'ਪੰਜਾਬ ਵਿੱਚ ਕੁੜੀ ਵਿਗੜੇ ਤਾਂ ਯਤੀਮਖਾਨੇ 'ਚ ਛੱਡ ਦਿੰਦੇ ਨੇ ਪਰ ਮੁੰਡੇ ਨੂੰ ਨਹੀਂ'

ਤਸਵੀਰ ਸਰੋਤ, Manisha bhalla/bbc
- ਲੇਖਕ, ਮਨੀਸ਼ਾ ਭੱਲਾ
- ਰੋਲ, ਬੀਬੀਸੀ ਲਈ
ਸ਼ਮਸ਼ੇਰ ਸਿੰਘ ਪੇਸ਼ੇ ਤੋਂ ਕੈਮਸਿਟ ਸਨ। ਜਦੋਂ ਵੀ ਉਹ ਸੜ੍ਹਕ 'ਤੇ ਆਵਾਰਾ ਘੁੰਮ ਰਹੀ ਕਿਸੇ ਮਾਨਸਿਕ ਰੋਗੀ ਔਰਤ ਨੂੰ ਦੇਖਦੇ ਤਾਂ ਉਸ ਨੂੰ ਹਸਪਤਾਲ ਲੈ ਜਾਂਦੇ।
ਦਵਾਈ ਦਿਵਾ ਕੇ ਉਨ੍ਹਾਂ ਨੂੰ ਘਰ ਲੈ ਆਉਂਦੇ ਕਿਉਂਕਿ ਹਸਪਤਾਲ ਵਿੱਚ ਉਨ੍ਹਾਂ ਨੂੰ ਭਰਤੀ ਕਰਵਾਉਣ ਦੀ ਕੋਈ ਵਿਵਸਥਾ ਨਹੀਂ ਸੀ।
ਰੋਜ਼ ਅਜਿਹਾ ਹੁੰਦਾ ਦੇਖ ਸ਼ਮਸ਼ੇਰ ਸਿੰਘ ਦੇ ਪਰਿਵਾਰ ਨੇ ਸਖ਼ਤ ਇਤਰਾਜ਼ ਕੀਤਾ। ਸ਼ਮਸ਼ੇਰ ਸਿੰਘ ਨੇ ਆਪਣੇ ਜਨੂੰਨ ਨੂੰ ਪਰਿਵਾਰ 'ਤੇ ਥੋਪਣਾ ਠੀਕ ਨਹੀਂ ਸਮਝਿਆ।
ਫਿਰ ਸ਼ਮਸ਼ੇਰ ਸਿੰਘ ਨੇ ਚੰਡੀਗੜ੍ਹ ਵਿੱਚ ਕਿਰਾਏ 'ਤੇ ਕਮਰਾ ਲੈ ਕੇ ਇਨ੍ਹਾਂ ਲੋਕਾਂ ਨੂੰ ਉੱਥੇ ਰੱਖਣਾ ਸ਼ੁਰੂ ਕਰ ਦਿੱਤਾ।
ਸ਼ਮਸ਼ੇਰ ਸਿੰਘ ਦਾ ਲਾਵਾਰਿਸ ਮਾਨਸਿਕ ਰੋਗੀਆਂ ਅਤੇ ਸੁੱਟੇ ਹੋਏ ਨਵਜੰਮੇ ਬੱਚਿਆਂ ਪ੍ਰਤੀ ਸੇਵਾ ਭਾਵ ਦੇਖ ਕੇ ਕਿਸੇ ਸੱਜਣ ਨੇ ਉਨ੍ਹਾਂ ਨੂੰ ਖਰੜ-ਕੁਰਾਲੀ ਮਾਰਗ 'ਤੇ ਇੱਕ ਖਾਲੀ ਪਲਾਟ ਦੇ ਦਿੱਤਾ।
ਇਹ ਵੀ ਪੜ੍ਹੋ:
ਉਸੇ ਥਾਂ 'ਤੇ ਪ੍ਰਭੂਆਸਰਾ ਸੰਸਥਾ ਚੱਲ ਰਹੀ ਹੈ। ਇੱਥੇ ਮਰਨ ਲਈ ਛੱਡੇ ਗਏ ਮਾਨਸਿਕ ਰੋਗੀ ਤੇ ਸੁੱਟੇ ਹੋਏ ਬੱਚੇ ਰਹਿੰਦੇ ਹਨ।
ਸ਼ੈਲਟਰ ਹੋਮ ਚਲਾਉਣਾ ਕੋਈ ਵਪਾਰ ਨਹੀਂ ਹੈ ਅਤੇ ਨਾ ਹੀ ਕਿਸੇ ਦੁਕਾਨ ਨੂੰ ਚਲਾਉਣਾ ਹੈ। ਇਸ ਵਿੱਚ ਨਫ਼ਾ-ਨੁਕਸਾਨ ਨਹੀਂ ਦੇਖਿਆ ਜਾਂਦਾ ਤੇ ਇਹ ਪੂਰੇ ਤਰੀਕੇ ਨਾਲ ਨਿਸ਼ਕਾਮ ਸੇਵਾ ਭਾਵ ਦਾ ਕੰਮ ਹੈ।
'ਮੇਰੇ ਵਿਸ਼ਵਾਸ ਤੋੜ ਨਹੀਂ ਸਕਦਾ'
ਇਨਸਾਨੀਅਤ ਦਾ ਦਰਦ ਮਹਿਸੂਸ ਕਰਨ ਵਾਲੇ ਹੀ ਇਸ ਨੂੰ ਚਲਾ ਸਕਦੇ ਹਨ। ਸ਼ੈਲਟਰ ਹੋਮ ਜਾਂ ਯਤੀਮਖਾਨੇ ਚਲਾਉਣ ਵਾਲਿਆਂ ਦਾ ਮਿਜਾਜ਼ ਦੂਜੇ ਪੇਸ਼ੇ ਵਿੱਚ ਕੰਮ ਕਰਨ ਵਾਲੇ ਲੋਕਾਂ ਤੋਂ ਵੱਖ ਹੁੰਦਾ ਹੈ।
