You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਦੇ ਚੋਣ ਨਤੀਜੇ ਕੀ ਸੁਨੇਹਾ ਦੇ ਰਹੇ ਹਨ
ਪਾਕਿਸਤਾਨ ਦੀਆਂ ਆਮ ਚੋਣਾਂ ਦੀ ਵੋਟਿੰਗ ਦੇ ਚੋਣ ਨਤੀਜਿਆਂ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਰੁਝਾਨਾਂ ਅਤੇ ਗੈਰ- ਅਧਿਕਾਰਤ ਨਤੀਜਿਆਂ ਮੁਤਾਬਕ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ।
ਖਾਨ ਦੀਆਂ ਵਿਰੋਧੀਆਂ ਪਾਰਟੀਆਂ ਦੇ ਆਗੂਆਂ ਨੇ ਚੋਣਾਂ ਵਿਚ ਵੱਡੀ ਪੱਧਰ ਉੱਤੇ ਧਾਂਦਲੀਆਂ ਹੋਣ ਦਾ ਦੋਸ਼ ਲਾਇਆ ਹੈ, ਜਿਸ ਨੂੰ ਇਮਰਾਨ ਖਾਨ ਨੇ ਰੱਦ ਕੀਤਾ ਹੈ।
ਇਮਰਾਨ ਖ਼ਾਨ ਦਾ ਹੁਣ ਪਾਕਿਸਤਾਨ ਦਾ ਵਜ਼ੀਰ-ਏ-ਆਜ਼ਮ ਬਣਨਾ ਲਗਭਗ ਤੈਅ ਹੈ।
ਇਹ ਵੀ ਪੜ੍ਹੋ:
ਪਾਕ ਦੀ ਕਮਾਨ ਆਪਣੇ ਹੱਥ 'ਚ ਸੰਭਾਲਣ ਤੋਂ ਬਾਅਦ 'ਕਪਤਾਨ' ਸਾਹਮਣੇ ਕਿਹੜੀਆਂ-ਕਿਹੜੀਆਂ ਚੁਣੌਤੀਆਂ ਹੋਣਗੀਆਂ ਅਤੇ ਭਾਰਤ ਨਾਲ ਰਿਸ਼ਤਿਆਂ ਨੂੰ ਲੈ ਕੇ ਉਨ੍ਹਾਂ ਦੀ ਕੀ ਰੁਖ਼ ਰਹਿ ਸਕਦਾ ਹੈ, ਇਹ ਹੀ ਜਾਣਨ ਦੀ ਅਸੀਂ ਕੋਸ਼ਿਸ਼ ਕੀਤੀ ਪਾਕਿਸਤਾਨ ਦੇ ਮਸ਼ਹੂਰ ਲੇਖਕ ਤੇ ਪੱਤਰਕਾਰ ਮੁਹੰਮਦ ਹਨੀਫ਼ ਤੋਂ...
ਪਾਕਿਸਤਾਨ ਦੀਆਂ ਆਮ ਚੋਣਾਂ ਦੇ ਨਤੀਜਿਆਂ ਦਾ ਪਾਕਿਸਤਾਨ ਦੇ ਲਈ ਕੀ ਸੁਨੇਹਾ ਉਭਰਿਆ ਹੈ।
ਮੇਰੇ ਖ਼ਿਆਲ 'ਚ ਸਭ ਤੋਂ ਵੱਡੀ ਜਿਹੜੀ ਗੱਲ ਉੱਭਰੀ ਹੈ ਉਹ ਇਹ ਕਿ ਇਮਰਾਨ ਖ਼ਾਨ ਜਿਹੜੇ ਤਕਰੀਬਨ 22 ਸਾਲ ਤੋਂ ਪਾਕਿਸਤਾਨ ਦੀ ਸਿਆਸਤ ਵਿੱਚ ਸਨ ਅਤੇ ਵਜ਼ੀਰ-ਏ-ਆਜ਼ਮ ਬਣਨਾ ਚਾਹੁੰਦੇ ਸਨ।
