ਸੀਬੀਆਈ ਦੇ ਦੰਗਲ ਵਿੱਚ ਮੀਟ ਵਪਾਰੀ ਮੋਇਨ ਕੁਰੈਸ਼ੀ ਦਾ ਸਬੰਧ ਕਿਵੇਂ?

ਤਸਵੀਰ ਸਰੋਤ, Getty Images
- ਲੇਖਕ, ਫ਼ੈਸਲ ਮੁਹੰਮਦ ਅਲੀ
- ਰੋਲ, ਬੀਬੀਸੀ ਪੱਤਰਕਾਰ
2014 ਵਿੱਚ ਰਣਜੀਤ ਸਿਨਹਾ ਦੇ ਘਰ ਦੀ ਮੁਲਾਕਾਤੀ ਡਾਇਰੀ ਲੀਕ ਹੋਈ ਸੀ ਤਾਂ ਸਾਹਮਣੇ ਆਇਆ ਕਿ ਸੀਬੀਆਈ ਡਾਇਰੈਕਟਰ ਅਤੇ ਮੋਇਨ ਕੁਰੈਸ਼ੀ ਵਿਚਾਲੇ 15 ਮਹੀਨਿਆਂ ਵਿੱਚ 70 ਮੁਲਾਕਾਤਾਂ ਹੋਈਆਂ ਸਨ।
ਸਾਲ 2017 ਵਿੱਚ ਈਡੀ ਨੇ ਮੋਇਨ ਕੁਰੈਸ਼ੀ ਖਿਲਾਫ਼ ਐਫ਼ਆਈਆਰ ਦਰਜ ਕੀਤੀ ਤਾਂ ਉਸ ਵਿੱਚ ਸੀਬੀਆਈ ਦੇ ਸਾਬਕਾ ਡਾਇਰੈਕਟਰ ਏਪੀ ਸਿੰਘ ਦਾ ਨਾਮ ਵੀ ਸ਼ਾਮਲ ਸੀ।
ਫਿਲਹਾਲ ਦੇਸ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ਵਿਚਾਲੇ ਜਿਹੜਾ ਦੰਗਲ ਜਾਰੀ ਹੈ , ਉਸ ਦੇ ਤਾਰ ਕਿਤੇ ਨਾ ਕਿਤੇ ਮੋਇਨ ਕੁਰੈਸ਼ੀ ਨਾਲ ਜੁੜਦੇ ਹਨ।
ਇਹ ਵੀ ਪੜ੍ਹੋ:
ਆਖਿਰ ਕੌਣ ਹੈ ਮੋਇਨ ਕੁਰੈਸ਼ੀ?
ਮੰਨੇ-ਪ੍ਰਮੰਨੇ ਦੂਨ ਸਕੂਲ ਅਤੇ ਸੈਂਟ ਸਟੀਫਨਜ਼ ਕਾਲਜ ਵਿੱਚ ਪੜ੍ਹੇ ਉੱਤਰ ਪ੍ਰਦੇਸ਼ ਦੇ ਰਾਮਪੁਰ ਦੇ ਨਿਵਾਸੀ ਮੋਇਨ ਕੁਰੈਸ਼ੀ ਕਈ ਸਾਲਾਂ ਤੋਂ ਦਿੱਲੀ ਵਿੱਚ ਸਰਗਰਮ ਸਨ ਪਰ ਇੱਕ ਖਾਸ ਹਲਕੇ ਦੇ ਬਾਹਰ ਉਨ੍ਹਾਂ ਦਾ ਨਾਮ ਉਦੋਂ ਪਹੁੰਚਿਆ ਜਦੋਂ ਸਾਲ 2014 ਵਿੱਚ ਇਨਕਮ ਟੈਕਸ ਮਹਿਕਮੇ ਨੇ ਛਤਰਪੁਰ ਰਿਹਾਇਸ਼, ਰਾਮਪੁਰ ਅਤੇ ਦੂਜੀਆਂ ਜਾਇਦਾਦਾਂ ਉੱਤੇ ਛਾਪੇ ਮਾਰੇ।

ਤਸਵੀਰ ਸਰੋਤ, Getty Images
