ਕੀ ਆਪਣੇ ਤੋਂ ਘੱਟ ਉਮਰ ਦੇ ਮਰਦਾਂ ਨਾਲ ਖੁਸ਼ ਰਹਿੰਦੀਆਂ ਹਨ ਔਰਤਾਂ?

    • ਲੇਖਕ, ਨਵੀਨ ਨੇਗੀ
    • ਰੋਲ, ਬੀਬੀਸੀ ਪੱਤਰਕਾਰ

''ਨਾ ਉਮਰ ਕੀ ਸੀਮਾ ਹੋ, ਨਾ ਜਨਮ ਕਾ ਹੋ ਬੰਧਨ...ਜਬ ਪਿਆਰ ਕਰੇ ਕੋਈ, ਤੋ ਦੇਖੇ ਕੇਵਲ ਮਨ..''

ਪਿਆਰ ਦੇ ਅੱਗੇ ਉਮਰ ਦੀ ਸੀਮਾ ਅਤੇ ਜਨਮ ਦੇ ਬੰਧਨ ਨੂੰ ਤੋੜਨ ਦੀ ਗੱਲ ਕਰਦੀ ਜਗਜੀਤ ਸਿੰਘ ਵੱਲੋਂ ਗਾਈ ਇਹ ਗਜ਼ਲ ਸਾਲਾਂ ਤੋਂ ਕਈ ਮਹਿਫ਼ਿਲਾਂ ਨੂੰ ਗੁਲਜ਼ਾਰ ਕਰਦੀ ਰਹੀ ਹੈ।

ਪਿਆਰ ਵਿੱਚ ਉਮਰ ਦੀਆਂ ਸੀਮਾਵਾਂ ਤੋੜਦੀ ਅਜਿਹੀ ਹੀ ਇੱਕ ਤਸਵੀਰ ਕੁਝ ਦਿਨ ਪਹਿਲਾਂ ਦੇਖਣ ਨੂੰ ਮਿਲੀ, ਜਦੋਂ ਖ਼ਬਰਾਂ ਆਈਆਂ ਕਿ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੇ ਤੋਂ 10 ਸਾਲ ਛੋਟੇ ਅਮਰੀਕੀ ਗਾਇਕ ਅਤੇ ਆਪਣੇ ਦੋਸਤ ਨਿਕ ਜੋਨਾਸ ਨਾਲ ਮੰਗਣੀ ਕਰ ਲਈ ਹੈ।

ਇਹ ਵੀ ਪੜ੍ਹੋ:

ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਸੈਲੀਬ੍ਰਿਟੀਆਂ ਨੂੰ ਤਮਾਮ ਥਾਵਾਂ ਨੂੰ ਵਧਾਈ ਦੇ ਸੰਦੇਸ਼ ਮਿਲਣ ਲੱਗੇ। ਹਾਲਾਂਕਿ ਪ੍ਰਿਅੰਕਾ ਅਤੇ ਨਿਕ ਨੇ ਖ਼ੁਦ ਆਪਣੀ ਮੰਗਣੀ ਦੀ ਪੁਸ਼ਟੀ ਨਹੀਂ ਕੀਤੀ ਪਰ ਉਨ੍ਹਾਂ ਨੇ ਮੰਗਣੀ ਦੀਆਂ ਖ਼ਬਰਾਂ 'ਤੇ ਮਿਲ ਰਹੀਆਂ ਵਧਾਈਆਂ ਦੇ ਸੰਦੇਸ਼ਾਂ ਨੂੰ ਨਕਾਰਿਆ ਵੀ ਨਹੀਂ।

