ਮਾਨਸਾ ਬਲਾਤਕਾਰ ਤੇ ਕਤਲ ਕਾਂਡ ਵਿੱਚ ਦੋਸ਼ੀ ਨੂੰ ਮਿਲੀ ਮੌਤ ਦੀ ਸਜ਼ਾ

ਤਸਵੀਰ ਸਰੋਤ, Sukhcharan preet/bbc
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਪੰਜਾਬੀ ਲਈ
"ਬਲਦੀਪ (ਬਦਲਿਆ ਨਾਂ) ਜਦੋਂ ਪੁੱਛਦੀ ਹੈ ਕਿ ਗਗਨ (ਬਦਲਿਆ ਨਾਂ) ਦੀਦੀ ਕਿੱਥੇ ਗਈ ਤਾਂ ਸਾਡੇ ਲਈ ਜਵਾਬ ਦੇਣਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਤੱਕ ਉਸ ਨੂੰ ਇਹੀ ਕਹਿੰਦੇ ਆ ਰਹੇ ਹਾਂ ਕਿ ਦੂਰ ਕਿਸੇ ਰਿਸ਼ਤੇਦਾਰੀ ਵਿੱਚ ਗਈ ਹੋਈ ਹੈ ਜਲਦੀ ਵਾਪਸ ਆ ਜਾਵੇਗੀ। ਮੇਰੀ ਬੱਚੀ ਬਹੁਤ ਪਿਆਰੀ ਸੀ।"
ਇਹ ਬੋਲ ਮਾਨਸਾ ਦੇ ਪਿੰਡ ਆਲਮਪੁਰ ਮੰਦਰਾਂ ਦੇ ਮਹਿਮਾ ਸਿੰਘ ਦੇ ਸਨ। 11 ਮਈ 2016 ਨੂੰ ਮਹਿਮਾ ਸਿੰਘ ਦੀ 6 ਸਾਲਾ ਬੇਟੀ ਦਾ ਗੁਆਂਢੀਆਂ ਦੇ ਘਰ ਆਏ ਇੱਕ ਵਿਅਕਤੀ ਨੇ ਬਲਾਤਕਾਰ ਕਰ ਕੇ ਕਤਲ ਕਰ ਦਿੱਤਾ ਸੀ।
ਘਟਨਾ ਵਾਲੇ ਦਿਨ ਗੁਆਂਢੀ ਪਰਿਵਾਰ ਦੀ ਲੜਕੀ ਦਾ ਵਿਆਹ ਸੀ। ਵਿਆਹ ਵਾਲੀ ਲੜਕੀ ਦੇ ਮਾਮੇ ਨੇ ਗਗਨਦੀਪ ਨਾਲ ਨੇੜਲੇ ਪਿੰਡ ਖਾਈ ਦੇ ਸੂਏ ਕੋਲ ਲਿਜਾ ਕੇ ਬਲਾਤਕਾਰ ਕੀਤਾ ਅਤੇ ਉਸ ਤੋਂ ਬਾਅਦ ਕਤਲ ਕਰ ਦਿੱਤਾ।
ਗਗਨਦੀਪ ਦੀ ਲਾਸ਼ ਉੱਥੇ ਹੀ ਝਾੜੀਆਂ ਵਿੱਚ ਛੁਪਾ ਦਿੱਤੀ ਸੀ।
ਇਹ ਵੀ ਪੜ੍ਹੋ:
ਬੁੱਧਵਾਰ ਨੂੰ ਇਸ ਮਾਮਲੇ ਵਿੱਚ ਮਾਨਸਾ ਦੀ ਜ਼ਿਲ੍ਹਾ ਸੈਸ਼ਨ ਕੋਰਟ ਵੱਲੋਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।
ਪੀੜਤ ਬੱਚੀ ਦੇ ਵਕੀਲ ਜਸਵੰਤ ਸਿੰਘ ਗਰੇਵਾਲ ਮੁਤਾਬਕ, "ਅਡੀਸ਼ਨਲ ਸੈਸ਼ਨ ਜੱਜ ਜਸਪਾਲ ਵਰਮਾ ਵੱਲੋਂ ਦੋਸ਼ੀ ਨੂੰ ਧਾਰਾ 376-ਏ ਦੇ ਤਹਿਤ ਬਲਾਤਕਾਰ ਕਰ ਕੇ ਕਤਲ ਕਰਨ ਦੇ ਜੁਰਮ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।''
"ਇਸ ਤੋਂ ਇਲਾਵਾ ਧਾਰਾ-302 ਦੇ ਤਹਿਤ ਉਮਰ ਕੈਦ, ਧਾਰਾ-364 ਦੇ ਤਹਿਤ 10 ਸਾਲ ਅਤੇ ਧਾਰਾ-201 ਦੇ ਤਹਿਤ 5 ਸਾਲ ਦੀ ਸਜ਼ਾ ਸੁਣਾਈ ਗਈ ਹੈ।''
'ਹੁਣ ਮੇਰੇ ਕੋਲ ਕੀ ਬਚਿਆ ਹੈ'
ਮਹਿਮਾ ਸਿੰਘ ਜਦੋਂ ਆਪਣੇ ਨਾਲ ਹੋਈ ਅਣਹੋਣੀ ਦੇ ਸਬੰਧ ਵਿੱਚ ਦੱਸਦੇ ਹਨ ਤਾਂ ਉਨ੍ਹਾਂ ਦਾ ਗੱਚ ਭਰ ਆਉਂਦਾ ਹੈ।
ਆਪਣਾ ਆਪ ਸੰਭਾਲ ਕੇ ਉਹ ਫਿਰ ਆਪਣੀ ਗੱਲ ਜਾਰੀ ਰੱਖਦੇ ਹਨ, "ਬਲਦੀਪ ਦੀ ਉਮਰ ਹੁਣ ਗਗਨ ਜਿੰਨੀ ਹੋ ਗਈ ਹੈ। ਗਗਨ ਦੇ ਕਾਤਲ ਨੂੰ ਜਦੋਂ ਸਜ਼ਾ ਮਿਲੀ ਹੈ ਤਾਂ ਅੱਜ ਮੇਰੇ ਕੋਲ ਛੋਟੀ ਬੱਚੀ ਹੈ ਅਤੇ ਵੱਡੀ ਬੱਚੀ ਲਈ ਮਿਲਿਆ ਇਨਸਾਫ਼ ਹੈ।''