ਕਹਿੰਦੇ ਹਨ ਕਿ ਇਨ੍ਹਾਂ ਥਾਵਾਂ ਉੱਤੇ ਨਾ ਸਿਰਫ਼ ਕਰੋੜਾਂ ਰੁਪਏ ਕੈਸ਼ ਮਿਲੇ ਸਗੋਂ ਕੁਰੈਸ਼ੀ ਅਤੇ ਦੂਜੇ ਅਹਿਮ ਲੋਕਾਂ ਦੀ ਗੱਲਬਾਤ ਦੇ ਟੇਪ ਵੀ ਹਾਸਲ ਹੋਏ ਹਨ ਜੋ ਸ਼ਾਇਦ ਮੀਟ ਐਕਪੋਰਟਰ ਅਤੇ ਕਥਿਤ ਹਵਾਲਾ ਆਪਰੇਟਰ ਨੇ ਖੁਦ ਹੀ ਰਿਕਾਰਡ ਕੀਤੇ ਸਨ।
ਚੋਣਾਂ ਸਿਰ ਉੱਤੇ ਸਨ- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਇੱਕ ਚੋਣ ਸਭਾ ਵਿੱਚ '10 ਜਨਪਥ ਦੇ ਇੱਕ ਕਰੀਬੀ ਆਗੂ', ਇਸ ਮੀਟ ਬਰਾਮਦ ਕਰਨ ਵਾਲੀ ਕੰਪਨੀ ਅਤੇ ਹਵਾਲਾ ਨੂੰ ਜੋੜ ਦਿੱਤਾ।
ਇਸ ਤਰ੍ਹਾਂ ਕੱਸਿਆ ਸ਼ਿਕੰਜਾ
'ਪਾਲਿਸੀ -ਪੈਰਾਲਿਸਿਸ' ਅਤੇ ਘੁਟਾਲਿਆਂ ਦੇ ਕਈ ਪਾਸਿਓਂ ਇਲਜ਼ਾਮ ਝੱਲ ਰਹੀ ਯੂਪੀਏ-2 ਸਰਕਾਰ ਨੂੰ ਇੱਕ ਵਿਦੇਸ਼ੀ ਖੂਫ਼ੀਆ ਏਜੰਸੀ ਨੇ ਦੁਬਈ ਤੋਂ ਬੈਂਕ ਵਿੱਚ ਕਰੋੜਾਂ ਰੁਪਏ ਪੈਸੇ ਟਰਾਂਸਫਰ ਕਰਨ ਦੀ ਜਾਣਕਾਰੀ ਦਿੱਤੀ, ਨਾਲ ਹੀ ਇਹ ਵੀ ਅਲਰਟ ਕੀਤਾ ਕਿ ਪੈਸਾ ਭੇਜਣ ਵਾਲਾ ਇਹ ਸ਼ਖਸ ਭਾਰਤੀ ਹੈ।

ਤਸਵੀਰ ਸਰੋਤ, Getty Images
ਅਕਬਰਪੁਰ ਦੀ ਉਸੇ ਚੋਣ ਸਭਾ ਵਿੱਚ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਸੀ, "ਟੀਵੀ ਚੈਨਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਚਾਰ ਮੰਤਰੀ ਇਸ ਮੀਟ ਬਰਾਮਦ ਕਰਨ ਵਾਲੀ ਕੰਪਨੀ ਦੇ ਨਾਲ ਜੁੜੇ ਹੋਏ ਸਨ। ਇਸ ਹਾਵਾਲਾ ਕਾਂਡ ਦੇ ਕਾਰੋਬਾਰ ਵਿੱਚ..."
