ਸਰਕਾਰ ਨਾਲ ਟੱਕਰ ਲੈਣ ਵਾਲੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਨੇੜਿਓਂ ਜਾਣੋ

ਤਸਵੀਰ ਸਰੋਤ, BBC/ALOK PUTUL
ਮਹਾਰਾਸ਼ਟਰ ਪੁਲਿਸ ਨੇ ਭੀਮਾ ਕੋਰੇਗਾਂਵ ਹਿੰਸਾ ਦੀ ਜਾਂਚ ਦੇ ਸਬੰਧ ਵਿੱਚ ਪੰਜ ਆਦੀਵਾਸੀ, ਦਲਿਤ ਤੇ ਸ਼ਹਿਰੀ ਹਕੂਕ ਦੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੰਗਲਵਾਰ ਸਵੇਰੇ ਦੇਸ ਦੇ ਕਈ ਸੂਬਿਆਂ ਵਿੱਚ ਇਨ੍ਹਾਂ ਕਾਰਕੁਨਾਂ ਦੇ ਘਰਾਂ 'ਤੇ ਛਾਪੇਮਾਰੀ ਹੋਈ।
ਪੁਲਿਸ ਦਾ ਦਾਅਵਾ ਹੈ ਕਿ ਪੁਣੇ 'ਚ 31 ਦਸੰਬਰ 2017 ਨੂੰ ਦਿੱਤੇ ਗਏ ਇਨ੍ਹਾਂ ਦੇ ਭਾਸ਼ਣਾਂ ਕਾਰਨ ਹੀ ਅਗਲੇ ਦਿਨ ਤੋਂ ਵੱਡੇ ਪੱਧਰ 'ਤੇ ਹਿੰਸਾ ਹੋਈ ਤੇ ਇੱਕ ਸ਼ਖਸ ਮਾਰਿਆ ਗਿਆ ਸੀ।
ਇਸੇ ਸਾਲ ਜਨਵਰੀ 'ਚ ਭੀਮਾ ਕੋਰੇਗਾਂਵ ਦੀ ਲੜਾਈ ਦੀ 200ਵੀਂ ਬਰਸੀ ਮੌਕੇ ਭੀਮਾ ਨਦੀ ਦੇ ਕੰਡੇ 'ਤੇ ਸਥਿਤ ਸਮਾਰਕ ਕੋਲ ਪੱਥਰਬਾਜ਼ੀ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ।
ਭੀਮਾ ਕੋਰੇਗਾਂਵ ਦੀ ਲੜਾਈ ਇੱਕ ਜਨਵਰੀ 1818 ਨੂੰ ਮਹਾਰ ਜਾਤੀ ਦੇ ਲੋਕਾਂ ਨੇ ਈਸਟ ਇੰਡੀਆ ਕੰਪਨੀ ਦੀ ਸੈਨਾ ਵੱਲੋਂ ਲੜਦਿਆਂ ਪੇਸ਼ਵਾਵਾਂ ਦੀ ਆਗਵਾਈ ਵਾਲੀ ਮਰਾਠਾ ਸੈਨਾ ਮਾਤ ਦਿੱਤੀ ਸੀ।
ਜਾਂਚ ਨਾਲ ਜੁੜੇ ਇੱਕ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਦਿੱਲੀ ਵਿੱਚ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਅਤੇ ਪੱਤਰਕਾਰ ਗੌਤਮ ਨਵਲਖਾ, ਕਬਾਈਲੀਆਂ ਦੇ ਹੱਕਾਂ ਦੀ ਵਕੀਲ ਸੁਧਾ ਭਾਰਦਵਾਜ, ਹੈਦਰਾਬਾਦ ਦੇ ਲੇਖਕ ਤੇ ਕਵੀ ਵਰਵਰਾ ਰਾਵ, ਦਲਿਤ ਵਿਚਾਰਕ ਤੇ ਲੇਖਕ ਆਨੰਦ ਤੇਲਤੁੰਬੜੇ, ਮੁੰਬਈ ਵਿੱਚ ਵਰਨੇਨ ਗੋਂਜ਼ਾਲਵਿਸ ਅਤੇ ਅਰੁਣ ਫਰੇਰਾ ਅਤੇ ਰਾਂਚੀ ਵਿੱਚ ਸਟੇਨ ਸਵਾਮੀ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ।
