ਕੀ ਨਵਜੋਤ ਸਿੰਘ ਸਿੱਧੂ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 'ਪਾਈ ਝਾੜ' - 5 ਅਹਿਮ ਖ਼ਬਰਾਂ

ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਪਾਕਿਸਤਾਨ ਨਾਲ ਗੱਲਬਾਤ ਅੱਗੇ ਵਧਾਉਣ ਲਈ ਕਿਹਾ।

ਅਖ਼ਬਾਰ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਸਿੱਧੂ ਵੱਲੋਂ ਪਾਕਿਸਤਾਨ ਫੌਜ ਮੁਖੀ ਕਮਰ ਬਾਜਵਾ ਨੂੰ ਗਲੇ ਲਾਉਣ ਅਤੇ ਕਰਤਾਰਪੁਰ ਲਾਂਘੇ ਨੂੰ ਸਿਆਸੀ ਮੁੱਦਾ ਬਣਾਉਣ ਕਾਰਨ ਸੁਸ਼ਮਾ ਸਵਰਾਜ ਨਾਰਾਜ਼ ਹਨ। ਭਾਰਤ ਦਾ ਕਹਿਣਾ ਹੈ ਕਿ ਇਸ ਮੁੱਦੇ 'ਤੇ ਅੱਗੇ ਵਧਣ ਤੋਂ ਪਹਿਲਾਂ ਪਾਕਿਸਤਾਨ ਦੇ ਰਸਮੀ ਐਲਾਨ ਦੀ ਉਡੀਕ ਕੀਤੀ ਜਾਵੇਗੀ।

ਕੇਂਦਰੀ ਮੰਤਰੀ ਅਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਦਾਅਵਾ ਕੀਤਾ ਹੈ ਕਿ ਕਰਤਾਪੁਰ ਲਾਂਘੇ ਦੇ ਮੁੱਦੇ ਵਿੱਚ ਦਖਲ ਦੇਣ ਅਤੇ ਪਾਕਿਸਤਾਨ ਦੌਰੇ ਦੀ ਇਜਾਜ਼ਤ ਦਾ ਗਲਤ ਇਸਤੇਮਾਲ ਕਰਨ ਕਾਰਨ ਸੁਸ਼ਮਾ ਸਵਰਾਜ ਨੇ ਨਵਜੋਤ ਸਿੰਘ ਸਿੱਧੂ ਨੂੰ ਫਟਕਾਰ ਲਗਾਈ ਹੈ।

ਇਹ ਵੀ ਪੜ੍ਹੋ:

ਸਿੱਖ ਜਥੇਬੰਦੀਆਂ ਮਿਲਣਗੀਆਂ ਇਮਰਾਨ ਖਾਨ ਨੂੰ

ਦਿ ਟ੍ਰਿਬਿਊਨ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਸਬੰਧੀ ਇੱਕ ਵਫ਼ਦ ਪਾਕਿਸਤਾਨ ਜਾਏਗਾ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਕਰੇਗਾ।

ਸਿਰਸਾ ਨੇ ਕਿਹਾ, "ਇਸ ਸਬੰਧੀ ਭਾਰਤੀ ਹਾਈ ਕਮਿਸ਼ਨ ਨੂੰ ਅਰਜ਼ੀ ਦੇ ਦਿੱਤੀ ਗਈ ਹੈ ਕਿ ਉਹ ਪਾਕਿ ਹਾਈ ਕਮਿਸ਼ਨ ਨਾਲ ਸੰਪਰਕ ਕਰਨ ਤਾਂ ਕਿ ਵਫ਼ਦ ਪਾਕਿਸਤਾਨ ਦਾ ਦੌਰਾ ਕਰ ਸਕੇ।"

