You’re viewing a text-only version of this website that uses less data. View the main version of the website including all images and videos.
ਮਾਵਾਂ ਧੀਆਂ ਨੂੰ ਪੁੱਛਣ ਲੱਗੀਆਂ, #MeToo ਕੀ ਬਲਾ ਹੈ?
- ਲੇਖਕ, ਸਿੰਧੂਵਾਸਿਨੀ
- ਰੋਲ, ਬੀਬੀਸੀ ਪੱਤਰਕਾਰ
ਮੈਂ ਵੀ, ਮੈਂ ਵੀ, ਮੈਂ ਵੀ,
ਮੀ ਟੂ, ਮੀ ਟੂ, ਮੀ ਟੂ।
#MeToo, #MeToo, #MeToo
ਪਿਛਲੇ ਸਾਲ ਅਕਤੂਬਰ ਵਿੱਚ ਅਮਰੀਕਾ ਤੋਂ ਸ਼ੁਰੂ ਹੋਈ #MeToo ਮੁਹਿੰਮ ਤੋਂ ਬਾਅਦ ਜਦੋਂ ਭਾਰਤੀ ਔਰਤਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਬਾਰੇ ਦੱਸਣਾ ਸ਼ੁਰੂ ਕੀਤਾ ਤਾਂ ਉਦੋਂ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਭਾਰਤ ਵਿੱਚ #MeToo ਉਥੋਂ ਤੱਕ ਪਹੁੰਤ ਜਾਵੇਗਾ, ਜਿੱਥੇ ਵੱਡੀਆਂ-ਵੱਡੀਆਂ ਹਸਤੀਆਂ ਸਾਹਮਣੇ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗ ਜਾਵੇਗਾ।
ਪਿਛਲੇ ਸਾਲ ਅਕਤੂਬਰ ਤੋਂ ਇਸ ਅਕਤੂਬਰ ਤੱਕ ਬਹੁਤ ਕੁਝ ਬਦਲ ਗਿਆ ਹੈ। ਸੋਸ਼ਲ ਮੀਡੀਆ 'ਤੇ ਤੈਰਨ ਵਾਲੇ ਨੰਨ੍ਹੇ ਜਿਹੇ ਹੈਸ਼ਟੈਗ #MeToo ਨੂੰ ਔਰਤਾਂ ਨੇ ਅੱਜ ਆਪਣੇ ਯੁੱਧ ਦਾ ਤਰਾਨਾ ਬਣਾ ਲਿਆ ਹੈ।
ਪਰ ਜਿਵੇਂ ਅਕਸਰ ਹੁੰਦਾ ਹੈ, ਔਰਤਾਂ ਵੱਲੋਂ ਸ਼ੁਰੂ ਕੀਤੀ ਗਈ ਕੋਈ ਮੁਹਿੰਮ ਵਾਂਗ ਇਸ 'ਤੇ ਵੀ ਸ਼ੱਕ ਕੀਤਾ ਗਿਆ ਅਤੇ ਅਣਗਿਣਤ ਸਵਾਲ ਚੁੱਕੇ ਗਏ।
ਇਹ ਵੀ ਪੜ੍ਹੋ:
ਪਰ #MeToo ਨਾਲ ਹੋਵੇਗੀ ਕੀ ?