ਸ਼ਮਸ਼ੇਰ ਸਿੰਘ ਦੱਸਦੇ ਹਨ, "ਮੈਂ ਦਵਾਈਆਂ ਦਾ ਕਾਰੋਬਾਰ ਕਰਦਾ ਸੀ। ਕਿਸੇ ਚੀਜ਼ ਦੀ ਕਮੀ ਨਹੀਂ ਸੀ। ਜਦੋਂ ਮੈਂ 8 ਸਾਲ ਦਾ ਸੀ ਤਾਂ ਮੇਰੇ ਸਭ ਤੋਂ ਪਿਆਰੇ ਦੋਸਤ ਦੀ ਮੌਤ ਹੋ ਗਈ।''
"ਮੈਂ ਖੇਤਾਂ ਵਿੱਚ, ਗਲੀਆਂ ਵਿੱਚ, ਛੱਤ 'ਤੇ ਬੈਠਾ ਇਹੀ ਸੋਚਦਾ ਕਿ ਉਹ ਕਿੱਥੇ ਗਿਆ, ਕਦੋਂ ਆਵੇਗਾ, ਅਸੀਂ ਕਦੋਂ ਮਿਲਾਂਗੇ, ਕੀ ਉਸ ਦਾ ਕੁਝ ਵੀ ਨਹੀਂ ਬਚਿਆ?''

ਤਸਵੀਰ ਸਰੋਤ, Manisha bhalla/bbc
ਸ਼ਮਸ਼ੇਰ ਸਿੰਘ ਅਨੁਸਾਰ, "ਸਾਨੂੰ ਬਣਾਉਣ ਵਾਲਾ, ਚਲਾਉਣ ਵਾਲਾ ਤੇ ਮਿਟਾਉਣ ਵਾਲਾ ਇੱਕੋ ਹੀ ਹੈ, ਤਾਂ ਅਸੀਂ ਆਪਣੇ-ਪਰਾਏ ਵਿੱਚ ਕਿਵੇਂ ਫਰਕ ਕਰ ਸਕਦੇ ਹਾਂ।''
ਉਹ ਕਹਿੰਦੇ ਹਨ, "ਮੇਰੇ ਇਸ ਡੂੰਘੇ ਵਿਸ਼ਵਾਸ ਨੂੰ ਕੋਈ ਤੋੜ ਨਹੀਂ ਸਕਦਾ ਕਿ ਅਸੀਂ ਸਾਰੇ ਇੱਕੋ ਹਾਂ। ਮੇਰੇ ਜ਼ਹਿਨ ਵਿੱਚ ਜੋ ਦਰਦ ਆਪਣੇ ਬੱਚਿਆਂ, ਮਾਪਿਆਂ ਲਈ ਹੈ, ਉਹ ਸੰਸਥਾ ਦੇ ਵਿਚ ਦੇਖਭਾਲ ਹਾਸਲ ਕਰਨ ਵਾਲੇ ਬੱਚਿਆਂ ਲਈ ਅਤੇ ਸੜਕਾਂ ਉੱਤੇ ਲਾਵਾਰਿਸ ਕਿਸੇ ਮਹਿਲਾ ਲਈ ਵੀ ਹੈ। ਏਕ ਨੂਰ ਤੇ ਸਭੁ ਜਗੁ ਉਪਜਿਆ...''
ਕਈ ਰੇਪ ਪੀੜਤਾਂ ਦਾ ਆਸਰਾ
ਸ਼ਮਸ਼ੇਰ ਸਿੰਘ ਨੇ ਮੈਨੂੰ ਕਿਹਾ ਕਿ ਤੁਸੀਂ ਪਹਿਲਾਂ ਆ ਕੇ ਉਨ੍ਹਾਂ ਨੂੰ ਮਿਲੋ। ਮੈਂ ਹਾਲ ਵਿੱਚ ਵੜ੍ਹੀ ਤਾਂ ਅੰਦਰ ਔਰਤਾਂ ਨੱਚ ਰਹੀਆਂ ਸਨ। ਇੱਕ ਪਾਸੇ ਬੱਚੇ ਸ਼ੋਰ ਮਚਾ ਰਹੇ ਸਨ।
ਵਾਰਡਨ ਕੁਸੁਮ ਇੱਥੋਂ ਦੀ ਸਭ ਤੋਂ ਪੁਰਾਣੀ ਮੁਲਾਜ਼ਮ ਹੈ। ਉਨ੍ਹਾਂ ਮੁਤਾਬਿਕ ਇੱਕ ਵਾਰੀ ਇੱਕ ਹੀ ਮਹੀਨੇ ਵਿੱਚ ਇੱਥੇ 7 ਰੇਪ ਪੀੜਤਾਂ ਪਹੁੰਚੀਆਂ ਸਨ।
ਇੱਥੇ ਉਹ ਰੇਪ ਪੀੜਤਾ ਵੀ ਹਨ ਜਿਨ੍ਹਾਂ ਦੇ ਬੱਚੇ ਇੱਥੇ ਪੈਦਾ ਹੋਏ ਪਰ ਆਪਣੀ ਮਾਨਸਿਕ ਹਾਲਤ ਕਾਰਨ ਉਹ ਇਸ ਗੱਲ ਤੋਂ ਅਣਜਾਣ ਸਨ। ਇੱਥੇ 16 ਸਾਲ ਤੋਂ ਲੈ ਕੇ 80 ਸਾਲ ਦੀ ਰੇਪ ਪੀੜਤਾ ਵੀ ਹਨ।
ਕੁਸੁਮ ਦੱਸਦੇ ਹਨ ਕਿ ਇਨ੍ਹਾਂ ਵਿੱਚੋਂ ਕਦੇ-ਕਦੇ ਕੁਝ ਔਰਤਾਂ ਹਿੰਸਕ ਹੋ ਜਾਂਦੀਆਂ ਹਨ। ਕਈ ਛੋਟੇ ਬੱਚੇ ਗੱਲ ਨੂੰ ਨਹੀਂ ਸਮਝਦੇ।