ਸਾਡਾ ਵਿਰੋਧ ਕਰਨ ਵਾਲੇ ਵੀ ਸਾਡੇ-ਆਰਐਸਐਸ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਆਰਐਸਐਸ ਦੀ ਦਿੱਲੀ ਵਿਖੇ ਇੱਕ ਕਾਨਕਲੇਵ ਦੌਰਾਨ ਮੋਹਨ ਭਾਗਵਤ ਨੇ ਕਿਹਾ ਕਿ ਅਸੀਂ ਇੱਕਜੁੱਟਤਾ ਵਿੱਚ ਯਕੀਨ ਰੱਖਦੇ ਹਾਂ।

ਉਨ੍ਹਾਂ ਕਿਹਾ, "ਅਸੀਂ ਤਾਂ ਸਰਬ ਲੋਕ ਯੁਕਤ ਭਾਰਤ ਵਾਲੇ ਲੋਕ ਹਾਂ, ਮੁਕਤ ਵਾਲੇ ਨਹੀਂ। ਸੰਘ ਲਈ ਪਰਾਇਆ ਕੋਈ ਨਹੀਂ ਹੈ। ਜੋ ਅੱਜ ਸਾਡਾ ਵਿਰੋਧ ਕਰਦੇ ਹਨ, ਉਹ ਵੀ ਸਾਡੇ ਹਨ, ਇਹ ਪੱਕਾ ਹੈ। ਉਨ੍ਹਾਂ ਦੇ ਵਿਰੋਧ ਨਾਲ ਸਾਡਾ ਨੁਕਸਾਨ ਨਾ ਹੋਵੇ, ਇੰਨਾ ਫਿਕਰ ਅਸੀਂ ਜ਼ਰੂਰ ਕਰਾਂਗੇ।"

ਵਿਜੇ ਮਾਲਿਆ ਲਈ ਹਿਰਾਸਤੀ ਨਹੀਂ ਸਿਰਫ਼ ਜਾਣਕਾਰੀ ਦਾ ਨੋਟਿਸ ਹੋਇਆ ਸੀ ਜਾਰੀ

ਸੀਬੀਆਈ ਨੇ ਪਿਛਲੇ ਹਫ਼ਤੇ ਦਾਅਵਾ ਕੀਤਾ ਸੀ ਕਿ ਵਿਜੇ ਮਾਲਿਆ ਲਈ ਜਾਰੀ ਲੁੱਕ ਆਊਟ ਨੋਟਿਸ ਵਿੱਚ ਹਿਰਾਸਤ ਵਿੱਚ ਲੈਣ ਦੀ ਥਾਂ ਸਿਰਫ਼ ਇਹ ਜਾਣਕਾਰੀ ਦੇਣਾ ਕਿ ਉਹ ਕਦੋਂ ਆ ਜਾਂ ਜਾ ਰਿਹਾ ਹੈ "ਫੈਸਲਾਕੁੰਨ ਗਲਤੀ" ਸੀ।

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਉਨ੍ਹਾਂ ਨੇ ਲਿਖਤੀ ਰੂਪ ਵਿੱਚ ਇਹ ਰਿਕਾਰਡ ਰੱਖਿਆ ਸੀ ਕਿ ਮਾਲਿਆ ਨੂੰ ਹਿਰਾਸਤ ਵਿੱਚ ਲੈਣ ਦੀ ਕੋਈ ਲੋੜ ਨਹੀਂ ਹੈ। ਪਹਿਲੇ ਨੋਟਿਸ (16 ਅਕਤੂਬਰ, 2015) ਵਿੱਚ ਲਿਖਿਆ ਗਿਆ ਸੀ "ਮੁਲਜ਼ਮ ਦੇ ਭਾਰਤ ਛੱਡਣ 'ਤੇ ਰੋਕ"।

24 ਨਵੰਬਰ, 2015 ਨੂੰ ਮੁੰਬਈ ਪੁਲਿਸ ਨੂੰ ਭੇਜੇ ਗਏ ਦੂਜੇ ਨੋਟਿਸ ਵਿੱਚ ਲਿਖਿਆ ਗਿਆ ਸੀ ਕਿ "ਮੁਲਜ਼ਮ ਦੇ ਆਉਣ-ਜਾਣ ਦੀ ਜਾਣਕਾਰੀ ਦਿੱਤੀ ਜਾਵੇ"।