ਹੈਰਾਨੀ ਦੀ ਗੱਲ ਹੈ ਕਿ ਅਜੇ ਮਹਿਜ਼ ਇੱਕ ਮਹੀਨਾ ਪਹਿਲਾਂ ਕਈ ਲੋਕ ਵਿਅੰਗ ਕਰਦੇ ਹੋਏ ਤੇ ਅਰਥ ਭਰਪੂਰ ਮੁਸਕੁਰਾਉਂਦਿਆਂ ਨਜ਼ਰ ਆ ਰਹੇ ਸਨ ਪਰ #MeToo ਨਾਲ ਹੋਵੇਗਾ ਕੀ? ਇਹੀ ਸਵਾਲ ਦੁਹਰਾਉਂਦੇ ਹੋਏ ਕੁਝ ਲੋਕਾਂ ਦੀ ਅੱਖਾਂ ਵਿੱਚ ਅਸਲ ਚਿੰਤਾ ਵੀ ਨਜ਼ਰ ਆਈ।
ਇੱਕ ਵੱਡੇ ਗਰੁੱਪ ਨੂੰ ਇਹ ਚਿੰਤਾ ਸੀ ਕਿ ਕਿਤੇ ਇਹ ਕੁਝ ਦਿਨਾਂ ਦਾ ਇੰਟਰਨੈੱਟ ਟਰੈਂਡ ਬਣ ਕੇ ਨਾ ਰਹਿ ਜਾਵੇ। ਹੁਣ ਇਹ ਕਹਿਣਾ ਗ਼ਲਤ ਨਹੀਂ ਹੋਵੇਗੀ ਕਿ ਖਚਰੀਆਂ ਮੁਸਕਾਨਾਂ ਨੂੰ ਵੀ #MeToo ਦਾ ਜਵਾਬ ਮਿਲ ਗਿਆ ਹੈ ਅਤੇ ਉਨ੍ਹਾਂ ਨੂੰ ਵੀ ਜੋ ਅਸਲ ਵਿੱਚ ਇਸ ਦੇ ਪ੍ਰਤੀ ਚਿੰਤਤ ਸਨ।
#MeToo ਦਾ ਹਾਸਿਲ ਕੀ ਹੈ, ਇਸ ਦਾ ਜਵਾਬ ਕੁਝ ਇਸ ਤਰ੍ਹਾਂ ਦਿੱਤਾ ਜਾ ਸਕਦਾ ਹੈ।
ਮੋਦੀ ਸਰਕਾਰ ਵਿੱਚ ਅਸਤੀਫ਼ਾ
ਇਹ #MeToo ਦੀ ਤਾਕਤ ਅਤੇ ਹਾਸਿਲ ਹੀ ਹੈ ਕਿ ਐਮ ਜੇ ਅਕਬਰ ਨੂੰ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਉਹ ਵੀ ਮੋਦੀ ਸਰਕਾਰ ਵਿੱਚ, ਜਿੱਥੇ ਅਸਤੀਫ਼ਿਆਂ ਦੀ ਪਰੰਪਰਾ ਨਹੀਂ ਰਹੀ ਹੈ। 'ਨਹੀਂ...ਨਹੀਂ ਇਸ ਵਿੱਚ ਮੰਤਰੀਆਂ ਦੀਆਂ ਕੁਰਬਾਨੀਆਂ ਨਹੀਂ ਹੁੰਦੀਆਂ ਹਨ, ਯੂਪੀਏ ਸਰਕਾਰ ਨਹੀਂ, ਇਹ ਐਨਡੀਏ ਸਰਕਾਰ ਹੈ।"
ਦੇਸ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਬੜੇ ਆਤਮ ਵਿਸ਼ਵਾਸ ਨਾਲ ਦਿੱਤੇ ਗਏ ਇਸ ਬਿਆਨ ਦੀ ਹਾਕ #MeToo ਦਾ ਹਾਸਿਲ ਹੈ।
ਭਾਰਤੀ ਸਿਆਸਤ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸਰਕਾਰ ਵਿੱਚ ਕਿਸੇ ਮੰਤਰੀ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਕਾਰਨ ਅਸਤੀਫ਼ਾ ਦਿੱਤਾ ਹੈ। ਇਹ #MeToo ਦਾ ਹਾਸਿਲ ਹੈ।
ਔਰਤਾਂ ਦੇ ਵੋਟਬੈਂਕ ਬਣਨ ਦੀ ਸ਼ੁਰੂਆਤ
ਭਾਰਤਵਿੱਚ ਔਰਤਾਂ ਵੋਟ ਬੈਂਕ ਨਹੀਂ ਹਨ, ਪਹਿਲੀ ਨਜ਼ਰ ਵਿੱਚ ਸੁਣਨਾ ਅਜੀਬ ਲੱਗ ਸਕਦਾ ਹੈ ਪਰ ਕਾਫੀ ਹੱਦ ਤੱਕ ਸੱਚ ਹੈ।
ਸੰਸਦ ਵਿੱਚ ਔਰਤਾਂ ਨਾਲ ਜੁੜੇ ਮੁੱਦਿਆਂ 'ਤੇ ਸਾਲ ਵਿੱਚ ਕਿੰਨੀ ਵਾਰ ਚਰਚਾ ਹੁੰਦੀ ਹੈ? ਜੇਕਰ ਹੁੰਦੀ ਹੈ ਤਾਂ ਉਸ ਚਰਚਾ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਦਾ ਪੱਧਰ ਕਿਹੋ-ਜਿਹਾ ਹੁੰਦਾ ਹੈ?
