ਨਿਤਿਨ ਗਡਕਰੀ ਦੇ ਰਾਖਵਾਂਕਰਨ ਤੇ ਨੌਕਰੀਆਂ ਬਾਰੇ ਬਿਆਨ 'ਤੇ ਲੋਕਾਂ ਨੇ ਚੁੱਕੇ ਸਵਾਲ - ਸੋਸ਼ਲ

ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕੋਟਾ ਨੌਕਰੀਆਂ ਦੀ ਗਰੰਟੀ ਨਹੀਂ ਹੈ ਕਿਉਂਕਿ ਨੌਕਰੀਆਂ ਉਲਪਬਧ ਹੀ ਨਹੀਂ ਹਨ।

ਪੀਟੀਆਈ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਇਹ ਵਿਚਾਰ ਪੱਤਰਕਾਰਾਂ ਨਾਲ ਮਰਾਠਾ ਰਾਖਵਾਂਕਰਨ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਪ੍ਰਗਟ ਕੀਤੇ।

ਉਨ੍ਹਾਂ ਕਿਹਾ, "ਸਮੇਂ ਦੀ ਮੰਗ ਰੁਜ਼ਗਾਰ ਉਪਜਾਉਣਾ ਅਤੇ ਪ੍ਰਤੀ ਜੀਅ ਆਮਦਨੀ ਵਧਾਉਣਾ ਹੈ। ਜੇ ਅਸੀਂ ਰਾਖਵਾਂਕਰਨ ਦੇ ਵੀ ਦੇਈਏ ਤਾਂ ਵੀ ਨੌਕਰੀਆਂ ਤਾਂ ਨਹੀਂ ਹਨ। ਸਰਕਾਰ ਨੇ ਬੈਂਕਾਂ ਵਿੱਚ ਵੀ ਭਰਤੀ ਬੰਦ ਕਰ ਦਿੱਤੀ ਹੈ ਕਿਉਂਕਿ ਬਹੁਤ ਸਾਰਾ ਕੰਮ ਤਕਨੀਕ ਦੁਆਰਾ ਸਾਂਭ ਲਿਆ ਗਿਆ ਹੈ।"

ਇਹ ਵੀ ਪੜ੍ਹੋ:

ਗਡਕਰੀ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਪਾਰਟੀਆਂ ਤੋਂ ਲੈ ਕੇ ਆਮ ਲੋਕਾਂ ਨੇ ਸਰਕਾਰ 'ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ।

ਟਵਿੱਟਰ ਹੈਂਡਲਰ ਰੂਚਿਰਾ ਚਤੁਰਵੇਦੀ ਨੇ ਲਿਖਿਆ,''ਵਸੁੰਦਰਾ ਜੀ ਤੋਂ ਬਾਅਦ ਹੁਣ ਗਡਕਰੀ ਜੀ ਨੇ ਵੀ ਮੰਨ ਲਿਆ ਹੈ ਕਿ ਨੌਕਰੀਆਂ ਨਹੀਂ ਹਨ। ਸਵਾਲ ਇਹ ਹੈ ਕਿ ਮੋਦੀ ਜੀ ਕਦੋਂ ਸੱਚ ਬੋਲਣਗੇ?''

ਟਵਿੱਟਰ ਹੈਂਡਲਰ ਅਭੀਜੀਤ ਸਪਕਾਲ ਕਹਿੰਦੇ ਹਨ, ''ਮੋਦੀ ਨੇ 20 ਜੁਲਾਈ ਨੂੰ ਕਿਹਾ ਸੀ ਅਸੀਂ ਨੌਕਰੀਆਂ ਦੇ ਮੌਕੇ ਪੈਦਾ ਕੀਤੇ। 4 ਅਗਸਤ ਨੂੰ ਨਿਤਿਨ ਗਡਕਰੀ ਨੇ ਕਿਹਾ ਕਿ ਨੌਕਰੀਆਂ ਨਹੀਂ ਹਨ। ਇਹ ਸਰਕਾਰ ਵਿਚਲੇ ਵਿਰੋਧਾਭਾਸ ਨੂੰ ਸਾਬਤ ਕਰਦਾ ਹੈ।''

ਟਵਿੱਟਰ ਯੂਜ਼ਰ ਜ਼ੁਬੇਰ ਪਟੇਲ ਕਹਿੰਦੇ ਹਨ, ''ਨਿਤਿਨ ਗਡਕਰੀ ਨੇ ਮੰਨ ਲਿਆ ਹੈ ਕਿ ਭਾਰਤ ਵਿੱਚ ਨੌਕਰੀਆਂ ਨਹੀਂ ਹਨ। ਮੋਦੀ ਜੀ ਦੇਸ ਦੇ 125 ਕਰੋੜ ਲੋਕਾਂ ਨੂੰ ਸੱਚ ਦੱਸੋ। ਤੁਸੀਂ ਤੇ ਤੁਹਾਡੀ ਸਰਕਾਰ ਰੁਜ਼ਗਾਰ 'ਤੇ ਝੂਠ ਬੋਲ ਰਹੇ ਹੋ।''