ਇਨ੍ਹਾਂ ਵਧਾਈ ਸੰਦੇਸ਼ਾਂ ਦੇ ਨਾਲ-ਨਾਲ ਇੱਕ ਹੋਰ ਮੁੱਦੇ 'ਤੇ ਬਹਿਸ ਹੋਣ ਲੱਗੀ ਕਿ ਕਿਸੇ ਸਬੰਧ ਵਿੱਚ ਉਮਰ ਦਾ ਫ਼ਰਕ ਕਿੰਨਾ ਮਾਅਨੇ ਰੱਖਦਾ ਹੈ। ਨਾਲ ਹੀ ਵਿਆਹ ਲਈ ਕੁੜੀ ਦਾ ਮੁੰਡੇ ਨਾਲੋਂ ਉਮਰ ਵਿੱਚ ਵੱਡਾ ਹੋਣਾ ਸਮਾਜਿਕ ਢਾਂਚੇ ਦੇ ਉਲਟ ਤਾਂ ਨਹੀਂ ਹੈ।

ਜਦੋਂ ਵੱਡੀ ਹੁੰਦੀ ਹੈ ਕੁੜੀ

ਇੱਕ ਸਾਲ ਪਹਿਲਾਂ ਜਦੋਂ ਇਮੈਨੁਅਲ ਮੈਕਰੋਂ ਫਰਾਂਸ ਦੇ ਰਾਸ਼ਟਰਪਤੀ ਚੁਣੇ ਗਏ ਤਾਂ ਉਨ੍ਹਾਂ ਦੇ ਰਾਸ਼ਟਰਪਤੀ ਦੀ ਗੱਦੀ ਤੱਕ ਪੁੱਜਣ ਤੋਂ ਇਲਾਵਾ ਇੱਕ ਹੋਰ ਖ਼ਬਰ ਸੁਰਖ਼ੀਆਂ ਵਿੱਚ ਆਈ। ਇਹ ਖ਼ਬਰ ਸੀ ਉਨ੍ਹਾਂ ਦੇ ਰਿਲੇਸ਼ਨਸ਼ਿਪ ਸਟੇਟਸ ਦੇ ਬਾਰੇ ਵਿੱਚ।

ਮੈਕਰੋਂ ਦੀ ਪਤਨੀ ਅਤੇ ਫਰਾਂਸ ਦੀ ਫਰਸਟ ਲੇਡੀ ਬ੍ਰਿਜੇਟ ਮੈਕਰੋਂ ਉਨ੍ਹਾਂ ਨਾਲੋਂ 24 ਸਾਲ ਵੱਡੀ ਹੈ। ਜਦੋਂ ਇਮੈਨੁਅਲ ਸਕੂਲ ਵਿੱਚ ਸਨ ਉਦੋਂ ਬ੍ਰਿਜੇਟ ਉਨ੍ਹਾਂ ਦੀ ਟੀਚਰ ਸੀ ਅਤੇ ਦੋਵਾਂ ਵਿਚਾਲੇ ਉਦੋਂ ਹੀ ਪਿਆਰ ਪੈ ਗਿਆ ਸੀ।

ਸਮਾਜ ਵਿੱਚ ਇੱਕ ਆਮ ਧਾਰਨਾ ਹੈ ਕਿ ਵਿਆਹ ਦੇ ਸਮੇਂ ਔਰਤ ਦੀ ਉਮਰ ਮਰਦ ਤੋਂ ਘੱਟ ਹੋਣੀ ਚਾਹੀਦੀ ਹੈ। ਭਾਰਤ ਵਿੱਚ ਸਰਕਾਰ ਵੱਲੋਂ ਵਿਆਹ ਦੀ ਕਾਨੂੰਨ ਉਮਰ ਮੁੰਡੇ ਲਈ 21 ਸਾਲ ਅਤੇ ਕੁੜੀ ਲਈ 18 ਸਾਲ ਹੈ।

ਅਜਿਹ ਵਿੱਚ ਸਵਾਲ ਉੱਠਦਾ ਹੈ ਕਿ ਜਦੋਂ ਕਿਸੇ ਵਿਆਹ ਵਿੱਚ ਕੁੜੀ ਦੀ ਉਮਰ ਮੁੰਡੇ ਨਾਲੋਂ ਵੱਧ ਹੁੰਦੀ ਹੈ ਤਾਂ ਕੀ ਉਹ ਸਮਾਜ ਦੇ ਬਣਾਏ ਨਿਯਮ ਤੋਂ ਉਲਟ ਜਾ ਰਹੇ ਹੁੰਦੇ ਹਨ?