ਚੋਣ ਮਨੋਰਥ ਪੱਤਰਾਂ ਵਿੱਚ ਔਰਤਾਂ ਦੇ ਮੁੱਦੇ 'ਸੁਰੱਖਿਆ' ਤੋਂ ਅੱਗੇ ਕਿਉਂ ਨਹੀਂ ਵਧਦੇ?
ਔਰਤਾਂ ਵੋਟ ਬੈਂਕ ਨਹੀਂ ਹਨ ਇਸ ਲਈ ਉਹ ਕੁਝ ਵੀ ਬੋਲ ਲੈਣ, ਕਿੰਨਾ ਵੀ ਬੋਲ ਲੈਣ, ਹੁਕਮਰਾਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਸਿਆਸੀ ਪਾਰਟੀਆਂ ਲਈ ਦਲਿਤ ਭਾਈਚਾਰੇ ਵੋਟ ਬੈਂਕ ਹਨ, ਪਛੜੀ ਜਾਤੀਆਂ ਵੋਟ ਬੈਂਕ ਹਨ, ਮੁਸਲਮਾਨ ਵੋਟ ਬੈਂਕ ਹਨ ਪਰ ਔਰਤਾਂ ਵੋਟ ਬੈਂਕ ਨਹੀਂ ਹਨ।
ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਔਰਤਾਂ ਨੂੰ ਨਾ ਤਾਂ 'ਲੈਫਟ' ਵਿੱਚ ਗਿਣਿਆ ਜਾਂਦਾ ਹੈ ਅਤੇ ਨਾ ਹੀ 'ਰਾਈਟ' ਵਿੱਚ।
ਉਹ ਆਮ ਤੌਰ 'ਤੇ ਨਾ ਤਾਂ 'ਹਿੰਦੂ ਰਾਸ਼ਟਰ' ਲਈ ਬਹੁਤ ਉਤਸ਼ਾਹਿਤ ਦਿਸਦੀਆਂ ਹਨ ਅਤੇ ਨਾ ਵਿਰੋਧੀ ਦੇ ਨਾਲ 'ਅਜਿਹੀ ਸਰਕਾਰ ਹਾਏ-ਹਾਏ' ਵਾਲੇ ਨਾਅਰੇ ਲਗਾਉਣ ਲਈ। ਹੁਣ ਤੱਕ ਉਹ ਵੱਡੇ ਧੀਰਜ ਦੇ ਨਾਲ ਅਤੇ ਸ਼ਾਂਤੀ ਨਾਲ ਬਸ ਆਪਣੀਆਂ ਮੰਗਾਂ ਸਾਹਮਣੇ ਰੱਖਦੀਆਂ ਆਈਆਂ ਹਨ।
ਇਸ ਦਾ ਕੀਰਨ ਇਹ ਵੀ ਹੋ ਸਕਦਾ ਹੈ ਕਿ ਔਰਤਾਂ ਜਾਤੀ, ਧਰਮ, ਸਮਾਜਿਕ-ਆਰਥਿਕ ਅਸਮਾਨਤਾਵਾਂ ਅਤੇ ਪਿਤਰੀ ਸੱਤਾ ਦੇ ਖਾਂਚਿਆਂ ਵਿੱਚ ਇੰਨੀ ਬੁਰੀ ਤਰ੍ਹਾਂ ਵੰਡੀਆਂ ਹਨ ਕਿ ਉਹ ਵੀ ਕਦੇ ਅਜਿਹੀਆਂ ਇਕੱਠੀਆਂ ਹੋ ਹੀ ਨਹੀਂ ਸਕੀਆਂ ਕਿ ਸ਼ਾਸਕ ਵਰਗ ਵਿੱਚ ਹਲਚਲ ਪੈਦਾ ਕਰਨ ਸਕਣ।
ਇਹ ਵੀ ਪੜ੍ਹੋ:
