ਸੁਪਰੀਮ ਕੋਰਟ ਵਿੱਚ ਫੈਸਲੇ ਸੁਣਾਉਣਗੀਆਂ ਇਹ ਤਿੰਨ ਦੇਵੀਆਂ

ਲੰਬੇ ਇੰਤਜ਼ਾਰ ਤੋਂ ਬਾਅਦ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਤਿੰਨ ਨਵੇਂ ਜੱਜ ਦਾਖ਼ਲ ਹੋਏ। ਜਸਟਿਸ ਕੇਐਮ ਜੋਸੇਫ, ਜਸਟਿਸ ਵਿਨੀਤ ਸ਼ਰਨ ਅਤੇ ਜਸਟਿਸ ਇੰਦਰਾ ਬੈਨਰਜੀ ਸੁਪਰੀਮ ਕੋਰਟ ਦਾ ਹਿੱਸਾ ਬਣੇ।

ਜੱਜਾਂ ਦੀ ਨਿਯੁਕਤੀ ਦੌਰਾਨ ਕਰੀਬ ਲੰਬੇ ਸਮੇਂ ਤੱਕ ਜਸਟਿਸ ਕੇਐਮ ਜੋਸੇਫ ਦੀ ਨਿਯੁਕਤੀ ਦਾ ਮਾਮਲਾ ਸੁਰਖ਼ੀਆਂ ਵਿੱਚ ਛਾਇਆ ਰਿਹਾ ਪਰ ਇਨ੍ਹਾਂ ਵਿਚਾਲੇ ਇੱਕ ਆਮ ਨਾਮ ਹੋਰ ਵੀ ਹੈ ਜੋ ਕੱਲ੍ਹ ਭਾਰਤੀ ਨਿਆਂ ਵਿਵਸਥਾ ਦੇ ਇਤਿਹਾਸ ਵਿੱਚ ਦਰਜ ਹੋਵੇਗਾ। ਇਹ ਨਾਮ ਹੈ ਜਸਟਿਸ ਇੰਦਰਾ ਬੈਨਰਜੀ ਦਾ।

ਦੇਸ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਸੁਪਰੀਮ ਕੋਰਟ ਵਿੱਚ ਤਿੰਨ-ਤਿੰਨ ਮਹਿਲਾ ਜੱਜ ਇਕੋ ਵੇਲੇ ਨਾਲ ਹੋਣਗੀਆਂ। ਜਸਟਿਸ ਆਰ ਭਾਨੂਮਤੀ, ਜਸਟਿਸ ਇੰਦੂ ਮਲਹੋਤਰਾ ਅਤੇ ਜਸਟਿਸ ਇੰਦਰਾ ਬੈਨਰਜੀ।

ਇਹ ਵੀ ਪੜ੍ਹੋ:

ਪਿਛਲੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਦਰਾਸ ਹਾਈ ਕੋਰਟ ਦੀ ਚੀਫ਼ ਜਸਟਿਸ ਇੰਦਰਾ ਬੈਨਰਜੀ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਉਣ ਦੇ ਪ੍ਰਸਤਾਵ 'ਤੇ ਮੁਹਰ ਲਗਾਈ ਸੀ।

ਮੰਗਲਵਾਰ ਸਵੇਰੇ ਸੁਪਰੀਮ ਕੋਰਟ ਵਿੱਚ ਉਨ੍ਹਾਂ ਨੂੰ ਇਸ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ।

ਇੰਦਰਾ ਬੈਨਰਜੀ ਦਾ ਸਫ਼ਰ

ਇੰਦਰਾ ਬੈਨਰਜੀ ਦਾ ਜਨਮ 24 ਸਤੰਬਰ 1957 ਨੂੰ ਹੋਇਆ ਸੀ। ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ-ਲਿਖਾਈ ਕੋਲਕਾਤਾ ਦੇ ਲੋਰੇਟੋ ਹਾਊਸ ਵਿੱਚ ਹੋਈ।

