ਪਿਤਾ ਦਾ ਅੰਤਿਮ ਸੰਸਕਾਰ ਕਰਨ ਵਾਲੀਆਂ ਧੀਆਂ ਨੂੰ ਅਜਿਹੀ ਸਜ਼ਾ ਕਿਉਂ

ਰਾਜਸਥਾਨ, ਅੰਤਿਮ ਸੰਸਕਾਰ

ਤਸਵੀਰ ਸਰੋਤ, Meena Regar

ਤਸਵੀਰ ਕੈਪਸ਼ਨ, ਜਦੋਂ ਮੀਨਾ ਅਤੇ ਉਨ੍ਹਾਂ ਦੀਆਂ ਤਿੰਨ ਭੈਣਾਂ ਨੇ ਆਪਣੇ ਪਿਤਾ ਦਾ ਅਤਿੰਮ ਸੰਸਕਾਰ ਕਰਨ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਨੂੰ ਸਮਾਜ ਵਿੱਚੋਂ ਬੇਦਖ਼ਲ ਹੋਣਾ ਪਿਆ
    • ਲੇਖਕ, ਕਮਲੇਸ਼
    • ਰੋਲ, ਬੀਬੀਸੀ ਪੱਤਰਕਾਰ

''ਜਦੋਂ ਅਸੀਂ ਹੀ ਆਪਣੇ ਪਿਤਾ ਦਾ ਖਿਆਲ ਰੱਖਿਆ ਅਤੇ ਮਦਦ ਕਰਨ ਕੋਈ ਨਹੀਂ ਆਇਆ ਤਾਂ ਆਖ਼ਰੀ ਸਮੇਂ ਅਸੀਂ ਆਪਣੇ ਹੀ ਪਿਤਾ ਦੀ ਚਿਤਾ ਨੂੰ ਅੱਗ ਕਿਉਂ ਨਹੀਂ ਦੇ ਸਕਦੇ?''

ਇਹ ਸਵਾਲ ਹੈ ਰਾਜਸਥਾਨ ਦੀ ਰਹਿਣ ਵਾਲੀ ਮੀਨਾ ਰੇਗਰ ਦਾ ਜਿਨ੍ਹਾਂ ਦੇ ਪਰਿਵਾਰ ਨੂੰ ਪਿਤਾ ਦਾ ਅੰਤਿਮ ਸੰਸਕਾਰ ਧੀਆਂ ਤੋਂ ਕਰਵਾਉਣ ਦੀ ਸਜ਼ਾ ਭੁਗਤਣੀ ਪਈ।

ਮੀਨਾ ਦੇ ਪੇਕੇ ਬੂੰਦੀ ਵਿੱਚ ਹਨ ਅਤੇ ਉਹ ਕੋਟਾ ਵਿੱਚ ਆਪਣੇ ਸਹੁਰੇ ਰਹਿੰਦੀ ਹੈ। ਉਨ੍ਹਾਂ ਦੇ ਪਿਤਾ ਦੁਰਗਾਸ਼ੰਕਰ ਦੀ ਮੌਤ ਜੁਲਾਈ ਵਿੱਚ ਹੋਈ ਸੀ।

ਇਹ ਵੀ ਪੜ੍ਹੋ:

ਜਦੋਂ ਮੀਨਾ ਅਤੇ ਉਨ੍ਹਾਂ ਦੀਆਂ ਤਿੰਨ ਭੈਣਾਂ ਨੇ ਆਪਣੇ ਪਿਤਾ ਦਾ ਅਤਿੰਮ ਸੰਸਕਾਰ ਕਰਨ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਨੂੰ ਸਮਾਜ ਵਿੱਚੋਂ ਬੇਦਖ਼ਲ ਹੋਣਾ ਪਿਆ ਅਤੇ ਉਸ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਇਕੱਲਾ ਛੱਡ ਕੇ ਚਲੇ ਗਏ।

ਮੀਨਾ ਦੱਸਦੀ ਹੈ, ''ਘਰ ਦਾ ਖਰਚਾ ਪਿਤਾ ਦੇ ਮੋਢਿਆਂ 'ਤੇ ਸੀ ਪਰ 2012 ਵਿੱਚ ਉਨ੍ਹਾਂ ਨੂੰ ਲਕਵਾ ਮਾਰ ਗਿਆ। ਉਦੋਂ ਤੋਂ ਘਰ ਦੀ ਮਾਲੀ ਹਾਲਤ ਖ਼ਰਾਬ ਹੋਣ ਲੱਗੀ।"