ਫੋਰਟੀਸ ਅਤੇ ਆਈਬੀਐਸ ਹਸਪਤਾਲ ਵਿੱਚ ਮੈਰਿਜ ਕਾਊਂਸਲਰ ਦੇ ਤੌਰ 'ਤੇ ਕੰਮ ਕਰਨ ਵਾਲੀ ਮਨੋਵਿਗਿਆਨੀ ਸ਼ਿਵਾਨੀ ਮਿਸਰੀ ਸਾੜੂ ਨੇ ਇਸ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ।

ਉਹ ਕਹਿੰਦੀ ਹੈ ਕਿ ਵੱਡੀ ਉਮਰ ਦੀਆਂ ਔਰਤਾਂ ਦਾ ਘੱਟ ਉਮਰ ਦੇ ਨੌਜਵਾਨਾਂ ਨਾਲ ਸਬੰਧ ਬਣਾਉਣਾ ਜਾਂ ਵਿਆਹ ਕਰਨਾ, ਉਨ੍ਹਾਂ ਦੇ ਪੁਰਾਣੇ ਤਜਰਬਿਆਂ ਦੇ ਆਧਾਰ 'ਤੇ ਹੁੰਦਾ ਹੈ।

ਸ਼ਿਵਾਨੀ ਇਨ੍ਹਾਂ ਸਬੰਧਾਂ ਨੂੰ ਸਮਝਾਉਂਦੇ ਹੋਏ ਕਹਿੰਦੀ ਹੈ, ''ਕੋਈ ਵੱਡੀ ਉਮਰ ਦੀ ਔਰਤ ਆਪਣੇ ਪੁਰਾਣੇ ਤਜਰਬਿਆਂ ਤੋਂ ਸਬਕ ਲੈਂਦੇ ਹੋਏ ਅੱਗੇ ਵਧਦੀ ਹੈ, ਉਹ ਆਪਣੀ ਜ਼ਿੰਦਗੀ ਵਿੱਚ ਕਾਫ਼ੀ ਕੁਝ ਸਿੱਖ ਚੁੱਕੀ ਹੁੰਦੀ ਹੈ ਅਤੇ ਉਮਰ ਦੇ ਇੱਕ ਪੜ੍ਹਾਅ 'ਤੇ ਆਉਣ ਤੋਂ ਬਾਅਦ ਉਸ ਨੂੰ ਲਗਦਾ ਹੈ ਕਿ ਹੁਣ ਉਸਦੀ ਜ਼ਿੰਦਗੀ ਨਾਲ ਜੁੜਨ ਵਾਲਾ ਸ਼ਖ਼ਸ ਉਸ 'ਤੇ ਆਪਣਾ ਹੱਕ ਨਾ ਜਮਾਏ, ਅਜਿਹੇ ਵਿੱਚ ਉਹ ਘੱਟ ਉਮਰ ਦੇ ਮੁੰਡਿਆਂ ਨਾਲ ਸਹਿਜ ਹੁੰਦੀ ਹੈ।''

ਸਮਾਜ ਦਾ ਨਜ਼ਰੀਆ

ਫ਼ਿਲਮ 'ਦਿਲ ਚਾਹਤਾ ਹੈ' ਵਿੱਚ ਅਕਸ਼ੇ ਖੰਨਾ ਨੇ ਜਿਸ ਮੁੰਡੇ ਦਾ ਕਿਰਦਾਰ ਨਿਭਾਇਆ ਹੈ, ਉਸ ਨੂੰ ਆਪਣੇ ਤੋਂ ਵੱਡੀ ਉਮਰ ਦੀ ਔਰਤ ਨਾਲ ਪਿਆਰ ਹੋ ਜਾਂਦਾ ਹੈ। ਇਹ ਗੱਲ ਉਹ ਆਪਣੇ ਦੋ ਕਰੀਬੀ ਦੋਸਤਾਂ ਨੂੰ ਦੱਸਦੇ ਹਨ, ਪਰ ਉਨ੍ਹਾਂ ਦੇ ਦੋਸਤ ਉਨ੍ਹਾਂ ਦੇ ਪਿਆਰ ਨੂੰ ਸਮਝਣ ਦੀ ਥਾਂ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ।

