You’re viewing a text-only version of this website that uses less data. View the main version of the website including all images and videos.
ਜਾਟ ਸਮਿਤੀ ਵੱਲੋਂ ਮੁੱਖ ਮੰਤਰੀ ਤੇ ਖਜਾਨਾ ਮੰਤਰੀ ਦੀਆਂ ਪਬਲਿਕ ਮੀਟਿੰਗਾਂ ਦੌਰਾਨ ਧਰਨਿਆਂ ਦਾ ਐਲਾਨ
- ਲੇਖਕ, ਸੱਤ ਸਿੰਘ
- ਰੋਲ, ਰੋਹਤਕ ਤੋਂ ਬੀਬੀਸੀ ਪੰਜਾਬੀ ਲਈ
ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਆਲ ਇੰਡੀਆ ਜਾਟ ਆਰਕਸ਼ਣ ਸਮਿਤੀ ਦੇ ਪ੍ਰਧਾਨ ਯਸ਼ਪਾਲ ਮਲਿਕ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਖਜ਼ਾਨਾ ਮੰਤਰੀ ਕੈਪਟਨ ਅਭਿਮਨਿਊ ਦੇ ਸਮਾਗਮਾਂ ਵਿੱਚ 16 ਅਗਸਤ ਤੋਂ ਧਰਨਿਆਂ ਦਾ ਐਲਾਨ ਕਰ ਦਿੱਤਾ ਹੈ।
ਇਸ ਕਾਰਵਾਈ ਦੇ ਪਹਿਲੇ ਪੜਾਅ ਵਿੱਚ ਜਾਟ ਬਹੁ-ਗਿਣਤੀ ਵਾਲੇ 9 ਜਿਲ੍ਹਿਆਂ- ਰੋਹਤਕ, ਝੱਜਰ, ਭਿਵਨੀ, ਹਿਸਾਰ, ਕੈਥਲ, ਜੀਂਦ, ਪਾਣੀਪੱਤ ਅਤੇ ਸੋਨੀਪੱਤ ਵਿੱਚ ਪਬਲਿਕ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ꞉
ਜਸੀਆ ਪਿੰਡ 'ਚ ਸਮਿਤੀ ਦੇ ਮੁੱਖ ਦਫ਼ਤਰ ਵਿੱਚ ਯਸ਼ਪਾਲ ਮਲਿਕ ਨੇ ਭਾਜਪਾ ਦੀ ਕੇਂਦਰ ਅਤੇ ਸੂਬਾ ਸਰਕਾਰ 'ਤੇ ਜਾਟਾਂ ਦੀ ਰਾਖਵੇਂਕਰਨ ਦੀ ਮੰਗ ਨੂੰ ਪੂਰੀ ਨਾ ਕਰਨ ਦੇ ਇਲਜ਼ਾਮ ਲਗਾਏ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਜਾਟ ਅੰਦੋਲਨ ਦੌਰਾਨ 18 ਅਤੇ 19 ਮਾਰਚ 2016 ਅਤੇ 11 ਫਰਵਰੀ 2018, ਨੂੰ ਫੜੇ ਗਏ ਨੌਜਵਾਨਾਂ ਖ਼ਿਲਾਫ਼ ਬਣਾਏ ਗਏ ਕੇਸ ਵੀ ਵਾਪਸ ਨਹੀਂ ਲਏ ਗਏ।
ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਜਾਟ ਆਗੂ ਯਸ਼ਪਾਲ ਮਲਿਕ ਨੇ ਕਿਹਾ, "ਕੇਂਦਰ ਸਰਕਾਰ ਅਤੇ ਮੁੱਖ ਮੰਤਰੀ ਖੱਟਰ ਦੀ ਅਗਵਾਈ ਵਾਲੀ ਸੂਬਾ ਸਰਕਾਰ ਜਾਣ ਬੁੱਝ ਕੇ ਜਾਟਾਂ ਨੂੰ ਰਾਖਵੇਂਕਰਨ ਦੇ ਹੱਕਾਂ ਤੋਂ ਵਾਂਝੇ ਰੱਖ ਰਹੀ ਹੈ ਅਤੇ 2016 ਦੇ ਵਿਵਾਦ ਦੀ ਸੀਬੀਆਈ ਜਾਂਚ ਦਾ ਘੇਰਾ ਵਧਾ ਕੇ ਹੋਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਰਹੀ ਹੈ।"
ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਲ 2016 ਦੇ ਜਾਟ ਅੰਦੋਲਨ ਨੂੰ ਪਟਰੀ ਤੋਂ ਲਾਹੁਣ ਵਾਲੇ ਅਸਲੀ ਮੁਲਜ਼ਮਾਂ ਨੂੰ ਭਾਜਪਾ ਦੀ ਸ਼ਹਿ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਤਜ਼ੁਰਬੇ ਤੋਂ ਸਬਕ ਲੈਂਦਿਆਂ ਖੱਟਰ ਤੇ ਅਭਿਮਨਿਊ ਦਾ ਮੌਜੂਦਾ ਵਿਰੋਧ ਸਿਰਫ਼ ਪੇਂਡੂ ਇਲਾਕਿਆਂ 'ਚ ਕੀਤਾ ਜਾਵੇਗਾ ਤਾਂ ਜੋ ਪਹਿਲਾਂ ਵਰਗੇ ਹਾਲਾਤ ਨਾ ਪੈਦਾ ਹੋਣ।
ਜ਼ਿਕਰਯੋਗ ਹੈ ਕਿ ਸਮਿਤੀ ਖਜ਼ਾਨਾ ਮੰਤਰੀ ਨਾਲ ਨਾਰਾਜ਼ ਹੈ ਕਿਉਂਕਿ ਉਹ ਰੋਹਤਕ ਵਿਚਲੇ ਆਪਣੇ ਘਰ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਹੇ ਹਨ। ਦੋਸ਼ੀਆਂ ਵਿੱਚੋਂ ਜ਼ਿਆਦਾਤਰ ਦਾ ਸਬੰਧ ਜਾਟ ਭਾਈਚਾਰੇ ਨਾਲ ਹੈ।
ਜਾਟਾਂ ਵਿੱਚ ਫੁੱਟ
ਦੂਸਰੇ ਪਾਸੇ ਭਿਵਾਨੀ ਦੇ ਜਾਟ ਸਮਿਤੀ ਦੇ ਦੂਸਰੇ ਧੜੇ ਦੇ ਆਗੂ ਹਵਾ ਸਿੰਘ ਸਾਂਗਵਾਨ ਮੁਤਾਬਕ ਯਸ਼ਪਾਲ ਬਾਹਰੀ ਵਿਅਕਤੀ ਹਨ ਜੋ ਸ਼ਾਂਤਮਈ ਹਰਿਆਣੇ ਦਾ ਮਾਹੌਲ ਖ਼ਰਾਬ ਕਰ ਰਹੇ ਹਨ।
ਉਨ੍ਹਾਂ ਕਿਹਾ, "ਯਸ਼ਪਾਲ ਮਲਿਕ ਦੀ 16 ਅਗਸਤ ਤੋਂ ਭਾਜਪਾ ਦੇ ਮੰਤਰੀਆਂ ਦੇ ਬਾਈਕਾਟ ਦਾ ਸੱਦਾ ਜਾਟ ਭਾਈਚਾਰੇ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਨੂੰ ਅਜਿਹਾ ਸੱਦਾ ਦੇਣ ਦਾ ਕੋਈ ਹੱਕ ਨਹੀਂ ਤੇ ਭਾਈਚਾਰੇ ਕੋਲ ਉਨ੍ਹਾਂ 'ਤੇ ਭਰੋਸਾ ਕਰਨ ਦੀ ਕੋਈ ਵਜ੍ਹਾ ਨਹੀਂ ਹੈ।"
ਸਾਂਗਵਾਨ ਨੇ ਕਿਹਾ, "ਜਾਟ ਰਾਖਵੇਂਕਰਨ ਦੇ ਮੁੱਦੇ ਨੂੰ ਲੈ ਕੇ ਸਾਡੀ ਸਮਿਤੀ ਜੀਂਦ 'ਚ ਪਿਛਲੇ ਛੇ ਮਹੀਨਿਆਂ ਤੋਂ ਸ਼ਾਂਤਮਈ ਧਰਨੇ ਉੱਪਰ ਬੈਠੀ ਹੈ। ਅਸੀਂ ਸਤੰਬਰ ਵਿੱਚ ਸਰਕਾਰ ਦੇ ਵਿਰੋਧ ਬਾਰੇ ਕੋਈ ਫ਼ੈਸਲਾ ਲਵਾਂਗੇ ਕਿਉਂਕਿ ਜਾਟ ਭਾਈਚਾਰਾ ਸਾਡੀ ਹਮਾਇਤ ਕਰ ਰਿਹਾ ਹੈ ਨਾ ਕਿ ਯਸ਼ਪਾਲ ਮਲਿਕ।"
ਉਨ੍ਹਾਂ ਕਿਹਾ ਕਿ 2016 ਦੇ ਵਿਵਾਦ ਵਿੱਚ 30 ਤੋਂ ਵਧੇਰੇ ਮੌਤਾਂ ਹੋਈਆਂ ਸਨ ਅਤੇ ਸੀਬੀਆਈ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਵਿੱਚ ਯਸ਼ਪਾਲ ਦੀ ਮੁੱਖ ਭੂਮਿਕਾ ਦਾ ਪਤਾ ਲਾਉਣ ਮਗਰੋਂ ਮਲਿਕ ਦਾ ਰਾਜ ਪੂਰੀ ਤਰ੍ਹਾਂ ਉਜਾਗਰ ਹੋ ਚੁੱਕਿਆ ਹੈ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਮੀਡੀਆ ਸਲਾਹਕਾਰ ਰਾਜੀਵ ਜੈਨ ਨੇ ਕਿਹਾ ਕਿ ਪਬਲਿਕ ਮੀਟਿੰਗ ਵਿੱਚ ਖ਼ਲਲ ਪੈਦਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਭ ਸਿਆਸੀ ਤੌਰ 'ਤੇ ਪ੍ਰੇਰਿਤ ਹੈ ਅਤੇ ਜੇ ਲੋੜ ਪਈ ਤਾਂ ਸਰਕਾਰ ਸਖ਼ਤ ਕਦਮ ਚੁੱਕੇਗੀ।
ਇਹ ਵੀ ਪੜ੍ਹੋ꞉