ਪਰ ਹੁਣ ਉਹ ਹਲਚਲ ਨਜ਼ਰ ਆ ਰਹੀ ਹੈ। ਐੱਮ ਜੇ ਅਕਬਰ ਨੇ ਅਸਤੀਫ਼ੇ ਤੋਂ ਪਹਿਲਾਂ ਜਿਸ ਤਰ੍ਹਾਂ ਨਾ-ਨੁੱਕਰ ਅਤੇ ਆਕੜ ਦਿਖਾਈ ਸੀ, ਉਸ ਨਾਲ ਇਹ ਤਾਂ ਜ਼ਾਹਿਰ ਹੋਇਆ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਅਸਤੀਫ਼ਾ ਨਹੀਂ ਦਿੱਤਾ ਹੈ।
ਨਿਸ਼ਚਿਤ ਤੌਰ 'ਤੇ ਉਨ੍ਹਾਂ 'ਤੇ ਦਬਾਅ ਬਣਾਇਆ ਗਿਆ ਹੈ। ਫੇਰ ਭਾਵੇਂ ਉਹ ਦਬਾਅ ਆਗਾਮੀ ਚੋਣਾਂ ਨੂੰ ਦੇਖਦਿਆਂ ਹੋਇਆ ਬਣਾਇਆ ਗਿਆ ਹੋਵੇ ਜਾਂ ਪਾਰਟੀ ਦੇ ਅਕਸ ਨੂੰ ਬਚਾਉਣ ਲਈ।
ਅਸਤੀਫ਼ੇ ਦਾ ਕਾਰਨ ਜੋ ਵੀ ਰਿਹਾ ਹੋਵੇ, ਇਸ ਨਾਲ ਇਹ ਸੁਖਾਵਾਂ ਸੰਦੇਸ਼ ਮਿਲਦਾ ਹੈ ਕਿ ਹੁਣ ਸ਼ਾਇਦ ਔਰਤਾਂ ਵੋਟ ਬੈਂਕ ਬਣਨ ਦੀ ਲੰਬੀ ਅਤੇ ਮੁਸ਼ਕਿਲ ਰਾਹ 'ਤੇ ਤੁਰ ਪਈਆਂ ਹਨ।
ਅਸਤੀਫ਼ੇ, ਕਾਰਵਾਈ ਤੇ ਹੋਰ ਵੀ ਬਹੁਤ ਕੁਝ...
ਅਸਤੀਫ਼ਾ ਸਿਰਫ਼ ਐਮਜੇ ਅਕਬਰ ਨੂੰ ਹੀ ਦੇਣਾ ਪਿਆ ਹੈ।
- ਹਿੰਦੁਸਤਾਨ ਟਾਈਮਜ਼ ਦੇ ਰਾਜਨੀਤਕ ਸੰਪਾਦਕ ਪ੍ਰਸ਼ਾਂਤ ਝਾਅ, ਟਾਈਮਜ਼ ਆਫ ਇੰਡੀਆ ਦੇ ਰੈਜ਼ੀਡੈਂਟ ਐਡੀਟਰ ਕੇ ਆਰ ਬਿਜ਼ਨਸ ਸਟੈਂਡਰਡ ਦੇ ਪੱਤਰਕਾਰ ਮਯੰਕ ਜੈਨ ਨੂੰ ਵੀ ਅਸਤੀਫ਼ਾ ਦੇਣਾ ਪਿਆ ਹੈ।
- ਟਾਈਮਜ਼ ਆਫ ਇੰਡੀਆ ਦੇ ਐਗਜ਼ੈਕੇਟਿਵ ਐਡੀਟਰ ਗੌਤਮ ਅਧਿਕਾਰੀ ਨੂੰ ਅਮਰੀਕਨ ਥਿੰਕ ਟੈਂਕ ਦੀ ਟੀਮ ਤੋਂ ਬਾਹਰ ਹੋਣਾ ਪਿਆ।
- ਮੀਡੀਆ ਅਤੇ ਮਨੋਰੰਜਨ ਅਦਾਰਿਆਂ ਨੇ ਆਪਣੇ ਉੱਥੇ ਕੰਮ ਕਰਨ ਵਾਲੇ ਪੱਤਰਕਾਰਾਂ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਖ਼ਬਰਾਂ ਛਾਪੀਆਂ ਹਨ। ਉਨ੍ਹਾਂ ਨੂੰ ਜਨਤਕ ਤੌਰ 'ਤੇ ਇਹ ਦੱਸਣਾ ਪਿਆ ਕਿ ਇਸ ਬਾਰੇ ਕੀ ਕਾਰਮਵਾਈ ਕਰ ਰਹੀ ਹੈ।
