ਹਾਕਮ ਸਿੰਘ: ਜ਼ਿੰਦਗੀ ਦੀ ਜੰਗ ਲੜਦਾ ਗੋਲਡ ਮੈਡਲਿਸਟ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

"ਇਨ੍ਹਾਂ ਨੂੰ ਜਿਗਰ ਦੀ ਬਿਮਾਰੀ ਹੈ। ਬੋਲਣ ਦੀ ਹਾਲਤ ਵਿੱਚ ਨਹੀਂ ਹਨ ਅਤੇ ਨਾਂ ਹੀ ਕੁੱਝ ਖਾ ਪੀ ਸਕਦੇ ਹਨ। ਅਸੀਂ ਪਹਿਲਾਂ ਹੀ ਮਾੜੇ ਹਾਲਾਤ ਦੇਖੇ ਹਨ।"

ਇਹ ਕਹਿਣਾ ਹੈ ਹਸਪਤਾਲ ਵਿੱਚ ਜੇਰੇ ਇਲਾਜ ਹਾਕਮ ਸਿੰਘ ਦੀ ਪਤਨੀ ਬੇਅੰਤ ਕੌਰ ਦਾ। ਹਾਕਮ ਸਿੰਘ ਉਹ ਖਿਡਾਰੀ ਹਨ ਜਿੰਨ੍ਹਾਂ ਨੇ ਕਦੇ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ ਦਾ ਮਾਣ ਵਧਾਇਆ ਪਰ ਅੱਜ ਉਨ੍ਹਾਂ ਕੋਲ ਇਲਾਜ ਲਈ ਪੈਸੇ ਨਹੀਂ ਹਨ।

ਉਨ੍ਹਾਂ ਬੈਂਕਾਕ ਵਿੱਚ ਹੋਈਆਂ 8ਵੀਂ ਏਸ਼ੀਆਈ ਖੇਡਾਂ ਵਿੱਚ 20 ਕਿਲੋਮੀਟਰ ਤੇਜ਼ ਚਾਲ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਸੀ ਪਰ ਅੱਜ ਉਨ੍ਹਾਂ ਦੀ ਜ਼ਿੰਦਗੀ ਦੀ ਰਫ਼ਤਾਰ ਹੀ ਹੌਲੀ ਪੈ ਗਈ ਹੈ।

ਇਹ ਵੀ ਪੜ੍ਹੋ:

ਇਹੀ ਵਜ੍ਹਾ ਹੈ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਕਮ ਸਿੰਘ ਦੇ ਇਲਾਜ ਲਈ 5 ਲੱਖ ਰੁਪਏ ਜਾਰੀ ਕੀਤੇ ਅਤੇ ਬਰਨਾਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇ।

ਬੇਅੰਤ ਕੌਰ ਦਾ ਕਹਿਣਾ ਹੈ, "2003 ਵਿੱਚ ਹਾਕਮ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਕੋਚ ਦੀ ਨੌਕਰੀ ਮਿਲੀ ਸੀ ਜਿਸ ਦੀ 7 ਹਜ਼ਾਰ ਪੈਨਸ਼ਨ ਆਉਂਦੀ ਹੈ। ਸਾਡੇ ਲਈ ਤਾਂ ਇਲਾਜ ਕਰਵਾਉਣਾ ਵੀ ਔਖਾ ਸੀ। ਹੁਣ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਵੱਲੋਂ ਵੀ 10 ਲੱਖ ਰੁਪਏ ਦੀ ਮਦਦ ਕੀਤੀ ਗਈ ਹੈ। ਹਸਪਤਾਲ ਦਾ ਖਰਚਾ ਪੰਜਾਬ ਸਰਕਾਰ ਚੁੱਕ ਰਹੀ ਹੈ। ਫ਼ੌਜ ਦੇ ਵੱਡੇ ਅਫ਼ਸਰ ਵੀ ਆਏ ਸਨ। ਉਨ੍ਹਾਂ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ ਹੈ।"

