ਮਨੁੱਖੀ ਅਧਿਕਾਰ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਦੇ ਪਿੱਛੇ ਸੱਚ

ਅੱਜ ਪੁਲਿਸ ਨੇ ਭਾਰਤ ਦੇ ਕਈ ਇਲਾਕਿਆਂ ਵਿੱਚ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦੇ ਘਰਾਂ ਉੱਤੇ ਛਾਪੇ ਮਾਰੇ। ਖੱਬੇ ਪੱਖੀ ਕਾਰਕੁਨ ਅਤੇ ਕਵੀ ਵਰਵਰਾ ਰਾਓ ਸਮੇਤ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਰਾਓ ਨੂੰ ਹੈਦਰਾਬਾਦ 'ਚ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਕਾਰਕੁਨਾਂ ਵਿੱਚ ਮੁੰਬਈ ਤੋਂ ਅਰੁਣ ਫਰੇਰਾ ਤੇ ਵਰਨੇਨ ਗੋਂਸਾਲਵੇਸ, ਹਰਿਆਣਾ ਦੇ ਸੂਰਜਕੁੰਡ ਤੋਂ ਸੁਧਾ ਭਾਰਦਵਾਜ ਅਤੇ ਦਿੱਲੀ ਤੋਂ ਗੌਤਮ ਨਵਲਖਾ ਸ਼ਾਮਲ ਹਨ।

ਪੂਣੇ ਦੇ ਜੁਆਇੰਟ ਕਮਿਸ਼ਨਰ ਆਫ ਪੁਲਿਸ, ਸ਼ਿਵਾਜੀ ਭਡਕੇ ਨੇ ਦੱਸਿਆ ਕਿ ਛਾਪੇ ਮਹਾਰਾਸ਼ਟਰ ਪੁਲਿਸ ਨੇ ਇੱਕੋ ਸਮੇਂ ਹੈਦਰਾਬਾਦ, ਦਿੱਲੀ, ਮੁੰਬਈ ਤੇ ਰਾਂਚੀ ਵਿੱਚ ਮਾਰੇ।

ਇਹ ਛਾਪੇ ਭੀਮਾ ਕੋਰੇਗਾਂਵ ਵਿਖੇ 31 ਦਸੰਬਰ 2017 ਵਿੱਚ ਹੋਏ ਇੱਕ ਦਲਿਤ ਇਕੱਠ ਅਤੇ ਉਸ ਤੋਂ ਬਾਅਦ ਹੋਈ ਹਿੰਸਾ ਨਾਲ ਸੰਬੰਧਤ ਦੱਸੇ ਜਾ ਰਹੇ ਹਨ।

ਖ਼ਾਸ ਤੌਰ 'ਤੇ ਉਸ ਕਥਿਤ ਚਿੱਠੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਜੂਨ ਮਹੀਨੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਕਾਰਕੁਨ ਰੌਨਾ ਵਿਲਸਨ ਨੂੰ ਮਾਓਵਾਦੀਆਂ ਨੇ "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦੀ ਸਾਜਿਸ਼ ਬਾਰੇ ਦੱਸਿਆ ਸੀ।" ਕਈ ਆਗੂਆਂ ਅਤੇ ਕਾਰਕੁਨਾਂ ਨੇ ਇਸ ਚਿੱਠੀ ਨੂੰ ਫਰਜ਼ੀ ਦੱਸਿਆ ਹੈ।