ਇਹ ਵੀ ਪੜ੍ਹੋ
ਕੌਣ ਹਨ ਇਹ ਕਾਰਕੁਨ ਜਿਨ੍ਹਾਂ 'ਤੇ ਮਹਾਰਾਸ਼ਟਰ ਪੁਲਿਸ ਨੇ ਕਾਰਵਾਈ ਕੀਤੀ ਹੈ।
ਗੌਤਮ ਨਵਲਖਾ
ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ ਦੇ ਕਾਰਕੁਨ ਹਰੀਸ਼ ਧਵਨ ਮੁਤਾਬਕ, ''ਗੌਤਮ ਨਵਲਖਾ ਨੂੰ ਪੁਲਿਸ ਨੇ ਦਿੱਲੀ ਤੋਂ ਹਿਰਾਸਤ ਵਿੱਚ ਲਿਆ ਹੈ।''

ਤਸਵੀਰ ਸਰੋਤ, Getty Images
- ਗੌਤਮ ਨਵਲਖਾ ਪਿਛਲੇ ਚਾਰ ਦਹਾਕਿਆਂ ਤੋਂ ਮਨੁੱਖੀ ਹਕੂਕ ਅਤੇ ਸ਼ਹਿਰੀ ਹਕੂਕ ਦੇ ਕਾਰਕੁਨ ਹਨ। ਉਹ ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ (PUDR) ਦੇ ਕਈ ਵਾਰ ਸਕੱਤਰ ਰਹੇ ਹਨ ਕਿਉਂਕਿ ਇਸ ਜਥੇਬੰਦੀ ਦਾ ਹਰ ਸਾਲ ਸਕੱਤਰ ਬਦਲਦਾ ਹੈ। ਇਹ ਜਥੇਬੰਦੀ 1977 ਵਿੱਚ ਬਣੀ ਸੀ ਅਤੇ ਗੌਤਮ ਨਵਲੱਖਾ 1979 ਵਿੱਚ ਇਸ ਨਾਲ ਜੁੜ ਗਏ ਸਨ।
- ਗੌਤਮ ਲਗਾਤਾਰ ਤੱਥ ਪੜਤਾਲ ਕਮੇਟੀਆਂ ਪੂਰੇ ਮੁਲਕ ਵਿੱਚ ਕਾਮਿਆਂ, ਦਲਿਤਾਂ, ਕਬਾਇਲੀਆਂ ਅਤੇ ਕਾਰਕੁਨਾਂ ਮੁੱਦਿਆਂ ਅਤੇ ਫਿਰਕਾਪ੍ਰਸਤੀ ਨਾਲ ਜੁੜੀ ਹਿੰਸਾ ਦੀਆਂ ਘਟਨਾਵਾਂ ਦੇ ਤੱਥ ਜੋੜਨ ਲਈ ਜਾਂਦੇ ਰਹੇ ਹਨ।
- ਗੌਤਮ ਕਸ਼ਮੀਰ ਵਿੱਚ ਰਾਏਸ਼ੁਮਾਰੀ ਦੀ ਵਕਾਲਤ ਕਰਦੇ ਹਨ। ਉਹ ਕਸ਼ਮੀਰ ਵਿੱਚ ਇਨਸਾਫ਼ ਅਤੇ ਮਨੁੱਖੀ ਹਕੂਕ ਦੇ ਆਵਾਮੀ ਕੌਮਾਂਤਰੀ ਟ੍ਰਿਬਿਊਨਲ ਦੇ ਕਨਵੀਨਰ ਰਹੇ ਹਨ। ਮਈ 2011 ਵਿੱਚ ਗੌਤਮ ਨਵਲੱਖਾ ਨੂੰ ਸ਼੍ਰੀਨਗਰ ਦੇ ਹਵਾਲੀ ਅੱਡੇ ਤੋਂ ਵਾਪਸ ਭੇਜਿਆ ਗਿਆ ਸੀ ਕਿਉਂਕਿ ਪੁਲਿਸ ਦਾ ਦਾਅਵਾ ਸੀ ਕਿ ਇਸ ਨਾਲ 'ਹਾਲਾਤ ਵਿਗੜ' ਸਕਦੇ ਹਨ।