ਟਰੈਕ ਦੇ ਬਾਦਸ਼ਾਹ ਹਾਕਮ ਸਿੰਘ

  • ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲ ਦੇ ਰਹਿਣ ਵਾਲੇ ਹਾਕਮ ਸਿੰਘ 1978 ਦੀਆਂ ਏਸ਼ੀਆਈ ਖੇਡਾਂ ਕਾਰਨ ਸੁਰਖ਼ੀਆਂ ਵਿੱਚ ਆ ਗਏ ਸਨ।
  • ਬੈਂਕਾਕ ਵਿਖੇ ਹੋਈਆਂ 8ਵੀਆਂ ਏਸ਼ੀਆਈ ਖੇਡਾਂ ਵਿੱਚ ਉਨ੍ਹਾਂ 20 ਕਿਲੋਮੀਟਰ ਤੇਜ਼ ਚਾਲ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਸੀ।
  • ਅਗਲੇ ਹੀ ਸਾਲ ਉਨ੍ਹਾਂ ਟੋਕੀਓ ਵਿੱਚ 'ਫ਼ੀਲਡ ਐਂਡ ਟਰੈਕ ਚੈਂਪੀਅਨਸ਼ਿਪ' ਵਿੱਚ ਫਿਰ ਭਾਰਤ ਲਈ ਗੋਲਡ ਮੈਡਲ ਜਿੱਤਿਆ ਸੀ।
  • ਹਾਕਮ ਸਿੰਘ ਨੂੰ 29 ਅਗਸਤ 2008 ਵਿੱਚ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੱਲੋਂ ਧਿਆਨ ਚੰਦ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਹਾਕਮ ਸਿੰਘ ਦੇ ਵੱਡੇ ਪੁੱਤਰ ਸੁਖਜੀਤ ਸਿੰਘ ਦੱਸਦੇ ਹਨ, "ਸਾਡੇ ਜਨਮ ਤੋਂ ਪਹਿਲਾਂ ਹੀ ਉਹ ਕੌਮਾਂਤਰੀ ਖਿਡਾਰੀ ਦੇ ਤੌਰ 'ਤੇ ਪ੍ਰਸਿੱਧ ਹੋ ਚੁੱਕੇ ਸਨ। ਕੋਚ ਦੇ ਤੌਰ 'ਤੇ ਵੀ ਉਨ੍ਹਾਂ 8-9 ਸਾਲ ਪੰਜਾਬ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ।"

ਸਾਲ 1972 ਵਿੱਚ ਹਾਕਮ ਸਿੰਘ ਭਾਰਤੀ ਫ਼ੌਜ ਦੀ 6ਵੀਂ ਸਿੱਖ ਰੈਜੀਮੈਂਟ ਵਿੱਚ ਭਰਤੀ ਹੋ ਗਏ ਸਨ।

ਫੌਜ ਵਿੱਚ ਆਪਣੀ ਰੈਜੀਮੈਂਟ ਵੱਲੋਂ ਖੇਡਣਾ ਸ਼ੁਰੂ ਕੀਤਾ ਅਤੇ ਫਿਰ ਏਸ਼ੀਆਈ ਜੇਤੂ ਬਣਨ ਤੱਕ ਦਾ ਸਫ਼ਰ ਕੁੱਝ ਸਾਲਾਂ ਵਿੱਚ ਹੀ ਤੈਅ ਕਰ ਲਿਆ।

ਇਹ ਵੀ ਪੜ੍ਹੋ:

ਸੂਬੇਦਾਰ ਮੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਜਰਨੈਲ ਸਿੰਘ ਦੱਸਦੇ ਹਨ, "ਅਸੀਂ ਹਾਕਮ ਸਿੰਘ ਤੋਂ ਬਾਅਦ ਫੌਜ ਵਿੱਚ ਭਰਤੀ ਹੋਏ ਸੀ। ਉਹ ਸਾਡੀ ਰੈਜੀਮੈਂਟ ਦਾ ਮਾਣ ਸਨ। ਹਾਕਮ ਸਿੰਘ ਦੇ ਮੈਡਲ ਅਤੇ ਤਸਵੀਰਾਂ ਅੱਜ ਵੀ ਰੈਜੀਮੈਂਟ ਦੀ ਹੀਰੋ ਗੈਲਰੀ ਵਿੱਚ ਲੱਗੀਆਂ ਹੋਈਆਂ ਹਨ। ਇੱਕੋ ਇਲਾਕੇ ਨਾਲ ਸਬੰਧਤ ਹੋਣ ਕਾਰਨ ਮੇਰੀ ਉਨ੍ਹਾਂ ਨਾਲ ਨੇੜਤਾ ਵੱਧ ਸੀ। ਨਵੇਂ ਭਰਤੀ ਹੋਏ ਜਵਾਨਾਂ ਲਈ ਉਹ ਪ੍ਰੇਰਨਾ ਸਰੋਤ ਸਨ।"