ਮੋਦੀ ਦੇ ਉਸ ਭਾਸ਼ਣ ਵਿੱਚ ਜਿਸ ਗੱਲ ਦਾ ਜ਼ਿਕਰ ਨਹੀਂ ਆਇਆ ਉਹ ਸੀ- ਛਾਪੇ ਤੋਂ ਪਹਿਲਾਂ ਹੋਈ ਛਾਣਬੀਣ ਦੌਰਾਨ ਇਹ ਵੀ ਸਾਹਮਣੇ ਆਇਆ ਸੀ ਕਿ ਸੀਬੀਆਈ ਦੇ ਕਈ ਆਲਾ ਅਫਸਰ ਅਤੇ ਕਾਰਪੋਰੇਟ ਜਗਤ ਦੇ ਕਈ ਮੰਨੇ-ਪ੍ਰਮੰਨੇ ਲੋਕ ਮੋਇਨ ਕੁਰੈਸ਼ੀ ਦੇ ਸੰਪਰਕ ਵਿੱਚ ਆਏ ਸਨ।
ਮੋਇਨ ਕੁਰੈਸ਼ੀ ਨੇ 90 ਦੇ ਦਹਾਕੇ ਵਿੱਚ ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਇੱਕ ਕਸਾਈਖਾਨੇ ਤੋਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ। ਕੁਰੈਸ਼ੀ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਕੁਝ ਸਾਲਾਂ ਵਿੱਚ ਹੀ ਦਿੱਲੀ ਦੇ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਵਿੱਚ ਆਪਣਾ ਰੁਤਬਾ ਬਣਾ ਲਈ ਅਤੇ ਫਿਰ ਸ਼ੁਰੂ ਹੋਇਆ 'ਲੈਣ-ਦੇਣ ਫਿਕਸਿੰਗ ਦਾ ਧੰਦਾ'।
ਆਉਣ ਵਾਲੇ ਸਾਲਾਂ ਵਿੱਚ ਕੁਰੈਸ਼ੀ ਭਾਰਤ ਦੇ ਸਭ ਤੋਂ ਵੱਡੇ ਮਾਸ ਕਾਰੋਬਾਰੀ ਬਣ ਗਏ। ਕੁਰੈਸ਼ੀ ਨੇ 25 ਵੱਖ-ਵੱਖ ਕੰਪਨੀਆਂ ਖੋਲ੍ਹੀਆਂ ਜਿਨ੍ਹਾਂ ਵਿੱਚ ਇੱਕ ਕੰਸਟਰਕਸ਼ਨ ਕੰਪਨੀ ਅਤੇ ਫੈਸ਼ਨ ਕੰਪਨੀ ਵੀ ਸ਼ਾਮਲ ਹੈ।

ਤਸਵੀਰ ਸਰੋਤ, Getty Images
ਫਿਲਹਾਲ ਉਨ੍ਹਾਂ ਖਿਲਾਫ਼ ਹਵਾਲਾ ਅਤੇ ਗਰਾਹੀ ਦੇ ਮਾਮਲੇ ਵਿੱਚ ਈਡੀ ਦੀ ਜਾਂਚ ਜਾਰੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਖਬਰ ਏਜੰਸੀ ਪੀਟੀਆਈ ਮੁਤਾਬਕ ਡਾਇਰੈਕਟੋਰੇਟ ਜ਼ਰੀਏ ਦਰਜ ਕੀਤੀ ਗਈ ਇੱਕ ਐਫਆਈਆਰ ਵਿੱਚ ਸੀਬੀਆਈ ਦੇ ਸਾਬਕਾ ਡਾਇਰੈਕਟਰ ਏਪੀ ਸਿੰਘ ਦਾ ਨਾਮ ਵੀ ਸ਼ਾਮਲ ਹੈ।
ਈਡੀ ਨੇ ਇਨਕਮ ਟੈਕਸ ਵਿਭਾਗ ਤੋਂ ਜੋ ਬਲੈਕਬੇਰੀ ਮੈਸੈਜੇਜ਼ ਹਾਸਲ ਕੀਤੇ ਹਨ ਉਨ੍ਹਾਂ ਮੁਤਾਬਕ, "ਕੁਰੈਸ਼ੀ ਨੇ ਵੱਖ-ਵੱਖ ਲੋਕਾਂ ਤੋਂ ਕੰਮ ਕਰਵਾਉਣ ਦੇ ਨਾਮ ਉੱਤੇ ਕਾਫ਼ੀ ਪੈਸੇ ਲਏ ਸਨ"
