ਜਦੋਂ ਰਾਫ਼ੇਲ ਡੀਲ ਮਾਮਲੇ ਨੂੰ ਸਮਝਣ ਲਈ ਇੱਕ 'ਹਲਵਾਈ' ਦੀ ਲੋੜ ਪਈ

ਰਾਫ਼ੇਲ ਲੜਾਕੂ ਜਹਾਜ਼ ਦੇ ਖਰੀਰ ਸੌਦੇ ਨੂੰ ਲੈ ਕੇ ਫਰਾਂਸ ਦੇ ਸਾਬਕਾ ਰਸ਼ਟਰਪਤੀ ਫ੍ਰਾਂਸਵਾ ਔਲਾਂਦ ਦੇ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਲੋਕ ਆਪੋ-ਆਪਣੀ ਰਾਇ ਦੇ ਰਹੇ ਹਨ। ਇਨ੍ਹਾਂ ਵਿਚ ਆਮ ਲੋਕ ਵੀ ਸ਼ਾਮਿਲ ਹਨ ਅਤੇ ਕੁਝ ਪ੍ਰਸਿੱਧ ਹਸਤੀਆਂ ਵੀ।

ਦਰਅਸਲ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਔਲਾਂਦੇ ਨੇ ਰਾਫੇਲ ਡੀਲ ਮਾਮਲੇ ਵਿੱਚ ਖੁਲਾਸਾ ਕਰਦਿਆਂ ਕਿਹਾ ਸੀ ਕਿ ਇਸ ਸੌਦੇ ਵਿੱਚ ਲੋਕਲ ਪਾਰਟਨਰ ਦੀ ਚੋਣ ਦਾ ਪ੍ਰਸਤਾਵ ਭਾਰਤ ਵੱਲੋਂ ਦਿੱਤਾ ਗਿਆ ਸੀ।

ਰਾਫ਼ੇਲ ਡੀਲ ਦੇ ਵਿਵਾਦ ਬਾਰੇ ਬਿਹਤਰ ਸਮਝਣ ਲਈ ਲੇਖਕ ਚੇਤਨ ਭਗਤ ਵੱਲੋਂ ਇਕ ਟਵੀਟ ਕੀਤਾ ਗਿਆ, ਜਿਸ ਵਿਚ ਰਾਫ਼ੇਲ ਵਿਵਾਦ ਦੀ ਹਲਵਾਈ ਤੋਂ ਮਿਠਾਈਆਂ ਬਣਵਾਉਣ ਦੇ ਨਾਲ ਤੁਲਨਾ ਕੀਤੀ ਗਈ।

ਟਵੀਟ ਵਿੱਚ ਚੇਤਨ ਭਗਤ ਲਿਖਦੇ ਹਨ, "ਰਾਫ਼ੇਲ ਡੀਲ ਨੂੰ ਸਮਝਣ ਦਾ ਸਧਾਰਨ ਤਰੀਕਾ। ਫ਼ਰਜ਼ ਕਰੋ ਤੁਸੀਂ ਆਪਣੇ ਗੁਆਂਢੀਆਂ ਲਈ ਮਿਠਾਈ ਬਣਵਾਉਣਾ ਚਾਹੁੰਦੇ ਹੋ, ਅਤੇ ਇਸ ਮਿਠਾਈ ਲਈ ਤੁਸੀਂ ਹਲਵਾਈ ਨੂੰ ਆਪਣੇ ਜਾਣਕਾਰ ਕੋਲੋਂ ਹੀ ਦੁੱਧ ਲੈਣ ਲਈ ਆਖਦੇ ਹੋ। ਸਵਾਲ ਇਹ ਹੈ ਕਿ ਕੀ ਕਿਸੇ ਨੇ ਅਸਲ ਵਿਚ ਤੁਹਾਨੂੰ ਇਸ ਤਰ੍ਹਾਂ ਕਰਨ ਲਈ ਕਿਹਾ? ਕੀ ਦੁੱਧ ਸਹੀ ਕੀਮਤ 'ਤੇ ਖਰੀਦਿਆ ਗਿਆ? ਕੀ ਹਲਵਾਈ ਨੇ ਦੁੱਧ ਵੇਚਣ ਵਾਲੇ ਦੀ ਚੋਣ ਗੁਣਵੱਤਾ ਦੇ ਅਧਾਰ 'ਤੇ ਆਪ ਕੀਤੀ? ਸਾਨੂੰ ਹਾਲੇ ਤੱਕ ਨਹੀਂ ਪਤਾ ਹੈ।"

ਇਹ ਵੀ ਪੜ੍ਹੋ:

ਚੇਤਨ ਭਗਤ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਵੱਲੋਂ ਵਿਅੰਗ ਕੀਤੇ ਗਏ।

ਇਕਰਮਉਲ਼ ਹੱਕ ਨਾਮੀ ਟਵਿੱਟਰ ਯੂਜ਼ਰ ਇਸ ਦੇ ਜਵਾਬ ਵਿਚ ਮਾਮਲੇ ਨੂੰ ਸਮਝਣ ਲਈ ਆਪਣਾ ਹੀ ਤਰੀਕੇ ਪੇਸ਼ ਕਰਦੇ ਹਨ।