ਤਸਵੀਰ ਸਰੋਤ, Manisha bhalla/bbc
ਅਜਿਹੇ ਵਿੱਚ ਸ਼ੈਲਟਰ ਹੋਮਜ਼ ਵਿੱਚ ਕੰਮ ਕਰਨ ਵਾਲੇ ਅਤੇ ਉਨ੍ਹਾਂ ਨੂੰ ਚਲਾਉਣ ਵਾਲਿਆਂ ਵਿੱਚ ਸਬਰ ਅਤੇ ਨਿਮਰਤਾ ਹੋਣੀ ਜ਼ਰੂਰੀ ਹੈ।
ਕੁਸੁਮ ਨੇ ਦੱਸਿਆ, "ਇਨ੍ਹਾਂ ਔਰਤਾਂ ਵਿੱਚੋਂ ਇੱਕ ਕੁੜੀ ਹੈ ਪ੍ਰਿਆ ( ਬਦਲਿਆ ਨਾਂ)। ਉਹ ਇੱਕ ਰੇਪ ਪੀੜਤਾ ਹੈ ਅਤੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਉਸ ਨੂੰ ਨਹੀਂ ਪਤਾ ਕਿ ਉਸ ਦੇ ਬੱਚੇ ਦਾ ਪਿਤਾ ਕੌਣ ਹੈ।''
ਉਹ ਸੁਹਰੇ ਪਰਿਵਾਰ ਦੇ ਤਸ਼ੱਦਦ ਤੋਂ ਤੰਗ ਆ ਕੇ ਘਰ ਤੋਂ ਨਿਕਲ ਗਈ। ਉਸ ਨੇ ਦੱਸਿਆ ਕਿ ਪ੍ਰਿਆ ਦਾ ਸੁਹਰਾ ਉਸ ਦੇ ਪੁੱਤਰ ਨਾਲ ਗਲਤ ਕੰਮ ਕਰਦਾ ਸੀ।
ਪ੍ਰਿਆ ਦੇ ਵਿਰੋਧ ਕਰਨ 'ਤੇ ਉਸ ਨਾਲ ਕੁੱਟਮਾਰ ਹੋਣ ਲੱਗੀ। ਬੇਸੁੱਧ ਹਾਲਤ ਵਿੱਚ ਉਹ ਇੱਕ ਦਿਨ ਘਰੋਂ ਨਿਕਲ ਗਈ ਅਤੇ ਸੜਕ 'ਤੇ ਰੇਪ ਦਾ ਸ਼ਿਕਾਰ ਹੋ ਗਈ।
ਕੁਸੁਮ ਅਨੁਸਾਰ ਪ੍ਰਿਆ ਦਾ ਵਤੀਰਾ ਕਾਫੀ ਗੁੱਸੇ ਵਾਲਾ ਹੈ। ਉਹ ਪੂਰੇ ਦਿਨ ਲੜਦੀ ਰਹਿੰਦੀ ਹੈ ਪਰ ਆਪਣੇ ਦਿਲ ਦਾ ਹਰ ਰਾਜ਼ ਕੁਸੁਮ ਨੂੰ ਦੱਸਦੀ ਹੈ।
ਇਹ ਵੀ ਪੜ੍ਹੋ:
ਉਸ ਨੂੰ ਆਚਾਰ ਖਾਣਾ ਹੁੰਦਾ ਹੈ ਤਾਂ ਉਹ ਕੁਸੁਮ ਤੋਂ ਹੀ ਮੰਗਵਾਉਂਦੀ ਹੈ। 55 ਸਾਲਾ ਕੁਸੁਮ ਦੇ ਪਤੀ ਨਹੀਂ ਹਨ ਅਤੇ ਇਕਲੌਤਾ ਜਵਾਨ ਪੁੱਤਰ ਇੰਜੀਨੀਅਰਿੰਗ ਕਰ ਰਿਹਾ ਹੈ।
ਉਹ ਕਹਿੰਦੀ ਹੈ, "ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਂ ਸੇਵਾ ਕਰਨਾ ਚਾਹੁੰਦੀ ਸੀ, ਇਸ ਲਈ ਇੱਥੇ ਆ ਗਈ।''
"ਇੱਥੇ ਬਜ਼ੁਰਗ, ਮਾਨਸਿਕ ਰੋਗੀ, ਬੱਚਿਆਂ, ਧੀਆਂ ਦੀ ਸੇਵਾ ਵੀ ਕਰਨੀ ਹੁੰਦੀ ਹੈ ਅਤੇ ਗੁਜ਼ਾਰੇ ਲਈ ਕੁਝ ਪੈਸੇ ਵੀ ਮਿਲ ਜਾਂਦੇ ਹਨ।''
ਕੁਸੁਮ ਆਪਣੇ ਦੇਖਰੇਖ ਵਿੱਚ ਮਾਨਸਿਕ ਰੋਗੀਆਂ ਨੂੰ ਨੁਹਾਉਂਦੀ ਹੈ,ਉਨ੍ਹਾਂ ਦੇ ਸਿਰ ਵਿੱਚ ਜੂਆਂ ਕੱਢਣ ਲ਼ਈ ਦਵਾ ਪਾਉਂਦੀ ਹੈ।

ਤਸਵੀਰ ਸਰੋਤ, Manisha bhalla/bbc