''ਅਜਿਹੇ ਵਿੱਚ ਮਾਂ ਅਤੇ ਅਸੀਂ ਸਾਰੀਆਂ ਭੈਣਾਂ ਨੇ ਹੀ ਕਿਸੇ ਤਰ੍ਹਾਂ ਘਰ ਸਾਂਭਿਆ। ਉਦੋਂ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ। ਕਿਸੇ ਤਰ੍ਹਾਂ ਭੈਣਾਂ ਦਾ ਵਿਆਹ ਹੋਇਆ ਅਤੇ ਸਹੁਰਿਆਂ ਤੋਂ ਮਦਦ ਮਿਲੀ।''

''ਇੱਕ ਵਾਰ ਪਿਤਾ ਨੇ ਕਿਹਾ ਸੀ ਕਿ ਸਾਡੇ ਮੁਸ਼ਕਿਲ ਸਮੇਂ ਵਿੱਚ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ। ਸਭ ਕੁਝ ਤੁਸੀਂ ਕੁੜੀਆਂ ਨੇ ਸਾਂਭਿਆ ਹੈ ਇਸ ਲਈ ਮੇਰੀ ਚਿਤਾ ਨੂੰ ਅੱਗ ਵੀ ਤੁਸੀਂ ਹੀ ਦੇਣਾ। ਸ਼ਾਇਦ ਉਨ੍ਹਾਂ ਨੂੰ ਪਤਾ ਵੀ ਸੀ ਕਿ ਅਸੀਂ ਇਹ ਕਰ ਲਵਾਂਗੇ।''

ਰਾਜਸਥਾਨ, ਅੰਤਿਮ ਸੰਸਕਾਰ

ਤਸਵੀਰ ਸਰੋਤ, Meena Regar

ਤਸਵੀਰ ਕੈਪਸ਼ਨ, ਜਦੋਂ ਚਾਰੇ ਭੈਣਾਂ ਮੋਢੇ 'ਤੇ ਆਪਣੇ ਪਿਤਾ ਦੀ ਅਰਥੀ ਨੂੰ ਲੈ ਕੇ ਜਾ ਰਹੀਆਂ ਸੀ ਤਾਂ ਪੂਰਾ ਪਿੰਡ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ ਕਿਉਂਕਿ ਉਹ ਹੋ ਰਿਹਾ ਸੀ ਜੋ ਕਦੇ ਨਹੀਂ ਹੋਇਆ

ਪਰ ਮੀਨਾ ਅਤੇ ਉਨ੍ਹਾਂ ਦੀਆਂ ਭੈਣਾਂ ਨੂੰ ਇਸ ਹਿੰਮਤ ਦੀ ਕੀਮਤ ਚੁਕਾਉਣੀ ਪਈ ਅਤੇ ਜਿਸ ਦਿਨ ਪਿਤਾ ਦਾ ਅੰਤਿਮ ਸੰਸਕਾਰ ਹੋਇਆ ਉਸੇ ਦਿਨ ਪਰਿਵਾਰ ਨੂੰ ਸਮਾਜ ਵਿੱਚੋਂ ਬਾਹਰ ਕੱਢ ਦਿੱਤਾ ਗਿਆ।

ਮੀਨਾ ਦੱਸਦੀ ਹੈ, ''ਜਦੋਂ ਪਿਤਾ ਦੀ ਅਰਥੀ ਤਿਆਰ ਕੀਤੀ ਗਈ ਤਾਂ ਮੈਂ ਅਤੇ ਮੇਰੀਆਂ ਭੈਣਾਂ ਉਸ ਨੂੰ ਚੁੱਕਣ ਲਈ ਅੱਗੇ ਗਈਆਂ। ਇਹ ਦੇਖਦੇ ਹੀ ਸਾਰੇ ਹੈਰਾਨ ਹੋ ਗਏ ਅਤੇ ਸਾਨੂੰ ਟੋਕਣ ਲੱਗੇ। ਉਦੋਂ ਅਸੀਂ ਦੱਸਿਆ ਕਿ ਪਾਪਾ ਦੀ ਇਹੀ ਇੱਛਾ ਸੀ ਪਰ ਸਾਡੇ ਪਰਿਵਾਰ ਵਾਲੇ ਹੀ ਇਸਦਾ ਵਿਰੋਧ ਕਰਨ ਲੱਗੇ।''

