ਜਾਟ ਸਮਿਤੀ ਵੱਲੋਂ ਹਰਿਆਣਾ ਦੇ ਮੰਤਰੀ ਕੈਪਟਨ ਅਭਿਮਨਯੂ ਦਾ 'ਹੁੱਕਾ ਪਾਣੀ ਬੰਦ' ਦਾ ਐਲਾਨ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਆਲ ਇੰਡੀਆ ਜਾਟ ਆਰਕਸ਼ਣ ਸੰਘਰਸ਼ ਸਮਿਤੀ ਨੇ ਬੈਠਕ ਕਰਕੇ ਹਰਿਆਣਾ ਦੇ ਕੈਬਨਿਟ ਮੰਤਰੀ ਕੈਪਟਨ ਅਭਿਮਨਯੂ ਦਾ 'ਹੁੱਕਾ ਪਾਣੀ' ਬੰਦ ਕਰਨ ਦਾ ਮਤਾ ਪਾਸ ਕੀਤਾ ਹੈ।

ਦਰਅਸਲ ਸਾਲ 2016 ਵਿੱਚ ਜਾਟ ਅੰਦੋਲਨ ਦੌਰਾਨ ਰੋਹਤਕ ਦੇ ਸੈਕਟਰ-14 ਵਿੱਚ ਕੈਪਟਨ ਅਭਿਮਨਯੂ ਦੇ ਘਰ ਵਿੱਚ ਤੋੜ-ਫੋੜ ਕਰਕੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸੇ ਦੇ ਤਹਿਤ ਸੀਬੀਆਈ ਨੇ ਪਿਛਲੇ ਹਫ਼ਤੇ 2 ਜਾਟ ਸਮਿਤੀ ਦੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਿਸ ਦਾ ਵਿਰੋਧ ਕਰਦਿਆਂ ਜਾਟ ਆਰਕਸ਼ਣ ਸੰਘਰਸ਼ ਸਮਿਤੀ ਨੇ ਕੈਪਟਨ ਅਭਿਮਨਯੂ ਦਾ ਸਮਾਜਕ ਬਾਇਕਾਟ ਕੀਤਾ ਹੈ।

ਉੱਧਰ ਦੂਜੇ ਪਾਸੇ ਕੈਪਟਨ ਅਬਿਮਨਯੂ ਨੇ ਕਿਹਾ ਹੈ ਕਿ ਕੁਝ ਗੁੰਡੇ ਜਾਟ ਭਾਈਚਾਰੇ ਦੇ ਨੁਮਾਇੰਦੇ ਨਹੀਂ ਹੋ ਸਕਦੇ।

ਇਹ ਵੀ ਪੜ੍ਹੋ:

ਸੀਬੀਆਈ ਨੇ ਹਾਲ ਹੀ ਵਿੱਚ ਪੰਚਕੁਲਾ ਵਿਸ਼ੇਸ਼ ਅਦਾਲਤ ਵਿੱਚ ਕੈਪਟਨ ਅਭਿਨਯੂ ਦੇ ਨਿਵਾਸ ਸਥਾਨ ਨੂੰ ਅੱਗ ਲਾਉਣ ਸੰਬੰਧੀ ਚਾਰਜ਼ਸ਼ੀਟ ਦਾਖ਼ਲ ਕੀਤੀ ਹੈ।

ਇਹ ਸਾਰੇ ਮੁਲਜ਼ਮ ਜਾਟ ਆਰਕਸ਼ਣ ਸੰਘਰਸ਼ ਸਮਿਤੀ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਸਰਗਰਮ ਕਾਰਕੁਨ ਹਨ।

ਆਲ ਇੰਡੀਆ ਜਾਟ ਆਰਕਸ਼ਣ ਸੰਘਰਸ਼ ਸਮਿਤੀ ਦੇ ਮੁਖੀ ਯਸ਼ਪਾਲ ਮਲਿਕ ਦੇ ਦੋ ਸਹਿਯੋਗੀਆਂ ਪਵਨ ਜਸੀਆ ਅਤੇ ਸੋਮਬੀਰ ਜਸੀਆ ਨੂੰ ਸੀਬੀਆਈ ਨੇ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਹੈ, ਇਸ ਤੋਂ ਪਹਿਲਾਂ ਜਾਂਚ ਏਜੰਸੀਆਂ ਸਾਹਮਣੇ ਪੇਸ਼ ਨਾ ਹੋਣ ਕਰਕੇ ਇਨ੍ਹਾਂ ਨੂੰ ਭਗੌੜੇ ਕਰਾਰ ਦਿੱਤਾ ਗਿਆ ਸੀ।

