ਮੁਸਲਮਾਨ ਨਹੀਂ ਚਾਹੀਦੇ ਕਹਿਣ ਨਾਲ ਹਿੰਦੂਤਵ ਨਹੀਂ ਰਹੇਗਾ-ਆਰਐੱਸਐੱਸ ਪ੍ਰਮੁੱਖ ਮੋਹਨ ਭਾਗਵਤ

ਰਾਸ਼ਟਰੀਯ ਸਵੈਮ ਸੇਵਕ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਕਿਹਾ ਹੈ ਕਿ ਹਿੰਦੂਤਵ ਇੱਕ ਸਰਬਸਾਂਝਾ ਵਿਚਾਰ ਹੈ, ਜੋ ਪਰੰਪਰਾ ਤੋਂ ਚੱਲਿਆ ਆ ਰਿਹਾ ਹੈ। ਇਹ ਵਿਚਾਰ ਵਿਭਿੰਨਤਾ ਦੇ ਸਨਮਾਨ ਕਾਰਨ ਚੱਲਦਾ ਆ ਰਿਹਾ ਹੈ।

ਦਿੱਲੀ ਦੇ ਵਿਗਿਆਨ ਭਵਨ ਵਿਚ ਚੱਲ ਰਹੇ ਤਿੰਨ ਰੋਜ਼ਾ ਸੰਮੇਲਨ ਦੇ ਦੂਜੇ ਦਿਨ 'ਭਵਿੱਖ ਦਾ ਭਾਰਤ' ਮੁੱਦੇ ਉੱਤੇ ਬੋਲਦਿਆਂ ਉਨ੍ਹਾਂ ਹਿੰਦੂਤਵ ਆਪਣੇ ਸੰਘ ਦਾ ਦ੍ਰਿਸ਼ਟੀਕੋਣ ਸਾਂਝਾ ਕੀਤਾ ।

ਉਨ੍ਹਾਂ ਕਿਹਾ ਕਿ ਵੈਦਿਕ ਕਾਲ ਵਿਚ ਹਿੰਦੂ ਨਾਮ ਦਾ ਕੋਈ ਧਰਮ ਨਹੀਂ ਸੀ ਬਲਕਿ ਸਨਾਤਨ ਧਰਮ ਹੁੰਦਾ ਸੀ।ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਜੋ ਕੁਝ ਹੋ ਰਿਹਾ ਹੈ ਉਹ ਧਰਮ ਨਹੀਂ ਹੈ, "ਜਿਸ ਦਿਨ ਅਸੀਂ ਕਹਾਂਗੇ ਕਿ ਸਾਨੂੰ ਮੁਸਲਮਾਨ ਨਹੀਂ ਚਾਹੀਦੇ ਉਸ ਦਿਨ ਹਿੰਦੂਤਵ ਨਹੀਂ ਰਹੇਗਾ।"

ਇਹ ਵੀ ਪੜ੍ਹੋ-

ਮੋਹਨ ਭਾਗਵਤ ਨੇ ਦਾਅਵਾ ਕੀਤਾ ਕਿ ਸੰਘ ਸੰਪੂਰਨ ਸਮਾਜ ਨੂੰ ਜੋੜਨ ਦਾ ਕਾਰਜ ਕਰਦਾ ਹੈ ਅਤੇ ਰਾਜਨੀਤੀ ਤੋਂ ਦੂਰ ਰਹਿੰਦਾ ਹੈ।

'ਰਾਜਨੀਤੀ ਨਹੀਂ ਕਰਦੇ'

ਸੰਘ ਮੁਖੀ ਨੇ ਇਹ ਵੀ ਦਾਅਵਾ ਕੀਤਾ ਕਿ ਮੌਜੂਦਾ ਕੇਂਦਰੀ ਸਰਕਾਰ ਦੀਆਂ ਨੀਤੀਆਂ ਵਿਚ ਸੰਘ ਦਾ ਕੋਈ ਦਖਲ ਨਹੀਂ ਹੈ।

ਭਾਗਵਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਕਦੇ ਕਿਸੇ ਸਵੈਮ ਸੇਵਕ ਨੂੰ ਕਿਸੇ ਖਾਸ ਸਿਆਸੀ ਪਾਰਟੀ ਦਾ ਸਮਰਥਨ ਕਰਨ ਲਈ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਕੌਣ ਰਾਜ ਕਰੇਗਾ ਇਹ ਲੋਕਾ ਤੈਅ ਕਰਨਗੇ। ਭਾਗਵਤ ਨੇ ਕਿਹਾ, 'ਅਸੀਂ ਰਾਜਨੀਤੀ ਤੋਂ ਵੱਧ ਰਾਸ਼ਟਰਨੀਤੀ ਬਾਰੇ ਸੋਚਦੇ ਹਾਂ, ਨੀਤੀ ਕਿਸੇ ਦੀ ਵੀ ਹੋ ਸਕਦੀ ਹੈ।ਸਾਡੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਹੈ ਅਤੇ ਨਾ ਹੀ ਕਿਸੇ ਨਾਲ ਜ਼ਿਆਦਾ ਦੋਸਤੀ ਹੈ। '

ਸਮਾਗਮ ਦੇ ਆਖ਼ਰੀ ਦਿਨ ਮੋਹਨ ਭਾਗਵਤ ਲੋਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)