''ਮੇਰੇ ਤਾਇਆਂ-ਚਾਚਿਆਂ ਤੱਕ ਨੇ ਕਿਹਾ ਕਿ ਕੁੜੀਆਂ ਇਸ ਤਰ੍ਹਾਂ ਖੜ੍ਹੀਆਂ ਹੋ ਗਈਆਂ ਹਨ। ਕੀ ਅਸੀਂ ਲੋਕ ਮਰ ਗਏ ਹਾਂ! ਇਸ ਤੋਂ ਬਾਅਦ ਪਾਪਾ ਨੂੰ ਮੋਢਾ ਦੇਣ ਤੋਂ ਪਹਿਲਾਂ ਹੀ ਉਹ ਲੋਕ ਚਲੇ ਗਏ।''

ਸਮਾਜ ਨੇ ਕੀਤਾ ਬਾਹਰ

ਪਰ ਗੱਲ ਇੱਥੇ ਹੀ ਖ਼ਤਮ ਨਹੀਂ ਹੋਈ। ਜਦੋਂ ਚਾਰੇ ਭੈਣਾਂ ਮੋਢੇ 'ਤੇ ਆਪਣੇ ਪਿਤਾ ਦੀ ਅਰਥੀ ਨੂੰ ਲੈ ਕੇ ਜਾ ਰਹੀਆਂ ਸੀ ਤਾਂ ਪੂਰਾ ਪਿੰਡ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ ਕਿਉਂਕਿ ਉੱਥੇ ਉਹ ਹੋ ਰਿਹਾ ਸੀ ਜੋ ਕਦੇ ਨਹੀਂ ਹੋਇਆ। ਫਿਰ ਪੰਚਾਇਤ ਨੇ ਇਸਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਸਮਾਜ ਤੋਂ ਬਾਹਰ ਕਰ ਦਿੱਤਾ ਗਿਆ।

ਮੀਨਾ ਕਹਿੰਦੀ ਹੈ, ''ਸਾਡੇ ਇੱਥੇ ਪਰੰਪਰਾ ਹੈ ਕਿ ਅੰਤਿਮ ਸੰਸਕਾਰ ਤੋਂ ਬਾਅਦ ਪਿੰਡ ਵਿੱਚ ਬਣੇ ਸਾਮੁਦਾਇਕ ਭਵਨ ਵਿੱਚ ਨਹਾਉਣਾ ਹੁੰਦਾ ਹੈ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਭਵਨ ਨੂੰ ਤਾਲਾ ਲੱਗਿਆ ਹੋਇਆ ਸੀ। ਅਸੀਂ ਸਮਝ ਗਏ ਕਿ ਸਾਡੇ ਨਾਲ ਕੀ ਕੀਤਾ ਜਾ ਰਿਹਾ ਹੈ। ਸਾਨੂੰ ਘਰ ਜਾ ਕੇ ਹੀ ਨਹਾਉਣਾ ਪਿਆ।''

''ਅਜਿਹੇ ਸਮੇਂ ਵਿੱਚ ਲੋਕ ਤੁਹਾਨੂੰ ਸਹਾਰਾ ਦਿੰਦੇ ਹਨ ਅਤੇ ਮਿਲਣ ਆਉਂਦੇ ਹਨ ਪਰ ਸਾਨੂੰ ਇਕੱਲਾ ਛੱਡ ਦਿੱਤਾ ਗਿਆ। ਰਵਾਇਤ ਮੁਤਾਬਕ ਜਿਸ ਦਿਨ ਘਰ ਮੌਤ ਹੁੰਦੀ ਹੈ ਉਸ ਦਿਨ ਖਾਣਾ ਨਹੀਂ ਬਣਦਾ। ਪਿੰਡ ਦੇ ਲੋਕ ਖਾਣਾ ਦਿੰਦੇ ਹਨ। ਪਰ ਸਾਨੂੰ ਕਿਸੇ ਨੇ ਨਹੀਂ ਦਿੱਤਾ। ਸਾਨੂੰ ਰਵਾਇਤ ਤੋੜਨੀ ਪਈ ਅਤੇ ਘਰ ਵਿੱਚ ਰੋਟੀ ਬਣਾਉਣੀ ਪਈ।''