ਗਰਭਵਤੀ ਔਰਤਾਂ ਦਾ ਖ਼ਾਸ ਖਿਆਲ ਰੱਖਦੀ ਹੈ। ਕੌਣ ਬੱਚਾ ਪੜ੍ਹਣ ਵਿੱਚ ਕਮਜ਼ੋਰ ਹੈ, ਕਿਸ-ਕਿਸ ਵਿਸ਼ੇ ਬਾਰੇ ਟਿਊਸ਼ਨ ਚਾਹੀਦੀ ਹੈ, ਕੁਸੁਮ ਇਨ੍ਹਾਂ ਸਭ ਬਾਰੇ ਸ਼ਮਸ਼ੇਰ ਸਿੰਘ ਅਤੇ ਉਸ ਦੀ ਪਤਨੀ ਦੀ ਦੇਖਰੇਖ ਵਿੱਚ ਧਿਆਨ ਰੱਖਦੀ ਹੈ।
ਇੱਥੇ ਰਹਿਣ ਵਾਲੇ ਸਾਰੇ ਬੱਚੇ ਸਕੂਲ ਜਾਂਦੇ ਹਨ।
ਸ਼ਮਸ਼ੇਰ ਸਿੰਘ ਨੇ ਦੱਸਿਆ, "ਪ੍ਰਭੂਆਸਰਾ ਸੰਸਥਾ ਸਾਲ 2003 ਵਿੱਚ ਸ਼ੁਰੂ ਹੋਈ ਸੀ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਦੇ ਪਾਲਣੇ ਵਿੱਚ ਕੇਵਲ ਚਾਰ ਮੁੰਡੇ ਆਏ।''
"ਮੁੰਡੇ ਕੁੜੀ ਦਾ ਫਰਕ ਸ਼ਮਸ਼ੇਰ ਸਿੰਘ ਕੁਝ ਇਸ ਤਰ੍ਹਾਂ ਸਮਝਾਉਂਦੇ ਹਨ।''
ਡਿਮੇਂਸ਼ੀਆ ਨਾਲ ਪੀੜਤ ਜੋ ਬਜ਼ੁਰਗ ਇੱਥੇ ਆਉਂਦੇ ਹਨ, ਉਨ੍ਹਾਂ ਦੀਆਂ ਧੀਆਂ ਤਾਂ ਉਨ੍ਹਾਂ ਨੂੰ ਵਾਪਸ ਲੈਣ ਆਈਆਂ ਹਨ ਪਰ ਮੁੰਡਿਆਂ ਨੇ ਕਦੇ ਵੀ ਆਪਣੇ ਬਜ਼ੁਰਗਾਂ ਦੀ ਸਾਰ ਲਈ।
ਇੱਥੇ ਕੁੱਲ 410 ਲੋਕ ਰਹਿੰਦੇ ਹਨ ਜਿਨ੍ਹਾਂ ਵਿੱਚ 182 ਔਰਤਾਂ ਤੇ 70 ਬੱਚੇ ਹਨ।
ਊਧਮ ਸਿੰਘ ਰਹਿੰਦੇ ਸਨ ਇਸ ਯਤੀਮਖਾਨੇ ਵਿੱਚ
ਸਾਲ 1904 ਵਿੱਚ ਬਣੇ ਅੰਮ੍ਰਿਤਸਰ ਦੇ ਸੈਂਟਰਲ ਖਾਲਸਾ ਯਤੀਮਖਾਨੇ ਵਿੱਚ ਦਾਖਿਲ ਹੁੰਦਿਆਂ ਹੀ ਪਹਿਲੀ ਇੱਛਾ ਹੁੰਦੀ ਹੈ ਕਿ ਸ਼ਹੀਦ ਊਧਮ ਸਿੰਘ ਕਿਸ ਕਮਰੇ ਵਿੱਚ ਰਹਿੰਦੇ ਸੀ।
ਇੱਥੋਂ ਦੇ ਸੁਪਰਡੈਂਟ ਬਲਬੀਰ ਸਿੰਘ ਸੈਣੀ ਸਾਨੂੰ ਸ਼ਹੀਦ ਊਧਮ ਸਿੰਘ ਦਾ ਕਮਰਾ ਦਿਖਾਉਂਦੇ ਹੋਏ ਕਹਿੰਦੇ ਹਨ ਕਿ ਜਲਿਆਂਵਾਲਾ ਬਾਗ ਕਾਂਡ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੋਇਆ ਸੀ।
ਉਸ ਦਿਨ ਗੇਟ ਦੇ ਬਾਹਰ ਪਾਣੀ ਪਿਲਾਉਣ ਦੀ ਡਿਊਟੀ ਉਨ੍ਹਾਂ ਦੀ ਸੀ। ਉਸ ਤੋਂ ਬਾਅਦ ਲਾਸ਼ਾਂ ਨੂੰ ਸਪੁਰਦ-ਏ-ਖਾਕ ਕਰਨ ਵਿੱਚ ਵੀ ਊਧਮ ਸਿੰਘ ਸਣੇ ਯਤੀਮਖਾਨੇ ਦੇ ਕਈ ਮੁੰਡਿਆਂ ਦੀ ਡਿਊਟੀ ਲੱਗੀ ਸੀ।

ਤਸਵੀਰ ਸਰੋਤ, Manisha bhalla/bbc
ਇੱਥੇ ਰਹਿ ਕੇ ਉਨ੍ਹਾਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਅਤੇ ਚੁੱਪਚਾਪ ਜਲਿਆਂਵਾਲਾ ਕਤਲਕਾਂਡ ਦਾ ਬਦਲਾ ਲੈਣ ਦੀ ਯੋਜਨਾ ਬਣਾਉਂਦੇ ਰਹੇ।