ਉਨ੍ਹਾਂ 'ਤੇ ਇਸ ਗੱਲ ਦੀ ਵੀ ਜਾਂਚ ਚੱਲ ਰਹੀ ਹੈ ਕਿ ਕਥਿਤ ਤੌਰ ਉੱਤੇ ਉਨ੍ਹਾਂ ਨੇ ਵਿਦੇਸ਼ਾਂ ਵਿੱਚ 200 ਕਰੋੜ ਤੋਂ ਵੱਧ ਲੁਕੋ ਕੇ ਰੱਖੇ ਹਨ ਅਤੇ ਉਹ ਦੇਸ ਦੇ ਵੱਡੇ ਟੈਕਸ ਚੋਰੀ ਕਰਨ ਵਾਲਿਆਂ ਵਿੱਚੋਂ ਇੱਕ ਹਨ।
ਸੀਬੀਆਈ ਉੱਤੇ ਸਾਇਆ
ਦੇਸ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਦੇ ਨੰਬਰ ਇੱਕ ਡਾਇਰੈਕਟਰ ਅਲੋਕ ਵਰਮਾ ਅਤੇ ਨੰਬਰ 2 ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਵਿੱਚ ਜੋ ਟਕਰਾਅ ਜਾਰੀ ਸੀ ਅਤੇ ਜਿਹੜਾ ਮਾਮਲਾ ਹੁਣ ਦਿੱਲੀ ਹਾਈ ਕੋਰਟ ਤੱਕ ਪਹੁੰਚ ਗਿਆ ਹੈ ਉਹ ਵੀ ਮੋਇਨ ਕੁਰੈਸ਼ੀ ਨਾਲ ਜੁੜਿਆ ਹੈ।
ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਸੀਬੀਆਈ ਨੇ ਆਪਣੇ ਹੀ ਵਿਸ਼ੇਸ਼ ਡਾਇਰੈਕਟਰ ਖਿਲਾਫ਼ ਹੈਦਰਾਬਾਦ ਸਥਿਤ ਵਪਾਰੀ ਸਤੀਸ਼ ਬਾਬੂ ਸਨਾ ਦੀ ਸ਼ਿਕਾਇਤ 'ਤੇ ਸਾਜਿਸ਼ ਰਚਨ ਅਤੇ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ।
ਇਸ ਦੇ ਖਿਲਾਫ਼ ਅਸਥਾਨਾ ਨੇ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਸੀ, ਪਰ ਹਾਈ ਕੋਰਟ ਨੇ ਜਾਂਚ ਰੋਕਣ ਤੋਂ ਨਾਂਹ ਕਰ ਦਿੱਤੀ।
ਇਹ ਵੀ ਪੜ੍ਹੋ:
ਇਸ ਮਾਮਲੇ ਵਿੱਚ ਏਜੰਸੀ ਨੇ ਆਪਣੇ ਹੀ ਇੱਕ ਡਿਪਟੀ ਐਸਪੀ ਦੇਵੇਂਦਰ ਕੁਮਾਰ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਜਿਨ੍ਹਾਂ ਨੂੰ ਇੱਕ ਵਿਸ਼ੇਸ਼ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।
ਸਤੀਸ਼ ਬਾਬੂ ਤੋਂ ਸੀਬੀਆਈ ਜੋ ਪੁੱਛਗਿੱਛ ਕਰ ਰਹੀ ਸੀ ਉਹ ਮੋਇਨ ਕੁਰੈਸ਼ੀ ਤੋਂ ਉਨ੍ਹਾਂ ਦੇ ਸਬੰਧਾਂ ਨੂੰ ਲੈ ਕੇ ਹੀ ਸੀ।
ਸਤੀਸ਼ ਬਾਬੂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੇ ਖਿਲਾਫ਼ ਜਾਂਚ ਰੋਕਣ ਦੇ ਲਈ ਤਿੰਨ ਕਰੋੜ ਦੀ ਰਿਸ਼ਵਤ ਦਿੱਤੀ।