ਉਹ ਲਿਖਦੇ ਹਨ, "ਫ਼ਰਜ਼ ਕਰੋ ਕਿ ਤੁਸੀਂ ਆਪਣੇ ਘਰ ਲਈ ਕੋਈ ਸੁਰੱਖਿਆ ਕਰਮੀ ਨਿਯੁਕਤ ਕਰਨਾ ਹੈ। ਤੁਸੀਂ ਕਿਸੇ ਏਜੰਸੀ ਨਾਲ ਸੰਪਰਕ ਕਰਦੇ ਹੋ, ਜੋ ਕਿਸੇ ਤਜ਼ਰਬੇਕਾਰ ਨੂੰ ਭੇਜਦੀ ਹੈ। ਪਰ ਉਹ ਕੰਪਨੀ ਬਿਨ੍ਹਾਂ ਕਿਸੇ ਤਜ਼ਰਬੇ ਵਾਲੇ ਇਨਸਾਨ ਨੂੰ ਭੇਜ ਦਿੰਦੀ ਹੈ। ਤੁਸੀਂ ਹੁਣ ਖ਼ਤਰੇ ਵਿਚ ਹੋ।"

ਪ੍ਰਸ਼ਾਂਤ ਨਾਮੀ ਟਵਿੱਟਰ ਯੂਜ਼ਰ ਵਿਅੰਗਮਈ ਢੰਗ ਨਾਲ ਲਿਖਦੇ ਹਨ ਕਿ, ਮਾਮਲੇ ਨੂੰ ਸਮਝਣ ਦਾ ਇਹ ਆਸਾਨ ਤਰੀਕਾ, ਅਸਲ ਮਾਮਲੇ ਨਾਲੋਂ ਵੀ ਗੁੰਝਲਦਾਰ ਲੱਗ ਰਿਹਾ ਹੈ।

ਅਗਸਤ ਮਹੀਨੇ ਵਿਚ ਰਾਫ਼ੇਲ ਮਾਮਲੇ ਨੂੰ ਲੈ ਕੇ ਅਦਾਕਾਰਾ ਪੱਲਵੀ ਜੋਸ਼ੀ ਦੀ ਵੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਲੋਕਾਂ ਲਈ ਚਰਚਾ ਦਾ ਵਿਸ਼ਾ ਬਣੀ ਸੀ।

ਇਸ ਵੀਡੀਓ ਵਿਚ ਪੱਲਵੀ ਜੋਸ਼ੀ ਨੇ ਰਾਫ਼ੇਲ ਡੀਲ ਨੂੰ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਸਮਝਾਉਣ ਲਈ ਉਨ੍ਹਾਂ ਨੇ ਘਰਾਂ ਦੇ ਤਾਲੇ ਬਦਲਣ ਦਾ ਉਦਾਹਰਣ ਵਰਤਿਆ ਸੀ।

ਲੋਕੀ ਚੇਤਨ ਭਗਤ ਦੇ ਹਲਵਾਈ ਅਤੇ ਦੁੱਧ ਦੇ ਮਿਸਾਲ ਦੀ ਤੁਲਨਾ ਪੱਲਵੀ ਜੋਸ਼ੀ ਦੀ ਵੀਡੀਓ ਨਾਲ ਵੀ ਕਰ ਰਹੇ ਹਨ।

ਟਵਿੱਟਰ ਯੂਜ਼ਰ ਰਾਜੇਸ਼ ਸ਼ਰਮਾ ਲਿਖਦੇ ਹਨ ਕਿ ਚੇਤਨ ਭਗਤ ਦਾ ਇਹ ਟਵੀਟ ਸ਼ਾਇਦ ਪੱਲਵੀ ਜੋਸ਼ੀ ਦੇ ਪਤੀ ਲਈ ਨਵੀਂ ਸਕਰਿਪਟ ਹੈ।

ਆਯੂਬ ਖ਼ਾਨ ਨਾਮੀ ਟਵਿੱਟਰ ਯੂਜ਼ਰ ਲਿੱਖਦੇ ਹਨ ਕਿ ਰਾਫੇ਼ਲ ਦਾ ਮਾਮਲਾ ਇੰਨ੍ਹਾਂ ਵੱਡਾ ਹੋ ਗਿਆ ਹੈ ਕਿ ਹੁਣ ਹਰ ਕਿੱਤੇ ਦੇ ਮਾਹਿਰ ਇਸ 'ਤੇ ਬੋਲ ਰਹੇ ਹਨ। ਮਿਠਾਈਆਂ ਤੋਂ ਲੈ ਕੇ ਘਰਾਂ ਦੇ ਤਾਲਿਆਂ ਦੀਆਂ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਹਨ।"

ਟਵੀਟ ਕਰਦੇ ਹੋਏ ਇੱਕ ਟਵਿੱਟਰ ਹੈਂਡਲਰ ਹਰੀਸ਼ ਸਵਾਲ ਖੜਾ ਕਰਦੇ ਹਨ, "ਕੀ ਭਾਰਤੀ ਲੋਕ ਇਸ ਤੋਂ ਉੱਚੀਆਂ ਉਦਾਹਰਨਾਂ ਦੇ ਨਾਲ ਮਾਮਲੇ ਨੂੰ ਨਹੀਂ ਸਮਝ ਸਕਣਗੇ?"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)