ਇਸ ਫ਼ਿਲਮ ਵਿੱਚ ਦਿਖਾਏ ਗਏ ਮਜ਼ਾਕੀਆ ਸੀਨ ਦਰਅਸਲ ਇਸ ਤਰ੍ਹਾਂ ਦੇ ਰਿਸ਼ਤਿਆਂ ਦੀ ਹਕੀਕਤ ਬਿਆਨ ਕਰਦੇ ਹਨ।

ਦਿੱਲੀ ਦੇ ਉੱਤਮ ਨਗਰ ਵਿੱਚ ਰਹਿਣ ਵਾਲੀ ਮਾਨਸੀ ਵੀ ਆਪਣੇ ਪਤੀ ਤੋਂ ਪੰਜ ਸਾਲ ਵੱਡੀ ਹੈ, ਉਨ੍ਹਾਂ ਦਾ ਵਿਆਹ ਸਾਲ 2012 ਵਿੱਚ ਹੋਇਆ ਸੀ। ਪਤੀ-ਪਤਨੀ ਵਿਚਾਲੇ ਆਪਸੀ ਸਮਝ ਬਹੁਤ ਚੰਗੀ ਹੈ ਪਰ ਕਦੇ-ਕਦੇ ਮਾਨਸੀ ਦੀਆਂ ਸਹੇਲੀਆਂ ਉਨ੍ਹਾਂ ਨੂੰ ਇਹ ਕਹਿ ਕੇ ਜ਼ਰੂਰ ਤੰਗ ਕਰਦੀਆਂ ਹਨ ਕਿ ਤੂੰ ਬੱਚੇ ਨਾਲ ਵਿਆਹ ਕਰ ਲਿਆ ਹੈ।

ਮਾਨਸੀ ਇਹ ਗੱਲਾਂ ਭਾਵੇਂ ਹੀ ਹੱਸਦੇ ਹੋਏ ਦੱਸਦੀ ਹੈ ਕਿ ਪਰ ਇਸ ਤਰ੍ਹਾਂ ਦੇ ਮਜ਼ਾਕ ਕਈ ਵਾਰ ਗੰਭੀਰ ਨਤੀਜਿਆਂ ਵਿੱਚ ਬਦਲ ਜਾਂਦੇ ਹਨ।

ਮੈਰਿਜ ਕਾਊਂਸਲਰ ਸ਼ਿਵਾਨੀ ਇਨ੍ਹਾਂ ਨਤੀਜਿਆਂ ਬਾਰੇ ਦੱਸਦੀ ਹੈ, ''ਮੇਰੇ ਕੋਲ ਬਹੁਤ ਸਾਰੇ ਅਜਿਹੇ ਕਲਾਈਂਟ ਆਉਂਦੇ ਹਨ ਜਿਨ੍ਹਾਂ ਵਿੱਚ ਲੜਾਈ ਦਾ ਕਾਰਨ ਦੋਸਤਾਂ ਦਾ ਮਜ਼ਾਕ ਜਾਂ ਰਿਸ਼ਤੇਦਾਰਾਂ ਦੇ ਮਿਹਣੇ ਹੁੰਦੇ ਹਨ। ਉਮਰ ਵਿੱਚ ਫਾਸਲਾ ਹੋਣ ਕਰਕੇ ਇਹ ਲੜਾਈ ਹੋਰ ਵਧ ਸਕਦੀ ਹੈ।''