ਉਨ੍ਹਾਂ ਦੀਆਂ ਤਸਵੀਰਾਂ, ਹੱਥ ਨਾਲ ਲਿਖੇ ਪੱਤਰ ਤੇ ਭਾਂਡੇ ਸਭ ਉਨ੍ਹਾਂ ਦੇ ਕਮਰੇ ਵਿੱਚ ਹਨ।
ਇਹ ਯਤੀਮਖਾਨਾ ਕੇਵਲ ਮੁੰਡਿਆਂ ਦਾ ਹੈ। ਬਲਬੀਰ ਸਿੰਘ ਸੈਣੀ ਦੀ ਦੇਖਰੇਖ ਵਿੱਚ ਸਾਰਾ ਕੰਮ ਹੁੰਦਾ ਹੈ।
ਸੈਣੀ ਅਟਾਰੀ ਦੇ ਇੱਕ ਸਰਕਾਰੀ ਸਕੂਲ ਤੋਂ ਰਿਟਾਇਰਡ ਪ੍ਰਿੰਸੀਪਲ ਹਨ। ਉਹ ਬਿਨਾਂ ਕਿਸੇ ਤਨਖ਼ਾਹ ਦੇ ਇੱਥੇ ਸੇਵਾ ਕਰਦੇ ਹਨ।
ਉਨ੍ਹਾਂ ਕਿਹਾ, "ਇੱਥੇ 6 ਸਾਲ ਤੋਂ ਉੱਤੇ ਦੇ ਉਨ੍ਹਾਂ ਮੁੰਡਿਆਂ ਨੂੰ ਲਿਆਇਆ ਜਾਂਦਾ ਹੈ ਜਿਨ੍ਹਾਂ ਦੇ ਮਾਪੇ ਜਾਂ ਦੋਵਾਂ ਵਿੱਚੋਂ ਇੱਕ ਵੀ ਨਹੀਂ ਹਨ।
"ਇੱਥੇ 250 ਬੱਚੇ ਹਨ। ਸਾਰੇ ਯਤੀਮਖਾਨਿਆਂ ਅੰਦਰ ਬਣੇ ਸਕੂਲ ਵਿੱਚ ਪੜ੍ਹਦੇ ਹਨ। ਸਕੂਲ ਤੋਂ ਆਉਣ ਤੋਂ ਬਾਅਦ ਖਾਣਾ ਖਾਂਦੇ ਹਨ। ਫਿਰ ਕੁਝ ਬੱਚੇ ਕੀਰਤਨ ਸਿੱਖਦੇ ਹਨ ਜਾਂ ਕੋਈ ਹੋਰ ਕੰਮ ਕਰਦੇ ਹਨ।''
ਬਲਬੀਰ ਸਿੰਘ ਸੈਣੀ ਅਨੁਸਾਰ, "ਯਤੀਮਖਾਨਿਆਂ ਨੂੰ ਪੈਸਿਆਂ ਤੋਂ ਪ੍ਰਭਾਵਿਤ ਸੋਚ ਰੱਖਣ ਵਾਲੇ ਲੋਕ ਨਹੀਂ ਚਲਾ ਸਕਦੇ ਹਨ। ਜੇ ਕੋਈ ਈਮਾਨਦਾਰ ਨਹੀਂ ਹੈ ਤਾਂ ਯਤੀਮਖਾਨਿਆਂ ਤੋਂ ਖੂਬ ਪੈਸਾ ਕਮਾਇਆ ਜਾ ਸਕਦਾ ਹੈ।''
"ਸਾਨੂੰ ਇੱਥੇ ਉਨ੍ਹਾਂ ਦੇ ਮਾਂਪੇ ਬਣਨ ਦੀ ਲੋੜ ਹੁੰਦੀ ਹੈ। ਇੱਥੇ ਯਤੀਮਖਾਨੇ ਵਿੱਚ ਹੀ ਗੁਰਦੁਆਰਾ ਤੇ ਲਾਈਬ੍ਰੇਰੀ ਹੈ। ਊਧਮ ਸਿੰਘ ਦੇ ਕਮਰੇ ਵਿੱਚ ਲਿਜਾ ਕੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ।
ਯਤੀਮਖਾਨੇ ਲਈ ਕੈਨੇਡਾ-ਅਮਰੀਕਾ ਦੀ ਨੌਕਰੀ ਛੱਡੀ
ਸਵਾਮੀ ਗੰਗਾਨੰਦ ਜੀ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਜਸਬੀਰ ਕੌਰ ਪੇਸ਼ੇ ਤੋਂ ਨਰਸ ਸਨ।
ਉਨ੍ਹਾਂ ਦੇ ਨਾਲ ਦੀਆਂ ਸਾਰੀਆਂ ਕੁੜੀਆਂ ਕੈਨੇਡਾ-ਅਮਰੀਕਾ ਵਿੱਚ ਬਤੌਰ ਨਰਸ ਕੰਮ ਕਰ ਰਹੀਆਂ ਹਨ।