ਇੰਡੀਅਨ ਐਕਸਪ੍ਰੈਸ ਮੁਤਾਬਕ ਇਸ ਮਾਮਲੇ ਦਾ ਇੱਕ ਹੋਰ ਪਹਿਲੂ ਇਹ ਹੈ ਕਿ ਅਸਥਾਨਾ ਨੇ ਕੈਬਨਿਟ ਸਕੱਤਰ ਨੂੰ ਭੇਜੀ ਗਈ ਇੱਕ ਚਿੱਠੀ ਵਿੱਚ 'ਵਰਮਾ 'ਤੇ ਸਤੀਸ਼ ਬਾਬੂ ਤੋਂ ਦੋ ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਲਾਇਆ ਹੈ।'
ਸੀਬੀਆਈ ਕਰਮਚਾਰੀ ਵਿਭਾਗ ਦੇ ਤਹਿਤ ਆਉਂਦਾ ਹੈ ਜਿਸ ਦਾ ਕਾਰਜਭਾਰ ਖੁਦ ਪ੍ਰਧਾਨ ਮੰਤਰੀ ਕੋਲ ਹੈ।
ਪ੍ਰਧਾਨ ਮੰਤਰੀ ਨੇ ਸੋਮਵਾਰ ਦੀ ਸ਼ਾਮ ਸੀਬੀਆਈ ਡਾਇਰੈਕਟਰ ਨੂੰ ਆਪਣੇ ਘਰ ਤਲਬ ਕੀਤਾ ਸੀ।
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਲਜ਼ਾਮ ਲਾਇਆ ਹੈ ਕਿ ਮੋਦੀ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, "ਪ੍ਰਧਾਨ ਮੰਤਰੀ ਨੇ ਸੀਬੀਆਈ ਅਤੇ ਰਾਅ ਦੇ ਚੀਫ ਨੂੰ ਆਪਣੇ ਘਰ ਕਿਉਂ ਸੱਦਿਆ? ਕੀ ਇਹ ਸੀਬੀਆਈ ਅਤੇ ਰਾਅ ਦੇ ਅਧਿਕਾਰੀਆਂ ਖਿਲਾਫ਼ ਚੱਲ ਰਹੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਸੀ? ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਕੀ ਨਿਰਦੇਸ਼ ਦਿੱਤੇ?"

ਤਸਵੀਰ ਸਰੋਤ, Getty Images
2014 ਆਮ ਚੋਣਾਂ ਵਿੱਚ ਨਰਿੰਦਰ ਮੋਦੀ ਨੇ ਮੋਇਨ ਕੁਰੈਸ਼ੀ ਨੂੰ ਤਤਕਾਲੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਕਰੀਬੀ ਦੱਸਿਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨਾਲ (ਸੋਨੀਆ ਨਾਲ) ਕਰੀਬੀ ਹੋਣ ਕਰਕੇ ਇਨਕਮ ਟੈਕਸ ਵਿਭਾਗ ਕੁਰੈਸ਼ੀ ਖਿਲਾਫ਼ ਜਾਂਚ ਨਹੀਂ ਕਰ ਰਿਹਾ ਹੈ।
ਹੁਣ ਤਕਰੀਬਨ ਚਾਰ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਹੀ ਮੋਦੀ ਦੇ ਕਰੀਬੀ ਦੱਸੇ ਜਾਣ ਵਾਲੇ ਰਾਕੇਸ਼ ਅਸਥਾਨਾ ਤੇ ਮੋਇਨ ਕੁਰੈਸ਼ੀ ਨਾਲ ਜੁੜੇ ਇੱਕ ਮਾਮਲੇ ਵਿੱਚ ਰਿਸ਼ਵਤ ਲੈਣ ਦੇ ਇਲਜ਼ਾਮਾਂ ਕਾਰਨ ਕੇਸ ਦਰਜ ਹੋਇਆ ਹੈ।