- ਗੌਤਮ ਨਵਲੱਖਾ 'ਇਕਨੌਮਿਕ ਪੌਲੀਟੀਕਲ ਵੀਕਲੀ' ਮੈਗਜ਼ੀਨ ਦੇ ਸਲਾਹਕਾਰ ਸੰਪਾਦਕ ਰਹੇ ਹਨ। ਉਨ੍ਹਾਂ ਦੇ ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ ਦੇ ਸਾਥੀ ਦੱਸਦੇ ਹਨ ਕਿ ਗੌਤਮ ਨੇ ਆਪਣੀ ਡੂੰਘੀ ਸਮਝ ਅਤੇ ਪੜਚੋਲ ਰਾਹੀਂ ਇਨਸਾਫ਼ ਦੇ ਸੰਘਰਸ਼ ਵਿੱਚ ਠੋਸ ਹਿੱਸਾ ਪਾਇਆ ਹੈ।
- ਗੌਤਮ ਨਵਲਖਾ ਨੇ 'ਡੇਅਜ਼ ਅਤੇ ਨਾਈਟਸ ਇਨ ਦਾ ਹਰਟਲੈਂਡ ਆਫ ਰਿਵੀਲੀਅਨ' ਨਾਂ ਦੀ ਕਿਤਾਬ ਲਿਖੀ ਹੈ ਜੋ 2012 ਵਿੱਚ ਪੈਂਗੂਇਨ ਬੁੱਕਸ ਨੇ ਛਾਪੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2016 ਵਿੱਚ ਵਾਰ ਐਂਡ ਪੌਲੀਟਿਕਸ, ਅੰਡਰਸਟੈਂਡਿਗ ਰੈਵੋਲਿਊਸ਼ਨਰੀ ਨਾਂ ਦੀ ਕਿਤਾਬ ਲਿਖੀ।
- ਗੌਤਮ ਜਾਨ ਮਿਰਡਲ ਨਾਲ ਭਾਰਤੀ ਕਮਿਉਨਿਸਟ ਪਾਰਟੀ (ਮਾਓਵਾਦੀ) ਦੇ ਸਕੱਤਰ ਗਣਪਥੀ ਨੂੰ ਮਿਲੇ ਸਨ ਅਤੇ ਉਨ੍ਹਾਂ ਦਾ ਲੇਖ ਇਨਕਲਾਬ ਅਤੇ ਇਨਕਲਾਬੀ ਲਹਿਰਾਂ ਦੇ ਹਵਾਲੇ ਨਾਲ ਚਰਚਾ ਦਾ ਵਿਸ਼ਾ ਬਣਿਆ ਸੀ। ਗੌਤਮ ਨਵਲੱਖਾ ਸੁਰੱਖਿਆ ਦੇ ਮਾਮਲਿਆਂ ਉੱਤੇ ਲਗਾਤਾਰ ਲਿਖਦੇ ਰਹੇ ਹਨ ਅਤੇ ਜਨਤਕ ਮੰਚਾਂ ਉੱਤੇ ਬੋਲਦੇ ਰਹੇ ਹਨ।
- ਭਾਰਤ-ਪਾਕਿਸਤਾਨ ਵਿੱਚ ਅਮਨ ਦੀ ਵਕਾਲਤ ਕਰਨ ਵਾਲੇ ਪੰਜਾਬ ਵਿੱਚ ਲਗਾਤਾਰ ਆਉਂਦੇ ਰਹੇ ਹਨ ਅਤੇ ਵੱਖ-ਵੱਖ ਮੌਕਿਆਂ ਉੱਤੇ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ, ਪੰਜਾਬੀ ਭਵਨ ਲੁਧਿਆਣਾ ਅਤੇ ਬਰਨਾਲਾ ਵਿੱਚ ਅਹਿਮ ਮੁੱਦਿਆਂ ਉੱਤੇ ਬੋਲਦੇ ਰਹੇ ਹਨ।
ਅਰੁਨ ਫਰੇਰਾ
ਮੁੰਬਈ ਦੇ ਬਾਂਦਰਾ ਇਲਾਕੇ ਦੇ ਰਹਿਣ ਵਾਲੇ ਅਰੁਨ ਫਰੇਰਾ ਬੰਬੇ ਸੈਸ਼ਨ ਕੋਰਟ ਅਤੇ ਬੰਬੇ ਹਾਈ ਕੋਰਟ ਵਿੱਚ ਵਕਾਲਤ ਕਰਦੇ ਹਨ।
