ਨਵਜੋਤ ਸਿੰਘ ਸਿੱਧੂ: ਸੁਸ਼ਮਾ ਸਵਰਾਜ ਨੇ ਕਿਹਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਜਲਦ ਚਿੱਠੀ ਭੇਜਣਗੇ

ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਲੈ ਕੇ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਸਰਕਾਰ ਸਾਕਾਰਾਤਮਕ ਕਦਮ ਚੁੱਕੇਗੀ।

ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰਨਸ ਦੇ ਦੌਰਾਨ ਸਿੱਧੂ ਨੇ ਕਿਹਾ ਕਿ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਇੱਕ ਡਰਾਫਟ ਤਿਆਰ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਉਹ ਪਾਕਿਸਤਾਨ ਸਰਕਾਰ ਨੂੰ ਲਾਂਘਾ ਖੋਲ੍ਹਣ ਲਈ ਚਿੱਠੀ ਲਿਖਣਗੇ।

ਸਿੱਧੂ, ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੱਦੇ 'ਤੇ ਪਾਕਿਸਤਾਨ ਗਏ ਸਨ ਅਤੇ ਉੱਥੇ ਇਹ ਮੁੱਦਾ ਚੁੱਕਿਆ ਗਿਆ ਸੀ।

ਇਸ ਤੋਂ ਬਾਅਦ ਬੀਬੀਸੀ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ,"ਕਰਤਾਰਪੁਰ ਸਰਹੱਦ ਖੋਲ੍ਹੀ ਜਾ ਰਹੀ ਹੈ, ਗੁਰਦੁਆਰੇ ਤੱਕ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਹੋਵੇਗੀ।

ਇਹ ਵੀ ਪੜ੍ਹੋ:

ਉੱਥੋਂ ਤੱਕ ਆਉਣ ਲਈ ਰਸਤਾ ਬਣਾਇਆ ਜਾਵੇਗਾ। ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਟਿਕਟ ਖਰੀਦ ਕੇ ਆ ਸਕਣਗੇ ਅਤੇ ਮੱਥਾ ਟੇਕਣ ਤੋਂ ਬਾਅਦ ਵਾਪਸ ਜਾ ਸਕਣਗੇ।''

'ਸਿੱਖ ਆਪਣੇ ਮੱਕੇ ਨਹੀਂ ਜਾ ਸਕੇ'

ਸਿੱਧੂ ਨੇ ਕਿਹਾ ਕਿ 1947 ਤੋਂ ਬਾਅਦ ਸਿੱਖ ਆਪਣੇ ਮੱਕੇ ਦੇ ਦਰਸ਼ਨ ਨਹੀਂ ਕਰ ਸਕੇ ਹਨ।

ਉਨ੍ਹਾਂ ਕਿਹਾ, "ਸਾਨੂੰ ਆਪਣੇ ਮੱਕਾ ਜਾਣ ਤੋਂ ਮਨਾਹੀ ਹੈ। ਮੇਰੀ ਗੁਜ਼ਾਰਿਸ਼ ਹੈ ਕਿ 10 ਕਰੋੜ ਤੋਂ ਵੱਧ ਨਾਨਕ ਨਾਮ ਲੇਵਾ ਭਗਤਾਂ ਨੂੰ ਉਨ੍ਹਾਂ ਦੇ ਮੱਕਾ ਜਾਣ ਦੀ ਇਜਾਜ਼ਤ ਮਿਲੇ।"

"ਪਾਕਿਸਤਾਨ ਨੇ ਕਿਹਾ ਹੈ ਕਿ ਜੇ ਭਾਰਤ ਵੱਲੋਂ ਇਸ ਮਾਮਲੇ ਵਿੱਚ ਕੋਈ ਚਿੱਠੀ ਆਉਂਦੀ ਹੈ ਤਾਂ ਉਹ ਸਕਾਰਾਤਮਕ ਜਵਾਬ ਦੇਣਗੇ।"

ਸਿੱਧੂ ਨੇ ਕਿਹਾ, "ਹਰ ਭਾਰਤੀ ਕਰਤਾਰਪੁਰ ਸਾਹਿਬ ਜਾਣਾ ਚਾਹੁੰਦਾ ਹੈ। ਰਸਤਾ ਤਾਂ ਪਾਕਿਸਤਾਨ ਦਾ ਹੈ। ਅਸੀਂ ਤਾਂ ਸਿਰਫ ਜਾਣਾ ਹੈ।"

"ਅਸੀਂ ਮਾਨਸਰੋਵਰ ਜਾਂਦੇ ਹਾਂ, ਤਿਰੂਪਤੀ ਜਾਂਦੇ ਹਾਂ, ਪਰ ਆਪਣੇ ਮੱਕਾ ਨਹੀਂ ਜਾ ਸਕਦੇ।"

ਇਹ ਵੀ ਪੜ੍ਹੋ:

'ਸਿੱਧੂ ਨੇ ਮਾਮਲੇ ਨੂੰ ਉਲਝਾਅ ਦਿੱਤਾ ਹੈ'

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਵਾਬੀ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੁਸ਼ਮਾ ਸਵਰਾਜ ਵੱਲੋਂ ਇਸ ਮਾਮਲੇ ਬਾਰੇ ਚਿੱਠੀ ਆਈ ਹੈ ਜਿਸ ਵਿੱਚ ਲਿਖਿਆ ਹੈ ਕਿ ਪਾਕਿਸਤਾਨ ਵੱਲੋਂ ਇਸ ਮਾਮਲੇ ਵਿੱਚ ਕੋਈ ਪਹਿਲ ਨਹੀਂ ਕੀਤੀ ਗਈ ਹੈ।

ਹਰਸਿਮਰਤ ਕੌਰ ਬਾਦਲ ਨੇ ਕਿਹਾ, "ਸਿੱਧੂ ਲੋਕਾਂ ਨੂੰ ਵਰਗਲਾ ਰਹੇ ਹਨ। ਉਹ ਇਸ ਮਾਮਲੇ ਨੂੰ ਉਲਝਾ ਰਹੇ ਹਨ।"

ਉਨ੍ਹਾਂ ਕਿਹਾ, "ਜਦੋਂ ਸਿੱਧੂ ਪਾਕਿਸਤਾਨ ਤੋਂ ਵਾਪਿਸ ਆਏ ਤਾਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਗਏ ਕਿਉਂਕਿ ਉਹ ਉਸ ਇਨਸਾਨ ਨੂੰ ਜੱਫ਼ੀ ਪਾ ਕੇ ਆਏ ਸਨ ਜਿਸ ਨੇ ਸਾਡੇ ਲੋਕਾਂ ਨੂੰ ਮਾਰਿਆ ਸੀ। ਮਾਫੀ ਮੰਗਣ ਦੀ ਥਾਂ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ।"

ਸੁਸ਼ਮਾ ਸਵਰਾਜ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਉਹ ਇਸ ਮਾਮਲੇ ਨੂੰ ਪਾਕਿਸਤਾਨ ਨਾਲ ਚੁੱਕਦੇ ਰਹਿਣਗੇ।

ਇਹ ਵੀ ਪੜ੍ਹੋ:

ਸਿੱਧੂ ਨੂੰ ਜਦੋਂ ਹਰਸਿਮਰਤ ਦੇ ਇਲਜ਼ਾਮਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਸਿੱਧੂ ਨੇ ਕਿਹਾ, "ਗੁਰੂ ਘਰ ਦੀ ਗੱਲ ਹੋ ਰਹੀ ਹੈ, ਮੂੰਹ ਦਾ ਸਵਾਦ ਨਾ ਖਰਾਬ ਕਰੋ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)