ਮੀਟ -ਵਪਾਰ ਨੂੰ ਨਵਾਂ ਸਿਖ਼ਰ
ਹਾਲਾਂਕਿ ਮੋਇਨ ਕੁਰੈਸ਼ੀ ਨੂੰ ਜਾਣਨ ਵਾਲੇ ਉਨ੍ਹਾਂ ਨਾਲ ਜੁੜੇ ਵਿਵਾਦਤ ਪਹਿਲੂਆਂ 'ਤੇ ਗੱਲ ਕਰਨ ਤੋਂ ਇਨਕਾਰ ਕਰਦੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸ਼ਖਸ ਨੇ ਮੀਟ-ਐਕਸਪੋਰਟ ਨੂੰ ਇੱਕ ਨਵੀਂ ਦਿਸ਼ਾ ਦਿੱਤੀ।
ਮੇਰਠ ਵਿੱਚ ਮੌਜੂਦ ਮੀਟ-ਵਪਾਰੀ ਅਤੇ ਐਕਪੋਰਟਰ ਯੂਸੁਫ਼ ਕੁਰੈਸ਼ੀ ਕਹਿੰਦੇ ਹਨ, "ਪਹਿਲਾਂ ਇੱਥੇ ਬੂਚੜਖਾਨਿਆਂ ਵਿੱਚ ਜਾਨਵਰਾਂ ਨੂੰ ਕੱਟਣ ਤੋਂ ਬਾਅਦ ਮਾਸ ਅਤੇ ਚਮੜਿਆਂ ਤੋਂ ਇਲਾਵਾ ਸਾਰੇ ਦੂਜੇ ਅੰਗਾਂ ਜਿਵੇਂ ਕਿ ਅੰਤੜੀਆਂ, ਖੁਰ, ਨਰਖਰਾਂ (ਮਵੇਸ਼ੀਆਂ ਦੀ ਪਿੱਠ 'ਤੇ ਉੱਠਿਆ ਹੋਇਆ ਹਿੱਸਾ) ਅਤੇ ਹੱਡੀਆਂ ਨੂੰ ਸੁੱਟ ਦਿੱਤਾ ਜਾਂਦਾ ਸੀ ਪਰ ਮੋਇਨ ਕੁਰੈਸ਼ੀ ਨੇ ਉਨ੍ਹਾਂ ਦੀ ਪ੍ਰੋਸੈਸਿੰਗ ਦਾ ਸਿਲਸਿਲਾ ਸ਼ੁਰੂ ਕੀਤਾ।"

ਤਸਵੀਰ ਸਰੋਤ, Getty Images
ਯੂਸੁਫ਼ ਕੁਰੈਸ਼ੀ ਕਹਿੰਦੇ ਹਨ, "ਪੂਰੇ ਦੇਸ ਵਿੱਚ ਕੰਮ ਕਰਨ ਵਾਲੇ ਉਹ ਇਕੱਲੇ ਸ਼ਖਸ ਸਨ ਅਤੇ ਇਸ ਮਾਲ ਨੂੰ ਪ੍ਰੋਸੈਸਿੰਗ ਤੋਂ ਬਾਅਦ ਚੀਨ, ਜਰਮਨੀ ਅਤੇ ਦੂਜੇ ਦੇਸਾਂ ਵਿੱਚ ਐਕਸਪੋਰਟ ਕਰਦੇ ਸਨ ਜਿਸ ਵਿੱਚ ਉਨ੍ਹਾਂ ਨੇ ਕਰੋੜਾਂ ਕਮਾਏ।"
ਮੀਟ-ਵਪਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਸ ਢੰਗ ਨੇ ਬਹੁਤ ਸਾਰੇ ਲੋਕਾਂ ਲਈ ਨਵੇਂ ਰਾਹ ਖੋਲ੍ਹੇ। ਹਾਲਾਂਕਿ ਵਿਵਾਦ ਅਤੇ ਮੋਇਨ ਕੁਰੈਸ਼ੀ ਦਾ ਸਬੰਧ 2014 ਵਿੱਚ ਹੀ ਸ਼ੁਰੂ ਹੋਇਆ ਅਜਿਹਾ ਨਹੀਂ ਹੈ।
ਕੁਝ ਸਾਲ ਪਹਿਲਾਂ ਹੋਈ ਉਨ੍ਹਾਂ ਦੀ ਧੀ ਦਾ ਵਿਆਹ ਵੀ ਉਦੋਂ ਖਬਰਾਂ ਵਿੱਚ ਆ ਗਿਆ ਸੀ ਜਦੋਂ ਸਮਾਗਮ ਵਿੱਚ ਗਾਉਣ ਲਈ ਸੱਦੇ ਗਏ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੂੰ ਵਾਪਸੀ ਵਿੱਚ ਡਾਇਰੈਕਟੋਰੇਟ ਜਨਰਲ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਰੋਕ ਲਿਆ ਸੀ।