ਜਸਬੀਰ ਕੌਰ ਨੇ ਦੱਸਿਆ, "ਮੈਂ ਨੌਕਰੀ ਨਹੀਂ ਕਰਨਾ ਚਾਹੁੰਦੀ ਸੀ। ਸ਼ੁਰੂ ਤੋਂ ਹੀ ਸੇਵਾ ਦਾ ਮਨ ਸੀ। ਪੱਕਾ ਇਰਾਦਾ ਸੀ ਕਿ ਸੇਵਾ ਕਰਨੀ ਹੀ ਹੈ। ਜਸਬੀਰ ਦੇ ਮਾਪਿਆਂ ਨੇ ਵੀ ਇਨ੍ਹਾਂ ਦੀ ਜ਼ਿੱਦ ਕਾਰਨ ਉਨ੍ਹਾਂ ਦਾ ਸਾਥ ਛੱਡ ਦਿੱਤਾ ਸੀ।''
ਉਨ੍ਹਾਂ ਦੇ ਨਾਲ ਉਨ੍ਹਾਂ ਦੇ ਗੁਰੂ ਭਰਾ ਕੁਲਦੀਪ ਸਿੰਘ ਵੀ ਗੁਰਦੁਆਰਿਆਂ ਦੇ ਗੁੰਬਦ 'ਤੇ ਸੋਨੇ ਦਾ ਪਾਣੀ ਚੜ੍ਹਾਉਣ ਦਾ ਕੰਮ ਕਰਦੇ ਸਨ।
ਜਸਬੀਰ ਕੌਰ ਅਤੇ ਕੁਲਦੀਪ ਸਿੰਘ ਦੋਵਾਂ ਨੇ ਇੱਥੇ ਸਵਾਮੀ ਜੀ ਨੂੰ ਕਿਹਾ ਕਿ ਉਹ ਲੋਕ ਸੇਵਾ ਕਰਨਾ ਚਾਹੁੰਦੇ ਹਨ।
ਜਸਬੀਰ ਕੌਰ ਅਨੁਸਾਰ ਸਵਾਮੀ ਜੀ ਨੇ ਕਿਹਾ ਕਿ ਹਰ ਦਿਨ ਧੀਆਂ ਨੂੰ ਸੁੱਟੇ ਜਾਣ ਦੀਆਂ ਖ਼ਬਰਾਂ ਪ੍ਰੇਸ਼ਾਨ ਕਰ ਰਹੀਆਂ ਹਨ, ਬੱਚਿਆਂ ਲਈ ਕੰਮ ਕਰੋ।
ਸਾਲ 2003 ਵਿੱਚ ਸਵਾਮੀ ਜੀ ਨੇ ਜਸਬੀਰ ਕੌਰ ਅਤੇ ਗੁਰੂ ਭਰਾ ਕੁਲਦੀਪ ਸਿੰਘ ਨੇ ਬੱਚਿਆਂ ਲਈ ਕੰਮ ਕਰਨ ਲਈ ਇਹ ਪਲੇਟਫਾਰਮ ਉਨ੍ਹਾਂ ਨੂੰ ਦਿੱਤਾ। ਇੱਥੇ ਕੁੱਲ 47 ਬੱਚੇ ਹਨ।
ਜਸਬੀਰ ਕੌਰ 'ਤੇ ਸੇਵਾ ਦਾ ਇਹ ਅਸਰ ਹੋਇਆ ਕਿ ਉਨ੍ਹਾਂ ਨੇ ਤਿੰਨ ਧੀਆਂ ਗੋਦ ਲੈ ਲਈਆਂ। ਉਨ੍ਹਾਂ ਦਾ ਖਰਚ ਜਸਬੀਰ ਕੌਰ ਦਾ ਪਰਿਵਾਰ ਚੁੱਕਦਾ ਹੈ।
ਉਨ੍ਹਾਂ ਦੇ ਸੇਵਾ ਭਾਵ ਅੱਗੇ ਆਖਰਕਾਰ ਪਰਿਵਾਰ ਨੂੰ ਝੁਕਣਾ ਪਿਆ।
ਉਹ ਕਹਿੰਦੇ ਹਨ, "ਕੁਦਰਤ ਨੇ ਮੇਰੇ ਲਈ ਇਹੀ ਕੰਮ ਤੈਅ ਕੀਤਾ ਸੀ। ਜਵਾਨ ਹੋ ਰਹੀਆਂ ਧੀਆਂ ਨੂੰ ਕਿਵੇਂ ਰੱਖਿਆ ਜਾਵੇ, ਉਨ੍ਹਾਂ ਲਈ ਹੋਰ ਕੀ ਕੀਤਾ ਜਾਵੇ, ਇਸ ਦੇ ਲਈ ਜਸਬੀਰ ਇੱਕ ਤਰੀਕੇ ਨਾਲ ਮਨੋਰੋਗ ਦੇ ਡਾਕਟਰ ਦਾ ਕੰਮ ਵੀ ਕਰਦੀ ਸੀ।''
ਬੱਚਿਆਂ ਦੇ ਨਾਲ ਬੱਚਾ ਬਣ ਜਾਂਦੀ ਹੈ ਬੀਬੀ ਪ੍ਰਕਾਸ਼ ਕੌਰ
ਜਲੰਧਰ ਦੇ ਯੂਨੀਕ ਹੋਮ ਫਾਰ ਗਰਲਜ਼ ਦੀ ਬੀਬੀ ਪ੍ਰਕਾਸ਼ ਕੌਰ ਦਾ ਕਹਿਣਾ ਹੈ ਕਿ ਬੱਚਿਆਂ ਦੇ ਨਾਲ ਉਨ੍ਹਾਂ ਨੂੰ ਬੱਚਾ ਬਣਨਾ ਪੈਂਦਾ ਹੈ।
ਪ੍ਰਕਾਸ਼ ਕੌਰ ਖੁਦ ਵੀ ਯਤੀਮ ਸਨ। ਉਨ੍ਹਾਂ ਦੀ ਜ਼ਿੰਦਗੀ ਵੀ ਯਤੀਮਖਾਨੇ ਵਿੱਚ ਬੀਤੀ ਸੀ। ਸ਼ਾਇਦ ਇਸ ਲਈ ਉਹ ਕਿਸੇ ਵੀ ਬੱਚੇ ਨੂੰ ਯਤੀਮ ਨਹੀਂ ਕਹਿਣ ਦਿੰਦੀ।

ਤਸਵੀਰ ਸਰੋਤ, Manisha bhalla/bbc