ਇਸ ਤੋਂ ਪਹਿਲਾਂ ਉਹ ਤਕਰੀਬਨ ਚਾਰ ਸਾਲ ਗ਼ੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ (UAPA) ਅਤੇ ਦੇਸ਼ ਧ੍ਰੋਹ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਰਹੇ ਹਨ। ਬਾਅਦ ਵਿੱਚ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਉਨ੍ਹਾਂ ਨੂੰ ਬਰੀ ਕੀਤਾ ਗਿਆ।

ਤਸਵੀਰ ਸਰੋਤ, AICUF : St. Andrew's Mumbai
- ਅਰੁਨ ਇਸ ਵੇਲੇ ਉਹ ਵਕੀਲਾਂ ਦੀ ਜਥੇਬੰਦੀ ਇੰਡੀਅਨ ਐਸੋਸੀਏਸ਼ਨ ਆਫ ਪੀਪਲਜ਼ ਲਾਈਅਰਜ਼ ਦੇ ਖ਼ਜ਼ਾਨਚੀ ਹਨ।
- ਅਰੁਨ ਫਰੇਰਾ ਮੁੰਬਈ ਵਿੱਚ ਸੈਂਟ ਜ਼ੇਵੀਅਰ ਕਾਲਜ ਵਿੱਚ ਆਪਣੇ ਵਿਦਿਆਰਥੀ ਜੀਵਨ ਦੌਰਾਨ ਖ਼ੂਨ ਦਾਨ ਕਰਨ ਵਾਲੇ ਦਾਨੀਆਂ ਨੂੰ ਉਨ੍ਹਾਂ ਦੇ ਰੇਖਾਚਿੱਤਰ ਬਣਾ ਕੇ ਦਿੰਦੇ ਸਨ। ਉਨ੍ਹਾਂ ਦਾ ਮਕਸਦ ਲੋਕਾਂ ਨੂੰ ਖ਼ੂਨਦਾਨ ਕਰਨ ਲਈ ਹੱਲਾਸ਼ੇਰੀ ਦੇਣਾ ਸੀ।
- ਮੁੰਬਈ ਸ਼ਹਿਰ ਹਿੰਸਾ ਦਾ ਸ਼ਿਕਾਰ ਹੋਇਆ ਤਾਂ ਅਰੂਨ ਫਰੇਰਾ ਹਿੰਸਾ ਪੀੜਤ ਇਲਾਕਿਆਂ, ਜੋਗੇਸ਼ਵਰੀ ਅਤੇ ਗੋਰੇਗਾਓਂ ਵਿੱਚ ਰਾਹਤ ਕਾਰਜਾਂ ਲਈ ਪਹੁੰਚੇ ਅਤੇ ਬਹੁਤ ਸਾਰੇ ਹਿੰਸਾ ਪੀੜਤਾਂ ਨਾਲ ਉਨ੍ਹਾਂ ਦੀ ਗੱਲਬਾਤ ਹੋਈ। ਉਨ੍ਹਾਂ ਦਾ ਮਾਰਕਸਵਾਦੀ ਵਿਚਾਰਾਂ ਨਾਲ ਜੁੜਾਅ ਹੋ ਗਿਆ ਤਾਂ ਇੱਕ ਕਲਾਕਾਰ ਬਣਨ ਦੇ ਰਾਹ ਤੁਰਿਆ ਮੁੰਡਾ ਕਾਰਕੁਨ ਬਣ ਗਿਆ।
- ਉਹ ਦੇਸ਼ਭਗਤ ਯੁਵਾ ਮੰਚ ਦਾ ਕਾਰਕੁਨ ਬਣੇ ਜਿਸ ਨੂੰ ਸਰਕਾਰ 'ਮਾਓਵਾਦੀ ਮੰਚ' ਕਰਾਰ ਦਿੰਦੀ ਹੈ। ਜੇਲ ਵਿੱਚ ਅਰੁਨ ਫਰੇਰਾ ਨੇ ਆਪਣੇ ਤਜਰਬਿਆਂ ਨੂੰ ਰੇਖਾਚਿੱਤਰਾਂ ਵਿੱਚ ਕਾਗ਼ਜ਼ਾਂ ਉੱਤੇ ਉਤਾਰਿਆ। ਬਰੀ ਹੋਣ ਤੋਂ ਬਾਅਦ ਇਹੋ ਕਾਗ਼ਜ਼ ਉਨ੍ਹਾਂ ਦੀ ਕਿਤਾਬ ਦੀ ਬੁਨਿਆਦ ਬਣੇ।