ਟਾਈਮਜ਼ ਆਫ਼ ਇੰਡੀਆ ਮੁਤਾਬਕ ਕੁਰੈਸ਼ੀ ਦੀ ਧੀ ਪਰਨੀਆ ਕੁਰੈਸ਼ੀ ਦੇ ਅਮਰੀਕੀ ਬੈਂਕਰ ਅਰਜੁਨ ਪ੍ਰਸਾਦ ਨਾਲ ਹੋਏ ਵਿਆਹ ਵਿੱਚ ਕਰੋੜਾਂ ਦਾ ਖਰਚ ਆਇਆ ਸੀ ਅਤੇ ਵਿਆਹ ਦੇ ਇੱਕ ਪਹਿਰਾਵੇ ਦੀ ਕੀਮਤ ਤਕਰੀਬਨ 80 ਲੱਖ ਰੁਪਏ ਸੀ।
ਇਹ ਵੀ ਪੜ੍ਹੋ:
ਅਖਬਾਰ ਮੁਤਾਬਕ ਇੱਕ ਨਾਈਟ ਕਲੱਬ ਦੇ ਲਾਂਚ ਦੌਰਾਨ ਅਰਜੁਨ ਪ੍ਰਸਾਦ ਅਤੇ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਵਿਚਾਲੇ ਟਕਰਾਅ ਵੀ ਹੋਇਆ ਸੀ ਅਤੇ ਬਾਅਦ ਵਿੱਚ ਇਹ ਵਿਆਹ ਟੁੱਟ ਗਿਆ।
ਪਰਨੀਆ ਕੁਰੈਸ਼ੀ ਨੇ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੀ ਫਿਲਮ ਆਇਸ਼ਾ ਲਈ ਕੱਪੜੇ ਵੀ ਡਿਜ਼ਾਇਨ ਕੀਤੇ ਸਨ ਅਤੇ ਉਨ੍ਹਾਂ ਨੇ ਮੁਜੱਫ਼ਰ ਅਲੀ ਦੀ ਫਿਲਮ ਜਾਨਿਸਾਰ ਵਿੱਚ ਵੀ ਅਹਿਮ ਕਿਰਦਾਰ ਨਿਭਾਇਆ ਹੈ।
ਰਾਮਪੁਰ ਸਥਿਤ ਪੱਤਰਕਾਰ ਸ਼ਾਰਿਕ ਕਮਾਲ ਖਾਨ ਕਹਿੰਦੇ ਹਨ, "ਕੋਠੀ ਮੁੰਸ਼ੀ ਮਜੀਦ ਇੱਥੋਂ ਦਾ ਕਾਫ਼ੀ ਮਸ਼ਹੂਰ ਇਲਾਕਾ ਹੈ ਪਰ ਉਹ ਮੋਇਨ ਕੁਰੈਸ਼ੀ ਦੇ ਕਾਰਨ ਨਹੀਂ ਸਗੋਂ ਉਨ੍ਹਾਂ ਦੇ ਪਿਤਾ ਮੁੰਸ਼ੀ ਮਜੀਦ ਕੁਰੈਸ਼ੀ ਦੇ ਕਾਰਨ ਮੰਨਿਆ ਜਾਂਦਾ ਹੈ।"
ਰਾਮਪੁਰ ਦੇ ਕੁਝ ਪੁਰਾਣੇ ਸ਼ਹਿਰੀ ਮੁੰਸ਼ੀ ਮਜੀਦ ਨੂੰ ਮੰਨੇ-ਪ੍ਰਮੰਨੇ ਕੁਫ਼ੀਆ ਫਰੋਸ਼ਾਂ ਵਿੱਚ - ਜੋ ਖੁਫੀਆ ਫਰੋਸ਼ੀ ਦਾ ਵਿਗੜਿਆ ਰੂਪ ਹੈ ਵਿੱਚੋਂ ਇੱਕ ਗੱਲ ਦੱਸਦੇ ਹਨ, ਜਿਨ੍ਹਾਂ ਨੇ ਪਹਿਲਾਂ ਅਫੀਮ ਦੇ ਕਾਰੋਬਾਰ ਵਿੱਚ ਪੈਸਾ ਕਮਾਇਆ ਅਤੇ ਫਿਰ ਹੌਲੀ-ਹੌਲੀ ਦੂਜੇ ਧੰਦਿਆਂ ਵੱਲ ਰੁਖ ਕੀਤਾ।
ਰੁਹੇਲਖੰਡ ਦੇ ਇਸ ਇਲਾਕੇ -ਬਰੇਲੀ, ਮੁਰਾਦਾਬਾਦ, ਰਾਮਪੁਰ ਆਦਿ ਵਿੱਚ ਨਵਾਬੀ ਦੌਰ 'ਚ ਅਫੀਮ ਦਾ ਕਾਰੋਬਾਰ ਵੱਡੇ ਪੈਮਾਨੇ 'ਤੇ ਹੁੰਦਾ ਸੀ।