- ਭਾਰਤ ਸਰਕਾਰ ਨੇ #MeTooIndia ਨੇ ਮੁਹਿੰਮ 'ਚ ਸਾਹਮਣੇ ਆਈਆਂ ਸ਼ਿਕਾਇਤਾਂ ਦੀ ਜਾਂਚ ਲਈ ਸੇਵਾਮੁਕਤ ਜੱਜਾਂ ਵਾਲੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ।
- 'ਫੈਂਟਮ', ਵਰਗੀਆਂ ਪ੍ਰੋਡਕਸ਼ਨ ਕੰਪਨੀਆਂ ਟੁੱਟ ਚੁੱਕੀਆਂ ਹਨ। ਨੈਟਫਲਿਕਸ ਨੇ 'ਸੇਕਰਡ ਗੈਮਜ਼ ਸੀਜ਼ਨ-2' ਨੂੰ ਫਿਲਹਾਲ ਰੋਕ ਦਿੱਤਾ ਹੈ।
- ਨੰਦਿਤਾ ਦਾਸ, ਜ਼ੋਇਆ ਅਖ਼ਤਰ, ਮੇਘਨਾ ਗੁਲਜ਼ਾਰ, ਕੋਂਕਣਾ ਸੇਨ ਸ਼ਰਮਾ ਅਤੇ ਗੌਰੀ ਸ਼ਿੰਦੇ ਵਰਗੀਆਂ 11 ਪ੍ਰਸਿੱਧ ਫਿਲਮੀ ਹਸਤੀਆਂ ਨੇ ਉਨ੍ਹਾਂ ਕਲਾਕਾਰਾਂ ਨਾਲ ਕੰਮ ਨਾ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ।
- ਏਆਈਬੀ (AIB) ਨੇ ਆਪਣੇ ਉਹ ਸਾਰੇ ਐਪੀਸੋਡ ਇੰਟਰਨੈੱਟ ਤੋਂ ਹਟਾ ਦਿੱਤੇ ਹਨ, ਜਿਨ੍ਹਾਂ ਵਿੱਚ ਉਹ ਕਾਮੇਡੀਅਨ ਸ਼ਾਮਿਲ ਸੀ, ਜਿਸ 'ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲੱਗੇ ਹਨ।
ਇਸ ਦੇ ਦੋ ਵੱਡੇ ਕਾਮੇਡੀਅਨ ਛੁੱਟੀ 'ਤੇ ਚਲੇ ਗਏ ਹਨ ਅਤੇ ਹੌਟਸਟਾਰ ਨੇ 'ਆਨ ਏਅਰ ਵਿਦ ਏਆਈਬੀ ਸੀਜ਼ਨ-3' ਦੀ ਰਿਲੀਜ਼ ਵੀ ਰੱਦ ਕਰ ਦਿੱਤੀ ਹੈ।
ਇਹ ਸਭ #MeToo ਦੀ ਹਾਸਿਲ ਹੈ।
ਮੁਆਫ਼ੀ, ਸ਼ਰਮਿੰਦਗੀ ਅਤੇ ਕਬੂਲਨਾਮਾ