ਲੰਮੇ ਅਰਸੇ ਤੱਕ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸੀ। ਸਭ ਤੋਂ ਵੱਡਾ ਕੰਮ ਤਾਂ ਇਹ ਹੋਇਆ ਹੈ ਕਿ ਹੁਣ ਤਕਰਬੀਨ ਤੈਅ ਹੈ ਕਿ ਉਹ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ।
ਇਹ ਵੀ ਪੜ੍ਹੋ:
ਇਸ ਤੋਂ ਇਲਾਵਾ ਪਾਕਿਸਤਾਨ 'ਚ ਜਿਹੜੀ ਸਿਆਸੀ ਤਾਕਤ ਸ਼ਰੀਫ਼ ਭਰਾਵਾਂ ਦੀ ਤੇ ਕਰਾਚੀ ਵਿੱਚ ਐਮਕੇਐਮ ਦੀ ਸੀ, ਉਹ ਤਕਰੀਬਨ 30 ਸਾਲਾਂ ਬਾਅਦ ਟੁੱਟ ਗਈ ਹੈ।ਲੱਗਦਾ ਹੈ ਕਿ ਪਾਕਿਸਤਾਨ ਦੀ ਸਿਆਸਤ ਵਿੱਚ ਬਿਲਕੁਲ ਨਵੇਂ ਦੌਰ ਦਾ ਆਗਾਜ਼ ਹੋ ਰਿਹਾ ਹੈ।
ਇਮਰਾਨ ਖ਼ਾਨ ਦੇ ਸਾਹਮਣੇ ਤਿੰਨ ਵੱਡੀਆਂ ਚੁਣੌਤੀਆਂ ਕਿਹੜੀਆਂ ਹੋਣਗੀਆਂ?
ਸਭ ਤੋਂ ਵੱਡਾ ਚੈਲੇਂਜ ਤਾਂ ਉਹੀ ਹੈ ਜਿਹੜਾਂ ਉਨ੍ਹਾਂ ਪਿਛਲੀ ਹਕੂਮਤ ਦੇ ਨਾਲ ਕੀਤਾ ਸੀ। ਪਿਛਲੀਆਂ ਚੋਣਾਂ ਹੋਈਆਂ ਤੇ ਨਵਾਜ਼ ਸ਼ਰੀਫ਼ ਪ੍ਰਧਾਨ ਮੰਤਰੀ ਬਣੇ, ਪਹਿਲੇ ਦਿਨ ਤੋਂ ਇਮਰਾਨ ਖ਼ਾਨ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਚੋਣਾਂ ਸਹੀ ਨਹੀਂ ਸੀ, ਉਨ੍ਹਾਂ ਨਾਲ ਧੱਕਾ ਹੋਇਆ ਹੈ।
ਇਮਰਾਨ ਨੇ ਬੜੇ ਵਿਰੋਧ ਪ੍ਰਦਰਸ਼ਨ ਕੀਤੇ ਤੇ ਧਰਨੇ ਵੀ ਦਿੱਤੇ। ਬਹੁਤੀਆਂ ਪਾਰਟੀਆਂ ਇਨ੍ਹਾਂ ਚੋਣਾਂ 'ਚ ਹਾਰੀਆਂ ਹਨ ਅਤੇ ਕਹਿ ਰਹੀਆਂ ਹਨ ਕਿ ਇਨ੍ਹਾਂ ਚੋਣਾਂ 'ਚ ਵੱਡੀ ਧਾਂਦਲੀ ਹੋਈ ਹੈ।
ਸਭ ਤੋਂ ਪਹਿਲੀ ਚੁਣੌਤੀ ਤਾਂ ਇਹ ਹੈ ਕਿ ਉਹ ਇਨ੍ਹਾਂ ਚੋਣਾਂ ਦੀ ਜਿੱਤ ਨੂੰ ਕਿਵੇਂ ਹੈਂਡਲ ਕਰਦੇ ਹਨ ਅਤੇ ਇਹ ਗੱਲ ਮੰਨਵਾਉਂਦੇ ਹਨ ਕਿ ਮੈਂ ਅਸਲ ਵਿੱਚ ਜਿੱਤ ਕੇ ਆਇਆ ਹਾਂ ਨਾ ਕਿ ਧਾਂਦਲੀਆਂ ਨਾਲ ਵਜ਼ੀਰ-ਏ-ਆਜ਼ਮ ਬਣਿਆ ਹਾਂ।
ਦੂਜਾ ਵੱਡਾ ਚੈਲੇਂਜ ਉਨ੍ਹਾਂ ਸਾਹਮਣੇ ਹੋਵੇਗਾ ਕਿ ਪਾਕਿਸਤਾਨ ਵਿਚ ਆਰਥਿਕ ਸਥਿਰਤਾ ਲੈ ਕੇ ਆਉਣਾ।