ਉਹ ਕਹਿੰਦੇ ਹਨ, "ਬੱਚਿਆਂ ਨੂੰ ਆਪਣਾ ਬਣਾਓ ਤਾਂ ਬੱਚਾ ਵੀ ਕਦੇ ਯਤੀਮਖਾਨੇ ਤੋਂ ਭੱਜੇਗਾ ਨਹੀਂ। ਯਤੀਮਖਾਨਿਆਂ ਵਿੱਚ ਕੰਮ ਕਰਨ ਵਾਲਾ ਸੰਜੀਦਾ, ਨਿਸ਼ਕਾਮ ਅਤੇ ਦਇਆਵਾਨ ਹੋਣਾ ਚਾਹੀਦਾ ਹੈ।''
60 ਧੀਆਂ ਦੀ ਮਾਂ ਪ੍ਰਕਾਸ਼ ਕੌਰ ਕੁੜੀਆਂ ਨੂੰ ਮਾਂ ਦੀ ਘਾਟ ਮਹਿਸੂਸ ਨਹੀਂ ਹੋਣ ਦਿੰਦੀ ਹੈ। ਉਹ ਬਕਾਇਦਾ ਉਨ੍ਹਾਂ ਦੀ ਕੌਂਸਲਿੰਗ ਕਰਦੀ ਹੈ। ਉਨ੍ਹਾਂ ਦੀ ਪੀਟੀਐੱਮ ਵਿੱਚ ਜਾਂਦੀ ਹੈ।
ਕਿਸ ਕੁੜੀ ਨੇ ਕੀ ਕੋਰਸ ਕਰਨਾ ਹੈ, ਉਹ ਤੈਅ ਕਰਦੀ ਹੈ। ਉਹ ਕਹਿੰਦੀ ਹੈ ਕਿ ਧੀਆਂ ਦੇ ਬਹਿਕ ਜਾਣ ਦੀ ਉਮਰ ਵਿੱਚ ਉਨ੍ਹਾਂ ਨਾਲ ਰਾਤਾਂ ਜਾਗ ਕੇ ਗੁਜ਼ਾਰਨੀਆਂ ਪੈਂਦੀਆਂ ਹਨ। ਇਸ ਦੇ ਲਈ ਵੱਡੇ ਦਿਲ ਦਾ ਅਤੇ ਦਇਆਵਾਨ ਹੋਣਾ ਜ਼ਰੂਰੀ ਹੈ।
55 ਹਜ਼ਾਰ ਦੀ ਨੌਕਰੀ ਛੱਡ ਕੇ ਧੀਆਂ ਦੀ ਕੌਂਸਲਿੰਗ ਕਰਨ ਵਾਲੀ ਨਵਿਤਾ ਜੋਸ਼ੀ ਨੇ ਸਾਲ 1947 ਵਿੱਚ ਜਲੰਧਰ ਵਿੱਚ ਮਾਤਾ ਪੁਸ਼ਪਾ ਗੁਜਰਾਲ ਨਾਰੀ ਨਿਕੇਤਨ ਟਰੱਸਟ ਕਾਇਮ ਕੀਤਾ।
ਵੰਡ ਵੇਲੇ ਬੇਸਹਾਰਾ ਬੱਚਿਆਂ ਅਤੇ ਔਰਤਾਂ ਨੂੰ ਇੱਥੇ ਆਸਰਾ ਦਿੱਤਾ ਜਾਂਦਾ ਸੀ। ਇੱਥੇ 41 ਬੱਚੇ ਹਨ ਜਿਨ੍ਹਾਂ ਵਿੱਚੋਂ ਵਧੇਰੇ ਜਵਾਨ ਕੁੜੀਆਂ ਹਨ।
ਸੇਵਾ ਭਾਵ ਨਾਲ ਹੋਏ ਕੰਮ
ਇਨ੍ਹਾਂ ਦੀ ਦੇਖਭਾਲ ਕਰਨ ਵਾਲੀ ਨਵਿਤਾ ਜੋਸ਼ੀ ਨਵਾਂਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪ੍ਰਿੰਸੀਪਲ ਸਨ। ਬੱਚੇ ਸੈਟਲ ਹੋਣ ਤੋਂ ਬਾਅਦ ਉਹ ਇੱਥੇ ਆ ਗਈ।
ਇੱਥੇ ਵੀ ਉਹ ਸਕੂਲ ਦੀ ਪ੍ਰਿੰਸੀਪਲ ਹਨ ਅਤੇ ਨਾਰੀ ਨਿਕੇਤਨ ਦੀ ਡਾਇਰੈਕਟਰ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਕੁੜੀਆਂ ਦੀ ਕੌਂਸਲਿੰਗ ਕਰਨਾ ਅਧਿਆਤਮ ਵਰਗਾ ਹੈ।
ਉਨ੍ਹਾਂ ਕਿਹਾ, "ਇਨ੍ਹਾਂ ਨੂੰ ਸਮਝਾ ਕਰ ਬਹੁਤ ਸਕੂਨ ਮਿਲਦਾ ਹੈ। ਮੈਂ ਇਨ੍ਹਾਂ ਨਾਲ ਗੱਲਬਾਤ ਕਰਦੇ ਵਕਤ ਸੋਚਦੀ ਹਾਂ ਕਿ ਮੇਰੀ ਧੀ ਵੀ ਜਵਾਨੀ ਦੀ ਦਹਿਲੀਜ਼ 'ਤੇ ਅਜਿਹੇ ਕਈ ਸਵਾਲਾਂ ਤੋਂ ਗੁਜ਼ਰੀ ਹੋਵੇਗੀ।