ਉਮਰ ਵਿੱਚ ਫਾਸਲੇ ਦਾ ਨਤੀਜਾ

ਜੇਕਰ ਦੋ ਲੋਕਾਂ ਦੀ ਉਮਰ ਵਿੱਚ ਬਹੁਤ ਜ਼ਿਆਦਾ ਫਾਸਲਾ ਹੈ ਤਾਂ ਉਸਦੇ ਵੱਖ-ਵੱਖ ਨਤੀਜੇ ਦੇਖਣ ਨੂੰ ਮਿਲਦੇ ਹਨ। ਜਿਵੇਂ ਜੇਕਰ ਕੁੜੀ ਦੀ ਉਮਰ 40 ਤੋਂ ਵੱਧ ਹੋ ਜਾਵੇ ਅਤੇ ਉਦੋਂ ਉਹ ਰਿਸ਼ਤੇ ਵਿੱਚ ਆਉਂਦੀ ਹੈ ਤਾਂ ਪ੍ਰੈਗਨੈਂਸੀ ਨਾਲ ਜੁੜੀਆਂ ਦਿੱਕਤਾਂ ਹੋ ਸਕਦੀਆਂ ਹਨ। ਇਸੇ ਤਰ੍ਹਾਂ ਮਾਨਸਿਕ ਬਿਮਾਰੀ ਵੀ ਵੱਧ ਉਮਰ ਦੇ ਨਾਲ ਵਧਣ ਲਗਦੀ ਹੈ।

ਇਹ ਵੀ ਪੜ੍ਹੋ:

ਜੇਕਰ ਦੋ ਲੋਕ ਇੱਕ ਉਮਰ ਦੇ ਨਹੀਂ ਹਨ ਤਾਂ ਉਨ੍ਹਾਂ ਨੂੰ ਆਪਸ ਵਿੱਚ ਤਾਲਮੇਲ ਬਿਠਾਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਬੀਬੀਸੀ ਰੇਡੀਓ 1 ਦੀ ਰਿਪੋਰਟ ਮੁਤਾਬਕ ਘੱਟ ਉਮਰ ਦੇ ਵਿਅਕਤੀ ਦਾ ਸੋਚਣ ਦਾ ਤਰੀਕਾ ਵੱਖਰਾ ਹੁੰਦਾ ਹੈ ਜਦਕਿ ਵੱਧ ਉਮਰ ਵਾਲੇ ਸ਼ਖ਼ਸ ਦੀ ਸੋਚ ਵੱਖਰੀ ਹੁੰਦੀ ਹੈ। ਅਜਿਹੇ ਵਿੱਚ ਕਈ ਵਾਰ ਸੋਚ-ਸਮਝ ਵਿੱਚ ਮਤਭੇਦ ਹੋ ਜਾਂਦੇ ਹਨ।

ਹਾਲਾਂਕਿ ਆਪਸੀ ਤਾਲਮੇਲ ਦੀਆਂ ਇਹ ਗੱਲਾਂ ਉਮਰ ਦੇ ਵੱਖ-ਵੱਖ ਪੜ੍ਹਾਅ ਅਨੁਸਾਰ ਬਦਲ ਜਾਂਦੀਆਂ ਹਨ।

ਸ਼ਿਵਾਨੀ ਦੱਸਦੀ ਹੈ, ''ਮੰਨ ਲਵੋ ਇੱਕ ਜੋੜਾ 20 ਸਾਲ ਅਤੇ 30 ਸਾਲ ਦਾ ਹੈ ਤਾਂ ਉਨ੍ਹਾਂ ਵਿੱਚ ਆਪਸੀ ਮਤਭੇਦ ਦਿਖ ਸਕਦੇ ਹਨ ਪਰ ਦੂਜਾ ਜੋੜਾ 50 ਸਾਲ ਅਤੇ 60 ਸਾਲ ਦਾ ਹੈ ਤਾਂ ਉਨ੍ਹਾਂ ਵਿਚਾਲੇ ਉਨ੍ਹਾਂ ਹੀ ਮੁੱਦਿਆਂ 'ਤੇ ਸਹਿਮਤੀ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਦੋਵਾਂ ਹੀ ਉਦਹਾਰਣਾਂ ਵਿੱਚ ਉਮਰ ਦਾ ਫਾਸਲਾ 10 ਸਾਲ ਦਾ ਹੈ ਪਰ ਕਈ ਵਾਰ ਅਜਿਹੇ ਰਿਸ਼ਤਿਆਂ ਵਿੱਚ ਉਮਰ ਦਾ ਪੜ੍ਹਾਅ ਵੱਧ ਅਹਿਮ ਹੋ ਜਾਂਦਾ ਹੈ।''

