜ਼ ਯੂਨੀਅਨ ਅਤੇ ਤਾਲਮੇਲ ਕਮੇਟੀ ਦੇ ਮੈਂਬਰ ਸਰਬਤ ਸਿੰਘ ਪੂਨੀਆ ਨੇ ਦੱਸਿਆ ਕਿ 19,000 ਮੁਲਾਜ਼ਮਾਂ ਵਿੱਚੋਂ 95 ਫੀਸਦੀ ਹੜਤਾਲ ਉੱਤੇ ਹਨ।

ਪੂਨੀਆ ਦਾ ਕਹਿਣਾ ਹੈ, "ਸਾਨੂੰ ਅੱਜ ਸਰਬ ਕਰਮਚਾਰੀ ਸੰਘ ਦਾ ਸਮਰਥਨ ਵੀ ਮਿਲ ਗਿਆ ਹੈ। ਇਸ ਵਿੱਚ ਸਰਕਾਰੀ ਅਤੇ ਅਰਧ-ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਦੀਆਂ 40 ਯੂਨੀਅਨਾਂ ਹਨ ਜੋ ਸਾਡੀਆਂ ਮੰਗਾਂ ਦੇ ਸਮਰਥਨ ਵਿੱਚ ਛੁੱਟੀ ਉੱਤੇ ਹਨ।"

ਕਈ ਮਹਿਕਮਿਆਂ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਉੱਤੇ ਜਾਣ ਕਾਰਨ ਸਿਹਤ, ਸਿੱਖਿਆ, ਬਿਜਲੀ ਅਤੇ ਨਗਰ ਨਿਗਮ ਦੇ ਕੰਮ ਉੱਤੇ ਅਸਰ ਪਏਗਾ।

ਹੜਤਾਲ ਦੀ ਵਜ੍ਹਾ ਕੀ

ਰੋਹਤਕ ਰੋਡਵੇਜ਼ ਡੀਪੂ ਦੇ ਜਨਰਲ ਮੈਨੇਜਰ ਵਿਕਾਸ ਯਾਦਵ ਦਾ ਕਹਿਣਾ ਹੈ ਕਿ ਜ਼ਿਆਦਾਤਰ ਬੱਸਾਂ ਨਹੀਂ ਚੱਲ ਰਹੀਆਂ ਕਿਉਂਕਿ ਰੋਡਵੇਜ਼ ਮੁਲਾਜ਼ਮ ਬੱਸਾਂ ਦੇ ਨਿੱਜੀਕਰਨ ਖਿਲਾਫ਼ ਹੜਤਾਲ ਉੱਤੇ ਹਨ।

ਵਿਕਾਸ ਯਾਦਵ ਨੇ ਅੱਗੇ ਕਿਹਾ, "ਅਸੀਂ ਨਿੱਜੀ ਬੱਸਾਂ ਨਾਲ ਹੀ ਕੰਮ ਚਲਾ ਰਹੇ ਹਾਂ। ਅੱਜ ਉਨ੍ਹਾਂ ਵਿੱਚੋਂ ਸਿਰਫ਼ 42 ਬੱਸਾਂ ਹੀ ਵੱਖ-ਵੱਖ ਰੂਟਾਂ ਉੱਤੇ ਗਈਆਂ ਹਨ ਅਤੇ ਸੂਬੇ ਦੇ ਸਾਰੇ ਡੀਪੂਆਂ ਦਾ ਅੱਜ ਇਹ ਹੀ ਹਾਲ ਹੈ। "

ਸੂਬੇ ਵਿੱਚ ਤਕਰੀਬਨ 500 ਪੁਲਿਸ ਮੁਲਾਜ਼ਮ ਅਤੇ ਘਰੇਲੂ ਸੁਰੱਖਿਆ ਚਾਲਕ ਵੱਖ- ਵੱਖ ਰੂਟਾਂ ਤੇ ਰੋਡਵੇਜ ਦੀਆਂ ਬੱਸਾਂ ਨੂੰ ਚਲਾਉਣ ਦਾ ਕੰਮ ਸੌਂਪ ਰਹੇ ਹਨ।

ਰੋਹਤਕ ਰੋਡਵੇਜ਼ ਡਿਪੂ ਵਿੱਚ ਕਲਰਕ ਸਨੇਹਲਤਾ ਦੇਵੀ ਦਾ ਕਹਿਣਾ ਹੈ, "ਸਰਕਾਰ ਨੇ 720 ਨਿੱਜੀ ਬੱਸਾਂ ਨੂੰ ਪਰਮਿਟ ਕਿਉਂ ਦਿੱਤਾ ਜਦੋਂ ਉਹ ਖੁਦ ਹੀ ਚੰਗੀ ਬਸ ਸੇਵਾ ਦੇ ਰਹੀ ਹੈ।"

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਰੋਡਵੇਜ਼ ਮਹਿਕਮੇ ਵਿੱਚ ਨਿੱਜੀਕਰਨ ਦਾ ਮਤਲਬ ਹੈ ਕਿ ਨੌਜਵਾਨਾਂ ਨੂੰ ਭਵਿੱਖ ਵਿੱਚ ਨੌਕਰੀ ਨਾ ਮਿਲਣਾ।

"ਅਸੀਂ ਨਿੱਜੀ ਹਿੱਤਾਂ ਕਰਕੇ ਹੜਤਾਲ ਉੱਤੇ ਨਹੀਂ ਹਾਂ ਸਗੋਂ ਵਿਭਾਗ ਨੂੰ ਨਿੱਜੀਕਰਨ ਹੋਣ ਤੋਂ ਬਚਾਅ ਰਹੇ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)