ਉਸ ਤੋਂ ਬਾਅਦ ਉਨ੍ਹਾਂ ਨੇ ਕੋਲਕਾਤਾ ਦੇ ਪ੍ਰਸਿੱਧ ਪ੍ਰੈਸੀਡੈਂਸੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਫੇਰ ਕਾਨੂੰਨ ਦੀ ਪੜ੍ਹਾਈ ਲਈ ਉਨ੍ਹਾਂ ਨੇ ਕੋਲਕਾਤਾ ਦੀ ਲਾਅ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ।

15 ਜੁਲਾਈ 1985 ਨੂੰ ਇੰਦਰਾ ਵਕੀਲ ਬਣੀ ਅਤੇ ਕੋਲਕਾਤਾ ਵਿੱਚ ਹੇਠਲੀ ਅਦਾਲਤ ਅਤੇ ਹਾਈ ਕੋਰਟ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ। ਕ੍ਰਿਮੀਨਲ ਲਾਅ ਦੇ ਇਲਾਵਾ ਉਨ੍ਹਾਂ ਨੇ ਦੂਜੇ ਸਾਰੇ ਤਰ੍ਹਾਂ ਦੇ ਕੇਸ ਵੀ ਲੜੇ ਹਨ।

ਇਸ ਤੋਂ ਬਾਅਦ 5 ਫਰਵਰੀ 2002 ਨੂੰ ਇੰਦਰਾ ਕੋਲਕਾਤਾ ਹਾਈ ਕੋਰਟ ਦੀ ਸਥਾਈ ਜੱਜ ਬਣ ਗਈ।

ਫੇਰ 2016 ਵਿੱਚ ਉਹ ਦਿੱਲੀ ਹਾਈ ਕੋਰਟ ਵਿੱਚ ਆਈ ਅਤੇ 5 ਅਪ੍ਰੈਲ 2017 ਨੂੰ ਉਨ੍ਹਾਂ ਨੇ ਮਦਰਾਸ ਹਾਈ ਕੋਰਟ ਦੀ ਚੀਫ਼ ਵਜੋਂ ਅਹੁਦਾ ਸੰਭਾਲਿਆ।

ਜਸਟਿਸ ਇੰਦਰਾ ਬੈਨਰਜੀ ਸੁਪਰੀਮ ਕੋਰਟ ਦੀ ਜੱਜ ਬਣਨ ਵਾਲੀ ਅੱਠਵੀਂ ਮਹਿਲਾ ਹੋਵੇਗੀ।

ਸੁਪਰੀਮ ਕੋਰਟ ਵਿੱਚ ਉਨ੍ਹਾਂ ਦਾ ਕਾਰਜਕਾਲ 4 ਸਾਲ ਅਤੇ ਇੱਕ ਮਹੀਨਾ ਰਹੇਗਾ।

ਮਦਰਾਸ ਹਾਈ ਕੋਰਟ ਵਿੱਚ ਚੀਫ਼ ਜਸਟਿਸ ਰਹਿੰਦੇ ਹੋਏ ਉਹ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਇਨ-ਹਾਊਸ ਕਮੇਟੀ ਦੇ ਪ੍ਰਧਾਨ ਵੀ ਸਨ।

ਇਹ ਕਮੇਟੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਓਡੀਸ਼ਾ ਹਾਈ ਕੋਰਟ ਦੇ ਇੱਕ ਜੱਜ ਦੇ ਖ਼ਿਲਾਫ਼ ਲੱਗੇ ਇਲਜ਼ਾਮਾਂ ਦੀ ਜਾਂਚ ਲਈ ਬਣਾਈ ਸੀ।