ਸ਼ਿਵਾਨੀ ਕਹਿੰਦੀ ਹੈ ਕਿ ਜਦੋਂ ਅਸੀਂ ਜਵਾਨ ਹੁੰਦੇ ਹਾਂ ਤਾਂ ਸਾਡੀਆਂ ਉਮੀਦਾਂ ਵੱਖਰੀਆਂ ਹੁੰਦੀਆਂ ਹਨ। ਉਸ ਉਮਰ ਵਿੱਚ 5 ਸਾਲ ਦਾ ਫਾਸਲਾ ਵੀ ਵੱਧ ਨਜ਼ਰ ਆਉਂਦਾ ਹੈ ਜਦਕਿ ਉਮਰ ਦਰਾਜ ਹੋਣ 'ਤੇ ਇਹੀ ਫਾਸਲਾ ਤਜਰਬੇ ਵਿੱਚ ਬਦਲ ਕੇ ਸਹਿਮਤੀ ਵੱਲ ਲੈ ਜਾਂਦਾ ਹੈ।

ਅਮਰੀਕਾ ਦੀ ਇਮੋਰੀ ਯੂਨੀਵਰਸੀ ਦੀ ਇੱਕ ਸਟਡੀ ਦੱਸਦੀ ਹੈ ਕਿ ਜੇਕਰ ਉਮਰ ਦਾ ਫਾਸਲਾ ਬਹੁਤ ਜ਼ਿਆਦਾ ਹੁੰਦਾ ਹੈ ਤਾ ਉਨ੍ਹਾਂ ਵਿੱਚ ਤਲਾਕ ਦੇ ਅੰਕੜੇ ਵਧ ਜਾਂਦੇ ਹਨ।

ਰੈਂਡਲ ਓਲਸਨ ਨੇ ਇਮੋਰੀ ਯੂਨੀਵਰਸਟੀ ਦੀ What makes for a stable marriage ਨਾਮ ਦੀ ਇਸ ਸਟਡੀ ਨੂੰ ਦੋ ਹਿੱਸਿਆਂ ਵਿੱਚ ਜਾਰੀ ਕੀਤਾ ਸੀ।

ਇਨ੍ਹਾਂ ਦੋਵਾਂ ਹਿੱਸਿਆਂ ਵਿੱਚ ਦੱਸਿਆ ਗਿਆ ਸੀ ਕਿ ਕਿਸੇ ਕਪਲ ਵਿੱਚ ਉਮਰ ਦਾ ਫਾਸਲਾ ਜਿੰਨਾ ਵਧਦਾ ਜਾਂਦਾ ਹੈ ਤਲਾਕ ਦੀ ਸੰਭਾਵਨਾ ਓਨੀ ਵਧਦੀ ਜਾਂਦੀ ਹੈ। ਹਾਲਾਂਕਿ ਇਹ ਰਿਪੋਰਟ ਅਮਰੀਕੀ ਜੋੜਿਆਂ 'ਤੇ ਆਧਾਰਿਤ ਹੈ।

ਸੋਚ ਕੀ ਹੁੰਦੀ ਹੈ?

ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਆਪਣੇ ਤੋਂ ਘੱਟ ਉਮਰ ਦੇ ਮੁੰਡਿਆਂ ਨਾਲ ਸਬੰਧ ਬਣਾਉਣ ਤੋਂ ਪਹਿਲਾਂ ਕਿਸੇ ਕੁੜੀ ਦੇ ਦਿਮਾਗ ਵਿੱਚ ਕੀ ਵਿਚਾਰ ਚੱਲ ਰਹੇ ਹੁੰਦੇ ਹਨ?