ਵਿਨੇ ਕੁਮਾਰ ਡੋਕਾਨੀਆ ਲਿਖਦੇ ਹਨ, ''ਮੋਦੀ ਸਰਕਾਰ ਨੇ ਆਖ਼ਰਕਾਰ ਇਹ ਮੰਨ ਲਿਆ ਹੈ ਕਿ ਲੋਕਾਂ ਲਈ ਨੌਕਰੀਆਂ ਨਹੀਂ ਹਨ। ਭਾਰਤ ਜਾਣਨਾ ਚਾਹੁੰਦਾ ਹੈ ਮੋਦੀ ਜੀ ਤੁਹਾਡਾ ਵਾਅਦਾ ਕਿੱਥੇ ਗਿਆ।''

ਟਵਿੱਟਰ ਯੂਜ਼ਰ ਵਿਨੀਤਾ ਜੀ ਫੋਗਾਟ ਨੇ ਲਿਖਿਆ,''ਆਖ਼ਰਕਾਰ ਨੌਕਰੀਆਂ ਅਤੇ ਰਾਖਵੇਂਕਰਨ 'ਤੇ ਕੋਈ ਸੱਚੀ ਗੱਲ ਕੀਤੀ। ਇਮਾਨਦਾਰੀ ਨਾਲ ਹੁਣ ਇਸ 'ਤੇ ਚਰਚਾ ਕਰਕੇ ਇਸਦਾ ਹੱਲ ਕੱਢਿਆ ਜਾਵੇ।''

ਸੰਜੀਵਨੀ ਲਿਖਦੀ ਹੈ,''ਨਿਤਿਨ ਗਡਕਰੀ ਨੇ ਸ਼ਰੇਆਮ ਇਹ ਮੰਨਿਆ ਹੈ ਕਿ ਮੋਦੀ ਸਰਕਾਰ ਨੌਕਰੀਆਂ ਦੇਣ ਦੇ ਵਾਅਦੇ ਨੂੰ ਪੂਰਾ ਨਾ ਕਰਨ ਵਿੱਚ ਨਾਕਾਮ ਸਾਬਤ ਹੋਈ ਹੈ।''

ਯਸ਼ੋਮਤੀ ਠਾਕੁਰ ਕਹਿੰਦੇ ਹਨ, ''31 ਮਿਲੀਅਨ ਭਾਰਤੀ ਬੇਰੁਜ਼ਗਾਰ ਹਨ ਤੇ ਅਜੇ ਵੀ ਮੋਦੀ ਸਰਕਾਰ ਕਹਿ ਰਹੀ ਹੈ ਕਿ ਨੌਕਰੀਆਂ ਨਹੀਂ ਹਨ।''

ਟਵਿੱਟਰ ਯੂਜ਼ਰ ਸਈਦ ਮਕਬੂਲ ਨੇ ਲਿਖਿਆ, ''ਦਿਲ ਕੀ ਬਾਤ ਜ਼ੁਬਾਨ ਪੇ ਆ ਗਈ।''

ਟਵਿੱਟਰ ਹੈਂਡਲਰ ਸੁਨੀਤਾ ਕੁਮਾਰੀ ਕਹਿੰਦੀ ਹੈ,''ਗਡਕਰੀ ਜੀ ਬਹੁਤ ਵਧੀਆ ਸਵਾਲ ਹੈ। ਹਰ ਭਾਰਤੀ ਇਹੀ ਸਵਾਲ ਪੁੱਛ ਰਿਹਾ ਹੈ।''

ਗਡਕਰੀ ਨੇ ਇਹ ਵੀ ਕਿਹਾ ਸੀ ਕਿ ਅੱਜ ਅਜਿਹੇ ਲੋਕ ਵੀ ਹਨ ਜਿਹੜੇ ਚਾਹੁੰਦੇ ਹਨ ਕਿ ਨੀਤੀ ਨਿਰਮਾਤਾ ਸਾਰਿਆਂ ਭਾਈਚਾਰਿਆਂ ਵਿੱਚੋਂ ਸਭ ਤੋਂ ਗ਼ਰੀਬ ਲੋਕਾਂ ਨੂੰ ਰਾਖਵਾਂਕਰਨ ਵਿੱਚ ਸ਼ਾਮਲ ਕਰਨ 'ਤੇ ਵਿਚਾਰ ਕਰੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)