2 ਮਾਰਚ 2016 ਨੂੰ ਵਿਜੇ ਮਾਲਿਆ ਦੇਸ ਛੱਡ ਕੇ ਚਲਾ ਗਿਆ। ਹਾਲਾਂਕਿ 23 ਨੰਵਬਰ, 2015 ਨੂੰ ਇੱਕ ਅਲਰਟ ਨੋਟਿਸ ਸੀਬੀਆਈ ਨੂੰ ਦਿੱਤਾ ਗਿਆ ਸੀ ਕਿ ਵਿਜੇ ਮਾਲਿਆ ਵਿਦੇਸ਼ ਵਿੱਚ ਜਾਣ ਲਈ ਕੌਮਾਂਤਰੀ ਹਵਾਈ ਅੱਡੇ 'ਤੇ 24 ਨਵੰਬਰ ਨੂੰ ਪਹੁੰਚ ਰਿਹਾ ਹੈ।

24 ਨਵੰਬਰ ਨੂੰ ਹੀ ਸੀਬੀਆਈ ਨੇ ਮੁਬੰਈ ਪੁਲਿਸ ਨੂੰ ਨਵੇਂ ਲੁੱਕ ਆਊਟ ਨੋਟਿਸ ਸਣੇ ਪੱਤਰ ਲਿਖਿਆ, "ਹਾਲੇ ਹਿਰਾਸਤ ਦੀ ਲੋੜ ਨਹੀਂ ਹੈ। ਜੇ ਭਵਿੱਖ ਵਿੱਚ ਲੋੜ ਹੋਵੇਗੀ ਤਾਂ ਜਾਣਕਾਰੀ ਦੇ ਦਿੱਤੀ ਜਾਵੇਗੀ।"

ਬਰਨਾਲਾ ਦੇ ਫੌਜੀ ਨੇ 2 ਸੀਨੀਅਰ ਅਫ਼ਸਰਾਂ ਦਾ ਕੀਤਾ ਕਤਲ

ਹਿੰਦੁਸਤਾਨ ਟਾਈਮਜ਼ ਮੁਤਾਬਕ ਧਰਮਸ਼ਾਲਾ ਵਿੱਚ 21 ਸਾਲਾ ਸਿਪਾਹੀ ਜਸਬੀਰ ਸਿੰਘ ਨੇ ਆਪਣੇ ਦੋ ਸੀਨੀਅਰ ਅਫ਼ਸਰਾਂ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ:

ਕਾਂਗੜਾ ਦੇ ਏਐਸਪੀ ਬਦਰੀ ਸਿੰਘ ਨੇ ਜਾਣਕਾਰੀ ਦਿੱਤੀ, "ਸਿੱਖ ਰੈਜੀਮੈਂਟ ਦੇ ਸਿਪਾਹੀ ਨੇ ਸਵੇਰੇ 2:25 ਵਜੇ ਕੈਂਟ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਸਬੀਰ ਸਿੰਘ ਨੇ 45 ਸਾਲਾ ਹਵਲਦਾਰ ਹਰਦੀਪ ਸਿੰਘ ਅਤੇ 35 ਸਾਲਾ ਨਾਇਕ ਹਰਪਾਲ ਸਿੰਘ ਨੂੰ ਗੋਲੀ ਮਾਰ ਦਿੱਤੀ।"

ਜਸਬੀਰ ਸਿੰਘ ਬਰਨਾਲਾ ਦੇ ਪਿੰਡ ਰਾਜਗੜ੍ਹ ਦਾ ਰਹਿਣ ਵਾਲਾ ਸੀ ਜਦੋਂਕਿ ਮ੍ਰਿਤਕ ਹਰਪਾਲ ਸਿੰਘ ਗੁਰਦਾਸਪੁਰ ਅਤੇ ਹਰਦੀਪ ਸਿੰਘ ਤਰਨ ਤਾਰਨ ਦੇ ਰਹਿਣ ਵਾਲੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)