You’re viewing a text-only version of this website that uses less data. View the main version of the website including all images and videos.
ਕਾਰ ਵੀਡੀਓ: ਔਰਤ ਨੇ ਲਾਏ ਇਲਜ਼ਾਮ, ਪੁਲਿਸ ਨੇ ਕੀਤੇ ਖਾਰਿਜ
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
ਅੰਮ੍ਰਿਤਸਰ ਤੋਂ 22 ਕਿਲੋਮੀਟਰ ਦੂਰ ਚਵਿੰਡਾ ਦੇਵੀ ਵਿੱਚ ਇੱਕ ਗੱਡੀ ਤੋਂ ਡਿੱਗਦੀ ਔਰਤ ਦਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋਣ ਤੋਂ ਬਾਅਦ ਬੀਬੀਸੀ ਪੰਜਾਬੀ ਨੇ ਉਸ ਔਰਤ ਨਾਲ ਗੱਲਬਾਤ ਕੀਤੀ।
ਇਸ ਔਰਤ ਦਾ ਨਾਂ ਜਸਵਿੰਦਰ ਕੌਰ ਹੈ ਅਤੇ ਉਹ ਸਥਾਨਕ ਪਿੰਡ ਸ਼ਹਿਜ਼ਾਦਾ ਦੀ ਰਹਿਣ ਵਾਲੀ ਹੈ।
ਉਸ ਨੇ ਇਲਜ਼ਾਮ ਲਾਇਆ ਕਿ ਮੰਗਲਵਾਰ ਨੂੰ ਪੁਲਿਸ ਨੇ ਉਸ ਦੇ ਘਰ ਛਾਪਾ ਮਾਰਿਆ ਤੇ ਉਸ ਦੇ ਪਤੀ ਨੂੰ ਲੈ ਗਏ।
ਜਸਵਿੰਦਰ ਦਾ ਇਲਜ਼ਾਮ ਹੈ ਕਿ ਜਦ ਉਸਨੇ ਰੋਕਿਆ ਤੇ ਵਾਰੰਟ ਦੀ ਮੰਗ ਕੀਤੀ ਤਾਂ ਇੱਕ ਪੁਲਿਸ ਕਰਮੀ ਨੇ ਗਾਲ੍ਹਾਂ ਕੱਢੀਆਂ ਤੇ ਗੱਡੀ ਦੇ ਬੋਨਟ 'ਤੇ ਉਸਨੂੰ ਸੁੱਟ ਕੇ ਗੱਡੀ ਦੌੜਾ ਲਈ।
ਐਸਐਸਪੀ ਰੂਰਲ ਪਰਮਪਾਲ ਸਿੰਘ ਨੇ ਬੀਬੀਸੀ ਪ੍ਰਤੀਨਿਧ ਨੂੰ ਦੱਸਿਆ ਕਿ ਇਹ ਟੀਮ ਚੰਡੀਗੜ੍ਹ ਤੋਂ ਆਈ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜਸਵਿੰਦਰ ਕੌਰ ਨੇ ਇਹੀ ਇਲਜ਼ਾਮ ਪੁਲਿਸ ਕੋਲ ਵੀ ਲਾਏ ਹਨ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:
'ਤਿੰਨ ਕਿਲੋਮੀਟਰ ਗੱਡੀ 'ਤੇ ਘੁਮਾਇਆ'
ਜਸਵਿੰਦਰ ਕੌਰ ਮੁਤਾਬਕ ਉਹ ਡਿੱਗਣ ਤੱਕ ਉੱਥੇ ਹੀ ਬੈਠੀ ਰਹੀ ਅਤੇ ਗੱਡੀ ਨੂੰ ਸ਼ਹਿਰ ਵਿੱਚ ਘੁਮਾਇਆ ਗਿਆ। ਜਸਵਿੰਦਰ ਕੌਰ ਨੂੰ ਕੁਝ ਸਥਾਨਕ ਲੋਕਾਂ ਨੇ ਹਸਪਤਾਲ ਪਹੁੰਚਾਇਆ।
ਜਸਵਿੰਦਰ ਕੌਰ ਨੇ ਕਿਹਾ, "ਪੁਲਿਸ ਵਾਲਿਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਨ੍ਹਾਂ ਨੇ ਨਾਲ ਕੋਈ ਲੇਡੀ ਪੁਲਿਸਕਰਮੀ ਜਾਂ ਅਧਿਕਾਰੀ ਵੀ ਨਹੀਂ ਸੀ। ਇੱਕ ਪੁਲਿਸ ਮੁਲਾਜ਼ਮ ਨੇ ਮੈਨੂੰ ਗੱਡੀ ਦੇ ਬੋਨਟ 'ਤੇ ਸੁੱਟ ਲਿਆ ਅਤੇ ਗੱਡੀ ਭਜਾ ਲਈ।"
"ਮੈਂ ਕਿਸੇ ਤਰ੍ਹਾਂ ਛੱਤ ਉੱਤੇ ਜਾ ਪਹੁੰਚੀ ਅਤੇ ਉਹ ਇੰਜ ਹੀ ਤਿੰਨ ਕਿਲੋ ਮੀਟਰ ਤੱਕ ਲੈ ਗਏ। ਫਿਰ ਮੈਂ ਗੱਡੀ ਤੋਂ ਡਿੱਗ ਪਈ ਅਤੇ ਭੱਜ ਕੇ ਬਚੀ।'
ਮਾਮਲੇ ਦੀ ਜਾਂਚ ਕੀਤੀ ਜਾ ਰਹੀ
ਐਸਐਸਪੀ ਰੂਰਲ ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਟੀਮ ਚੰਡੀਗੜ ਤੋਂ ਜ਼ਮੀਨ ਦੇ ਝਗੜੇ ਨਾਲ ਸਬੰਧਤ ਮਾਮਲੇ ਦੀ ਤਫਤੀਸ਼ ਕਰਨ ਲਈ ਪਹੁੰਚੀ ਸੀ।
ਪਰਮਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਬਿਉਰੋ ਆਫ਼ ਇੰਨਵੈਸਟੀਗੇਸ਼ਨ ਨੇ ਜਸਵਿੰਦਰ ਕੌਰ, ਕੁਲਵੰਤ ਸਿੰਘ, ਗੁਰਵਿੰਦਰ ਸਿੰਘ, ਜਗਦੀਸ਼ ਸਿੰਘ, ਪ੍ਰਗਟ ਸਿੰਘ, ਸੋਨੂੰ ਅਤੇ ਸੰਦੀਪ ਕੌਰ ਨਾਂ ਦੇ ਸੱਤ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਿਰੋਧੀ ਧਾਰਾਵਾਂ ਤਹਿਤ ਕੱਥੂਨੰਗਲ ਥਾਣੇ ਵਿਚ ਕੇਸ ਦਰਜ ਕੀਤਾ ਹੈ।
ਬਿਉਰੋ ਆਫ਼ ਇੰਨਵੈਸਟੀਗੇਸ਼ਨ ਦੇ ਇੰਸਪੈਕਟਰ ਪਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਇਹ ਕੇਸ ਦਰਜ ਕੀਤਾ ਗਿਆ ਹੈ।
ਪਲਵਿੰਦਰ ਸਿੰਘ ਨੇ ਆਪਣੇ ਬਿਆਨ ਵਿਚ ਇਲਜ਼ਾਮ ਲਾਇਆ ਹੈ ਕਿ ਜਸਵਿੰਦਰ ਕੌਰ ਉਨ੍ਹਾਂ ਦੀ ਗੱਡੀ ਦੀ ਛੱਤ ਉੱਤੇ ਚੜ੍ਹ ਗਈ ਅਤੇ ਇੱਟ ਨਾਲ ਉਸ ਨੇ ਕਾਰ ਨੂੰ ਨੁਕਸਾਨ ਪਹੁੰਚਾਇਆ ।
ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਲਈ ਡਰਾਇਵਰ ਕਾਰ ਨੂੰ ਜਦੋਂ ਅੱਗੇ ਲਿਜਾ ਰਿਹਾ ਸੀ ਤਾਂ ਇਹ ਔਰਤ ਕਾਰ ਤੋਂ ਡਿੱਗ ਗਈ। ਪਲਵਿੰਦਰ ਸਿੰਘ ਦਾ ਦਾਅਵਾ ਹੈ ਕਿ ਪੁਲਿਸ ਪਾਰਟੀ ਆਪਣੇ ਬਚਾਅ ਲਈ ਭੱਜੀ ਸੀ।
ਐਸਐਸਪੀ ਰੂਰਲ ਨੇ ਕਿਹਾ ਕਿ ਮੈਡੀਕਲ ਰਿਪੋਰਟ ਦੇ ਆਧਾਰ ਉੱਤੇ 123 ਧਾਰਾ ਤਹਿਤ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਰਿਪੋਰਟ ਮੁਤਾਬਕ ਔਰਤ ਦੇ ਕੁਝ ਮਾਮੂਲੀ ਸੱਟਾਂ ਵੱਜਣ ਦੀ ਪੁਸ਼ਟੀ ਹੋਈ ਹੈ ਪਰ ਅਸਲ ਹਾਲਤ ਐਕਸਰੇ ਰਿਪੋਰਟ ਹਾਸਲ ਹੋਣ ਤੋਂ ਬਾਅਦ ਹੀ ਪਤਾ ਲੱਗੇਗੀ।
ਇਸ ਬਾਬਤ ਜਦੋਂ ਪੰਜਾਬ ਪੁਲਿਸ ਦੀ ਬਾਰਡਰ ਰੇਂਜ ਦੇ ਆਈਜੀ ਐਸਪੀਐਸ ਪਰਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸਥਾਨਕ ਪੁਲਿਸ ਸ਼ਾਮਲ ਨਹੀਂ ਸੀ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਉਨ੍ਹਾਂ ਡੀਐੱਸਪੀ ਨੂੰ ਪੀੜ੍ਹਤ ਔਰਤ ਦੇ ਬਿਆਨ ਦਰਜ ਕਰਨ ਲਈ ਭੇਜਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਾਮਲਾ ਮੁੱਖ ਮੰਤਰੀ ਦੇ ਧਿਆਨ 'ਚ
ਪੰਜਾਬ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਮੀਡੀਆ ਨਾਲ ਗੱਲਬਾਕ ਕਰਦਿਆਂ ਕਿਹਾ, 'ਇਹ ਹਰਕਤ ਨਾ ਕਾਬਲ-ਏ- ਬਰਦਾਸ਼ਤ ਹੈ। ਇਹ ਮਾਮਲਾ ਮੁੱਖ ਮੰਤਰੀ ਨੇ ਧਿਆਨ 'ਚ ਲਿਆਂਦਾ ਗਿਆ ਹੈ। ਸੀਨੀਅਰ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ।
ਉੱਧਰ ਇਸ ਮਾਮਲੇ ਦੀ ਨਿੰਦਾ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, 'ਅਫ਼ਸੋਸ ਦੀ ਗੱਲ ਹੈ ਕਿ ਅੱਜ ਪੰਜਾਬ ਪੁਲਿਸ ਬੇਕਾਬੂ ਹੋ ਗਈ ਹੈ। ਇਹ ਬਹੁਤ ਹੀ ਮਾੜੀ ਘਟਨਾ ਹੈ।"