- ਕਲਰਜ਼ ਆਫ ਦਿ ਕੇਜ: ਏ ਪਰੀਜ਼ਨ ਮੈਮੋਆਇਰ ਨਾਂ ਦੀ ਕਿਤਾਬ ਵਿੱਚ ਜੇਲ ਵਿੱਚ ਬਣਾਏ ਰੇਖਾਚਿੱਤਰ ਸ਼ਾਮਿਲ ਹਨ। ਇਸ ਕਿਤਾਬ ਵਿੱਚ ਉਨ੍ਹਾਂ ਨੇ ਜੇਲ ਦੀ ਜ਼ਿੰਦਗੀ ਅਤੇ ਪੁਲਿਸ ਤਸ਼ੱਦਦ ਦਾ ਤਫ਼ਸੀਲ ਨਾਲ ਜ਼ਿਕਰ ਕੀਤਾ ਹੈ ਜਿੱਥੇ ਉਨ੍ਹਾਂ ਨੂੰ ਅੰਡਾ ਸੈੱਲ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੀ ਇਸ ਕਿਤਾਬ ਦਾ ਅਨੁਵਾਦ ਤੇਲਗੂ, ਬੰਗਲਾ, ਮਰਾਠੀ ਅਤੇ ਪੰਜਾਬੀ ਵਿੱਚ ਹੋ ਚੁੱਕਿਆ ਹੈ।
ਵਰਨਨ ਗੋਂਜ਼ਾਲਵਿਸ

ਤਸਵੀਰ ਸਰੋਤ, Gonzalvis
ਮੁੰਬਈ ਯੂਨੀਵਰਸਿਟੀ ਤੋਂ ਗੋਲਡ ਮੈਡਲਿਸਟ ਲੇਖਕ ਵਰਨਨ ਗੋਂਜ਼ਾਲਵਿਸ ਮੁੰਬਈ ਵਿੱਚ ਰਹਿੰਦੇ ਹਨ ਅਤੇ ਕਮਰਸ ਪੜ੍ਹਾਉਂਦੇ ਹਨ।
ਸਾਲ 2007 ਵਿੱਚ ਵਰਨਨ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ 6 ਸਾਲ ਦੀ ਸਜ਼ਾ ਵੀ ਹੋਈ। ਵਰਨਨ ਦੀ ਪਤਨੀ ਮਨੁੱਖੀ ਅਧਿਕਾਰਾਂ ਦੀ ਵਕੀਲ ਹਨ।
ਸਟੈਨ ਸਵਾਮੀ
- ਪੁਲਿਸ ਨੇ ਰਾਂਚੀ ਵਿੱਚ ਦੇ ਰਹਿਣਾ ਵਾਲੇ ਜਾਣੇ-ਪਛਾਣੇ 80 ਸਾਲਾ ਸਮਾਜਿਕ ਕਾਰਕੁਨ ਸਟੈਨ ਸਵਾਮੀ ਦੇ ਘਰ ਵੀ ਛਾਪੇਮਾਰੀ ਕੀਤੀ।
- ਸਵਾਮੀ ਪਾਦਰੀ ਹਨ ਪਰ ਕਈ ਸਾਲਾਂ ਤੋਂ ਉਹ ਚਰਚ ਵਿੱਚ ਨਹੀਂ ਰਹਿੰਦੇ।
- ਸਰਕਾਰ ਵਿੱਚ ਹੁੰਦੀਆਂ ਗੜਬੜੀਆਂ ਨੂੰ ਲੈ ਕੇ ਉਨ੍ਹਾਂ ਤੱਥ ਅਧਾਰਿਤ ਰਿਪੋਰਟਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ।
- ਜੁਲਾਈ ਵਿੱਚ ਝਾਰਖੰਡ ਪੁਲਿਸ ਨੇ ਸਵਾਮੀ 'ਤੇ ਦੇਸ ਧ੍ਰੋਹ ਦਾ ਮਾਮਲਾ ਦਰਜ ਕੀਤਾ ਸੀ। ਉਨ੍ਹਾਂ 'ਤੇ ਸੂਬੇ ਵਿੱਚ 'ਪੱਥਲਗੜ੍ਹੀ ਅੰਦੋਲਨ' ਨੂੰ ਸਮਰਥਨ ਦੇਣ ਦਾ ਇਲਜ਼ਾਮ ਸੀ।
- ਭਾਰਤ ਵਿੱਚ ਜਮਹੂਰੀਅਤ ਨੂੰ ਬਚਾਉਣ ਸਬੰਧੀ ਕੀਤੀ ਗਈ ਰੈਲੀ ਨੂੰ ਪੂਰੇ ਮੁਲਕ ਤੋਂ ਵੱਡਾ ਹੁੰਗਾਰਾ ਮਿਲਿਆ ਸੀ।
ਵਰਵਰਾ ਰਾਓ