ਇਹ ਵੀ ਪੜ੍ਹੋ

ਉੱਘੇ ਕਾਰਕੁਨਾਂ ਅਤੇ ਖੱਬੇ ਪੱਖੀ ਸਮੂਹਾਂ ਤੇ ਸੰਸਥਾਵਾਂ ਨੇ ਇਸ ਕਾਰਵਾਈ ਨੂੰ ਮੰਦਭਾਗਾ ਦੱਸਦਿਆਂ ਇਹ ਇਲਜ਼ਾਮ ਲਗਾਇਆ ਹੈ ਕਿ ਇਸ ਰਾਹੀਂ ਸਰਕਾਰ ਸਵਾਲ ਕਰਨ ਵਾਲੇ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਵਰਵਰਾ ਰਾਓ ਦੇ ਰਿਸ਼ਤੇਦਾਰ, ਸੀਨੀਅਰ ਪੱਤਰਕਾਰ ਐਨ ਵੇਨੂਗੋਪਾਲ ਦਾ ਸਵਾਲ ਹੈ, "ਪੁਲਿਸ ਪੰਚਨਾਮਾ ਮਰਾਠੀ ਵਿੱਚ ਕਿਉਂ ਦੇ ਰਹੀ ਹੈ, ਸਥਾਨਕ ਭਾਸ਼ਾ ਵਿੱਚ ਕਿਉਂ ਨਹੀਂ?" ਪੁਲਿਸ ਦਾ ਪੰਚਨਾਮਾ ਸਿਰਫ਼ ਇਹ ਦੱਸਦਾ ਹੈ ਕਿ ਕਥਿਤ ਤੌਰ 'ਤੇ ਵਰਵਰਾ ਰਾਓ ਦੇ ਘਰ ਤੋਂ ਕੀ ਚੀਜਾਂ ਜ਼ਬਤ ਕੀਤੀਆਂ ਗਈਆਂ।

ਇਹ ਨਹੀਂ ਦੱਸਿਆ ਗਿਆ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਪਿੱਛੇ ਕੀ ਕਾਰਣ ਹਨ, ਪੁਣੇ ਦੇ ਪੁਲਿਸ ਕਮਿਸ਼ਨਰ ਵਲੋਂ ਇੰਨਾਂ ਹੀ ਦੱਸਿਆ ਗਿਆ ਕਿ ਕਾਰਵਾਈ ਦਾ ਸਬੰਧ ਭੀਮਾ ਕੋਰੇਗਾਂਵ ਵਿੱਚ ਹੋਏ ਜਾਤੀ-ਸਬੰਧਤ ਦੰਗਿਆਂ ਨਾਲ ਹੈ।

ਗ੍ਰਿਫ਼ਤਾਰ ਲੋਕਾਂ ਉੱਤੇ ਅਨਲਾਅਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਵਕੀਲ ਪ੍ਰਸ਼ਾਂਤ ਭੂਸ਼ਣ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਦਖ਼ਲ ਮੰਗਿਆ ਹੈ।

ਛਾਪੇ ਹੁਣ ਕਿਉਂ?

ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਮਹਾਰਾਸ਼ਟਰ ਦੇ ਭੀਮਾ-ਕੋਰੇਗਾਂਵ ਇਲਾਕੇ 'ਚ ਉੱਥੇ ਹੋਈ ਇੱਕ ਜੰਗ ਦੇ 200 ਸਾਲਾਂ ਦੀ ਯਾਦਗਾਰੀ ਰੈਲੀ ਰੱਖੀ ਗਈ ਸੀ, ਜਿਸਦਾ ਸਿਰਲੇਖ ਰੱਖਿਆ ਗਿਆ ਸੀ 'ਏਲਗਰ ਪਰਿਸ਼ਦ'। ਇਸ ਤੋਂ ਬਾਅਦ ਇਲਾਕੇ ਵਿੱਚ ਜਾਤ-ਸੰਬੰਧੀ ਦੰਗੇ ਹੋਏ ਸਨ।

ਪੁਲਿਸ ਦਾ ਇਲਜ਼ਾਮ ਹੈ ਕਿ ਦੰਗਿਆਂ ਪਿੱਛੇ ਉਸ ਰੈਲੀ ਦੇ ਮੰਚ ਉੱਤੋਂ ਦਿੱਤੇ ਕੁਝ ਭੜਕਾਊ ਭਾਸ਼ਣ ਸਨ। ਇਸ ਇਲਜ਼ਾਮ ਹੇਠ ਪੁਲਿਸ ਨੇ ਪੰਜ ਕਾਰਕੁਨਾਂ ਨੂੰ ਜੂਨ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ, ਜਿਨ੍ਹਾਂ ਵਿੱਚ ਸ਼ਾਮਲ ਸਨ ਰੌਨਾ ਵਿਲਸਨ, ਸੁਧੀਰ ਧਾਵਲੇ, ਸੁਧੀਂਦਰ ਗੰਡਲਿੰਗ, ਪ੍ਰੋਫੈਸਰ ਸ਼ੋਮਾ ਸੇਨ ਤੇ ਮਹੇਸ਼ ਰੌਤ।