ਇਸ ਸਵਾਲ ਦੇ ਜਵਾਬ ਵਿੱਚ ਸ਼ਿਵਾਨੀ ਕਹਿੰਦੀ ਹੈ, ''ਉਂਜ ਤਾਂ ਕੋਈ ਵੀ ਰਿਸ਼ਤਾ ਆਮ ਸਹਿਮਤੀ ਅਤੇ ਪਸੰਦ ਨਾਲ ਹੀ ਸ਼ੁਰੂ ਹੁੰਦਾ ਹੈ। ਆਪਣੇ ਤੋਂ ਘੱਟ ਉਮਰ ਦੇ ਮੁੰਡਿਆਂ ਨੂੰ ਪਸੰਦ ਕਰਦੇ ਸਮੇਂ ਕੁੜੀਆਂ ਦੇ ਦਿਮਾਗ ਵਿੱਚ ਇੱਕ ਹੀ ਗੱਲ ਚੱਲਦੀ ਹੈ- ਪੁਰਾਣੇ ਰਿਸ਼ਤਿਆਂ ਨੂੰ ਭੁਲਾਉਣਾ। ਦਰਅਸਲ ਜਵਾਨ ਮੁੰਡਿਆਂ ਨਾਲ ਰਿਸ਼ਤਾ ਬਣਾਉਣ 'ਤੇ ਕੁੜੀਆਂ ਖ਼ੁਦ ਨੂੰ ਵੀ ਜਵਾਨ ਮਹਿਸੂਸ ਕਰਨ ਲਗਦੀਆਂ ਹਨ। ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਹੁਣ ਉਹ ਆਪਣੇ ਤੋਂ ਜਵਾਨ ਮੁੰਡਿਆਂ ਨੂੰ ਆਕਰਸ਼ਿਤ ਕਰ ਸਕਦੀਆਂ ਹਨ।''

ਇਸ ਤੋਂ ਉਲਟ ਇੱਕ ਮੁੰਡਾ ਖ਼ੁਦ ਤੋਂ ਵੱਡੀ ਉਮਰ ਦੀ ਕੁੜੀ ਦੇ ਨਾਲ ਰਿਸ਼ਤਾ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਦਾ ਹੈ?

ਇਸਦੇ ਬਾਰੇ ਸ਼ਿਵਾਨੀ ਕਹਿੰਦੀ ਹੈ ਕਿ ਮੁੰਡਿਆਂ ਲਈ ਇਹ ਰਿਸ਼ਤੇ ਇੱਕ ਤਰ੍ਹਾਂ ਨਾਲ ਘੱਟ ਜ਼ਿੰਮੇਵਾਰੀ ਵਾਲੇ ਹੁੰਦੇ ਹਨ, ਉਹ ਇੱਕ ਤਜਰਬੇ ਵਾਲੇ ਸਾਥੀ ਦਾ ਸਾਥ ਹਾਸਲ ਕਰਕੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਤੋਂ ਬਚ ਜਾਂਦੇ ਹਨ।''

ਇਹ ਵੀ ਪੜ੍ਹੋ:

ਸ਼ਿਵਾਨੀ ਕਹਿੰਦੀ ਹੈ, ''ਇਹ ਰਿਸ਼ਤੇ ਦੋਵਾਂ ਲਈ ਵੱਖ-ਵੱਖ ਸਥਿਤੀ ਹੈ, ਜੇਕਰ ਦੋਵਾਂ ਦੀ ਆਪਸੀ ਸਮਝ ਚੰਗੀ ਹੈ ਤਾਂ ਮੁੰਡਾ ਅਤੇ ਕੁੜੀ ਇੱਕ ਦੂਜੇ ਦੀਆਂ ਲੋੜਾਂ ਨੂੰ ਪੂਰਾ ਕਰ ਦਿੰਦੇ ਹਨ। ਵੱਡੀ ਉਮਰ ਦੀਆਂ ਕੁੜੀਆਂ ਆਤਮ-ਨਿਰਭਰ ਹੁੰਦੀਆਂ ਹਨ। ਅਜਿਹੀਆਂ ਕੁੜੀਆਂ ਦੇ ਨਾਲ ਮੁੰਡਿਆਂ ਨੂੰ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਪੈਂਦੀ।''