ਪੁਣੇ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤੇਲੰਗਾਨਾ ਦੇ ਰਹਿਣ ਵਾਲੇ ਵਰਵਰਾ ਰਾਓ ਖੱਬੇ ਪੱਖੀਆਂ ਦੇ ਸਮਰਥਕ, ਲੇਖਕ, ਕਵੀ ਅਤੇ ਲੇਖਕਾਂ ਦੀ ਕ੍ਰਾਂਤੀਕਾਰੀ 'ਐਸੋਸ਼ੀਏਸ਼ਨ ਵਿਪਲਵ ਰਚਯਤਾਲਾ ਸੰਘਮ' ਸੰਸਥਾਪਕ ਹਨ, ਇਸ ਨੂੰ ਵਿਰਾਸਮ ਵੀ ਕਿਹਾ ਜਾਂਦਾ ਹੈ।
ਵਰਵਰਾ ਰਾਓ ਦੇ ਰਿਸ਼ਤੇਦਾਰ ਅਤੇ ਪੱਤਰਕਾਰ ਵੇਣੂਗੋਪਾਲ ਮੁਤਾਬਕ ਹੈਦਰਾਬਾਦ ਵਿੱਚ ਰਾਓ ਦੀ ਧੀ ਦੇ ਘਰ ਵੀ ਪੁਲਿਸ ਦੀ ਛਾਪੇਮਾਰੀ ਹੋਈ ਹੈ

ਤਸਵੀਰ ਸਰੋਤ, Sukhcharanpreet/bbc
- ਤੇਲੰਗਾਮਾ ਦੇ ਵਾਰੰਗਲ ਜ਼ਿਲ੍ਹੇ ਦੇ ਚਿਨਾ ਪੇਂਡਯਾਲਾ ਪਿੰਡ ਵਿੱਚ ਉਨ੍ਹਾਂ ਦਾ ਜਨਮ ਹੋਇਆ।
- ਐਮਰਜੈਂਸੀ ਦੌਰਾਨ ਉਨ੍ਹਾਂ ਨੂੰ ਸਾਜਿਸ਼ ਰਚਣ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਪਰ ਬਾਅਦ ਵਿੱਚ ਉਹ ਬਰੀ ਹੋ ਗਏ।
- ਰਾਮ ਨਗਰ ਸਾਜਿਸ਼ ਤੇ ਸਿਕੰਦਰਾਬਾਦ ਸਾਜਿਸ਼ ਕੇਸ ਸਣੇ 20 ਮਾਮਲਿਆਂ ਵਿੱਚ ਵਰਵਰਾ ਰਾਓ ਨਾਲ ਪੁੱਛਗਿੱਛ ਹੋ ਚੁੱਕੀ ਹੈ।
- ਹਿੰਸਾ ਦੇ ਖ਼ਾਤਮੇ ਲਈ ਮਾਓਵਾਦੀਆਂ, ਚੰਦਰਬਾਬੂ ਨਾਇਡੂ ਅਤੇ ਵਾਈਐਸ ਰਾਜਾ ਸੇਖਰ ਰੈੱਡੀ ਦੀ ਸਰਕਾਰ ਨਾਲ ਗੱਲਬਾਤ ਲਈ ਵਰਵਰਾ ਰਾਓ ਵਿਚੋਲੇ ਦੀ ਭੂਮਿਕਾ ਨਿਭਾ ਚੁੱਕੇ ਹਨ।
ਸੁਧਾ ਭਾਰਦਵਾਜ
ਪੁਲਿਸ ਸੁਧਾ ਭਾਰਦਵਾਜ ਨੂੰ ਹਰਿਆਣਾ ਸਥਿਤ ਸੂਰਜਕੁੰਡ ਪੁਲਿਸ ਥਾਣੇ ਲੈ ਗਈ। ਸੁਧਾ ਭਾਰਦਵਾਜ ਦੀ ਧੀ ਅਨੁਸ਼ਾ ਭਾਰਦਵਾਜ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦੇ ਘਰ ਸਵੇਰੇ ਸੱਤ ਵਜੇ ਰੇਡ ਮਾਰੀ ਅਤੇ ਸੁਧਾ ਭਾਰਦਵਾਜ ਦਾ ਫੋ਼ਨ ਅਤੇ ਲੈਪਟਾਪ ਜ਼ਬਤ ਕਰ ਲਿਆ ਹੈ।

ਤਸਵੀਰ ਸਰੋਤ, GETTY / FACEBOOK