ਉਸ ਵੇਲੇ ਪੁਲਿਸ ਅਫ਼ਸਰਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਰੌਨਾ ਵਿਲਸਨ ਦੇ ਘਰ ਇੱਕ ਚਿੱਠੀ ਮਿਲੀ ਸੀ ਜੋ ਕਿ ਮਾਓਵਾਦੀਆਂ ਨੇ ਉਸ ਨੂੰ ਲਿਖੀ ਸੀ।

ਪੁਲਿਸ ਮੁਤਾਬਕ ਇਸ "ਚਿੱਠੀ" ਵਿੱਚ ਮਾਓਵਾਦੀਆਂ ਨੇ ਲਿਖਿਆ ਸੀ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੀ ਉਸੇ ਤਰੀਕੇ ਨਾਲ ਹੱਤਿਆ ਕਰਨਗੇ ਜਿਵੇਂ ਰਾਜੀਵ ਗਾਂਧੀ ਦੀ ਹੱਤਿਆ ਹੋਈ ਸੀ। ਪੁਲਿਸ ਮੁਤਾਬਕ "ਚਿੱਠੀ" ਵਿੱਚ ਲਿਖਿਆ ਸੀ ਕਿ ਵਰਵਰਾ ਰਾਓ ਇਸ ਸਾਜਿਸ਼ ਲਈ ਪੈਸੇ ਦੇ ਰਹੇ ਸਨ।

ਵਰਵਰਾ ਰਾਓ ਨੇ ਉਸ ਵੇਲੇ ਇਲਜ਼ਾਮਾਂ ਦੀ ਨਿਖੇਧੀ ਕਰਦਿਆਂ "ਚਿੱਠੀ" ਨੂੰ ਫ਼ਰਜ਼ੀ ਦੱਸਿਆ ਸੀ। ਕਈ ਅਦਾਰਿਆਂ ਅਤੇ ਆਗੂਆਂ ਨੇ, ਜਿਨ੍ਹਾਂ ਵਿੱਚ ਕਾਂਗਰਸ ਦੇ ਸੰਜੇ ਨਿਰੁਪਮ ਵੀ ਸ਼ਾਮਲ ਸਨ, ਨੇ ਵੀ ਇਸ ਚਿੱਠੀ ਵਾਲੀ ਕਹਾਣੀ ਉੱਤੇ ਸਵਾਲ ਖੜ੍ਹੇ ਕੀਤੇ ਸਨ।

ਉਨ੍ਹਾਂ ਨੇ ਕਿਹਾ ਸੀ ਕਿ ਮੋਦੀ ਸਰਕਾਰ ਲੋਕਾਂ ਨੂੰ ਗੁਮਰਾਹ ਕਰਕੇ ਹਮਦਰਦੀ ਜੁਟਾਉਣ ਲਈ ਇਹ ਡਰਾਮਾ ਰਚ ਰਹੀ ਹੈ।

'ਅਰਬਨ ਮਾਓਇਸਟ' ਕੀ ਹੁੰਦਾ ਹੈ?

ਕੇਂਦਰੀ ਸਰਕਾਰ ਪਿਛਲੇ ਕੁਝ ਦਿਨਾਂ ਵਿੱਚ 'ਅਰਬਨ ਮਾਓਇਸਟ', ਯਾਨੀ ਸ਼ਹਿਰੀ ਮਾਓਵਾਦ, ਸ਼ਬਦ ਵਰਤ ਰਹੀ ਹੈ। ਸਰਕਾਰ ਕਹਿੰਦੀ ਹੈ ਕਿ ਕੁਝ ਸ਼ਹਿਰੀ ਲੋਕ ਨਕਸਲੀ ਅਨਸਰਾਂ ਦੀ ਮਦਦ ਕਰ ਰਹੇ ਹਨ।