#MeToo ਦੀ ਇੱਕ ਵੱਡੀ ਸਫ਼ਲਤਾ ਇਹ ਹੈ ਕਿ ਔਰਤਾਂ ਨੇ ਜਿਨ੍ਹਾਂ 'ਤੇ ਇਲਜ਼ਾਮ ਲਗਾਏ, ਉਨ੍ਹਾਂ ਵਿਚੋਂ ਕਈਆਂ ਲੋਕਾਂ ਨੇ ਉਨ੍ਹਾਂ ਦੇ ਇਲਜ਼ਾਮਾਂ ਨੂੰ ਸਵੀਕਾਰ ਕੀਤਾ ਜਾਂ ਇਹ ਕਹਿ ਲਓ ਕਿ ਉਨ੍ਹਾਂ ਨੂੰ ਇਲਜ਼ਾਮਾਂ ਨੂੰ ਸਵੀਕਾਰਨਾ ਪਿਆ।
ਫੇਰ ਭਾਵੇਂ ਉਹ ਅਨੁਰਾਗ ਕਸ਼ਯਪ ਦਾ ਵਿਕਾਸ ਬਹਿਲ ਨੂੰ ਦੋਸ਼ੀ ਮੰਨਣਾ ਹੋਵੇ ਜਾਂ ਚੇਤਨ ਭਗਤ ਅਤੇ ਰਜਤ ਕਪੂਰ ਦਾ ਜਨਤਕ ਤੌਰ 'ਤੇ ਮੁਆਫ਼ੀ ਮੰਗਣਾ।
#MeToo ਦਾ ਹਾਸਿਲ ਇਹ ਹੈ ਕਿ ਲੋਕ ਸਾਲਾਂ ਪੁਰਾਣੀਆਂ ਘਟਨਾਵਾਂ ਨੂੰ ਯਾਦ ਕਰ ਕੇ ਉਨ੍ਹਾਂ ਔਰਤਾਂ ਤੋਂ ਮੁਆਫ਼ੀ ਮੰਗ ਰਹੇ ਹਨ।
ਜਦੋਂ ਔਰਤਾਂ ਨੇ ਉਨ੍ਹਾਂ 'ਤੇ ਭਰੋਸਾ ਕਰਕੇ ਉਨ੍ਹਾਂ ਨੂੰ ਆਪਣੇ ਸ਼ੋਸ਼ਣ ਦੀ ਕਹਾਣੀ ਸੁਣਾਈ ਸੀ ਪਰ ਉਹ ਉਨ੍ਹਾਂ 'ਤੇ ਭਰੋਸਾ ਨਹੀਂ ਕਰ ਸਕੇ ਸਨ। ਉਹ ਸੁਣਨ ਵਾਲੇ ਅੱਜ ਔਰਤਾਂ ਨੂੰ ਉਨ੍ਹਾਂ 'ਤੇ ਭਰੋਸਾ ਨਾ ਕਰਨ ਅਤੇ ਉਨ੍ਹਾਂ ਦੀਆਂ ਕਹਾਣੀਆਂ 'ਤੇ ਸਵਾਲ ਚੁੱਕਣ ਲਈ ਮੁਆਫ਼ੀ ਮੰਗ ਰਹੇ ਹਨ।
ਕੀ ਇਹ ਵੀ ਜਿਨਸੀ ਸ਼ੋਸ਼ਣ ਹੈ?
ਇਨ੍ਹਾਂ ਦੋ ਸਵਾਲਾਂ ਦੇ ਜਵਾਬ ਇਨ੍ਹਾਂ ਦਿਨਾਂ ਸਭ ਤੋਂ ਵੱਧ ਲੱਭੇ ਜਾ ਰਹੇ ਹਨ। ਇਹ ਉਹ ਦੋ ਸਵਾਲ ਹਨ ਜੋ ਬੇਹੱਦ ਮਹੱਤਵਪੂਰਨ ਹੋਣ ਦੇ ਬਾਵਜੂਦ ਇੱਕ ਨੁਕਰੇ ਧੱਕ ਦਿੱਤੇ ਗਏ ਸਨ ਪਰ ਅੱਜ ਨੁੱਕਰ ਤੋਂ ਨਿਕਲ ਕੇ ਸਭ ਦੇ ਸਾਹਮਣੇ ਆ ਗਏ ਹਨ।
'ਜਿਨਸੀ ਸ਼ੋਸ਼ਣ' ਅਤੇ 'ਸਹਿਮਤੀ' ਦੀ ਪਰਿਭਾਸ਼ਾ ਅਤੇ ਦਾਇਰੇ ਲੱਭੇ ਜਾ ਰਹੇ ਹਨ। ਮਰਦ ਅੱਜ ਸ਼ਾਇਦ ਪਹਿਲੀ ਵਾਰ ਪੁੱਛ ਰਹੇ ਹਨ ਕਿ ਕੀ ਇਹ ਸ਼ੋਸ਼ਣ ਹੈ? ਕੀ ਇਹ ਵੀ ਜਿਨਸੀ ਸ਼ੋਸ਼ਣ ਹੈ?
