ਅੰਮ੍ਰਿਤਸਰ ਰੇਲ ਹਾਦਸਾ: ਬੇਸਿਰ ਲਾਸ਼ 'ਤੇ DNA ਟੈਸਟ ਦੀ ਸ਼ਰਤ ਤੋਂ ਬਾਅਦ ਦਾਅਵਾ ਕਰਨ ਵਾਲੇ ਪਿੱਛੇ ਹਟੇ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਅੰਮ੍ਰਿਤਸਰ ਰੇਲ ਹਾਦਸੇ ਦੇ ਇੱਕ ਅਣਪਛਾਤੇ ਮ੍ਰਿਤਕ ਦੀ ਲਾਸ਼ 'ਤੇ ਪਹਿਲਾਂ ਦੋ ਲੋਕਾਂ ਨੇ ਦਾਅਵੇ ਕੀਤੇ ਪਰ ਹੁਣ ਇੱਕ ਵੀ ਵਿਅਕਤੀ ਲਾਸ਼ 'ਤੇ ਆਪਣਾ ਦਾਅਵਾ ਪੇਸ਼ ਕਰਨ ਲਈ ਸਾਹਮਣੇ ਨਹੀਂ ਆ ਰਿਹਾ ਹੈ।

19 ਅਕਤੂਬਰ ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਧੋਬੀ ਘਾਟ 'ਤੇ ਰੇਲਵੇ ਲਾਈਨ 'ਤੇ ਖੜ੍ਹੇ ਹੋ ਕੇ ਰਾਵਨ ਦਹਿਨ ਦੇਖ ਰਹੇ ਕਈ ਲੋਕਾਂ ਨੂੰ ਟਰੇਨ ਨੇ ਦਰੜ ਦਿੱਤਾ ਸੀ। ਇਸ ਹਾਦਸੇ ਵਿੱਚ 58 ਲੋਕਾਂ ਦੀ ਮੌਤ ਹੋਈ ਸੀ।

ਇਸ ਹਾਦਸੇ ਵਿੱਚ ਇੱਕ ਸਿਰ ਕਟੀ ਲਾਸ਼ ਦੀ ਪਛਾਣ ਨਹੀਂ ਹੋ ਪਾ ਰਹੀ ਹੈ। 35 ਸਾਲਾ ਮ੍ਰਿਤਕ ਦੀ ਲਾਸ਼ ਦਾ ਪ੍ਰਸ਼ਾਸਨ ਵੱਲੋਂ ਡੀਐੱਨਏ ਟੈਸਟ ਕਰਾਉਣ ਦਾ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ ਅਤੇ ਦੇਖੋ:

ਅੰਮ੍ਰਿਤਸਰ ਹਾਦਸੇ ਤੋਂ ਬਾਅਦ ਦੇ ਘਟਨਕ੍ਰਮ ਬਾਰੇ 7 ਅਹਿਮ ਨੁਕਤੇ꞉

  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਕਾਰਜਾਂ ਲਈ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ।
  • ਹਾਦਸੇ ਤੋਂ ਬਾਅਦ ਭੜਕੇ ਲੋਕਾਂ ਨੇ ਨਵਜੋਤ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਉੱਪਰ ਪਥਰਾਅ ਕੀਤਾ ਜਿਸ ਮਗਰੋਂ ਮਾਹੌਲ ਸਾਂਭਿਆ।
  • ਰੇਲਵੇ ਨੇ ਅਤੇ ਡਰਾਈਵਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਮਿਲੀ ਸੀ , ਇੰਜਣ ਦਾ ਹਾਰਨ ਵਜਾਇਆ ਗਿਆ ਸੀ।
  • ਸੁਖਬੀਰ ਸਿੰਘ ਬਾਦਲ꞉ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਉੱਪਰ ਐਫਆਈਆਰ ਦਰਜ ਕਰਨਦਿਆਂ ਹਾਦਸੇ ਨੂੰ ਕਤਲਿਆਮ ਦੱਸਿਆ।
  • ਨਵਜੋਤ ਸਿੰਘ ਸਿੱਧੂ꞉ ਮੈਂ ਅਸਤੀਫਾ ਨਹੀਂ ਦੇਵਾਂਗਾ, ਹਾਦਸਾ ਰੇਲਵੇ ਦੀ ਜ਼ਮੀਨ 'ਤੇ ਹੋਇਆ।
  • ਸਮਾਗਮ ਦੀ ਮੁੱਖ ਮਹਿਮਾਨ, ਡਾਕਟਰ ਨਵਜੋਤ ਕੌਰ ਸਿੱਧੂ ਉੱਪਰ ਲੋਕਾਂ ਦਾ ਇਲਜ਼ਾਮ ਸੀ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਘਰੇ ਪਹੁੰਚਣ ਤੋਂ ਬਾਅਦ ਮਿਲੀ।
  • ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਮਿੱਠੂ ਮਦਾਨ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ।