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਐਸਐਨ ਸ਼ੁਕਲਾ 'ਤੇ ਜਦੋਂ ਮੈਡੀਕਲ ਐਡਮਿਸ਼ਨ ਘੋਟਾਲੇ ਦੇ ਇਲਜ਼ਾਮ ਲੱਗੇ ਸਨ, ਤਾਂ ਉਸ ਦੀ ਜਾਂਚ ਕਮੇਟੀ ਵਿੱਚ ਵੀ ਇੰਦਰਾ ਬੈਨਰਜੀ ਹੀ ਸੀ। ਉਹ ਕਮੇਟੀ ਵੀ ਸੁਪਰੀਮ ਕੋਰਟ ਨੇ ਹੀ ਬਣਾਈ ਸੀ।

ਦਰਅਸਲ ਦੇਸ ਦੇ ਸਾਰੇ ਹਾਈ ਕੋਰਟ ਦੇ ਜੋ ਚੀਫ਼ ਜਸਟਿਸ ਮੌਜੂਦ ਹਨ ਉਨ੍ਹਾਂ ਵਿੱਚੋਂ ਉਹ ਦੂਜੀ ਸਭ ਤੋਂ ਸੀਨੀਅਰ ਚੀਫ਼ ਜਸਟਿਸ ਸੀ, ਜਿਸ ਦੇ ਕਾਰਨ ਉਨ੍ਹਾਂ ਨੂੰ ਇਹ ਤਰੱਕੀ ਮਿਲੀ ਹੈ।

ਸੁਪਰੀਮ ਕੋਰਟ ਵਿੱਚ ਮੌਜੂਦਾ ਜੱਜਾਂ ਵਿੱਚ ਖੇਤਰੀ ਪ੍ਰਤੀਨਿਧਤਵ ਦੇ ਹਿਸਾਬ ਨਾਲ ਦੇਖੀਏ ਤਾਂ ਬੰਗਾਲ ਦਾ ਕੋਟਾ ਕਾਫੀ ਸਮੇਂ ਤੋਂ ਖਾਲੀ ਸੀ। ਇੰਦਰਾ ਬੈਨਰਜੀ ਦੇ ਆਉਣ ਤੋਂ ਬਾਅਦ ਇਸ ਨੂੰ ਅਗਵਾਈ ਮਿਲ ਜਾਵੇਗੀ।

ਇੰਦੂ ਮਲਹੋਤਰਾ

ਇਸ ਤੋਂ ਪਹਿਲਾਂ ਇਸੇ ਸਾਲ ਅਪ੍ਰੈਲ ਵਿੱਚ ਇੰਦੂ ਮਲਹੋਤਰਾ ਨੇ ਵੀ ਸੀਨੀਅਰ ਵਕੀਲ ਤੋਂ ਸੁਪਰੀਮ ਕੋਰਟ ਦੇ ਜੱਜ ਤੱਕ ਦਾ ਸਫ਼ਰ ਤੈਅ ਕੀਤਾ ਸੀ। ਸਿੱਧੇ ਬਾਰ ਕਾਊਂਸਲ ਤੋਂ ਜੱਜ ਬਣਨ ਵਾਲੀ ਉਹ ਪਹਿਲੀ ਔਰਤ ਹੈ।

ਵਕਾਲਤ ਪਿੱਠਭੂਮੀ ਵਾਲੇ ਪਰਿਵਾਰ ਵਿੱਚ ਪੈਦਾ ਹੋਈ ਇੰਦੂ ਮਲਹੋਤਰਾ ਦੇ ਪਿਤਾ ਓਮ ਪ੍ਰਕਾਸ਼ ਮਲਹੋਤਰਾ ਸੁਪਰੀਮ ਕੋਰਟ ਦੇ ਵਕੀਲ ਰਹਿ ਚੁੱਕੀ ਹੈ। ਇੰਦੂ ਮਲਹੋਤਰਾ ਦਾ ਜਨਮ 14 ਮਾਰਚ 1956 ਵਿੱਚ ਬੈਂਗਲੁਰੂ ਵਿੱਚ ਹੋਇਆ ਸੀ।