ਮਰਦਾਂ ਵੱਲੋਂ ਅਜਿਹਾ ਪੁੱਛਣਾ ਇਸ ਲਈ ਵੀ ਅਹਿਮ ਹੈ ਕਿਉਂਕਿ ਪਹਿਲਾਂ ਉਨ੍ਹਾਂ ਨੇ ਸ਼ਾਇਦ ਇਹ ਪੁੱਛਣ ਦੀ ਹਿੰਮਤ ਹੀ ਨਹੀਂ ਕੀਤੀ।
ਇਹ ਵੀ ਪੜ੍ਹੋ:
ਕੀ ਮੈਂ ਉਸ ਮੁੰਡੇ ਦਾ ਸ਼ੋਸ਼ਣ ਕੀਤਾ?
"ਯਾਰ, ਮੈਂ ਉਸ ਨੂੰ ਇਕੋ ਵੇਲੇ 60 ਮੈਸਜ ਭੇਜੇ ਸਨ। ਉਹ ਤੰਗ ਆ ਗਿਆ ਹੋਣਾ। ਉਸ ਨੇ ਮਨ੍ਹਾਂ ਕੀਤਾ ਸੀ ਫੇਰ ਵੀ ਮੈਂ ਉਸ ਨੂੰ ਮੈਸੇਜ ਕਰ ਰਹੀ ਸੀ। ਕੀ ਮੈਂ ਇਸ ਨੂੰ ਪ੍ਰੇਸ਼ਾਨ ਕੀਤਾ?"
"ਪਤਾ ਨਹੀਂ, ਸ਼ਾਇਦ ਹਾਂ.."
ਇਹ ਗੱਲਬਾਤ ਦੋ ਕੁੜੀਆਂ ਵਿਚਾਲੇ ਹੋ ਰਹੀ ਹੈ, ਪੱਕੀਆਂ ਸਹੇਲੀਆਂ ਵਿਚਾਲੇ। ਕੁੜੀਆਂ ਵੀ ਹੁਣ ਮੁੰਡਿਆਂ ਦੀ 'ਹਾਂ ਜਾਂ ਨਾਂਹ' ਬਾਰੇ ਗੰਭੀਰਤਾ ਨਾਲ ਸੋਚ ਰਹੀਆਂ ਹਨ।
ਉਹ ਸੋਚ ਰਹੀਆਂ ਹਨ ਕਿ ਕਿਤੇ ਉਨ੍ਹਾਂ ਨੇ ਜਾਣੇ-ਅਣਜਾਣੇ ਵਿੱਚ ਕਿਸੇ ਮੁੰਡੇ ਦਾ ਸ਼ੋਸ਼ਣ ਤਾਂ ਨਹੀਂ ਕੀਤਾ। ਇਹ #MeToo ਦਾ ਹਾਸਿਲ ਹੈ।
ਜੰਗੀ ਮੋਰਚੇ 'ਤੇ ਔਰਤਾਂ, ਸਿਰਫ਼ ਔਰਤਾਂ...
ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਔਰਤਾਂ ਦੀ ਲੜਾਈ ਦੀ ਕਮਾਨ ਪੁਰਸ਼ਾਂ ਦੇ ਨਹੀਂ ਬਲਕਿ ਖ਼ੁਦ ਆਪਣੇ ਹੱਥਾਂ ਵਿੱਚ ਹੈ।
ਉਹ ਬੇਬਾਕ ਹੋ ਕੇ ਖ਼ੁਦ ਆਪਣੀਆਂ ਕਹਾਣੀਆਂ ਦੁਨੀਆਂ ਦੇ ਸਾਹਮਣੇ ਰੱਖ ਰਹੀਆਂ ਹਨ। ਪੁਰਸ਼ਾਂ ਦਾ ਇਸ ਵਿੱਚ ਕੋਈ ਦਖ਼ਲ ਨਹੀਂ ਹੈ।
ਔਰਤਾਂ ਪੁਰਸ਼ਾਂ ਨੂੰ ਆਪਣੀ ਜਿੱਤ ਦਾ ਸਿਹਰਾ ਨਹੀਂ ਲੈਣ ਦੇ ਰਹੀਆਂ ਹਨ, ਇਹ #MeToo ਦੀ ਹਾਸਿਲ ਹੈ।
ਉਹ ਪੁਰਸ਼ਾਂ ਤੋਂ ਨਹੀਂ ਪੁੱਛ ਰਹੀਆਂ ਕਿ ਅੱਜ ਉਨ੍ਹਾਂ ਦਾ ਇਹ ਸਭ ਕਹਿਣ ਵਿੱਚ 'ਭਲਾਈ' ਹੈ ਜਾਂ ਨਹੀਂ। ਉਹ ਪੁਰਸ਼ਾਂ ਨੂੰ 'ਤੇਰੇ ਹੀ ਭਲੇ ਲਈ ਬੋਲ ਰਿਹਾ ਹਾਂ' ਕਹਿਣ ਦਾ ਮੌਕਾ ਨਹੀਂ ਰਹੀਆਂ ਹਨ। ਇਹ #MeToo ਦੀ ਹਾਸਿਲ ਹੈ।
ਮਾਵਾਂ ਧੀਆਂ ਨੂੰ ਪੁੱਛ ਰਹੀਆਂ ਹਨ, #MeToo ਕੀ ਹੈ
ਬੀਬੀਸੀ ਇੰਡੀਆ ਬੋਲ ਪ੍ਰੋਗਰਾਮ ਵਿੱਚ ਪ੍ਰੱਗਿਆ ਸ਼੍ਰੀਵਾਸਤਵ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਕੋਲੋਂ #MeToo ਬਾਰੇ ਪੁੱਛ ਰਹੀ ਸੀ ਕਿਉਂਕਿ ਉਹ ਇੱਕ ਅਧਿਆਪਿਕਾ ਰਹੀ ਹੈ ਅਤੇ ਆਪਣੇ ਆਲੇ-ਦੁਆਲੇ ਮਹਿਸੂਸ ਕੀਤੇ ਗਏ ਜਿਨਸੀ ਸੋਸ਼ਣਾਂ ਬਾਰੇ ਲਿਖਣਾ ਚਾਹੁੰਦੀ ਹੈ।
ਹੁਣ ਸ਼ਾਇਦ ਔਰਤਾਂ ਦਿਲ ਵਿੱਚ ਦਰਦ ਲੈ ਕੇ ਨਹੀਂ ਮਰਨਗੀਆਂ
ਮੇਰੇ ਸਹਿਯੋਗੀ ਵਿਕਾਸ ਤ੍ਰਿਵੇਦੀ ਨੇ ਆਪਣੇ ਬਲਾਗ ਵਿੱਚ ਲਿਖਿਆ ਸੀ ਕਿ ਨਾ ਜਾਣੇ ਕਿੰਨੀਆਂ ਔਰਤਾਂ ਹੋਣਗੀਆਂ ਜੋ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦੀਆਂ ਕਹਾਣੀਆਂ ਆਪਣੇ ਦਿਲ ਵਿੱਚ ਦੱਬ ਕੇ ਹੀ ਮਰ ਗਈਆਂ ਹੋਣਗੀਆਂ।
ਪਰ ਭਵਿੱਖ ਵਿੱਚ ਸ਼ਾਇਦ ਔਰਤਾਂ ਇਸ ਤਰ੍ਹਾਂ ਨਹੀਂ ਮਰਨੀਆਂ, ਇਸ ਆਸ ਦਾ ਜਾਗਣਾ ਹੀ #MeToo ਦੀ ਹਾਸਿਲ ਹੈ।