ਭੀਮਾ-ਕੋਰੇਗਾਂਵ ਦੇ ਦੰਗਿਆਂ ਅਤੇ ਫਿਰ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਈਬਾਬਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਸ਼ਬਦ ਬਹਿਸਾਂ ਅਤੇ ਚਰਚਾਵਾਂ ਦਾ ਹਿੱਸਾ ਬਣਾ ਦਿੱਤਾ ਗਿਆ।

ਸਰਕਾਰ ਦਾ ਕਹਿਣਾ ਹੈ ਕਿ ਨਕਸਲੀ-ਮਾਓਵਾਦੀ ਖ਼ਤਮ ਹੋ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਇਹ ਗੱਲ ਪੱਤਰਕਾਰਾਂ ਦੇ ਸਾਹਮਣੇ ਕਹੀ ਹੈ।

ਪਰ ਸਰਕਾਰ ਨੇ ਉਨ੍ਹਾਂ ਵਕੀਲਾਂ ਅਤੇ ਅਧਿਆਪਕਾਂ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ ਜੋ ਕਿ ਅਦਾਲਤਾਂ ਦੇ ਅੰਦਰ ਤੇ ਬਾਹਰ ਦਲਿਤਾਂ-ਕਬਾਇਲੀਆਂ ਦੇ ਹੱਕਾਂ ਲਈ ਲੜਦੇ ਰਹੇ ਹਨ।

ਇਹ ਵੀ ਪੜ੍ਹੋ:

ਦੰਡਕਰਣਿਆ ਤੋਂ ਸ਼ਹਿਰਾਂ ਤੱਕ

ਇਸ ਸਮੇਂ ਮਾਓਵਾਦੀ ਮੁੱਖ ਤੌਰ 'ਤੇ ਦੰਡਕਰਣਿਆ ਵਿੱਚ ਹੀ ਹਨ ਜੋ ਕਿ ਛੱਤੀਸਗੜ੍ਹ ਤੇ ਓਡੀਸ਼ਾ ਦੀ ਸੀਮਾ ਦਾ ਇਲਾਕਾ ਹੈ।

ਤੇਲਗੂ ਇਲਾਕਿਆਂ ਵਿੱਚ ਇਹ ਕਾਫੀ ਕਮਜ਼ੋਰ ਹਨ ਅਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਲਹਿਰ ਸ਼ਹਿਰੀ ਇਲਾਕਿਆਂ ਵਿੱਚ ਖ਼ਤਮ ਹੁੰਦੀ ਜਾ ਰਹੀ ਹੈ।

ਸੀਨੀਅਰ ਮਾਓਵਾਦੀ ਆਗੂ ਕੋਬਾਦ ਗਾਂਧੀ ਨੇ ਵੀ ਆਪਣੇ ਇੱਕ ਲੇਖ ਵਿੱਚ ਇਹ ਗੱਲ ਆਖੀ ਸੀ।

ਸਰਕਾਰ ਇਹ ਕਹਿੰਦੀ ਹੈ ਕਿ ਮਾਓਵਾਦੀ ਹੁਣ ਖੱਬੇ ਪੱਖੀ ਬੁੱਧੀਜੀਵੀਆਂ ਦੀ ਮਦਦ ਨਾਲ ਸ਼ਹਿਰੀ ਇਲਾਕਿਆਂ ਵਿੱਚ ਫੈਲਣਾ ਚਾਹੁੰਦੇ ਹਨ।

ਵਿਸ਼ਲੇਸ਼ਕ ਕਹਿੰਦੇ ਹਨ ਕਿ ਦੰਡਕਰਣਿਆ ਵਿੱਚ ਪੁਲਿਸ ਦੀ ਕੋਬਰਾ ਫੋਰਸ ਨਾਲ ਜ਼ਮੀਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸ਼ਹਿਰਾਂ ਵਿੱਚ ਉਨ੍ਹਾਂ ਲੋਕਾਂ 'ਤੇ ਅੱਖ ਰੱਖੀ ਜਾ ਰਹੀ ਹੈ ਜੋ ਕਿ ਮਾਓਵਾਦੀਆਂ ਲਈ ਸਮਰਥਨ ਜੁਟਾਉਂਦੇ ਹਨ। ਸਰਕਾਰ ਦੇ ਕੰਮਾਂ ਦੀ ਨਿਖੇਧੀ ਵੀ ਬਹੁਤ ਹੁੰਦੀ ਰਹੀ ਹੈ।