ਦਿੱਲੀ ਵਿੱਚ ਵੱਡੀ ਹੋਈ ਇੰਦੂ ਨੇ ਕਾਰਮਲ ਕੌਨਵੈਂਟ ਸਕੂਲ ਤੋਂ ਸ਼ੁਰੂਆਤੀ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਗ੍ਰੈਜੂਏਸ਼ਨ ਲਈ ਦਿੱਲੀ ਯੂਨੀਵਰਸਿਟੀ ਦੇ ਲੇਡੀ ਸ਼੍ਰੀਰਾਮ ਕਾਲਜ ਵਿੱਚ ਪੋਲਟੀਕਲ ਸਾਇੰਸ ਵਿੱਚ ਦਾਖ਼ਲਾ ਲਿਆ। ਫੇਰ ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ।

ਉਹ ਪਿਛਲੇ 30 ਸਾਲਾਂ ਤੋਂ ਸੁਪਰੀਮ ਕੋਰਟ ਵਿੱਚ ਪ੍ਰੈਕਟਿਸ ਕਰ ਰਹੀ ਹੈ ਅਤੇ ਹੁਣ ਉਹ ਉੱਥੇ ਹੀ ਜੱਜ ਬਣ ਗਈ ਹੈ।

ਆਰ ਭਾਨੂਮਤੀ

ਆਰ ਭਾਨੂਮਤੀ ਵਰਤਮਾਨ ਵਿੱਚ ਸੁਪਰੀਮ ਕੋਰਟ ਵਿੱਚ ਤੀਜੀ ਮਹਿਲਾ ਜਸਟਿਸ ਹੈ। 2014 ਵਿੱਚ ਉਹ ਸੁਪਰੀਮ ਕੋਰਟ ਵਿੱਚ ਜਸਟਿਸ ਬਣੀ ਸੀ।

20 ਜੁਲਾਈ 1955 ਨੂੰ ਇਨ੍ਹਾਂ ਦਾ ਜਨਮ ਹੋਇਆ ਸੀ। 2013 ਵਿੱਚ ਝਾਰਖੰਡ ਦੇ ਚੀਫ਼ ਜਸਟਿਸ ਵਜੋਂ ਤਰੱਕ ਹੋਈ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਨੇ "Hand Book of Civil and Criminal Courts Management and Use of Computers" ਨਾਮ ਦੀ ਕਿਤਾਬ ਵੀ ਲਿਖੀ ਹੈ।

ਸੁਪਰੀਮ ਕੋਰਟ ਵਿੱਚ ਇੰਦਰਾ ਬੈਨਰਜੀ ਅਤੇ ਇੰਦੂ ਮਲਹੋਤਰਾ ਅੱਜ ਜਿਸ ਥਾਂ 'ਤੇ ਹਨ ਉੱਥੇ ਪਹੁੰਚਣ ਵਾਲੀ ਜਸਟਿਸ ਫਾਤਿਮਾ ਬੀਵੀ ਪਹਿਲੀ ਔਰਤ ਸੀ।

ਉਨ੍ਹਾਂ ਤੋਂ ਬਾਅਦ ਜਸਟਿਸ ਸੁਜਾਤਾ ਮਨੋਹਰ, ਜਸਟਿਸ ਰੂਮਾ ਪਾਲ, ਜਸਟਿਸ ਗਿਆਨ ਸੁਧਾ ਮਿਸ਼ਰਾ, ਜਸਟਿਸ ਰੰਜਨਾ ਦੇਸਾਈ ਵੀ ਸੁਪਰੀਮ ਕੋਰਟ ਵਿੱਚ ਜੱਜ ਰਹਿ ਚੁੱਕੇ ਹਨ।

ਮੌਜੂਦਾ ਦੌਰ ਵਿੱਚ ਜਸਟਿਸ ਆਰ ਭਾਨੂਮਤੀ ਅਤੇ ਇੰਦੂ ਮਲਹੋਤਰਾ ਦੇ ਨਾਲ ਇੰਦਰਾ ਬੈਨਰਜੀ ਵੀ ਸੁਪਰੀਮ ਕੋਰਟ ਵਿੱਚ ਜੱਜ ਬਣ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)