ਅੰਤਿਮ ਸੰਸਕਾਰ

ਤਸਵੀਰ ਸਰੋਤ, DDNEWS

ਤਸਵੀਰ ਕੈਪਸ਼ਨ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਮੂੰਹ ਬੋਲੀ ਧੀ ਨਮਿਤਾ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਦਿੱਤੀ ਸੀ

''ਇੱਕ ਪਾਸੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਅਤੇ ਦੂਜੇ ਪਾਸੇ ਸਮਾਜ ਨੇ ਵੱਖ ਕਰ ਦਿੱਤਾ ਸੀ। ਪਰ ਅਸੀਂ ਕਿਸੇ ਵੀ ਹਾਲਾਤ ਲਈ ਤਿਆਰ ਸੀ ਕਿਉਂਕਿ ਅਸੀਂ ਕੁਝ ਗ਼ਲਤ ਨਹੀਂ ਕੀਤਾ ਸੀ।''

ਹਾਲਾਂਕਿ, ਪੰਚਾਇਤ ਦੀਆਂ ਇਹ ਪਾਬੰਦੀਆਂ ਜ਼ਿਆਦਾ ਸਮਾਂ ਨਹੀਂ ਚੱਲ ਸਕੀਆਂ। ਪੁਲਿਸ ਅਤੇ ਮੀਡੀਆ ਦੇ ਦਖ਼ਲ ਨਾਲ ਉਹ ਲੋਕ ਥੋੜ੍ਹਾ ਡਰ ਗਏ ਅਤੇ ਪਿੱਛੇ ਹਟ ਗਏ।

ਸਮਾਜ ਵਿੱਚ ਇਹ ਰਵਾਇਤ ਹੈ ਕਿ ਮਾਤਾ-ਪਿਤਾ ਦਾ ਅਤਿੰਮ ਸੰਸਕਾਰ ਅਤੇ ਉਸ ਤੋਂ ਬਾਅਦ ਦੀਆਂ ਪ੍ਰਕਿਰਿਆਵਾਂ ਮੁੰਡਾ ਹੀ ਕਰਦਾ ਹੈ। ਜਿਨ੍ਹਾਂ ਦੇ ਮੁੰਡੇ ਨਹੀਂ ਹੁੰਦੇ ਉਨ੍ਹਾਂ ਦਾ ਇਹ ਕਾਰਜ ਕਰੀਬੀ ਰਿਸ਼ਤੇਦਾਰਾਂ ਦਾ ਮੁੰਡਾ ਕਰ ਸਕਦਾ ਹੈ।

ਇਹ ਵੀ ਪੜ੍ਹੋ:

ਪਰ ਹੁਣ ਲੋਕ ਇਸ ਪਰੰਪਰਾ ਨੂੰ ਤੋੜਨ ਵੀ ਲੱਗੇ ਹਨ। ਕੁਝ ਮਾਮਲੇ ਅਜਿਹੇ ਸਾਹਮਣੇ ਆਏ ਹਨ ਜਿੱਥੇ ਕੁੜੀਆਂ ਨੇ ਆਪਣੇ ਮਾਤਾ-ਪਿਤਾ ਦਾ ਅੰਤਿਮ ਸੰਸਕਾਰ ਕੀਤਾ ਹੈ।

ਹਾਲ ਹੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਮੂੰਹ ਬੋਲੀ ਧੀ ਨਮਿਤਾ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਦਿਖਾਈ ਸੀ।

ਨਮਿਤਾ, ਰਾਜਕੁਮਾਰੀ ਕੌਲ ਅਤੇ ਪ੍ਰੋਫੈਸਰ ਬੀਐਨ ਕੌਲ ਦੀ ਧੀ ਹੈ। ਉਨ੍ਹਾਂ ਨੂੰ ਵਾਜਪਈ ਨੇ ਗੋਦ ਲਿਆ ਸੀ।