ਹਾਲਾਂਕਿ ਉਨ੍ਹਾਂ ਦੇ ਪੁੱਤਰ ਸੁਖਜੀਤ ਸਿੰਘ ਦਾ ਕਹਿਣਾ ਹੈ, "ਜ਼ਮੀਨ ਥੋੜ੍ਹੀ ਹੋਣ ਕਰਕੇ ਆਮਦਨ ਘੱਟ ਸੀ। ਛੋਟਾ ਜਹਾ ਘਰ ਸੀ। ਸਾਡੀ ਕਿਸੇ ਨੇ ਸਾਰ ਨਹੀਂ ਲਈ। ਪ੍ਰਾਈਵੇਟ ਨੌਕਰੀਆਂ ਕਰਕੇ ਸਾਨੂੰ ਉਨ੍ਹਾਂ ਪਾਲਿਆ। ਹੁਣ ਅਸੀਂ ਦੋਵੇਂ ਭਰਾ ਵੀ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਕੇ ਪਰਿਵਾਰ ਚਲਾ ਰਹੇ ਹਾਂ।"

ਇਹ ਵੀ ਪੜ੍ਹੋ:

ਸਾਬਕਾ ਫ਼ੌਜੀਆਂ ਲਈ ਇੱਕ ਐਨਜੀਓ ਚਲਾਉਣ ਵਾਲੇ ਸੇਵਾਮੁਕਤ ਕਰਨਲ ਐੱਸਐੱਸ ਸੋਹੀ ਦਾ ਕਹਿਣਾ ਹੈ ਕਿ ਦੁਖ ਦੀ ਗੱਲ ਹੈ ਕਿ ਦੇਸ ਨੂੰ ਮਾਣ ਦਿਵਾਉਣ ਵਾਲਾ ਅਤੇ ਦੇਸ ਦੀ ਸੇਵਾ ਕਰਨ ਵਾਲਾ ਫ਼ੌਜੀ ਗੁਰਬਤ ਦੀ ਜ਼ਿੰਦਗੀ ਹੰਢਾ ਰਿਹਾ ਹੈ।

ਉਨ੍ਹਾਂ ਦੱਸਿਆ, "ਇੱਕ ਕੌਮਾਂਤਰੀ ਖਿਡਾਰੀ ਨੂੰ ਬਿਨਾਂ ਪੈਨਸ਼ਨ ਅਤੇ ਹੋਰ ਲਾਭ ਦਿੱਤਿਆਂ ਸੇਵਾ ਮੁਕਤ ਕਰ ਦਿੱਤਾ ਗਿਆ, ਜਦੋਂ ਕਿ ਉਹ ਉਸ ਵੇਲੇ ਅਨਜਾਨੀਆ ਸਿੰਡਰੋਮ (ਦਿਲ ਨੂੰ ਲੋੜੀਂਦੀ ਆਕਸੀਜਨ ਨਾ ਮਿਲੇ ਤਾਂ ਛਾਤੀ ਵਿੱਚ ਦਰਦ ਹੁੰਦਾ ਹੈ)ਤੋਂ ਪੀੜਤ ਸਨ। ਅਸੀਂ ਆਰਮਡ ਫੋਰਸਜ਼ ਟ੍ਰਿਬਿਊਨਲ ਕੋਲ ਹਾਕਮ ਸਿੰਘ ਦਾ ਇਸੇ ਆਧਾਰ ਉੱਤੇ ਮਾਮਲਾ ਚੁੱਕਿਆ ਸੀ। ਟ੍ਰਿਬਿਊਨਲ ਵੱਲੋਂ ਬੀਤੀ ਇੱਕ ਫਰਵਰੀ ਨੂੰ ਮੈਡੀਕਲ ਰਿਪੋਰਟ ਦੇ ਆਧਾਰ ਉੱਤੇ 20% ਡਿਸਏਬਿਲਟੀ ਪੈਨਸ਼ਨ ਦੇਣ ਦਾ ਹੁਕਮ ਦਿੱਤਾ ਗਿਆ ਹੈ।"

ਉੱਥੇ ਹੀ ਮੁੱਖ ਮੰਤਰੀ ਦੇ ਨਿਰਦੇਸ਼ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਦਾ ਕਹਿਣਾ ਹੈ ਕਿ ਹਾਕਮ ਸਿੰਘ ਦੇ ਇਲਾਜ ਲਈ ਮੁੱਖ ਮੰਤਰੀ ਵੱਲੋਂ ਐਲਾਨ ਕੀਤੀ ਮਦਦ ਦੀ ਰਾਸ਼ੀ ਜਲਦੀ ਹੀ ਪਰਿਵਾਰ ਨੂੰ ਦੇ ਦਿੱਤੀ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)