'ਆਪ' ਵਿਧਾਇਕ ਐਚਐਸ ਫੂਲਕਾ ਨੇ ਦੱਸੇ ਅਸਤੀਫ਼ਾ ਦੇਣ ਦੇ ਕਾਰਨ

'ਆਪ' ਵਿਧਾਇਕ ਐਚਐਸ ਫੂਲਕਾ ਨੇ ਸ਼ੁੱਕਰਵਾਰ ਨੂੰ ਵਿਧਾਇਕ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ। ਫੂਲਕਾ ਦਾ ਦਾਅਵਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਜਸਟਿਸ ਰਣਜੀਤ ਸਿੰਘ ਰਿਪੋਰਟ ਉੱਤੇ ਸੁਣਵਾਈ ਦਾ ਕੇਸ ਲੱਗਿਆ ਹੋਇਆ ਸੀ। ਪਰ ਪੰਜਾਬ ਸਰਕਾਰ ਨੇ ਇਸ ਉੱਤੇ ਗੰਭੀਰਤਾ ਨਹੀਂ ਦਿਖਾਈ।

ਫ਼ੂਲਕਾ ਨੇ ਕਿਹਾ , "ਮੈਂ ਪੰਜਾਬ ਦੇ 5 ਮੰਤਰੀਆਂ ਨੂੰ ਬਰਗਾੜੀ ਬੇਅਦਬੀ ਤੇ ਬਹਿਬਲ ਗੋਲੀਕਾਂਡ ਮਾਮਲੇ ਵਿਚ ਕਾਰਵਾਈ ਕਰਵਾਉਣ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ ਅਤੇ ਕਾਰਵਾਈ ਨਾ ਹੋਣ ਦੀ ਸੂਰਤ ਅਸਤੀਫ਼ੇ ਦੇਣ ਦੀ ਮੰਗ ਕੀਤੀ ਸੀ। ਇਹ ਵੀ ਕਿਹਾ ਸੀ ਕਿ ਮੈਂ ਵੀ ਨਾਲ ਹੀ ਅਸਤੀਫ਼ਾ ਦੇਵਾਂਗਾ।"

ਮੀਡੀਆ ਨਾਲ ਗੱਲਬਾਤ ਵਿਚ ਫੂਲਕਾ ਨੇ ਕਿਹਾ, 'ਬਾਅਦ ਵਿਚ ਅਦਾਲਤ ਵੱਲੋਂ 4 ਅਫਸਰਾਂ ਨੂੰ ਸਟੇਅ ਦੇ ਦਿੱਤੀ ਅਤੇ ਮੰਤਰੀਆਂ ਨੇ ਕਿਹਾ ਕਿ 15 ਦਿਨ ਕਾਰਵਾਈ ਲਈ ਬਹੁਤ ਘੱਟ ਸਮਾਂ ਹੈ । ਇਸ ਲਈ ਇਸ ਅਲਟੀਮੇਟਮ ਨੂੰ ਵਧਾ ਦਿੱਤਾ ਗਿਆ ਸੀ।

ਪਰ ਹੁਣ 45 ਦਿਨ ਤੋਂ ਵੱਧ ਸਮਾਂ ਲੰਘਣ ਅਤੇ ਕੋਈ ਕਾਰਵਾਈ ਨਾ ਹੋਣ ਕਾਰਨ ਮੈਂ ਆਪਣੇ ਬਿਆਨ ਮੁਤਾਬਕ ਸ਼ੁੱਕਰਵਾਰ ਨੂੰ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦੇਵਾਂਗਾ'।

ਇਹ ਵੀ ਪੜ੍ਹੋ:

ਬਰਗਾੜੀ ਮਾਮਲੇ ਵਿੱਚ ਮੁੱਖ ਮੰਤਰੀ ਦਾ ਪ੍ਰਤੀਕਰਮ

ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਰੈਲੀ ਵਿਚ ਇਹ ਕਹਿ ਕੇ ਸਭ ਕੁਝ ਸਾਫ਼ ਕਰ ਦਿੱਤਾ ਕਿ ਐਸਆਈਟੀ ਜਿਸ ਦੇ ਖ਼ਿਲਾਫ ਸਿਫ਼ਾਰਿਸ਼ ਕਰੇਗੀ ਉਸ ਖ਼ਿਲਾਫ਼ ਹੀ ਕੇਸ ਦਰਜ ਕੀਤਾ ਜਾਵੇਗਾ।

ਅਦਾਲਤ ਵਿਚ ਸਰਕਾਰ ਵੱਲੋਂ ਪੁਲਿਸ ਅਫ਼ਸਰਾਂ ਦੀ ਸਟੇਅ ਖ਼ਿਲਾਫ਼ ਕੋਈ ਸਟੈਂਡ ਨਹੀਂ ਲਿਆ ਗਿਆ ਹੈ।

ਫੂਲਕਾ ਨੇ ਕਿਹਾ, "ਹੁਣ ਸਾਬਕਾ ਡੀਜੀਪੀ ਸੁਮੇਧ ਸੈਣੀ ਅਦਾਲਤ ਚਲੇ ਗਏ ਹਨ। ਭਾਵੇਂ ਕਿ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਜਾਂਚ ਕਰਨ ਜਾਂ ਗ੍ਰਿਫ਼ਤਾਰ ਕਰਨ ਉੱਤੇ ਪਾਬੰਦੀ ਨਹੀਂ ਲਾਈ ਹੈ।"

ਸਿਰਫ਼ ਗ੍ਰਿਫ਼ਤਾਰੀ ਤੋਂ 7 ਦਿਨ ਪਹਿਲਾਂ ਨੋਟਿਸ ਦੇਣ ਲਈ ਕਿਹਾ ਹੈ। ਪਰ ਕੈਪਟਨ ਸਰਕਾਰ ਦੀ ਕਾਰਜਸ਼ੈਲੀ ਤੋਂ ਸਾਫ਼ ਕਿ ਉਹ ਕਾਰਵਾਈ ਕਰਨ ਦੇ ਮੂਡ ਵਿਚ ਨਹੀਂ ਹੈ।

ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਇਸ ਮਾਮਲੇ ਉੱਤੇ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਫੂਲਕਾ ਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸਗੋਂ ਅਹੁਦੇ ਉੱਤੇ ਰਹਿ ਕੇ ਲੜਾਈ ਲੜਨੀ ਚਾਹੀਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)