ਪਵਨ ਨੂੰ ਰੋਹਤਕ ਤੋਂ ਅਤੇ ਸੋਮਬੀਰ ਨੂੰ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਟ ਆਰਕਸ਼ਣ ਸੰਘਰਸ਼ ਸਮਿਤੀ ਦੇ ਜਨਰਲ ਸਕੱਤਰ ਕ੍ਰਿਸ਼ਨ ਲਾਲ ਹੁੱਡਾ ਨੇ ਕਿਹਾ ਕਿ ਜਾਟ ਸਮਿਤੀ ਨੇ ਮੰਤਰੀ ਅਤੇ ਦੋਸ਼ੀਆਂ ਵਿਚਾਲੇ ਅਦਾਲਤ ਤੋਂ ਬਾਹਰ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਕੈਪਟਨ ਨਹੀਂ ਮੰਨੇ।

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਕਿਹਾ, "2016 ਵਿੱਚ ਜਾਟ ਅੰਦੋਲਨ ਦੌਰਾਨ ਉਨ੍ਹਾਂ ਦੇ ਘਰ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਨੌਜਵਾਨ ਨਿਰਦੋਸ਼ ਹਨ ਅਤੇ ਉਨ੍ਹਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਾਟ ਪ੍ਰਤੀਨਿਧੀ ਕੈਪਟਨ ਅਭਿਮਨਯੂ ਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਇਨ੍ਹਾਂ ਨੌਜਵਾਨਾਂ ਦੇ ਭਵਿੱਖ ਦੀ ਕੋਈ ਚਿੰਤਾ ਕੀਤੇ ਬਗ਼ੈਰ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।"

ਸੀਬੀਆਈ 'ਤੇ ਹਮਲਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਾਟ ਅੰਦੋਲਨ ਦੌਰਾਨ ਰਜਿਸਟਰਡ ਕੇਸਾਂ ਦੀ ਜਾਂਚ ਨਹੀਂ ਕਰ ਰਹੀ, ਜਿਸ ਵਿੱਚ ਕਈ ਨਿਰਦੋਸ਼ ਨੌਜਵਾਨ ਮਾਰੇ ਗਏ ਸਨ ਪਰ ਕੈਪਟਨ ਅਭਿਮਨਯੂ ਦੇ ਘਰ ਵਾਲੇ ਕੇਸ ਵਿੱਚ ਕੁਝ ਜ਼ਿਆਦਾ ਹੀ ਉਤਸ਼ਾਹਿਤ ਹੋ ਰਹੀ ਹੈ।

ਸਮਿਤੀ ਨੇ ਐਲਾਨ ਕੀਤਾ ਕਿ ਜੇਕਰ ਜਾਟ ਭਾਈਚਾਰੇ ਵਿੱਚੋਂ ਕੋਈ ਵੀ ਭਾਜਪਾ ਮੰਤਰੀ ਕੈਪਟਨ ਅਭਿਮਨਯੂ ਨਾਲ ਕਿਸੇ ਵੀ ਤਰ੍ਹਾਂ ਨਾਲ ਵਰਤਦਾ ਹੈ ਤਾਂ ਉਸ ਦਾ ਵੀ 'ਹੁੱਕਾ-ਪਾਣੀ' ਬੰਦ ਕਰ ਦਿੱਤਾ ਜਾਵੇਗਾ।

ਇਸ ਐਲਾਨ ਤੋਂ ਨਾਰਾਜ਼ ਕੈਪਟਨ ਅਭਿਮਨਯੂ ਨੇ ਕਿਹਾ ਹੈ ਕਿ ਨਿੱਜੀ ਤੌਰ 'ਤੇ ਜਾਂ ਸੰਗਠਨ ਦੇ ਪੱਧਰ 'ਤੇ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੱਚ ਸਭ ਦੇ ਸਾਹਮਣੇ ਆਵੇ ਅਤੇ ਅਪਰਾਧੀਆਂ ਨੂੰ ਸਜ਼ਾ ਮਿਲੇ।

ਉਨ੍ਹਾਂ ਜਾਟ ਨੇਤਾਵਾਂ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ, ''ਕੁਝ ਗੁੰਡੇ ਜਾਟ ਭਾਈਚਾਰੇ ਦੇ ਨੁਮਾਇੰਦੇ ਨਹੀਂ ਹੋ ਸਕਦੇ।

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁੰਪਿੰਦਰ ਸਿੰਘ ਹੁੱਡਾ ਉੱਤੇ ਹਮਲਾ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਇਸ ਸਭ ਦੇ ਪਿੱਛੇ ਹੁੱਡਾ ਦਾ ਹੱਥ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)