ਰੇਲਵੇ ਪੁਲਿਸ ਦੇ ਐੱਸਐੱਚਓ ਬਲਬੀਰ ਸਿੰਘ ਘੁੰਮਣ ਨੇ ਪੁਸ਼ਟੀ ਕੀਤੀ ਹੈ ਕਿ ਦੋ ਪਰਿਵਾਰਾਂ ਨੇ ਇਸ ਅਣਪਛਾਤੀ ਲਾਸ਼ 'ਤੇ ਆਪਣਾ ਦਾਅਵਾ ਪੇਸ਼ ਕੀਤਾ ਹੈ।

ਬਲਬੀਰ ਸਿੰਘ ਵੱਲੋਂ ਉਨ੍ਹਾ ਪਰਿਵਾਰਾਂ ਨੂੰ ਆਪਣਾ ਦਾਅਵਾ ਸਾਬਿਤ ਕਰਨ ਲਈ ਡੀਐੱਨਏ ਟੈਸਟ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਸੀ।

ਇਸ ਰੇਲ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦੇ ਚੈੱਕ ਦਿੱਤੇ ਜਾ ਰਹੇ ਹਨ।

ਐੱਸਐੱਚਓ ਘੁੰਮਣ ਨੇ ਦੱਸਿਆ, "ਮੱਧ ਪ੍ਰਦੇਸ਼ ਤੋਂ ਕੁੰਜ ਲਾਲ ਦਾ ਬੇਟਾ ਪ੍ਰੀਤਮ 21 ਅਕਤੂਬਰ ਨੂੰ ਅੰਮ੍ਰਿਤਸਰ ਪਹੁੰਚਿਆ। ਉਸ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਸਿਰ ਕੱਟੀ ਲਾਸ਼ ਉਸ ਦੇ ਭਰਾ ਸੀਤਾ ਰਾਮ ਦੀ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੇ ਭਰਾ ਦੀ ਪਛਾਣ ਉਸ ਦੇ ਅੰਡਰ ਗਾਰਮੈਂਟਜ਼ ਨਾਲ ਕੀਤੀ।"

ਅਗਲੇ ਦਿਨ ਗੌਂਡਾ ਜ਼ਿਲ੍ਹੇ ਤੋਂ ਗੀਤਾ ਨੇ ਵੀ ਰੇਲਵੇ ਪੁਲਿਸ ਨੂੰ ਪਹੁੰਚ ਕੀਤੀ ਅਤੇ ਕਿਹਾ ਕਿ ਅਣਪਛਾਤਾ ਮ੍ਰਿਤਕ ਉਸ ਦਾ ਪਤੀ ਹੈ ਜੋ 19 ਅਕਤੂਬਰ ਨੂੰ ਰੇਲ ਹਾਦਸੇ ਵਿੱਚ ਮਾਰਿਆ ਗਿਆ ਸੀ।

ਜੀਆਰਪੀ ਦੇ ਜਾਂਚ ਅਫ਼ਸਰ ਪ੍ਰਕਾਸ਼ ਸਿੰਘ ਨੇ ਦੱਸਿਆ, "ਮੈਂ ਪ੍ਰੀਤਮ ਨੂੰ ਕਿਹਾ ਕਿ ਉਸ ਨੂੰ ਲਾਸ਼ ਉਦੋਂ ਹੀ ਸਪੁਰਦ ਕੀਤੀ ਜਾਵੇਗੀ ਜਦੋਂ ਡੀਐੱਨਏ ਰਿਪੋਰਟ ਜ਼ਰੀਏ ਰਿਸ਼ਤੇ ਦਾ ਸਬੂਤ ਮਿਲ ਜਾਵੇਗਾ।''

ਇਹ ਵੀ ਪੜ੍ਹੋ

ਪ੍ਰਕਾਸ਼ ਸਿੰਘ ਨੇ ਕਿਹਾ ਕਿ ਗੀਤਾ ਨੂੰ ਵੀ ਇਹ ਸ਼ਰਤ ਦੱਸੀ ਗਈ ਸੀ ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਈ।

ਅਸਿਸਟੈਂਕ ਕਮਿਸ਼ਨਰ (ਜਨਰਲ) ਸ਼ਿਵਰਾਜ ਸਿੰਘ ਬਲ ਨੇ ਦੱਸਿਆ ਕਿ ਕੁਝ ਲੋਕ ਅਣਪਛਾਤੀ ਲਾਸ਼ 'ਤੇ ਦਾਅਵਾ ਕਰਨ ਆਏ ਸਨ ਪਰ ਉਹ ਸਬੂਤ ਨਹੀਂ ਦੇ ਸਕੇ ਇਸ ਲਈ ਡੀਐੱਨਏ ਟੈਸਟ ਦਾ ਫੈਸਲਾ ਲਿਆ ਗਿਆ।

ਇਸੇ ਵਿਚਾਲੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੇਲ ਹਾਦਸੇ ਵਿੱਚ ਮਾਰੇ ਗਏ ਅੱਠ ਹੋਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੈੱਕ ਦਿੱਤੇ ਗਏ। ਇਸ ਤੋਂ ਪਹਿਲਾਂ ਸੋਮਵਾਰ ਨੂੰ 21 ਪਰਿਵਾਰਾਂ ਨੂੰ ਚੈਕ ਦਿੱਤੇ ਗਏ ਸਨ।

ਹਾਦਸੇ ਨਾਲ ਸਬੰਧਿਤ ਹੋਰ ਵੀਡੀਓਜ਼:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)