ਲੇਖਿਕਾ ਅਤੇ ਕਾਰਕੁਨ ਅਰੁੰਧਤੀ ਰਾਏ ਨੇ ਕਾਰਵਾਈ ਬਾਰੇ ਕਿਹਾ, "ਛਾਪੇ ਵਕੀਲਾਂ, ਕਵੀਆਂ, ਲੇਖਕਾਂ, ਦਲਿਤ ਅਧਿਕਾਰਾਂ ਲਈ ਜੁਟੇ ਕਾਰਕੁਨਾਂ ਅਤੇ ਬੁੱਧੀਜੀਵੀਆਂ ਤੇ ਘਰਾਂ ਉੱਤੇ ਮਾਰੇ ਜਾ ਰਹੇ ਹਨ, ਨਾ ਕਿ ਉਨ੍ਹਾਂ ਉੱਤੇ ਜਿਹੜੇ ਭੀੜ ਦਾ ਹੱਸਾਂ ਬਣ ਕੇ ਖੁੱਲੇਆਮ ਲੋਕਾਂ ਨੂੰ ਮਾਰ ਦਿੰਦੇ ਹਨ, ਇਸ ਤੋਂ ਪਤਾ ਲਗਦਾ ਹੈ ਕਿ ਭਾਰਤ ਕਿਸ ਰਸਤੇ 'ਤੇ ਹੈ।"

ਇਹ ਵੀ ਪੜ੍ਹੋ:

"ਖ਼ੂਨੀਆਂ ਨੂੰ ਮਾਣਿਆ ਅਤੇ ਸਨਮਾਨਿਆ ਜਾਵੇਗਾ। ਜੋ ਕੋਈ ਵੀ ਨਿਆਂ ਦੇ ਹੱਕ ਵਿੱਚ ਅਤੇ ਹਿੰਦੂ ਬਹੁਗਿਣਤੀਵਾਦ ਦੇ ਖਿਲਾਫ ਬੋਲੇਗਾ ਉਸਨੂੰ ਅਪਰਾਧੀ ਬਣਾ ਦਿੱਤਾ ਜਾਏਗਾ। ਕੀ ਇਹ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਹੈ?"

ਮਨੁੱਖੀ ਅਧਿਕਾਰ ਫੋਰਮ ਦੇ ਆਗੂ ਵੀਐਸ ਕ੍ਰਿਸ਼ਨਾ ਨੇ ਕਿਹਾ ਕਿ ਇਹ ਕਾਰਵਾਈ ਅਸਹਿਮਤੀ ਨੂੰ ਅਪਰਾਧ ਬਣਾਉਣ ਦਾ ਤਰੀਕਾ ਹੈ।

ਉਨ੍ਹਾਂ ਮੁਤਾਬਕ, "ਇਹ ਇਕ ਵੱਡੀ ਸਾਜਿਸ਼ ਹੈ ਜਿਸ ਤੋਂ ਮੈਨੂੰ ਇਸ਼ਰਤ ਜਹਾਂ ਦਾ ਐਂਕਾਊਂਟਰ ਯਾਦ ਆਉਂਦਾ ਹੈ। ਉਸ ਵਿੱਚ ਵੀ ਪੁਲਿਸ 'ਤੇ ਇਹ ਇਲਜ਼ਾਮ ਸੀ ਕਿ ਉਸਨੇ ਮੋਦੀ ਦੀ ਜਾਣ ਨੂੰ ਖ਼ਤਰੇ ਦੀ ਕਹਾਣੀ ਬਣਾਈ ਸੀ। ਚੋਣਾਂ ਨੇੜੇ ਹਨ ਤਾਂ ਮੋਦੀ ਸਮਰਥਨ ਇਕੱਠਾ ਕਰਨ ਲਈ ਇਹ ਕਾਰਵਾਈ ਕਰਵਾ ਰਹੇ ਹਨ।"

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)