- ਸੁਧਾ ਇੱਕ ਵਕੀਲ ਹਨ ਅਤੇ ਦਿੱਲੀ ਦੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਗੈਸਟ ਟੀਚਰ ਵਜੋਂ ਪੜ੍ਹਾਉਂਦੇ ਹਨ।
- ਉਹ ਟਰੇਡ ਯੂਨੀਅਨ ਨਾਲ ਵੀ ਜੁੜੇ ਹੋਏ ਹਨ ਅਤੇ ਕਾਮਿਆਂ ਦੇ ਮਾਮਲਿਆਂ ਨੂੰ ਵੀ ਚੁੱਕਦੇ ਹਨ।
- ਆਦੀਵਾਸੀਆਂ ਦੇ ਹੱਕਾਂ ਅਤੇ ਜ਼ਮੀਨ ਐਕੁਆਇਰ ਕਰਨ ਦੇ ਮਾਮਲੇ 'ਤੇ ਸੁਧਾ ਨੇ ਸੈਮੀਨਾਰ ਕੋਰਸ ਵੀ ਕਰਵਾਏ ਹਨ। ਦਿੱਲੀ ਜਿਊਡੀਸ਼ੀਅਲ ਅਕੈਡਮੀ ਦੇ ਪ੍ਰੋਗਰਾਮ ਦਾ ਹਿੱਸਾ ਹੁੰਦੇ ਹੋਏ ਸੁਧਾ ਨੇ ਸ੍ਰੀਲੰਕਾ ਦੀਆਂ ਲੇਬਰ ਅਦਾਲਤਾਂ ਨੂੰ ਵੀ ਸੰਬੋਧਿਤ ਕੀਤਾ ਹੈ।
- ਮਨੁੱਖੀ ਅਧਿਕਾਰਾਂ ਦੀ ਵਕੀਲ ਹੋਣ ਕਾਰਨ ਸੁਧਾ ਛੱਤੀਸਗੜ੍ਹ ਦੀ ਹਾਈ ਕੋਰਟ ਵਿੱਚ ਹੇਬੀਅਸ ਕੋਰਪਸ (ਕਾਨੂੰਨ ਮੁਤਾਬਕ ਅਦਾਲਤ ਵਿੱਚ ਤੈਅ ਸਮੇਂ ਅੰਦਰ ਹਿਰਾਸਤ 'ਚ ਲਏ ਸ਼ਖਸ ਨੂੰ ਪੇਸ਼ ਕਰਨਾ), ਆਦੀਵਾਸੀਆਂ ਦੇ ਫੇਕ ਐਨਕਾਊਂਟਰ ਦੇ ਮਾਮਲੇ ਵਿੱਚ ਪੀੜਤਾਂ ਵੱਲੋਂ ਪੇਸ਼ ਹੋਏ ਹਨ। ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਵੱਲੋਂ ਵੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਵਿੱਚ ਵੀ ਪ੍ਰਤੀਨਿਧੀ ਵਜੋਂ ਪੇਸ਼ ਹੋਏ।
ਅਰੁਣਧਤੀ ਰਾਏ ਨੇ ਕੀ ਕਿਹਾ
ਮਸ਼ਹੂਰ ਲੇਖਕ ਅਰੁਣਧਤੀ ਰਾਏ ਨੇ ਬੀਬੀਸੀ ਤੇਲਗੂ ਸੇਵਾ ਨਾਲ ਗੱਲ ਕਰਦਿਆਂ ਕਿਹਾ, "ਸ਼ਰੇਆਮ ਲੋਕਾਂ ਦੀ ਹੱਤਿਆ ਕਰਨ ਵਾਲੇ ਅਤੇ ਲਿੰਚਿੰਗ ਕਰਨ ਵਾਲਿਆਂ ਦੀ ਥਾਂ ਵਕੀਲਾਂ, ਕਵੀਆਂ, ਲੇਖਕਾਂ, ਦਲਿਤ ਅਧਿਕਾਰਾਂ ਲਈ ਲੜਨ ਵਾਲਿਆਂ ਅਤੇ ਬੁੱਧੀਜੀਵੀਆਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਤਕਿ ਭਾਰਤ ਕਿਸ ਪਾਸੇ ਜਾ ਰਿਹਾ ਹੈ। ਕਾਤਲਾਂ ਸਨਮਾਨਿਤ ਕੀਤਾ ਜਾ ਰਿਹਾ ਹੈ। ਕੀ ਇਹ ਆਉਣ ਵਾਲੀਆਂ ਚੋਣਾਂ ਨੂੰ ਤਿਆਰੀ ਹੈ?"