ਅਟਲ ਬਿਹਾਰੀ ਵਾਜਪਈ ਦੇ ਅੰਤਿਮ ਸੰਸਕਾਰ ਦਾ ਟੀਵੀ 'ਤੇ ਸਿੱਧਾ ਪ੍ਰਸਾਰਣ ਵੀ ਹੋਇਆ ਸੀ ਅਤੇ ਇੱਕ ਧੀ ਵੱਲੋਂ ਚਿਤਾ ਨੂੰ ਅਗਨੀ ਦਿੰਦੇ ਹਜ਼ਾਰਾਂ ਲੋਕਾਂ ਨੇ ਦੇਖਿਆ ਵੀ ਸੀ।

ਫਿਰ ਵੀ ਇਸ ਤਰ੍ਹਾਂ ਦੀਆਂ ਉਦਹਾਰਣਾਂ ਅਜੇ ਬਹੁਤ ਘੱਟ ਹਨ ਅਤੇ ਸਮਾਜ ਵਿੱਚ ਇਸਦੀ ਸਵੀਕਾਰਤਾ ਵੀ ਸ਼ੁਰੂਆਤੀ ਦੌਰ ਵਿੱਚ ਹੈ।

ਲੋਕ ਕਹਿੰਦੇ ਤਾਂ ਹਨ ਕਿ ਧੀਆਂ ਵੀ ਓਨੀਆਂ ਹੀ ਪਿਆਰੀਆਂ ਹੁੰਦੀਆਂ ਹਨ ਜਿੰਨੇ ਪੁੱਤ, ਪਰ ਫਿਰ ਵੀ ਧੀਆਂ ਨੂੰ ਆਪਣੇ ਹੀ ਮਾਤਾ-ਪਿਤਾ ਦੇ ਅੰਤਿਮ ਸੰਸਕਾਰ ਦਾ ਹੱਕ ਕਿਉਂ ਨਹੀਂ ਮਿਲਦਾ?

ਮੁੰਡੇ ਨੂੰ ਹੀ ਅਧਿਕਾਰ ਕਿਉਂ

ਇਸ ਸਬੰਧ ਵਿੱਚ ਸਮਾਜਿਕ ਕਾਰਕੁਨ ਸਵਾਮੀ ਅਗਨੀਵੇਸ਼ ਕਹਿੰਦੇ ਹਨ, ''ਸਾਡੇ ਇੱਥੇ ਕੁਝ ਪਰੰਪਰਾਵਾਂ ਜ਼ਰੀਏ ਔਰਤਾਂ ਨੂੰ ਪ੍ਰੇਸ਼ਾਨ ਕਰਨ ਦੇ ਤਰੀਕੇ ਕੱਢੇ ਗਏ ਹਨ। ਇਸਦੇ ਜ਼ਰੀਏ ਉਨ੍ਹਾਂ ਨੂੰ ਹੇਠਲੇ ਦਰਜੇ 'ਤੇ ਰੱਖਿਆ ਜਾਂਦਾ ਹੈ। ਪੀਰੀਅਡਜ਼ ਵਿੱਚ ਮੰਦਿਰ ਨਾ ਜਾਣ ਵਰਗੇ ਨਿਯਮਾਂ ਦੀ ਤਰ੍ਹਾਂ ਉਨ੍ਹਾਂ ਨੂੰ ਅਛੂਤ ਮਹਿਸੂਸ ਕਰਵਾਇਆ ਜਾਂਦਾ ਹੈ।''

ਰਾਜਸਥਾਨ, ਅੰਤਿਮ ਸੰਸਕਾਰ

ਤਸਵੀਰ ਸਰੋਤ, Meena Regar

ਤਸਵੀਰ ਕੈਪਸ਼ਨ, ਮੀਨਾ ਮੁਤਾਬਕ ਉਸਦੇ ਤਾਇਆਂ-ਚਾਚਿਆਂ ਨੇ ਉਸਦੇ ਪਿਤਾ ਦੀ ਅਰਥੀ ਨੂੰ ਮੋਢਾ ਤੱਕ ਨਹੀਂ ਦਿੱਤਾ