ਤੀਜੀ ਵੱਡੀ ਚੁਣੌਤੀ ਉਨ੍ਹਾਂ ਸਾਹਮਣੇ ਇਹ ਹੋਵੇਗੀ ਕਿ ਉਨ੍ਹਾਂ ਜੋ ਬਹੁਤ ਸਾਰੇ ਵਾਅਦੇ ਕੀਤੇ ਹਨ। ਖ਼ਾਸ ਤੌਰ 'ਤੇ ਨੌਜਵਾਨਾਂ ਨਾਲ ਅਤੇ ਇਸ ਜਿੱਤ ਵਿੱਚ ਵੱਡਾ ਯੋਗਦਾਨ ਨੌਜਵਾਨਾਂ ਦਾ ਹੈ। ਇਹ ਉਹ ਨੌਜਵਾਨ ਨੇ ਜਿਨ੍ਹਾਂ ਪਹਿਲੀ ਵਾਰ ਵੋਟ ਪਾਈ। ਦੇਖਣਾ ਹੋਵੇਗਾ ਕਿ ਇਮਰਾਨ ਆਪਣੇ ਵਾਅਦਿਆਂ 'ਤੇ ਅਮਲ ਕਰਦੇ ਹਨ।
ਇੱਕ ਦੌਰ ਸੀ ਜਦੋਂ ਪੀਪੀਪੀ ਦੀ ਮੌਜੂਦਗੀ ਪੂਰੇ ਪਾਕਿਸਤਾਨ ਵਿੱਚ ਸੀ, ਪਰ ਹੁਣ ਬਿਲਾਵਲ ਭੁੱਟੋ ਲਈ ਆਪਣੀ ਪਾਰਟੀ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਨਾ ਕਿੰਨਾ ਸੌਖਾ ਹੋਵੇਗਾ?
ਇਹ ਬਿਲਾਵਲ ਭੁੱਟੋ ਦੀ ਪਹਿਲੀ ਚੋਣ ਮੁਹਿੰਮ ਸੀ ਅਤੇ ਉਨ੍ਹਾਂ ਕਈ ਲੋਕਾਂ ਨੂੰ ਹੈਰਾਨ ਕੀਤਾ ਹੈ। ਉਨ੍ਹਾਂ ਦੀ ਪਾਰਟੀ ਵੱਲੋਂ ਜਿਸ ਤਰ੍ਹਾਂ ਦੀ ਉਮੀਦ ਲਗਾਈ ਜਾ ਰਹੀ ਸੀ, ਉਸ ਤੋਂ ਚੰਗਾ ਉਨ੍ਹਾਂ ਨੇ ਪਰਫੋਰਮ ਕੀਤਾ ਹੈ। ਉਨ੍ਹਾਂ ਦੇ ਅੱਬਾ ਉੱਤੇ ਬਹੁਤ ਸਾਰੇ ਇਲਜ਼ਾਮ ਲਗਦੇ ਹਨ ਕਿ ਪਾਰਟੀ ਉੱਤੇ ਅਜੇ ਤੱਕ ਉਨ੍ਹਾਂ ਦਾ ਹੋਲਡ ਨਹੀਂ ਹੈ।
ਸਿੱਧੀ ਜਿਹੀ ਗੱਲ ਇਹ ਹੈ ਕਿ ਲੋਕ ਕਹਿੰਦੇ ਹਨ ਕਿ ਜਦੋਂ ਬਿਲਾਵਲ ਇਹ ਅਕਸ ਖ਼ਤਮ ਕਰ ਲੈਣਗੇ ਕਿ ਉਹ ਹੁਣ ਆਪਣੇ ਅੱਬਾ ਦੇ ਪੁੱਤਰ ਨਾ ਹੋ ਕਿ ਇੱਕ ਆਜ਼ਾਦ ਭੁੱਟੋ ਹਨ, ਤਾਂ ਉਹ ਯਕੀਨਨ ਪਾਰਟੀ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਨ ਦਾ ਤਹੱਈਆ ਰਖਦੇ ਹਨ।
ਹਿੰਦੁਸਤਾਨ ਨਾਲ ਰਿਸ਼ਤਿਆਂ ਨੂੰ ਲੈ ਕੇ ਇਮਰਾਨ ਖ਼ਾਨ ਦਾ ਕਿਸ ਤਰ੍ਹਾਂ ਦਾ ਰਵੱਈਆ ਰਹਿ ਸਕਦਾ ਹੈ?