ਕਦੋਂ ਅਤੇ ਕਿਉਂ ਹੋਈ ਸੀ ਕੋਰੇਗਾਂਵ 'ਚ ਹਿੰਸਾ
ਮਹਾਰਾਸ਼ਟਰ 'ਚ ਇਸੇ ਸਾਲ ਜਨਵਰੀ 'ਚ ਭੀਮਾ ਕੋਰੇਗਾਂਵ ਦੀ 200ਵੀਂ ਬਰਸੀ ਮੌਕੇ ਭੀਮਾ ਨਦੀ ਦੇ ਕੰਡੇ 'ਤੇ ਸਥਿਤ ਸਮਾਰਕ ਕੋਲ ਪੱਥਰਬਾਜ਼ੀ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ।
ਕਿਹਾ ਜਾਂਦਾ ਹੈ ਕਿ ਭੀਮਾ ਕੋਰੇਗਾਂਵ ਦੀ ਲੜਾਈ ਇੱਕ ਜਨਵਰੀ 1818 ਨੂੰ ਈਸਟ ਇੰਡੀਆ ਕੰਪਨੀ ਦੀ ਸੈਨਾ ਅਤੇ ਪੇਸ਼ਵਾਵਾਂ ਦੀ ਆਗਵਾਈ ਵਾਲੀ ਮਰਾਠਾ ਸੈਨਾ ਦੇ ਵਿਚਾਲੇ ਹੋਈ ਸੀ।
ਇਸ ਜੰਗ ਵਿੱਚ ਮਹਾਰ ਜਾਤੀ ਨੇ ਈਸਟ ਇੰਡੀਆਂ ਕੰਪਨੀ ਵੱਲੋਂ ਲੜਦਿਆਂ ਹੋਇਆਂ ਮਰਾਠੀਆਂ ਨੂੰ ਮਾਤ ਦਿੱਤੀ ਸੀ। ਮਹਾਰਾਸ਼ਟਰ 'ਚ ਮਹਾਰ ਜਾਤੀ ਨੂੰ ਲੋਕ ਅਛੂਤ ਸਮਝਦੇ ਹਨ।
ਹਿੰਸਾ ਦੇ ਬਾਅਦ ਬੀਬੀਸੀ ਪੱਤਰਕਾਰ ਮਯੂਰੇਸ਼ ਕੁੰਨੂਰ ਨਾਲ ਗੱਲ ਕਰਦਿਆਂ ਪੁਣੇ ਗ੍ਰਾਮੀਣ ਦੇ ਪੁਲਿਸ ਸਪਰੀਡੈਂਟ ਸੁਵੇਜ਼ ਹਕ ਨੇ ਬੀਬੀਸੀ ਨੂੰ ਦੱਸਿਆ, "ਦੋ ਗੁੱਟਾਂ ਵਿਚਾਲੇ ਝੜਪ ਹੋਈ ਸੀ ਅਤੇ ਉਦੋਂ ਪੱਥਰਬਾਜ਼ੀ ਸ਼ੁਰੂ ਹੋ ਗਈ ਸੀ। ਪੁਲਿਸ ਫੌਰਨ ਹਰਕਤ ਵਿੱਚ ਆਈ। ਅਸੀਂ ਭੀੜ ਹਾਲਾਤ 'ਤੇ ਕਾਬੂ ਕਰਨ ਲਈ ਅਥਰੂ ਗੈਸ ਅਤੇ ਲਾਠੀ ਚਾਰਜ਼ ਦਾ ਇਸਤੇਮਾਲ ਕਰਨਾ ਪਿਆ ਸੀ।
ਇਹ ਵੀ ਪੜ੍ਹੋ
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