ਨਵਿਤਾ ਕਹਿੰਦੀ ਹੈ ਕਿ ਜਦੋਂ ਜਵਾਨ ਕੁੜੀਆਂ ਵਿਗੜਨ ਲੱਗਦੀਆਂ ਹਨ ਤਾਂ ਉਨ੍ਹਾਂ ਦੇ ਸਿੰਗਲ ਪਿਤਾ, ਮਾਂ ਜਾਂ ਦਾਦਾ-ਦਾਦੀ ਉਨ੍ਹਾਂ ਨੂੰ ਇੱਥੇ ਛੱਡ ਜਾਂਦੇ ਹਨ।
ਪਰ ਕਦੇ ਵੀ ਧੀਆਂ ਨਾਲ ਗੱਲ ਨਹੀਂ ਕਰਦੇ। ਮੁੰਡੇ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਯਤੀਮਖਾਨਿਆਂ ਵਿੱਚ ਭਰਤੀ ਨਹੀਂ ਕਰਵਾਇਆ ਜਾਂਦਾ ਹੈ।
ਨਵਿਤਾ ਅਨੁਸਾਰ ਇਹ ਕੁੜੀਆਂ ਭਾਵਨਾਤਮਕ ਤੌਰ 'ਤੇ ਕਮਜ਼ੋਰ ਹੁੰਦੀਆਂ ਹਨ। ਜ਼ਰਾ ਜਿਹਾ ਕਿਸੇ ਨੇ ਮੋਢੇ 'ਤੇ ਹੱਥ ਰੱਖ ਲਿਆ ਤਾਂ ਉਸ ਨੂੰ ਇਸ਼ਕ ਸਮਝਣ ਲੱਗਦੀਆਂ ਹਨ।
ਹਰ ਦਿਨ ਕੁੜੀਆਂ ਨੂੰ ਕੌਸਲਿੰਗ ਕਰਨ ਹੁੰਦੀ ਹੈ। ਉਨ੍ਹਾਂ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਲਗਾਉਣਾ ਪੈਂਦਾ ਹੈ, ਉਹ ਵੀ ਉਨ੍ਹਾਂ ਦਾ ਦੋਸਤ ਬਣ ਕੇ।
ਜੋ ਵੀ ਪੜ੍ਹਨ ਵਾਲੀਆਂ ਕੁੜੀਆਂ ਹਨ ਉਨ੍ਹਾਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਜਦਕਿ ਦੂਜਿਆਂ ਲਈ ਹੋਰ ਤਰੀਕੇ ਲੱਭੇ ਜਾਂਦੇ ਹਨ।
ਜਿਵੇਂ ਇੱਕ ਬੱਚੀ ਹੈ, ਉਸ ਨੂੰ ਪੜ੍ਹਾਈ ਦਾ ਸ਼ੌਕ ਨਹੀਂ ਹੈ ਤਾਂ ਨਵਿਤਾ ਜੋਸ਼ੀ ਉਸ ਨੂੰ ਕਹਿੰਦੀ ਹੈ ਕਿ, ਤੇਰਾ ਵਿਆਹ ਕਰਨਾ ਹੈ ਇਸ ਸਾੜੀ ਤਿਆਰ ਕਰੋ, ਉਸ ਤੇ ਇੰਝ ਕਢਾਈ ਕਰੋ, ਇਹ ਪੇਂਟਿੰਗ ਕਰੋ।
ਅੱਜਕੱਲ ਉਹ ਬੱਚੀ ਆਪਣੇ ਵਿਆਹ ਦਾ ਸਾਮਾਨ ਤਿਆਰ ਕਰ ਰਹੀ ਹੈ।
ਪੰਜਾਬ ਵਿੱਚ ਕਈ ਯਤੀਮਖਾਨਿਆਂ ਤੋਂ ਨਿਕਲੇ ਬੱਚੇ ਊਧਮ ਸਿਘ ਤੋਂ ਲੈ ਕੇ ਫੌਜੀ ਅਫ਼ਸਰ, ਸਰਕਾਰੀ ਅਧਿਕਾਰੀ, ਵਿਦੇਸ਼ਾ ਵਿੱਚ ਕੀਰਤਨ ਕਰਨ ਵਾਲੇ ਰਾਗੀ ਬਣੇ ਅਤੇ ਸਮਾਜ ਵਿੱਚ ਇੱਕ ਸਨਮਾਨ ਭਰਿਆ ਜੀਵਨ ਜੀਅ ਰਹੇ ਹਨ।
ਸ਼ਰਤ ਇਹ ਹੈ ਕਿ ਇਨ੍ਹਾਂ ਬਾਰੇ ਕੰਮ ਵਪਾਰ ਸਮਝ ਕੇ ਨਹੀਂ ਸੇਵਾ ਮੰਨ ਕੇ ਕੀਤਾ ਜਾਵੇ।
ਤੁਹਾਨੂੰ ਇਹ ਵੀਡੀਓ ਪਸੰਦਾ ਆ ਸਕਦਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