ਮੇਰਾ ਖ਼ਿਆਲ ਹੈ ਕਿ ਇਮਰਾਨ ਖ਼ਾਨ ਨੂੰ ਸੈਟਲ ਹੋਣ ਤੋਂ ਬਾਅਦ ਅਹਿਸਾਸ ਹੋਵੇਗਾ ਕਿ ਆਪਣੇ ਜੋ ਹਮਸਾਏ ਹਨ, ਉਨ੍ਹਾਂ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਤੋਂ ਬਿਨਾਂ ਸੁਰੱਖਿਆ ਦਾ ਸੂਰਤ-ਏ-ਹਾਲ ਬਿਹਤਰ ਨਹੀਂ ਹੋ ਸਕਦਾ।
ਆਮ ਤੌਰ 'ਤੇ ਪਾਕਿਸਤਾਨ ਵਿੱਚ ਵਜ਼ੀਰ-ਏ-ਆਜ਼ਮ ਦੀ ਸ਼ਾਮਤ ਉਸ ਸਮੇਂ ਆਉਂਦੀ ਹੈ, ਜਦੋਂ ਉਹ ਇਹ ਸੋਚਣਾ ਸ਼ੁਰੂ ਕਰਦਾ ਹੈ ਕਿ ਹੁਣ ਉਹ ਵਿਦੇਸ਼ ਨੀਤੀ 'ਚ ਦਖ਼ਲ ਦੇ ਸਕਦਾ ਹੈ, ਉਹ ਇੰਡੀਆ ਬਾਰੇ, ਅਫ਼ਗਾਨਿਸਾਤਨ ਬਾਰੇ ਖੁੱਲ੍ਹ ਕੇ ਗੱਲ ਕਰ ਸਕਦਾ ਹੈ।
ਜਿਵੇਂ ਹੀ ਪਾਕਿਸਤਾਨ 'ਚ ਕੋਈ ਵਜ਼ੀਰ-ਏ-ਆਜ਼ਮ ਇਸ ਤਰ੍ਹਾਂ ਦੀ ਗੱਲ ਕਰਨੀ ਸ਼ੁਰੂ ਕਰਦਾ ਹੈ ਤਾਂ ਉਸ ਉੱਤੇ ਬੁਰਾ ਸਮਾਂ ਆ ਜਾਂਦਾ ਹੈ।
ਮੈਨੂੰ ਯਕੀਨ ਹੈ ਕਿ ਇਮਰਾਨ ਭਾਰਤ ਵੱਲ ਆਪਣਾ ਰਵੱਈਆ ਚੰਗਾ ਰੱਖਣਗੇ, ਦੇਖਣਾ ਇਹ ਹੋਵੇਗਾ ਕਿ ਉਸ ਤੋਂ ਬਾਅਦ ਕੀ ਉਹ ਇਸ ਰਵੱਈਏ ਨੂੰ ਅੱਗੇ ਇਸ ਤਰ੍ਹਾਂ ਦਾ ਹੀ ਰੱਖ ਸਕਣਗੇ ਜਾਂ ਉਨ੍ਹਾਂ ਨਾਲ ਵੀ ਉਹੀ ਹੋਵੇਗਾ ਜੋ ਪਹਿਲਾਂ ਵਜ਼ੀਰ-ਏ-ਆਜ਼ਮਾਂ ਨਾਲ ਹੋਇਆ ਹੈ।