ਪੜ੍ਹਾਈ ਲਈ ਮੱਛੀ ਵੇਚਣ ਵਾਲੀ ਕੁੜੀ ਨੂੰ 'ਗਿਰਝਾਂ' ਤੋਂ ਬਚਾਉਣ ਲਈ ਅੱਗੇ ਆਏ ਮੰਤਰੀ

ਹਨਨ ਨੇ ਭਰੀਆਂ ਅੱਖਾਂ ਨਾਲ ਹੱਥ ਜੋੜ ਕੇ ਆਪਣੇ ਆਲੋਚਕਾਂ ਨੂੰ ਅਪੀਲ ਕੀਤੀ, "ਮੈਨੂੰ ਕੋਈ ਮਦਦ ਨਹੀਂ ਚਾਹੀਦੀ, ਮੈਨੂੰ ਮੇਰੇ ਹਾਲ 'ਤੇ ਛੱਡ ਦਿਓ ਤਾਂ ਜੋ ਮੈਂ ਆਪਣੀ ਰੋਜ਼ੀ-ਰੋਟੀ ਲਈ ਕੋਈ ਵੀ ਕੰਮ ਕਰ ਸਕਾਂ।"

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕੇਰਲ ਦੀ ਬੀ.ਐਸ.ਸੀ. ਦੀ ਵਿਦਿਆਰਥਣ ਹਨਨ ਹਾਮਿਦ ਨੇ ਇਹ ਸ਼ਬਦ ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਸ਼ਿਕਾਰ ਹੋਣ ਤੋਂ ਬਾਅਦ ਕਹੇ।

ਹਾਲਾਂਕਿ ਇਸ ਦੇ ਨਾਲ ਉਸ ਦੇ ਹੱਕ ਵਿੱਚ ਕਈ ਲੋਕ ਨਿਤਰੇ, ਜਿਸ ਵਿੱਚ ਉਸ ਦੇ ਕਾਲਜ ਪ੍ਰਿੰਸੀਪਲ ਅਤੇ ਗੁਆਂਢੀ ਵੀ ਸ਼ਾਮਿਲ ਹਨ।

ਇਸ ਦੇ ਨਾਲ ਹੀ ਕੇਂਦਰੀ ਸੈਰ ਸਪਾਟਾ ਮੰਤਰੀ ਅਲਫਨਸ ਕੰਨਥਨਮ ਵੀ ਇਸ ਹੱਕ ਵਿੱਚ ਆਏ ਅਤੇ ਆਪਣੀ ਫੇਸਬੁੱਕ ਪੋਸਟ 'ਤੇ ਲਿਖਿਆ, "ਕੇਰਲਾ ਹਨਨ 'ਤੇ ਹਮਲਾ ਕਰਨਾ ਬੰਦ ਦੇਵੇ। ਮੈਂ ਸ਼ਰਮਿੰਦਾ ਹਾਂ ਕਿ ਇੱਕ ਕੁੱੜੀ ਆਪਣੀ ਖਿਲਰੀ ਹੋਈ ਜ਼ਿੰਦਗੀ ਨੂੰ ਆਬਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਤੁਸੀਂ ਗਿਰਝਾਂ ਵਾਂਗ ਉਸ ਉੱਤੇ ਨਿਸ਼ਾਨੇ ਸਾਧ ਰਹੇ ਹੋ।"

ਕੇਂਦਰੀ ਮੰਤਰੀ ਨੇ ਹਨਨ ਦੀ ਸਖ਼ਤ ਮਿਹਨਤ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਵਾਲੇ ਰਵੱਈਏ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ:

ਹਨਨ ਦੀ ਕਹਾਣੀ

ਦਰਅਸਲ 21 ਸਾਲਾਂ ਹਨਨ ਆਪਣੇ ਕਾਲਜ ਤੋਂ ਬਾਅਦ ਮੱਛੀ ਵੇਚਦੀ ਹੈ। ਉਸ ਦੀ ਜ਼ਿੰਦਗੀ ਦੀ ਇਸ ਕਹਾਣੀ ਨੂੰ ਇੱਕ ਸਥਾਨਕ ਅਖ਼ਬਾਰ ਨੇ ਛਾਪਿਆ ਅਤੇ ਜੋ ਉਸ ਨੂੰ ਸੋਸ਼ਲ ਮੀਡੀਆ 'ਤੇ ਕਈ ਨੇਤਾਵਾਂ ਅਤੇ ਫਿਲਮੀ ਹਸਤੀਆਂ ਨੇ ਕਾਫੀ ਸ਼ੇਅਰ ਕੀਤੀ।

ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੀ ਕੁਝ ਲੋਕਾਂ ਨੇ ਇਸ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦਿਆਂ ਇਸ ਨੂੰ "ਫਰ਼ਜ਼ੀ" ਦੱਸਿਆ। ਜਿਸ ਕਾਰਨ ਹਨਨ ਨੂੰ ਤਿੱਖੀਆਂ ਆਲੋਚਨਾਵਾਂ ਦਾ ਵੀ ਸਾਹਮਣਾ ਕਰਨਾ ਪਿਆ।

ਹਨਨ ਦੀ ਕਹਾਣੀ ਵਾਇਰਲ ਹੋਣ ਤੋਂ ਬਾਅਦ ਕਈ ਲੋਕਾਂ ਨੇ ਉਸ ਦੀ ਮਦਦ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)