''ਮੁੰਡੇ ਤੋਂ ਅੰਤਿਮ ਸੰਸਕਾਰ ਕਰਵਾਉਣਾ ਉਸ ਨੂੰ ਮਾਤਾ-ਪਿਤਾ 'ਤੇ ਵੱਧ ਅਧਿਕਾਰ ਦਿੰਦਾ ਹੈ। ਇਹ ਮਾਨਸਿਕਤਾ ਹੈ ਕਿ ਜੇਕਰ ਕੁੜੀ ਤੋਂ ਵੀ ਇਹ ਕਰਵਾਇਆ ਜਾਵੇਗਾ ਤਾਂ ਉਹ ਜ਼ਿਆਦਾ ਅਧਿਕਾਰ ਅਤੇ ਖ਼ਾਸ ਤੌਰ 'ਤੇ ਜਾਇਦਾਦ ਦਾ ਹੱਕ ਨਾ ਮੰਗਣ ਲੱਗ ਜਾਵੇ। ਹਾਲਾਂਕਿ, ਹੁਣ ਜਿਹੜਾ ਕਾਨੂੰਨ ਹੈ ਉਹ ਕੁੜੀਆਂ ਦੇ ਪੱਖ ਵਿੱਚ ਹੈ ਅਤੇ ਉਨ੍ਹਾਂ ਨੂੰ ਇਹ ਸਭ ਅਧਿਕਾਰ ਦਿੰਦਾ ਹੈ।''

ਸਵਾਮੀ ਅਗਨੀਵੇਸ਼ ਕਹਿੰਦੇ ਹਨ ਕਿ ਜਿਸ ਧਰਮ ਨੂੰ ਆਧਾਰ ਬਣਾ ਕੇ ਇਹ ਸਾਰੀਆਂ ਪਰੰਪਰਾਵਾਂ ਚੱਲ ਰਹੀਆਂ ਹਨ ਉਹ ਹੀ ਇਸ ਨੂੰ ਗ਼ਲਤ ਮੰਨਦਾ ਹੈ।

ਵੇਦਾਂ ਉਪਨਿਸ਼ਦਾਂ ਵਿੱਚ ਵੀ ਅਜਿਹੇ ਕਿਸੇ ਭੇਦਭਾਵ ਦੀ ਗੱਲ ਨਹੀਂ ਕੀਤੀ ਗਈ ਸਗੋਂ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ।

ਬਦਲਦੇ ਸਮੇਂ ਦੇ ਨਾਲ ਲੋਕਾਂ ਨੂੰ ਰੂੜੀਵਾਦ ਨੂੰ ਛੱਡਣਾ ਚਾਹੀਦਾ ਹੈ। ਕੁੜੀਆਂ ਨੂੰ ਆਪਣੇ ਮਾਤਾ-ਪਿਤਾ 'ਤੇ ਪੂਰਾ ਅਧਿਕਾਰ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਉੱਥੇ ਹੀ ਸਮਾਜਿਕ ਕਾਰਕੁਨ ਕਮਲਾ ਭਸੀਨ ਕਹਿੰਦੀ ਹੈ, ''ਕਿਸੇ ਵੀ ਤਰ੍ਹਾਂ ਦੇ ਧਾਰਮਿਕ ਕੰਮਾਂ ਤੋਂ ਔਰਤਾਂ ਦੀ ਦੂਰੀ ਬਣਾਉਣ ਦਾ ਮਤਲਬ ਹੀ ਇਹੀ ਹੁੰਦਾ ਹੈ ਕਿ ਉਨ੍ਹਾਂ ਨੂੰ ਯਾਦ ਕਰਵਾਉਂਦੇ ਰਹੋ ਕਿ ਤੁਸੀਂ ਹੇਠਲੇ ਦਰਜੇ ਦੇ ਹੋ। ਜਿਵੇਂ ਕਿ ਦਲਿਤਾ ਦੇ ਨਾਲ ਵੀ ਹੁੰਦਾ ਹੈ। ਜਦਕਿ ਮੇਰਾ ਭਰਾ ਹੁੰਦੇ ਹੋਏ ਵੀ ਮੈਂ ਖ਼ੁਦ ਆਪਣੀ ਮਾਂ ਦਾ ਅੰਤਿਮ ਸੰਸਕਾਰ ਕੀਤਾ ਸੀ।''

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)