ਸ਼ਿਵਾਨੀ ਇਹ ਵੀ ਕਹਿੰਦੀ ਹੈ ਕਿ ਇਸ ਤਰ੍ਹਾਂ ਦੇ ਰਿਸ਼ਤਿਆਂ ਵਿੱਚ ਆਮ ਤੌਰ 'ਤੇ ਪਹਿਲਾਂ ਤੋਂ ਹੀ ਬੱਚਿਆਂ ਦੇ ਹੋਣ ਜਾਂ ਨਾ ਹੋਣ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕਰ ਲਿਆ ਜਾਂਦਾ ਹੈ।

ਜੇਕਰ ਇੱਕ 20 ਸਾਲ ਦਾ ਮੁੰਡਾ 30 ਸਾਲ ਦੀ ਕੁੜੀ ਨੂੰ ਡੇਟ ਕਰ ਰਿਹਾ ਹੈ ਤਾਂ ਸ਼ਾਇਦ ਉਹ ਫੈਮਿਲੀ ਪਲਾਨਿੰਗ ਦੇ ਸਬੰਧ ਵਿੱਚ ਬਹੁਤ ਸਪੱਸ਼ਟ ਨਾ ਹੋਵੇ ਪਰ ਜੇਕਰ ਇੱਕ 30 ਸਾਲ ਦਾ ਮਰਦ ਅਤੇ 40 ਸਾਲ ਦੀ ਔਰਤ ਡੇਟ ਕਰ ਰਹੇ ਹਨ ਉਨ੍ਹਾਂ ਵਿੱਚ ਫੈਮਿਲੀ ਪਲਾਨਿੰਗ ਦੀ ਸਹਿਮਤੀ ਬਣ ਜਾਂਦੀ ਹੈ।

ਉਮਰ ਵਿੱਚ ਫ਼ਾਸਲੇ ਦੇ ਸਫ਼ਲ ਅਸਫ਼ਲ ਦੋਵੇਂ ਹੀ ਤਰ੍ਹਾਂ ਦੇ ਕਈ ਉਦਹਰਾਣ ਦੇਖਣ ਨੂੰ ਮਿਲਦੇ ਹਨ, ਜਿੱਥੇ ਸੈਫ਼ ਅਲੀ ਖ਼ਾਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਅਮ੍ਰਿਤਾ ਸਿੰਘ ਵਿਚਾਲੇ ਉਮਰ ਦਾ ਵੱਡਾ ਫਾਸਲਾ ਸੀ ਅਤੇ ਉਨ੍ਹਾਂ ਦਾ ਵਿਆਹ ਕਾਮਯਾਬ ਨਹੀਂ ਰਿਹਾ।

ਬਾਅਦ ਵਿੱਚ ਸੈਫ਼ ਅਲੀ ਖ਼ਾਨ ਨੇ ਆਪਣੇ ਤੋਂ ਕਾਫ਼ੀ ਛੋਟੀ ਉਮਰ ਦੀ ਅਦਾਕਾਰਾ ਕਰੀਨਾ ਕਪੂਰ ਨਾਲ ਵਿਆਹ ਕਰਵਾ ਲਿਆ।

ਉੱਥੇ ਹੀ ਦੂਜੇ ਪਾਸੇ ਅਜਿਹੇ ਵੀ ਉਦਾਹਰਣ ਹਨ ਜਿੱਥੇ ਪਤਨੀ ਦੇ ਵੱਡੀ ਉਮਰ ਦੇ ਹੋਣ ਦੇ ਬਾਵਜੂਦ ਵਿਆਹ ਕਾਮਯਾਬ ਰਹੇ, ਜਿਵੇਂ ਕ੍ਰਿਕਟਰ ਸਚਿਨ ਤੰਦੁਲਕਰ ਅਤੇ ਅੰਜਲੀ ਤੰਦੁਲਕਰ ਦੀ ਜੋੜੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)