ਤਸਵੀਰ ਸਰੋਤ, Sukhcharan preet
"ਹੁਣ ਬਲਦੀਪ ਨੂੰ ਹਮੇਸ਼ਾ ਇਹ ਦੱਸਦਾ ਰਹਿੰਦਾ ਹਾਂ ਕਿ ਬੇਗਾਨੇ ਬੰਦੇ ਨਾਲ ਕਿਸ ਤਰ੍ਹਾਂ ਵਿਵਹਾਰ ਕਰਨਾ ਹੈ ਅਤੇ ਬੱਚਿਆਂ ਲਈ ਘਰ ਤੋਂ ਬਾਹਰ ਕੀ ਮਾੜਾ ਜਾਂ ਕੀ ਚੰਗਾ ਹੁੰਦਾ ਹੈ। ਬਸ ਇਹ ਸੋਚਦਾ ਹਾਂ ਕਿ ਬਲਦੀਪ ਸਹੀ ਸਲਾਮਤ ਰਹੇ ਇਸ ਦੇ ਬਿਨਾਂ ਹੁਣ ਮੇਰਾ ਦੁਨੀਆਂ ਵਿਚ ਬਚਿਆ ਹੀ ਕੀ ਹੈ।"
ਮਹਿਮਾ ਸਿੰਘ ਇਹ ਵੀ ਕਹਿੰਦੇ ਹਨ ਕਿ ਮੇਰਾ ਅਤੇ ਮੇਰੇ ਪਿੰਡ ਦਾ ਨਾਂ ਅਸਲੀ ਛਾਪਿਆ ਜਾਵੇ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਸਭ ਨੂੰ ਪਤਾ ਲੱਗਣੀ ਚਾਹੀਦੀ ਹੈ।
'ਅਜਿਹਾ ਹੋਰ ਕਿਸੇ ਨਾਲ ਨਾ ਹੋਵੇ'
ਇਸ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ, "ਮੈਂ ਇੱਕ ਲੱਤ ਤੋਂ ਅਪਾਹਜ ਹਾਂ। ਇੱਕ ਮੱਝ ਰੱਖੀ ਹੋਈ ਹੈ ਜਿਸ ਦੇ ਆਸਰੇ ਗੁਜ਼ਾਰਾ ਚੱਲਦਾ ਹੈ। ਮੇਰੀ ਬੱਚੀ ਦੇ ਕੇਸ ਦੇ ਅਦਾਲਤੀ ਖ਼ਰਚੇ ਲਈ ਵੀ ਪਿੰਡ ਵਾਲਿਆਂ ਨੇ ਹੀ ਪੈਸੇ ਇਕੱਠੇ ਕਰ ਕੇ ਦਿੱਤੇ ਸਨ। ਵਕੀਲ ਸਾਬ੍ਹ ਨੇ ਵੀ ਬਿਨਾਂ ਫੀਸ ਲਏ ਕੇਸ ਲੜਿਆ।''

ਤਸਵੀਰ ਸਰੋਤ, Getty Images
"ਮੈਂ ਚਾਹੁੰਦਾ ਮੇਰੀ ਬੱਚੀ ਨਾਲ ਜੋ ਬੀਤੀ ਅਤੇ ਜਿਵੇਂ ਮੈਂ ਇਨਸਾਫ਼ ਲਈ ਸੰਘਰਸ਼ ਕੀਤਾ ਇਹ ਸਾਰੀ ਦੁਨੀਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਤਾਂ ਜੋ ਲੋਕ ਸੁਚੇਤ ਹੋ ਸਕਣ ਅਤੇ ਅਜਿਹਾ ਕਿਸੇ ਹੋਰ ਬੱਚੀ ਨਾਲ ਨਾ ਹੋਵੇ।"
ਵਕੀਲ ਜਸਵੰਤ ਸਿੰਘ ਗਰੇਵਾਲ ਨੇ ਦੱਸਿਆ, "ਅਸੀਂ ਅਦਾਲਤ ਵਿੱਚ ਇਹ ਨੁਕਤੇ ਉਠਾਏ ਸਨ ਕਿ ਇਸ ਮਾਮਲੇ ਵਿੱਚ ਇੱਕ ਤਾਂ ਦੋਸ਼ੀ ਪੀੜਤ ਦਾ ਜਾਣਕਾਰ ਸੀ। ਦੂਸਰਾ ਜੁਰਮ ਦਾ ਤਰੀਕਾ ਬਹੁਤ ਖ਼ਤਰਨਾਕ ਅਤੇ ਸਮਾਜ ਦੇ ਖ਼ਿਲਾਫ਼ ਸੀ। ਤੀਸਰਾ ਇਹ ਇੱਕ ਬੱਚੀ ਦੇ ਖ਼ਿਲਾਫ਼ ਯੋਜਨਾਬੱਧ ਜੁਰਮ ਸੀ। ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਵੱਲੋਂ ਅੱਜ ਇਹ ਫ਼ੈਸਲਾ ਸੁਣਾਇਆ ਗਿਆ ਹੈ।"












